ਡਾਕ ਐਤਵਾਰ ਦੀ
ਸ਼ਹੀਦ ਊਧਮ ਸਿੰਘ
ਐਤਵਾਰ, 28 ਜੁਲਾਈ ਦੇ ‘ਦਸਤਕ’ ਅੰਕ ਵਿੱਚ ਗੁਰਦੇਵ ਸਿੰਘ ਸਿੱਧੂ ਨੇ ਆਪਣੇ ਲੇਖ ‘ਸ਼ਹੀਦ ਊਧਮ ਸਿੰਘ: ਸਜ਼ਾ ਤੋਂ ਸ਼ਹਾਦਤ ਤੱਕ’ ਵਿੱਚ ਜਲ੍ਹਿਆਂਵਾਲੇ ਬਾਗ਼ ਹੱਤਿਆਕਾਂਡ ਦੇ ਮੁੱਖ ਦੋਸ਼ੀ ਮਾਈਕਲ ਓ’ਡਵਾਇਰ ਨੂੰ ਗੋਲੀ ਮਾਰਨ ਤੋਂ ਲੈ ਕੇ ਊਧਮ ਸਿੰਘ ਦੇ ਆਤਮ-ਸਮਰਪਣ, ਸਜ਼ਾ ਸੁਣਾਏ ਜਾਣ ਅਤੇ ਫਾਂਸੀ ਦੀ ਸਜ਼ਾ ਬਾਰੇ ਵਿਸਤਾਰਪੂਰਵਕ ਵਰਣਨ ਕੀਤਾ ਹੈ। ਸ਼ਹੀਦ ਊਧਮ ਸਿੰਘ ਪੰਜਾਬ ਦਾ ਅਜਿਹਾ ਬਹਾਦਰ ਪੁੱਤ ਹੈ ਜਿਸ ਨੇ ਬੇਦੋਸ਼ੇ ਲੋਕਾਂ ਦੀ ਹੱਤਿਆ ਦਾ ਬਦਲਾ ਲੈਣ ਲਈ ਇੱਕੀ ਸਾਲ ਇੰਤਜ਼ਾਰ ਕੀਤਾ। ਭਾਰਤ ਮਾਤਾ ਦੇ ਅਜਿਹੇ ਸਪੂਤ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਸ਼ਹੀਦਾਂ ਨਾਲ ਸਬੰਧਿਤ ਯਾਦਗਾਰਾਂ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਸ਼ਹਾਦਤਾਂ ਦੀਆਂ ਗਾਥਾਵਾਂ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਕੰਮ ਸਰਕਾਰਾਂ ਵੱਲੋਂ ਕਦੇ ਤਸੱਲੀਬਖ਼ਸ਼ ਨਹੀਂ ਰਿਹਾ। ਜਨਮ ਦਿਨ ਅਤੇ ਸ਼ਹਾਦਤ ਵਾਲੇ ਦਿਨ ਫੁੱਲ ਚੜ੍ਹਾ ਕੇ ਬੁੱਤਾ ਸਾਰ ਦਿੱਤਾ ਜਾਂਦਾ ਹੈ। ਭਾਰਤ ਨੂੰ ਖੁਸ਼ਹਾਲ ਦੇਸ਼ ਬਣਾਉਣ, ਸਾਰਿਆਂ ਨੂੰ ਬਰਾਬਰ ਕਰਨ, ਭਾਈਚਾਰਕ ਸਾਂਝ ਕਾਇਮ ਕਰਨ; ਜਾਤ ਪਾਤ, ਫ਼ਿਰਕਾਪ੍ਰਸਤੀ ਅਤੇ ਆਰਥਿਕ ਨਾਬਰਾਬਰੀ ਖ਼ਤਮ ਕਰਨ ਵਰਗੇ ਸ਼ਹੀਦਾਂ ਦੇ ਸੁਪਨੇ ਅਜੇ ਵੀ ਅਧੂਰੇ ਹਨ। ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਸਿਰਜਣ ਲਈ ਅਜੇ ਲੰਮਾ ਪੈਂਡਾ ਤੈਅ ਕਰਨਾ ਹੋਵੇਗਾ। ਸਰਕਾਰਾਂ ਦੇ ਨਾਲ ਨਾਲ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤ ਮਾਤਾ ਦੇ ਮਹਾਨ ਸਪੂਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ-ਸਨਮਾਨ ਦੇਈਏ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਭ੍ਰਿਸ਼ਟਾਚਾਰ ਅਤੇ ਹੋਰ ਊਣਤਾਈਆਂ
