ਡਾਕ ਐਤਵਾਰ ਦੀ
ਘੱਗਰ ਦਰਿਆ ਬਾਰੇ ਵਧੀਆ ਰਚਨਾ
ਐਤਵਾਰ, 14 ਜੁਲਾਈ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਸੁਭਾਸ਼ ਪਰਿਹਾਰ ਦੀ ਇਤਿਹਾਸਕ ਰਚਨਾ ‘ਘੱਗਰ ਦਰਿਆ ਦਾ ਇਤਿਹਾਸ’ ਪੜ੍ਹ ਕੇ ਵਧੀਆ ਜਾਣਕਾਰੀ ਮਿਲੀ। ਇਸ ਲੇਖ ਵਿੱਚ ਸਰਹਿੰਦ ਨਦੀ ਬਾਰੇ ‘ਪ੍ਰਾਚੀਨ ਸਰਹਿੰਦ ਦਰਿਆ ਅਤੇ ਬਾਰਾਂ ਬਸਤੀਆਂ’ ਵਾਲਾ ਹਵਾਲਾ ਅਜੇ ਹੋਰ ਖੋਜ ਦੀ ਲੋੜ ਮਹਿਸੂਸ ਕਰਦਾ ਹੈ। ਦਰਅਸਲ, ਉਤਰ- ਹੜੱਪਾ ਜਾਂ ਪਛੇਤਾ ਹੜੱਪਾ ਤੋਂ ਆਧੁਨਿਕ ਸਰਹਿੰਦ ਦਰਿਆ ਤੱਕ ਦਾ ਸਮਾਂ ਸਫ਼ਰ ਕਾਫ਼ੀ ਲੰਬਾ ਬਣਦਾ ਹੈ ਜਦੋਂਕਿ ਇਹ ਦਰਿਆ ਪਹਿਲਾਂ ਵੀ ਕਿਸੇ ਨਾਂ ਨਾਲ ਸਦੀਂਦਾ ਸੀ। ਇਸੇ ਕਰਕੇ ਇਹ ਦਰਿਆ ਆਰਥਿਕ ਖੇਤਰ ਵਿੱਚ ਯੋਗਦਾਨ ਪਾ ਸਕਿਆ ਸੀ।
ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਕਸ਼ਮੀਰ ਘੇਸਲ, ਚੰਡੀਗੜ੍ਹ
ਅਕਾਲੀ ਦਲ ਦਾ ਸੰਕਟ
ਐਤਵਾਰ, 7 ਜੁਲਾਈ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਸਵਰਾਜਬੀਰ ਦਾ ਲੇਖ ‘ਸ਼੍ਰੋਮਣੀ ਅਕਾਲੀ ਦਲ ਦਾ ਮਹਾਂ-ਸੰਕਟ’ ਵਧੀਆ ਲੱਗਾ। ਇਸ ਵਿੱਚ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਹੜੇ ਹਾਲਾਤ ਵਿੱਚ ਪੈਦਾ ਹੋਇਆ ਅਤੇ ਇਸ ਦਾ ਕਿੰਨਾ ਸ਼ਾਨਾਂਮੱਤਾ ਇਤਿਹਾਸ ਰਿਹਾ ਹੈ। ਮਹਾਨ ਕੁਰਬਾਨੀਆਂ ਨਾਲ ਇਸ ਦੀ ਵਿਲੱਖਣ ਹੋਂਦ ਸਥਾਪਿਤ ਕੀਤੀ ਗਈ। ਜਿਉਂ ਜਿਉਂ ਸਮਾਂ ਬੀਤਦਾ ਗਿਆ ਇਸ ਦੀ ਲੀਡਰਸ਼ਿਪ ਦਲ ਦੇ ਮੁੱਢਲੇ ਏਜੰਡੇ ਤੋਂ ਖਿਸਕਦਿਆਂ ਪੰਥ ਨੂੰ ਪਿੱਠ ਦਿਖਾ ਕੇ ਭ੍ਰਿਸ਼ਟ ਸੋਚ, ਪਰਿਵਾਰਵਾਦ ਅਤੇ ਸਰਮਾਏਦਾਰੀ ਦੇ ਚਿੱਕੜ ’ਚ ਗ਼ਲਤਾਨ ਹੋ ਗਈ। ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਸਾਧਾਰਨ ਲੋਕਾਂ ਨੇ ਅੱਜ ਇਨ੍ਹਾਂ ਲਈ ਘਰਾਂ ਦੇ ਦਰਵਾਜ਼ੇ ਕਾਫ਼ੀ ਹੱਦ ਤੱਕ ਭਰੇ ਮਨ ਨਾਲ ਬੰਦ ਕਰ ਲਏ ਹਨ। ਸਾਡੇ ਪਿਉ ਤੇ ਖ਼ਾਸਕਰ ਦਾਦਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਲਈ ਜੇਲ੍ਹਾਂ ਕੱਟੀਆਂ ਸਨ ਜਿਸ ’ਤੇ ਸਾਨੂੰ ਸਦਾ ਮਾਣ ਰਹੇਗਾ ਪਰ ਹੁਣ ਪਾਰਟੀ ਦੇ ਹਾਲਾਤ ਦੇਖ ਕੇ ਨਿਰਾਸ਼ਾ ਹੁੰਦੀ ਹੈ। ਨਿਰਾਸ਼ ਹੋਏ ਲੋਕਾਂ ਵਿੱਚ ਪਾਰਟੀ ਪ੍ਰਤੀ ਹੇਜ ਤਾਂ ਅੱਜ ਵੀ ਹੈ ਪਰ ਇਸ ਦੀ ਮੌਜੂਦਾ ਲੀਡਰਸ਼ਿਪ ’ਤੇ ਵਿਸ਼ਵਾਸ ਨਹੀਂ। ਹੁਣ ਇਸ ਪਾਰਟੀ ਵਿੱਚ ਸੰਕਟ ਖੜ੍ਹਾ ਹੋਇਆ ਹੈ, ਭਾਵ ਕਿ ਵੱਡੇ ਪੱਧਰ ’ਤੇ ਬਗ਼ਾਵਤ। ਕੀ ਬਾਗ਼ੀ ਧੜਾ ਪੰਥਕ ਸੋਚ ਰੱਖਦਾ ਹੈ? ਮੇਰੇ ਖ਼ਿਆਲ ’ਚ ਤਾਂ ਉੱਤਰ ਪੂਰਨ ਨਿਰਾਸ਼ਾਜਨਕ ਹੀ ਹੋਵੇਗਾ। ਅਜੇ ਵੀ ਸਮਾਂ ਹੈ ਕਿ ਨਵੇਂ ਸਿਰੇ ਤੋਂ ਲਾਮਬੰਦੀ ਕਰ ਕੇ ਪੰਥਕ ਅਤੇ ਪੰਜਾਬ ਦਰਦੀ ਸੋਚ ਰੱਖਣ ਵਾਲੇ ਨੌਜਵਾਨ ਅਤੇ ਤਜਰਬੇਕਾਰ ਵਿਅਕਤੀਆਂ ਦੇ ਹੱਥ ਵਾਗਡੋਰ ਦਿੱਤੀ ਜਾਵੇ ਤਾਂ ਜੋ ਅਕਾਲੀ ਦਲ ਦੇ ਸ਼ਾਨਾਂਮੱਤੇ ਇਤਿਹਾਸ ਦੀ ਸੁਰਜੀਤੀ ਦੀ ਆਸ ਬੱਝ ਸਕੇ।
ਅਨੰਦ ਸਿੰਘ, ਬਾਲਿਆਂਵਾਲੀ (ਬਠਿੰਡਾ)
ਸਮਾਜਿਕ ਬੁਰਾਈ
