ਡਾਕ ਐਤਵਾਰ ਦੀ
ਅੰਤਰਝਾਤ ਮਾਰਨ ਦੀ ਲੋੜ
ਐਤਵਾਰ, 7 ਜੁਲਾਈ ਦੇ ਅੰਕ ਵਿੱਚ ਡਾ. ਤਰਲੋਚਨ ਕੌਰ ਦਾ ਪ੍ਰਤੀਕਰਮ ‘ਪੁਰਾਣੇ ਜ਼ਖ਼ਮ ਮੁੜ ਤਾਜ਼ਾ ਹੋਏ’ ਨਿੱਜੀ ਦੁਖਾਂਤ ਨਹੀਂ ਸਗੋਂ ਸਮੂਹ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ। 2007 ਵਿੱਚ ਸੇਵਾਮੁਕਤੀ ਮਗਰੋਂ ਯੂਕੇ ਆਪਣੇ ਪੁੱਤਰ ਕੋਲ ਗਏ ਤਾਂ ਇੱਕ ਦਿਨ ਇੱਕ ਅੰਗਰੇਜ਼ ਬੱਚੇ ਨੇ ਸਵੇਰੇ ਸੱਤ ਵਜੇ ਸਾਨੂੰ ਦੇਖ ਕੇ ‘ਇੰਡੀਅਨ ਡੌਗ’ ਕਿਹਾ ਤਾਂ ਇੰਨਾ ਗੁੱਸਾ ਆਇਆ ਕਿ ਮੈਨੂੰ ਮੇਰੇ ਪੁੱਤਰ ਨੇ ਬੜੀ ਮੁਸ਼ਕਿਲ ਨਾਲ ਰੋਕਿਆ। ਮੇਰੀ ਸਮਝ ਵਿੱਚ ਸਿੱਖ ਭਾਈਚਾਰੇ ਨੂੰ ਅੰਤਰਝਾਤ ਮਾਰਨ ਦੀ ਲੋੜ ਹੈ। ਸਾਡੀ ਧਾਰਮਿਕ ਜਥੇਬੰਦੀ ਸਾਡੇ ਧਰਮ ਨੂੰ ਦੇਸ਼ ਵਿੱਚ ਹੀ ਸਹੀ ਤਰ੍ਹਾਂ ਪੇਸ਼ ਨਹੀਂ ਕਰ ਸਕੀ, ਵਿਦੇਸ਼ ਦੀ ਤਾਂ ਗੱਲ ਹੀ ਛੱਡੋ। ਸਿੱਖ ਧਰਮ ਦੇ ਪੈਰੋਕਾਰ ਵੀ ਇੱਕ-ਦੂਜੇ ਨੂੰ ਅਜਿਹੀ ਨਜ਼ਰ ਨਾਲ ਹੀ ਦੇਖਦੇ ਹਨ ਜਿਵੇਂ ਵਿਦੇਸ਼ੀ ਦੇਖਦੇ ਹਨ, ਮੇਰਾ ਭਾਵ ਸਿੱਖ ਧਰਮ ਵਿੱਚ ਜਾਤੀ ਵਖਰੇਵੇਂ ਤੋਂ ਹੈ।
ਜਗਰੂਪ ਸਿੰਘ, ਲੁਧਿਆਣਾ
ਅਕਾਲੀ ਦਲ ਦਾ ਸੰਕਟ
ਐਤਵਾਰ, 7 ਜੁਲਾਈ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ‘ਸ਼੍ਰੋਮਣੀ ਅਕਾਲੀ ਦਲ ਦਾ ਮਹਾਂ-ਸੰਕਟ’ ਸਿਰਲੇਖ ਅਧੀਨ ਸਵਰਾਜਬੀਰ ਦਾ ਲੇਖ ਬਹੁਤ ਮੁੱਲਵਾਨ ਤੇ ਖੋਜ ਭਰਪੂਰ ਹੈ। ਇਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ 14 ਦਸੰਬਰ 1920 ਨੂੰ ਅੰਮ੍ਰਿਤਸਰ ਵਿੱਚ ਗੁਰਦੁਆਰਾ ਸੁਧਾਰ ਲਹਿਰ ਲਈ ਬਣੇ ਵੱਖ-ਵੱਖ ਇਲਾਕਿਆਂ ਦੇ ਜਥਿਆਂ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਇੱਕ ਕੇਂਦਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ ਸਿਖ਼ਰ ’ਤੇ ਹੋਣ ਤੇ ਇਸ ਨੂੰ ਮੁੜ ਪੈਰਾਂ ਸਿਰ ਕਰਨ ਲਈ ਲਿਖੇ ਸੱਚ ਦੇ ਇਨ੍ਹਾਂ ਬੋਲਾਂ ਨੂੰ ਪੜ੍ਹ ਕੇ ਮਨ ਨੂੰ ਤਸੱਲੀ ਹੁੰਦੀ ਹੈ ਕਿ ਇਸ ਪਾਰਟੀ ਦੀ ਮੁੜ ਮਜ਼ਬੂਤੀ ਲਈ ਅਜਿਹੇ ਸਿੱਖ ਨੌਜਵਾਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ, ਜਿਹੜੇ ਪੜ੍ਹੇ ਲਿਖੇ ਹੋਣ ਦੇ ਨਾਲ-ਨਾਲ ਲੋਕਾਂ ਲਈ ਕੰਮ ਕਰਨ ਦੀ ਸਮਰੱਥਾ ਰੱਖਦੇ ਹੋਣ, ਜਿਹੜੇ ਪੰਜਾਬ ਦੇ ਦਿਹਾਤੀ ਲੋਕਾਂ, ਕਿਸਾਨਾਂ ਤੇ ਦਲਿਤਾਂ ਦੇ ਹੱਕਾਂ ਵਿੱਚ ਆਵਾਜ਼ ਉਠਾਉਣ, ਜਿਹੜੇ ਗੁਰੂ ਨਾਨਕ ਜੀ ਦੇ ਸਾਂਝੀਵਾਲਤਾ ਦੇ ਰਸਤੇ ’ਤੇ ਚੱਲਣ ਉੱਤੇ ਯਕੀਨ ਰੱਖਦੇ ਹੋਣ ਅਤੇ ਜਿਨ੍ਹਾਂ ਦੇ ਮਨ ਲਾਲਸੀ ਨਾ ਹੋਣ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ (ਲੁਧਿਆਣਾ)
ਪਾਖੰਡੀ ਬਾਬੇ
ਐਤਵਾਰ, 7 ਜੁਲਾਈ ਨੂੰ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਕੌਰ ਜੌਹਲ ਦਾ ਲੇਖ ‘ਸ਼ਰਧਾ ਦਾ ਅੰਤਹੀਣ ਵਿਰਲਾਪ’ ਦੋ ਜੁਲਾਈ ਨੂੰ ਹਾਥਰਸ ਵਿੱਚ ਵਾਪਰੀ ਦੁਰਘਟਨਾ, ਸੂਰਜਪਾਲ ਸਿੰਘ ਉਰਫ਼ ਭੋਲੇ ਬਾਬਾ ਦਾ ਭੋਲੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਪ੍ਰਬੰਧਕਾਂ ਤੇ ਪ੍ਰਸ਼ਾਸਨ ਦੀ ਨਾਲਾਇਕੀ ਨੂੰ ਦਰਸਾਉਂਦਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਅਖੌਤੀ ਬਾਪੂ ਆਸਾ ਰਾਮ, ਰਾਮਪਾਲ ਅਤੇ ਰਾਮ ਰਹੀਮ ਹੋਰੀਂ ਜੇਲ੍ਹ ’ਚ ਬੰਦ ਹੋਣ; ਚਾਲੀ ਸਾਲ ਪਹਿਲਾਂ ਇਬਰਾਹੀਮ ਟੀ ਕਾਵੂਰ ਵੱਲੋਂ ਲਿਖੀ ਪੁਸਤਕ ‘ਤੇ ਦੇਵ ਪੁਰਸ਼ ਹਾਰ ਗਏ’ ਛਪਣ ਅਤੇ ਤਰਕਸ਼ੀਲ ਸੁਸਾਇਟੀ ਵੱਲੋਂ ਪਾਖੰਡੀਆਂ ਲਈ ਕਰਾਮਾਤ ਦਿਖਾਉਣ ਬਦਲੇ ਦਸ ਲੱਖ ਰੁਪਏ ਇਨਾਮ ਰੱਖਣ ਦੀ ਸ਼ਰਤ ਦੇ ਬਾਵਜੂਦ ਲੋਕਾਂ ਨੂੰ ਪਾਖੰਡ ਦੀ ਸਮਝ ਕਿਉਂ ਨਹੀਂ ਲੱਗਦੀ?
ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ
ਇਮਾਨਦਾਰੀ ਲਈ ਪ੍ਰੇਰਨਾ
ਐਤਵਾਰ, ਤੀਹ ਜੂਨ ਦੇ ਔਨਲਾਈਨ ‘ਪੰਜਾਬੀ ਟ੍ਰਿਬਿਊਨ’ ਵਿੱਚ ਡਾ. ਇਕਬਾਲ ਸਿੰਘ ਸਕਰੌਦੀ ਦੀ ਲਿਖੀ ਕਹਾਣੀ ‘ਸੰਤ ਸਿੰਘ ਡੀਈਓ’ ਪੜ੍ਹੀ। ਬਹੁਤ ਹੀ ਵਧੀਆ ਲੱਗੀ। ਕਹਾਣੀਕਾਰ ਨੇ ਇਹ ਗੱਲ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤੀ ਹੈ ਕਿ ਸਾਡੇ ਸਰਕਾਰੀ ਦਫ਼ਤਰਾਂ ਵਿੱਚ ਜਨ ਸਾਧਾਰਨ ਦੇ ਰੁਟੀਨ ਵਿੱਚ ਹੋਣ ਵਾਲੇ ਕੰਮਾਂ ਵਿੱਚ ਦਫ਼ਤਰੀ ਅਮਲੇ ਵੱਲੋਂ ਕਿਸ ਪ੍ਰਕਾਰ ਢੁੱਚਰਾਂ ਡਾਹੀਆਂ ਜਾਂਦੀਆਂ ਹਨ। ਆਮ ਲੋਕ ਆਪਣੇ ਜਾਇਜ਼ ਕੰਮ ਕਰਵਾਉਣ ਲਈ ਦਫ਼ਤਰਾਂ ਦੇ ਕਰਮਚਾਰੀਆਂ ਦੀ ‘ਸੇਵਾ’ ਕਰਨ ਲਈ ਮਜਬੂਰ ਹਨ। ਕਹਾਣੀ ਦਾ ਖ਼ੂਬਸੂਰਤ ਪਹਿਲੂ ਇਹ ਹੈ ਕਿ ਇੱਕ ਇਮਾਨਦਾਰ ਅਫ਼ਸਰ ਸੰਤ ਸਿੰਘ ਡੀਈਓ ਦੇ ਦਫ਼ਤਰ ਵਿੱਚ ਆਉਣ ਨਾਲ ਭ੍ਰਿਸ਼ਟਾਚਾਰੀ ਕਰਮਚਾਰੀਆਂ ਦੀਆਂ ਮੁਫ਼ਤ ਵਿੱਚ ਖਾਣ-ਪੀਣ ਦੀਆਂ ਆਦਤਾਂ ਨੂੰ ਬਰੇਕ ਲੱਗਦੀ ਹੈ। ਬੇਸ਼ੱਕ ਸਾਡੇ ਸਮਾਜ ਵਿੱਚ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਧੋਖਾ, ਝੂਠ, ਫ਼ਰੇਬ ਬਹੁਤ ਜ਼ਿਆਦਾ ਵਧ ਗਿਆ ਹੈ ਪਰ ਡਾ. ਇਕਬਾਲ ਸਿੰਘ ਸਕਰੌਦੀ ਵੱਲੋਂ ਰਚੀ ਕਹਾਣੀ ਹਨੇਰੇ ਵਿੱਚ ਚਾਨਣ ਮੁਨਾਰਾ ਬਣ ਕੇ ਜਨ ਸਾਧਾਰਨ ਨੂੰ ਰਾਹਤ ਦੇਵੇਗੀ।
ਆਰੂੰਨਾ ਨਾਦਰ ਭੱਟੀ, ਧੂਰੀ ਪਿੰਡ (ਸੰਗਰੂਰ)
ਲੋਕਾਈ ਦੇ ਦਰਦ ਦੀ ਆਵਾਜ਼