ਐਤਵਾਰ, 21 ਜੁਲਾਈ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਸਰਕਾਰੀ ਤੰਤਰ ਦਾ ਇਮਤਿਹਾਨ’ ਪੜ੍ਹਿਆ। ਇਸ ਲੇਖ ਵਿੱਚ ਲੇਖਕਾ ਨੇ ਭਾਰਤੀ ਪ੍ਰਸ਼ਾਸਨਿਕ ਢਾਂਚੇ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਕਈ ਹੋਰ ਊਣਤਾਈਆਂ ’ਤੇ ਧਿਆਨ ਕੇਂਦਰਿਤ ਕੀਤਾ ਹੈ। ਭਾਰਤ ਦੇ ਸਭ ਤੋਂ ਉੱਚ ਅਹੁਦਿਆਂ ’ਤੇ ਨਿਯੁਕਤੀ ਕਰਨ ਵਾਲੀ ਸੰਸਥਾ ‘ਸੰਘ ਲੋਕ ਸੇਵਾ ਆਯੋਗ’ ਉਸ ਸਮੇਂ ਸੁਰਖੀਆਂ ਵਿੱਚ ਆ ਗਈ ਜਦੋਂ ਪ੍ਰੋਬੇਸ਼ਨਰੀ ਅਧਿਕਾਰੀ ਪੂਜਾ ਖੇੜਕਰ ਨੇ ਕਈ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਆਈਏਐੱਸ ਅਫਸਰ ਬਣ ਗਈ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਤੁੱਛ ਸਮਝਣ ਲੱਗੀ। ਪੂਜਾ ਖੇੜਕਰ ਦਾ ਮੁੱਦਾ ਬਹੁਤ ਹੀ ਸੰਜੀਦਾ ਤੇ ਸੰਵੇਦਨਸ਼ੀਲ ਹੈ ਜੋ ਆਲ੍ਹਾ ਅਫਸਰਾਂ ਦੀ ਸਮੁੱਚੀ ਚੋਣ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦਾ ਹੈ। ਦੂਜਾ ਵੱਡਾ ਸਵਾਲ ਇਹ ਹੈ ਕਿ ਕੀ ਵਿਭਾਗ ਉਸ ਉਮੀਦਵਾਰ ਨੂੰ ਨਿਯੁਕਤੀ ਪੱਤਰ ਜਾਰੀ ਕਰੇਗਾ ਜੋ ਪੂਜਾ ਖੇੜਕਰ ਦੀ ਸਹੀ ਚੋਣ ਨਾ ਹੋਣ ਕਾਰਨ ਇਸ ਨਿਯੁਕਤੀ ਤੋਂ ਵਾਂਝਾ ਰਹਿ ਗਿਆ? ਕੀ ਵਿਭਾਗ ਉਸ ਉਮੀਦਵਾਰ ਨਾਲ ਇਨਸਾਫ਼ ਕਰੇਗਾ ਜਿਸ ਨੇ ਦਿਨ-ਰਾਤ ਇੱਕ ਕਰਕੇ ਮਿਹਨਤ ਕੀਤੀ ਹੋਵੇ ਤੇ ਇਸ ਭਾਈ-ਭਤੀਜਾਵਾਦ ਕਾਰਨ ਚੰਗਾ ਪ੍ਰਸ਼ਾਸਨਿਕ ਅਧਿਕਾਰੀ ਬਣਨ ਤੋਂ ਵਾਂਝਾ ਰਹਿ ਗਿਆ?