ਐਤਵਾਰ 7 ਜੁਲਾਈ ਨੂੰ ਅਰਵਿੰਦਰ ਜੌਹਲ ਨੇ ਆਪਣੇ ਲੇਖ ਵਿੱਚ ਸਚਾਈ ਪੇਸ਼ ਕੀਤੀ ਹੈ ਕਿਵੇਂ ਅਖੌਤੀ ਤੇ ਢੋਂਗੀ ਬਾਬੇ ਭੋਲੀ-ਭਾਲੀ ਜਨਤਾ ਦਾ ਸ਼ੋਸ਼ਣ ਕਰਦੇ ਹਨ। ਇਨ੍ਹਾਂ ਬਾਬਿਆਂ ਨੂੰ ਰਾਜਨੀਤਕ ਸਰਪ੍ਰਸਤੀ ਵੀ ਹਾਸਲ ਹੁੰਦੀ ਹੈ। ਵੋਟ ਬੈਂਕ ਸਿਆਸਤ ਕਾਰਨ ਵੱਡੇ ਵੱਡੇ ਲੀਡਰ ਵੀ ਇਨਾਂ ਦੇ ਡੇਰਿਆਂ ’ਤੇ ਜਾ ਕੇ ਨਤਮਸਤਕ ਹੁੰਦੇ ਹਨ। ਹਾਥਰਸ ਵਾਲਾ ਬਾਬਾ ਚਾਰ ਦਿਨਾਂ ਬਾਅਦ ਪੂਰਾ ਬੰਦੋਬਸਤ ਕਰਕੇ ਮੀਡੀਆ ਦੇ ਸਾਹਮਣੇ ਸੀਮਿਤ ਜਿਹਾ ਬਿਆਨ ਦੇ ਕੇ ਬਚਦਾ ਨਜ਼ਰ ਆਇਆ। ਭਾਰਤ ਵਿੱਚ ਅਖੌਤੀ ਬਾਬਿਆਂ ਦਾ ਵਧੇਰੇ ਸ਼ਿਕਾਰ ਗ਼ਰੀਬ ਜਨਤਾ ਹੀ ਹੁੰਦੀ ਹੈ ਜੋ ਕਿ ਆਰਥਿਕ ਤੰਗੀ-ਤੁਰਸ਼ੀ ਤੇ ਬਿਮਾਰੀਆਂ ਆਦਿ ਨਾਲ ਜੂਝ ਰਹੇ ਹੁੰਦੇ ਹਨ। ਡੇਰੇ ਫ਼ਿਰਕਾਪ੍ਰਸਤੀ ਅਤੇ ਐਸ਼ਪ੍ਰਸਤੀ ਦੇ ਸਾਧਨ ਬਣ ਗਏ ਹਨ। ਜੌਹਲ ਹੋਰਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਕੁਝ ਤੋਂ ਜਾਣੂ ਕਰਾਉਣ ਦੀ ਭਰਪੂਰ ਕੋਸ਼ਿਸ ਕੀਤੀ ਹੈ। ਇਹ ਇੱਕ ਸਮਾਜਿਕ ਬੁਰਾਈ ਹੈ ਜਿਸ ਨੂੰ ਕੇਵਲ ਸਿੱਖਿਆ ਹੀ ਦੂਰ ਕਰ ਸਕਦੀ ਹੈ। ਜੇਕਰ ਸਰਕਾਰੀ ਪੜਤਾਲ ਨਿਰਪੱਖਤਾ ਨਾਲ ਕਰਾਈ ਜਾਵੇ ਤਾਂ ਕਈ ਸਿਆਸਤਦਾਨ ਵੀ ਲਪੇਟੇ ਵਿੱਚ ਆ ਜਾਣਗੇ ਪਰ ਇਸ ਮਸਲੇ ਨੂੰ ਚਾਰ ਦਿਨ ਖ਼ਬਰਾਂ ਤੋਂ ਬਾਅਦ ਦਬਾ ਦਿੱਤਾ ਜਾਵੇਗਾ ਤੇ ਸਭ ਕੁਝ ਪਹਿਲਾਂ ਵਾਂਗ ਹੀ ਚੱਲੇਗਾ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)
ਦਵਾਈ ਤੋਂ ਬਗੈਰ ਤੰਦਰੁਸਤੀ