ਐਤਵਾਰ, 30 ਜੂਨ ਦਾ ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਵਿਦਰੋਹੀ ਲਫ਼ਜ਼ਾਂ ਦੀ ਸਿਰਜਕ ਅਰੁੰਧਤੀ ਰਾਏ’ ਵਧੀਆ ਲੱਗਾ। ਅਰੁੰਧਤੀ ਰਾਏ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਮੁੱਦੇ ਉਠਾਉਂਦੀ ਹੈ। ਅਰੁੰਧਤੀ ਰਾਏ ਵਰਗੇ ਲੇਖਕ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਕੋਈ ਸਮਝੌਤਾ ਨਹੀਂ ਕਰਦੇ। ਇਹ ਲੋਕਾਈ ਦਾ ਦਰਦ ਬਿਆਨਦਿਆਂ ਵਿਰੋਧੀ ਤੱਤਾਂ ਤੋਂ ਨਹੀਂ ਡਰਦੇ। ਸੱਚਾ ਲੇਖਕ ਨਾ ਸਿਰਫ਼ ਆਜ਼ਾਦ ਸੋਚ ਦਾ ਪਹਿਰੇਦਾਰ ਹੁੰਦਾ ਹੈ ਸਗੋਂ ਉਸ ਦਾ ਨੈਤਿਕ ਫ਼ਰਜ਼ ਸਮਾਜ ਨੂੰ ਸੱਚ ਦੀ ਤਸਵੀਰ ਵਿਖਾਉਣਾ ਵੀ ਹੁੰਦਾ ਹੈ। ਅਰੁੰਧਤੀ ਰਾਏ ਨੂੰ ਸਾਹਿਤ ਦਾ ਵੱਕਾਰੀ ਪੈੱਨ ਪਿੰਟਰ ਪੁਰਸਕਾਰ ਮਿਲਣਾ ਮਾਣ ਵਾਲੀ ਗੱਲ ਹੈ, ਪਰ ਸਰਕਾਰ ਵੱਲੋਂ ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ’ਤੇ ਯੂਪੀਏ ਤਹਿਤ ਕੇਸ ਚਲਾਉਣੇ ਸਖ਼ਤ ਸ਼ਬਦਾਂ ਵਿੱਚ ਨਿੰਦਣਯੋਗ ਹੈ। ਇਸ ਤਰ੍ਹਾਂ ਦੇ ਕੇਸਾਂ ਰਾਹੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਖਪਾਲ ਕੌਰ, ਚੰਡੀਗੜ੍ਹ
ਤਰਫ਼ਦਾਰੀ ਦੀ ਕੋਸ਼ਿਸ਼
ਐਤਵਾਰ, 23 ਜੂਨ ਦੇ ਅੰਕ ਵਿੱਚ ਪਰਮਜੀਤ ਸਿੰਘ ਸਰਨਾ ਵੱਲੋਂ ਮਨਮੋਹਨ ਦੇ 16 ਜੂਨ ਨੂੰ ਦਸਤਕ ਵਿੱਚ ਛਪੇ ਲੇਖ ‘ਕੀ ਖੱਟਿਆ ਅਕਾਲੀਆਂ ਨੇ ਪੰਜਾਬੀ ਸੂਬਾ ਲੈ ਕੇ’ ਦਾ ਪ੍ਰਤੀਕਰਮ ਪੜ੍ਹਿਆ। ਇਹ ਪ੍ਰਤੀਕਰਮ ਮਹਿਜ਼ ਅਕਾਲੀ ਦਲ ਦੀ ਤਰਫ਼ਦਾਰੀ ਕਰਨ ਦੀ ਕੋਸ਼ਿਸ਼ ਹੈ। ਦੇਸ਼ ਦੀ ਵੰਡ ਮਗਰੋਂ 1 ਨਵੰਬਰ 1966 ਤੋਂ ਪਹਿਲਾਂ ਦੇ ਪੰਜਾਬ ਵਿੱਚ ਸਮੂਹ ਪੰਜਾਬੀ, ਪੰਜਾਬੀ ਭਾਸ਼ਾ ਨੂੰ ਸਮਝਦੇ ਤੇ ਨਿੱਤ ਦਿਨ ਦੇ ਕੰਮਾਂ ਵਿਹਾਰਾਂ ਵਿੱਚ ਵਰਤਦੇ ਸਨ। ਜੇਕਰ ਅਕਾਲੀ ਦਲ ਪੰਜਾਬੀ ਭਾਸ਼ਾ ਲਈ ਸੁਹਿਰਦ ਹੁੰਦਾ ਤਾਂ ਸਾਰੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਪ੍ਰਫੁੱਲਤ ਕਰਾਉਣ ਲਈ ਜਦੋਜਹਿਦ ਕਰਦਾ। ਅਕਾਲੀਆਂ ਨੇ 1 ਨਵੰਬਰ 1966 ਤੋਂ ਪਹਿਲਾਂ ਤੇ ਬਾਅਦ ਵਿੱਚ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੋਈ ਯਤਨ ਨਹੀਂ ਕੀਤਾ। ਅਕਾਲੀ ਦਲ ਨੇ ਸਿੱਖਾਂ ਦੇ ਜਜ਼ਬਾਤ ਨੂੰ ਉਲਾਰ ਦੇ ਕੇ, ਵੱਡੇ ਪੰਜਾਬ ਨੂੰ ਛੋਟਾ ਕਰਾ ਕੇ ਸੱਤਾ ਪ੍ਰਾਪਤੀ ਦੀ ਲਾਲਸਾ ਪੂਰੀ ਕੀਤੀ ਕਿਉਂਕਿ ਅਕਾਲੀ ਦਲ ਨੂੰ ਇਹ ਸਪੱਸ਼ਟ ਸੀ ਕਿ ਪੰਜਾਬ ਨੂੰ ਛੋਟਾ ਕੀਤੇ ਬਿਨਾਂ ਅਕਾਲੀ ਦਲ ਸੱਤਾਧਾਰੀ ਪਾਰਟੀ ਨਹੀਂ ਬਣ ਸਕਦਾ। 23 ਜੂਨ ਦੇ ਪ੍ਰਤੀਕਰਮ ਵਿੱਚ ਵੀ ਲਿਖਿਆ ਹੈ ਕਿ ਗੱਲ ਸਿਰਫ਼ ਪੰਜਾਬੀ ਦੀ ਹੋਂਦ ਬਚਾਉਣ ਤੱਕ ਸੀਮਤ ਰਹੀ। ਅਕਾਲੀ ਦਲ ਦੇ ਇਸ ਵਰਤਾਰੇ ਨਾਲ ਵੱਡੇ ਪੰਜਾਬ ਦਾ ਇਤਿਹਾਸਕ ਨੁਕਸਾਨ ਹੋਇਆ ਹੈ ਤੇ ਇਸ ਦੇ ਨਤੀਜੇ ਸਾਹਮਣੇ ਆ ਰਹੇ ਹਨ।
ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਮੁਹਾਲੀ
ਖਾਲਸਾ ਰਾਜ ਦਾ ਮੋਢੀ
ਐਤਵਾਰ, 9 ਜੂਨ ਦੇ ‘ਦਸਤਕ’ ਵਿੱਚ ਬਲਦੇਵ ਸਿੰਘ ਸੜਕਨਾਮਾ ਦੇ ਲੇਖ ‘ਖਾਲਸਾ ਰਾਜ ਦਾ ਮੋਢੀ ਬੰਦਾ ਸਿੰਘ ਬਹਾਦਰ’ ਰਾਹੀਂ ਉਸ ਦੇ ਜਨਮ ਤੋਂ ਲੈ ਕੇ ਅੰਤ ਤੱਕ ਜਾਣਕਾਰੀ ਮਿਲੀ। ਇਸ ਖੋਜ ਭਰਪੂਰ ਲੇਖ ਵਿੱਚ ਉਸ ਦੇ ਵੱਖ ਵੱਖ ਨਾਵਾਂ ਬਾਰੇ ਨਵੀਂ ਜਾਣਕਾਰੀ ਦਿੱਤੀ ਗਈ ਹੈ।
ਜੋਗਿੰਦਰ ਸਿੰਘ ਲੋਹਾਮ, ਮੋਗਾ