ਮਾਸਟਰ ਤਰਸੇਮ ਸਿੰਘ ਡਕਾਲਾ (ਪਟਿਆਲਾ)
ਸਹੀ ਸ਼ਬਦ ਤੇ ਵਾਕ-ਵਰਤੋਂ ਦੀਆਂ ਗਲਤੀਆਂ
‘ਪੰਜਾਬੀ ਟ੍ਰਿਬਿਊਨ’ ਪੰਜਾਬੀ ਪੱਤਰਕਾਰੀ ਦੇ ਵਰਤਮਾਨ ਦੌਰ ਵਿੱਚ ਵਿਸ਼ੇਸ਼ ਮੁਕਾਮ ਰੱਖਦਾ ਹੈ। ਠੁੱਕਦਾਰ ਪੰਜਾਬੀ ਭਾਸ਼ਾ, ਸ਼ਬਦ-ਜੋੜਾਂ ਤੇ ਵਾਕ-ਬਣਤਰ ਦੇ ਮਿਆਰੀਕਰਨ ਦੀ ਸਥਾਪਤੀ ਵਿੱਚ ਇਸ ਦੀ ਸੁਚੇਤ ਪਹਿਰੇਦਾਰੀ ਰਹੀ ਹੈ। ਐਤਵਾਰ, 21 ਜੁਲਾਈ ਦੇ ਪਹਿਲੇ ਸਫ਼ੇ ਦੀ ਪ੍ਰਮੁੱਖ ਸੁਰਖ਼ੀ ‘ਬਦਲਵੀਂਆਂ ਫ਼ਸਲਾਂ ਦੀ ਕਾਸ਼ਤ ਲਈ ਮਿਲੇਗੀ ਪ੍ਰਤੀ ਹੈਕਟੇਅਰ 17,500 ਰੁਪਏ ਦੀ ਪ੍ਰੋਤਸਾਹਨ ਰਾਸ਼ੀ’ ’ਚ ਪ੍ਰੋਤਸਾਹਨ ਸ਼ਬਦ ਲਿਖਣਾ ਪੰਜਾਬ ਦੇ ਕਿਸਾਨੀ ਪਾਠਕਾਂ ਨਾਲ ਨਿਰੋਲ ਧੱਕਾ ਹੈ। ਪ੍ਰੋਤਸਾਹਨ ਦਾ ਬਦਲ ਪੰਜਾਬੀ ਭਾਸ਼ਾ ਵਿੱਚ ਉਤਸ਼ਾਹਿਤ ਜਾਂ ਉਤਸ਼ਾਹੀ ਸ਼ਬਦ ਪਹਿਲਾਂ ਹੀ ਮੌਜੂਦ ਹੈ।
ਅਖ਼ਬਾਰ ਦੇ 10ਵੇਂ ਸਫ਼ੇ ’ਤੇ ਸੁਰਜੀਤ ਪਾਤਰ ਬਾਰੇ ਲੱਗੀ ਖ਼ਬਰ ’ਚ ਇਹ ਵਾਕ ਗ਼ਲਤ ਹੈ: ‘‘ਸਮਾਗਮ ਵਿੱਚ ਹਾਜ਼ਰ ਸੁਰਜੀਤ ਪਾਤਰ ਦੇ ਪੁੱਤਰ ਮਨਰਾਜ ਪਾਤਰ ਅਤੇ ਉਪਕਾਰ ਸਿੰਘ ਪਾਤਰ...।’’ ਉਪਕਾਰ ਸਿੰਘ ਸੁਰਜੀਤ ਪਾਤਰ ਦੇ ਵੱਡੇ ਭਰਾ ਹਨ। ਵਾਕ ਅਰਥ ਹੋਰ ਦਿੰਦਾ ਹੈ।
ਆਸ ਹੈ ਕਿ ਅੱਗੇ ਤੋਂ ਧਿਆਨ ਦਿਉਗੇ।
ਡਾ. ਲਾਭ ਸਿੰਘ ਖੀਵਾ, ਚੰਡੀਗੜ੍ਹ
ਸਿਆਸੀ ਮਿੱਟੀ ਦੇ ਬੰਨ੍ਹ
ਐਤਵਾਰ, 14 ਜੁਲਾਈ ਦੇ ‘ਦਸਤਕ’ ਅੰਕ ’ਚ ਛਪਿਆ ਲੇਖ ‘ਸਿਆਸਤ ਦੇ ਬੰਨ੍ਹ ਦਾ ਸਰਾਪ’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਲੇਖਕ ਅਮਰਜੀਤ ਸਿੰਘ ਵੜੈਚ ਨੇ ਹੜ੍ਹਾਂ ਤੋਂ ਬਚਣ ਲਈ ਰੀਚਾਰਜ ਖੂਹ ਤੇ ਝੀਲਾਂ ਦੀ ਉਸਾਰੀ ਨੂੰ ਗ਼ਲਤ ਠਹਿਰਾਇਆ ਹੈ। ਉਸ ਦਾ ਮੰਨਣਾ ਹੈ ਕਿ ਲੱਖਾਂ ਪੁਰਾਣੇ ਖੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਛੱਡ ਕੇ ਫ਼ਸਲਾਂ ਨੂੰ ਥੋੜ੍ਹਾ ਬਹੁਤ ਬਚਾਇਆ ਜਾ ਸਕਦਾ ਹੈ। ਲੇਖਕ ਨੇ ਵੱਡੇ ਵੱਡੇ ਦਰਿਆਵਾਂ ’ਤੇ ਪ੍ਰੋਜੈਕਟ ਉਲੀਕਣ ’ਤੇ ਵੀ ਜ਼ੋਰ ਦਿੱਤਾ ਹੈ। ਸਰਕਾਰਾਂ ਸਮੇਂ ਸਿਰ ਬਰਸਾਤੀ ਨਦੀ ਨਾਲਿਆਂ ਨੂੰ ਸਾਫ਼ ਨਹੀਂ ਕਰਦੀਆਂ। ਛੋਟੇ ਵੱਡੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਦੋ ਚਾਰ ਕਨਾਲਾਂ ਜ਼ਮੀਨ ਦੀ ਖੁਦਾਈ ਕਰਕੇ ਆਪਣੇ ਆਪਣੇ ਖੇਤਾਂ ਵਿੱਚ ਬਾਰਿਸ਼ਾਂ ਦਾ ਪਾਣੀ ਇਕੱਤਰ ਕਰ ਲੈਣ। ਹਜ਼ਾਰਾਂ ਏਕੜ ਪੰਚਾਇਤੀ ਜ਼ਮੀਨ ਨੂੰ ਵੀ ਇਸ ਕਾਰਜ ਲਈ ਵਰਤਿਆ ਜਾ ਸਕਦਾ ਹੈ। ਲੋੜ ਪੈਣ ’ਤੇ ਇਸ ਪਾਣੀ ਨੂੰ ਫ਼ਸਲਾਂ ਦੀ ਸਿੰਚਾਈ ਵਾਸਤੇ ਵਰਤਿਆ ਜਾਵੇ। ਇਸ ਯੋਜਨਾ ਨਾਲ ਹੜ੍ਹਾਂ ਨੂੰ ਥੋੜ੍ਹੀ ਬਹੁਤ ਠੱਲ੍ਹ ਜ਼ਰੂਰ ਪਵੇਗੀ। ਇਸ ਵਰਤਾਰੇ ਨਾਲ ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਪੀਣ ਵਾਲੇ ਪਾਣੀ ਨੂੰ ਤਰਸਣਗੀਆਂ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕਿਸਾਨਾਂ ਨੇ ਘੱਗਰ, ਮਾਰਕੰਡਾ ਅਤੇ ਪਟਿਆਲਾ ਨਦੀਆਂ ਨੂੰ ਆਪਣੇ ਨਾਲ ਲੱਗਦੇ ਖੇਤਾਂ ਵਿੱਚ ਮਿਲਾ ਲਿਆ ਹੈ। ਕਈ ਥਾਵਾਂ ’ਤੇ ਲੋਕਾਂ ਨੇ ਇਨ੍ਹਾਂ ਦਰਿਆਵਾਂ ਵਿੱਚ ਆਪਣੇ ਘਰ ਬਣਾ ਕੇ ਪੱਕੇ ਤੌਰ ’ਤੇ ਵਸੇਬਾ ਵੀ ਕਰ ਲਿਆ ਹੈ। ਹੁਣ ਬਰਸਾਤੀ ਪਾਣੀ ਜਾਵੇ ਤਾਂ ਕਿੱਧਰ ਨੂੰ ਜਾਵੇ? ਇਹ ਇੱਕ ਸੰਵੇਦਨਸ਼ੀਲ ਵਿਸ਼ਾ ਬਣ ਗਿਆ ਹੈ। ਸੌੜੀ ਸਿਆਸਤ ਛੱਡ ਕੇ ਯੋਜਨਾਬੰਦ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੇ ਕਹਿਰ ਤੋਂ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ ਕੁਰੂਕਸ਼ੇਤਰ
ਇਤਿਹਾਸ ਬਾਰੇ ਨਿਵੇਕਲੀ ਜਾਣਕਾਰੀ
ਐਤਵਾਰ, 14 ਜੁਲਾਈ ਨੂੰ ਸੁਭਾਸ਼ ਪਰਿਹਾਰ ਦੇ ਲੇਖ ‘ਘੱਗਰ ਦਰਿਆ ਦਾ ਇਤਿਹਾਸ’ ਨੂੰ ਮਾਣਿਆ। ਬੀਤੇ ਸਮੇਂ ਨੂੰ ‘ਜ਼ਿੰਦਾ’ ਕਰ ਕੇ ਦਿਖਾਉਣ ਵਾਲੇ ਸਾਧਨ ਨੂੰ ਇਤਿਹਾਸ ਕਹਿੰਦੇ ਹਨ। ਜਦੋਂ ਕੋਈ ਸਬੂਤਾਂ ਨਾਲ ਕਹੇ ਕਿ ਕਿਸੇ ਸਮੇਂ ਘੱਗਰ ਸਤਲੁਜ ਦੀ ਸਹਾਇਕ ਨਦੀ ਸੀ ਤਾਂ ਮਨ ਵਿੱਚ ਖਲਬਲੀ ਜਿਹੀ ਪੈਦਾ ਹੋ ਜਾਂਦੀ ਹੈ। ਘੱਗਰ ਦਾ ਸਦਾਬਹਾਰ ਨਦੀ ਤੋਂ ਬਾਅਦ ਮੌਸਮੀ ਨਦੀ ਵਿੱਚ ਸਿਮਟ ਜਾਣਾ ਬੀਤੇ ਲੰਬੇ ਸਮੇਂ ਵਿੱਚ ਭੂਗੋਲਿਕ ਤਬਦੀਲੀਆਂ ਦੀ ਸਾਖੀ ਭਰਦਾ ਹੈ। ਘੱਗਰ ਸਾਡੇ ਗੁਆਂਢ ਵਿੱਚ ਵਹਿੰਦਾ ਹੈ ਪਰ ਤਾਂ ਵੀ ਇਤਿਹਾਸ ਦੀ ਕਹਾਣੀ ਸੁਣਨ ਨਾਲ ਇਸ ਦੀ ਅਹਿਮੀਅਤ ਵਧਦੀ ਹੈ। ਸਰਸਵਤੀ ਦਰਿਆ ਦਾ ਮੁੱਦਾ ਬੜਾ ਹੀ ਰੋਚਕ ਅਤੇ ਅਹਿਮ ਹੈ। ਅਫ਼ਗ਼ਾਨਿਸਤਾਨ ਵਿੱਚ ਦਰਿਆ ‘ਹਰਖਾਵਤੀ’ ਵਜੋਂ ਵੀ ਇਸ ਦੀ ਪਛਾਣ ਕੀਤੀ ਜਾਂਦੀ ਹੈ। ਪਰ 100 ਫ਼ੀਸਦੀ ਸੱਚ ਦਾ ਪਤਾ ਅਜੇ ਦੂਰ ਦੀ ਗੱਲ ਹੈ। ਦਰਿਆ ਸਾਡੇ ਨੇੜੇ ਵੀ ਵਹਿੰਦੇ ਹੋਣ ਤਾਂ ਵੀ ਲੋਕਾਂ ਨੂੰ ਭੂਗੋਲਿਕ ਸੱਚ ਦਾ ਪਤਾ ਨਹੀਂ ਲੱਗਦਾ। ਖੁਜਰਾਹੋ ਨੇੜੇ ਹੀ ਬੇਟਕਾ ਦਰਿਆ ਵਹਿੰਦਾ ਹੈ। ਸਾਫ਼ ਤੇ ਨਿਰਮਲ ਪਾਣੀ। ਹਿਮਾਲੀਆ ਦੇ ਪਹਾੜ ਵੀ ਨਹੀਂ ਹਨ। ਪਠਾਰ ਦਾ ਇਲਾਕਾ ਹੈ। ਹੋਟਲ ਵਾਲੇ ਸਥਾਨਕ ਲੋਕਾਂ ਨੂੰ ਪੁੱਛਿਆ ਤਾਂ ਉਹ ਸਹੀ ਜਵਾਬ ਨਹੀਂ ਦੇ ਸਕੇ। ਘੋਖ ਕਰਨ ’ਤੇ ਪਤਾ ਲੱਗਿਆ ਕਿ ਇਹ ਦਰਿਆ ਯਮੁਨਾ ਦੀ ਸਹਾਇਕ ਨਦੀ ਹੈ ਜਿਹੜੀ ਮੱਧ ਪ੍ਰਦੇਸ਼ ਵਿੱਚ ਪਠਾਰ ਵਿੱਚੋਂ ਨਿਕਲਦੀ ਹੈ ਅਤੇ ਉੱਤਰ ਪ੍ਰਦੇਸ਼ ’ਚ ਹਮੀਰਪੁਰ ਦੇ ਉੱਤਰ ਵੱਲ ਯਮੁਨਾ ਵਿੱਚ ਸਮਾ ਜਾਂਦੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ (ਪਟਿਆਲਾ)