ਐਤਵਾਰ, 16 ਜੂਨ ਦੇ ‘ਦਸਤਕ’ ਵਿੱਚ ‘ਜ਼ਿੰਦਗੀ ਦੇ ਰਾਹਾਂ ’ਤੇ’ ਦੇ ਲੇਖਕ ਨਰਿੰਦਰ ਸਿੰਘ ਕਪੂਰ ਨੇ ਬਜ਼ੁਰਗਾਂ ਬਾਰੇ ਬਹੁਤ ਹੀ ਕੀਮਤੀ ਗੱਲਾਂ ਦੱਸੀਆਂ ਹਨ। ਉਨ੍ਹਾਂ ਦੱਸਿਆ ਕਿ ਬਹੁਤਾ ਬੋਲਣ ਵਾਲਿਆਂ ਦੀ ਯਾਦਸ਼ਕਤੀ ਠੀਕ ਰਹਿੰਦੀ ਹੈ। ਉਨ੍ਹਾਂ ਨੇ ਧੀਆਂ ਪੁੱਤਰਾਂ ਨੂੰ ਸੁਚੇਤ ਕੀਤਾ ਹੈ ਕਿ ਬਜ਼ੁਰਗਾਂ ਨਾਲ ਗੱਲਾਂ ਕਰਨੀਆਂ ਜ਼ਰੂਰੀ ਹਨ। ਧੀਆਂ ਪੁੱਤਰਾਂ ਦਾ ਫ਼ਰਜ਼ ਬਣਦਾ ਹੈ ਕਿ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਗੱਲਾਂ ਕੀਤੀਆਂ ਜਾਣ। ਇਸ ਤਰ੍ਹਾਂ ਕਰਨ ਨਾਲ ਬਜ਼ੁਰਗ ਤੰਦਰੁਸਤ ਰਹਿਣਗੇ।
ਜੋਗਿੰਦਰ ਸਿੰਘ ਲੋਹਾਮ, ਮੋਗਾ
ਸ਼ਿਵ ਕੁਮਾਰ ਬਟਾਲਵੀ ਦੀ ਯਾਦ
ਐਤਵਾਰ, 30 ਜੂਨ ਦੇ ‘ਦਸਤਕ’ ਅੰਕ ਵਿੱਚ ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਲੇਖ ‘ਸ਼ਿਵ ਕੁਮਾਰ ਬਟਾਲਵੀ ਦੇ ਅੰਗ-ਸੰਗ’ ਵਿੱਚ ਛੋਟੀ ਉਮਰੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੇ ਇਸ ਸ਼ਾਇਰ ਦੇ ਜੀਵਨ ’ਤੇ ਸੰਖੇਪ ਝਾਤ ਪੁਆਈ ਹੈ। ਲੇਖਕ ਮਿੱਤਰਾਂ ਪ੍ਰਤੀ ਉਸ ਦੇ ਮਿਲਣਸਾਰ ਸੁਭਾਅ ਅਤੇ ਪੰਜਾਬ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਬਾਖ਼ੂਬੀ ਉਜਾਗਰ ਕੀਤਾ ਹੈ। ਸ਼ਿਵ ਨੇ ਆਪਣੀਆਂ ਕਵਿਤਾਵਾਂ ਵਿੱਚ ਪਿਆਰ, ਵਿਛੋੜਾ, ਵੈਰਾਗ, ਜਵਾਨੀ, ਮੌਤ, ਪੀੜ ਅਤੇ ਇਨਸਾਫ਼ ਵਰਗੇ ਵਿਸ਼ੇ ਸ਼ਾਮਿਲ ਕੀਤੇ ਹਨ। ਉਹ ਸਿਰਫ਼ ਲਿਖਦਾ ਹੀ ਨਹੀਂ ਸਗੋਂ ਵਧੀਆ ਗਾਉਂਦਾ ਵੀ ਸੀ। ਉਸ ਦੀਆਂ ਲਿਖੀਆਂ ਕਵਿਤਾਵਾਂ ਲਈ ਉਸ ਦੀ ਆਵਾਜ਼ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀ ਸੀ। ਸ਼ਿਵ ਕੁਮਾਰ ਦੁਆਰਾ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ ਬਠਿੰਡਾ
ਕਿਤਾਬ ਬਾਰੇ ਵਧੀਆ ਜਾਣਕਾਰੀ
ਐਤਵਾਰ, 23 ਜੂਨ ਨੂੰ ‘ਦਸਤਕ’ ਅੰਕ ਵਿੱਚ ਸੁਰਿੰਦਰ ਸਿੰਘ ਤੇਜ ਦਾ ਲੇਖ ‘ਪੱਛਮ ਦੀ ਬਿਹਤਰੀ ਦਾ ਕੱਚ-ਸੱਚ’ ਪੜ੍ਹ ਕੇ ਜੋਜ਼ੇਫਾਈਨ ਕੁਇੰਨ ਦੀ ਕਿਤਾਬ ‘ਹਾਊ ਦਿ ਵਲ਼ਡ ਮੇਡ ਦਿ ਵੈਸਟ’ ਬਹਾਨੇ ਬਹੁਤ ਕੁਝ ਅਜਿਹਾ ਪਤਾ ਲੱਗਾ ਜਿਸ ਨੂੰ ਪੱਛਮੀ ਲੋਕ ਲੁਕਾਉਂਦੇ ਹਨ। ਹਮੇਸ਼ਾ ਆਪਣੇ ਆਪ ਨੂੰ ਏਸ਼ੀਆ ਦੇ ਲੋਕਾਂ ਨਾਲੋਂ ਉੱਚੇ ਸਮਝਦੇ ਹਨ। ਇਸ ਕਿਤਾਬ ਮੁਤਾਬਿਕ ਅਮਰੀਕਾ ਬਾਰੇ ਮੰਗੋਲੀਆ ਦੇ ਵਸਨੀਕਾਂ ਨੇ ਸੱਤ-ਅੱਠ ਹਜ਼ਾਰ ਵਰ੍ਹੇ ਪਹਿਲਾਂ ਪਤਾ ਲਗਾ ਲਿਆ ਸੀ; ਕਾਫ਼ੀ ਰੌਚਕ ਗੱਲ ਲੱਗੀ। ਲੇਖ ਵਿੱਚ ਦੱਸਿਆ ਹੈ ਕਿ ਏਸ਼ੀਆ ਦੇ ਕਈ ਦੇਸ਼ ਯੂਰਪ ਨਾਲੋਂ ਅੱਗੇ ਸਨ; ਇੰਗਲੈਂਡ ਵਰਗੇ ਯੂਰਪੀ ਦੇਸ਼ਾਂ ਨੇ ਉਪਨਿਵੇਸ਼ ਦੀ ਨੀਤੀ ਨਾਲ ਦੇਸ਼ਾਂ ਦੀ ਆਰਥਿਕਤਾ ਨੂੰ ਤਾਂ ਖੋਖਲਾ ਕੀਤਾ ਹੀ, ਇਤਿਹਾਸ ਤੇ ਸੱਭਿਆਚਾਰ ਨੂੰ ਵੀ ਭਾਰੀ ਸੱਟ ਮਾਰੀ। ਹੱਦਾਂ-ਸਰਹੱਦਾਂ ਨਾਲ ਕਈ ਦੇਸ਼ਾਂ ਨੂੰ ਵੰਡ ਦਿੱਤਾ। ਲੇਖ ਵਿੱਚ ਇਤਿਹਾਸ ਦੇ ਸੱਚ ਨੂੰ ਜਾਨਣ ਲਈ, ਜੋ ਸਾਡੇ ਤੋਂ ਲੁਕੋਇਆ ਗਿਆ ਹੈ ਇਹ ਕਿਤਾਬ ਕਾਫ਼ੀ ਮਹੱਤਵਪੂਰਨ ਲੱਗੀ। ਇਸ ਕਿਤਾਬ ਲਈ ਲੇਖਿਕਾ ਨੂੰ ਵੀ ਕਈ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਲੇਖਿਕਾ ਦਾ ਕਹਿਣਾ ਹੈ ਕਿ ਉਸ ਕੋਲ ਸਾਰੇ ਤੱਥ ਹਨ; ਜਿਨ੍ਹਾਂ ’ਤੇ ਆਧਾਰਿਤ ਇਹ ਕਿਤਾਬ ਹੈ। ਸੁਰਿੰਦਰ ਸਿੰਘ ਤੇਜ ਕਿਤਾਬਾਂ ਦਾ ਰੀਵਿਊ ਬਹੁਤ ਚੰਗੇ ਢੰਗ ਨਾਲ ਕਰਦੇ ਨੇ, ਪਾਠਕ ਨੂੰ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਕਿਤਾਬ ਬਾਰੇ ਪਤਾ ਲੱਗਦਾ ਹੈ ਤੇ ਪੜ੍ਹਨ ਦੀ ਇੱਛਾ ਜਾਗਦੀ ਹੈ। ਇਹੋ ਜਿਹੀਆਂ ਕਿਤਾਬਾਂ ਬਾਰੇ ਪੰਜਾਬੀ ਵਿੱਚ ਸੰਖੇਪ ਜਾਣਕਾਰੀ ਦੇਣਾ ਬਹੁਤ ਵਧੀਆ ਉਪਰਾਲਾ ਹੈ।
ਪਰਵਿੰਦਰ ਸਿੰਘ, ਸੋਥਾ (ਸ੍ਰੀ ਮੁਕਤਸਰ ਸਾਹਿਬ)
ਨਸ਼ਿਆਂ ਦੀ ਅਲਾਮਤ
ਐਤਵਾਰ, 23 ਜੂਨ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਲੰਮੀ ਹੁੰਦੀ ਜਾ ਰਹੀ ਨਸ਼ਿਆਂ ਦੀ ਰਾਤ’ ਪੰਜਾਬ ਵਿੱਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਤੇ ਇਸ ਦੇ ਖਾਤਮੇ ਦੇ ਸੁਝਾਅ ਪੇਸ਼ ਕਰਦਾ ਹੈ। ਲੇਖਕਾ ਨੇ ਬਹੁਤ ਹਿਰਦੇਵੇਦਕ ਤੇ ਦੁਖਾਂਤਕ ਘਟਨਾਵਾਂ ਪੇਸ਼ ਕੀਤੀਆਂ ਹਨ। ਇਹ ਸਪੱਸ਼ਟ ਕਰਦੀਆਂ ਹਨ ਕਿ ਨਸ਼ਿਆਂ ਦੀ ਅਲਾਮਤ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਹੀ ਹੈ। ਮਾਡਰਨ ਸਿੰਥੈਟਿਕ ਨਸ਼ਾ ਜਿਸ ਨੂੰ ਚਿੱਟਾ ਵੀ ਕਿਹਾ ਜਾਂਦਾ ਹੈ, ਨੇ ਸਿਰਫ਼ ਮੁੰਡਿਆਂ ਨੂੰ ਹੀ ਨਹੀਂ ਸਗੋਂ ਕੁੜੀਆਂ ਨੂੰ ਵੀ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ। ਇੱਥੇ ਹੀ ਬਸ ਨਹੀਂ, ਨਸ਼ਾ ਤਸਕਰਾਂ ਨੇ ਪੰਜਾਬ ਦੇ 12-13 ਸਾਲਾਂ ਦੇ ਬੱਚਿਆਂ ਨੂੰ ਵੀ ਸਿੰਥੈਟਿਕ ਨਸ਼ਿਆਂ ’ਤੇ ਲਾਉਣ ਦੀ ਕੋਸ਼ਿਸ਼ ਵਿੱਢੀ ਹੋਈ ਹੈ। ਨਸ਼ਿਆਂ ਦੀ ਸਪਲਾਈ ਰੋਕਣ ਲਈ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਠੀਕਰੀ ਪਹਿਰੇ ਲਗਾਏ ਹੋਏ ਹਨ, ਪਰ ਨਸ਼ਾ ਤਸਕਰਾਂ ਦੀ ਤਾਕਤ ਅਤੇ ਜੁਗਤਾਂ ਅੱਗੇ ਉਨ੍ਹਾਂ ਦੀ ਪੇਸ਼ ਨਹੀਂ ਚੱਲਦੀ।
ਪੰਜਾਬ ਵਜ਼ਾਰਤ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਵਿਧਾਨ ਸਭਾ ਵਿੱਚ ਖ਼ੁਦ ਮੰਨਿਆ ਸੀ ਕਿ ਪੰਜਾਬ ਦੇ 10 ਲੱਖ ਲੋਕ ਨਸ਼ਿਆਂ ਦੇ ਆਦੀ ਹਨ। ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬੀ ਸੂਬੇ ਲਈ ਇਹ ਅਤਿਅੰਤ ਨਮੋਸ਼ੀ ਦੀ ਗੱਲ ਹੈ। ਪੰਜਾਬ ਵਿੱਚ ਪੈਦਾ ਹੋਏ ਇਸ ਗੰਭੀਰ ਤੇ ਸੰਵੇਦਨਸ਼ੀਲ ਮਸਲੇ ਦੇ ਹੱਲ ਲਈ ਵਿਰੋਧੀ ਤੇ ਸੱਤਾਧਾਰੀ ਧਿਰ ਦੇ ਨੇਤਾਵਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਆਮ ਲੋਕਾਂ ਨੂੰ ਠੀਕਰੀ ਪਹਿਰੇ ਲਗਾਉਣ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਸਿੱਖਿਆ ਦੇਣ ਦੀ ਵੀ ਜ਼ਰੂਰਤ ਹੈ। ਸਾਰੇ ਸਿਆਸੀ ਆਗੂ ਆਪਣੀ ਜ਼ਮੀਰ ਅਤੇ ਉਨ੍ਹਾਂ ਮਾਵਾਂ ਅੱਗੇ ਜਵਾਬਦੇਹ ਹਨ ਜਿਨ੍ਹਾਂ ਦੇ ਘਰਾਂ ਦੇ ਚਿਰਾਗ਼ ਨਸ਼ਿਆਂ ਨੇ ਬੁਝਾ ਦਿੱਤੇ ਹਨ। ਨਸ਼ਿਆਂ ਦੇ ਮੁੱਦੇ ’ਤੇ ਸਿਆਸਤ ਕਰਨ ਦੀ ਬਜਾਏ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਕਾਰਕੁਨਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਗੰਭੀਰ ਤੇ ਖ਼ੌਫ਼ਨਾਕ ਸੰਕਟ ਨੂੰ ਠੱਲ੍ਹਣ ਲਈ ਪੂਰੀ ਇਮਾਨਦਾਰੀ ਤੇ ਸੱਚੀ ਨਿਸ਼ਠਾ ਨਾਲ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)