ਡਾਕ ਐਤਵਾਰ ਦੀ
ਯਾਦਗਾਰੀ ਲੇਖ
ਐਤਵਾਰ, 23 ਜੂਨ ਦੇ ਅੰਕ ਵਿੱਚ ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਭਾਰਤੀ ਮੀਡੀਆ ’ਚ ਕ੍ਰਾਂਤੀ ਲਿਆਉਣ ਵਾਲਾ ਰਾਮੋਜੀ ਰਾਓ’ ਯਾਦਗਾਰੀ ਹੋ ਨਿੱਬੜਿਆ। ਕੁਝ ਸ਼ਖ਼ਸ ਆਪਣੀ ਜ਼ਿੰਦਗੀ ਵਿੱਚ ਅਜਿਹੇ ਕੰਮ ਕਰ ਜਾਂਦੇ ਹਨ ਜਿਸ ਸਦਕਾ ਸਦਾ ਯਾਦ ਰਹਿੰਦੇ ਹਨ। ਲੇਖਕ ਨੂੰ ਰਾਮੋਜੀ ਰਾਓ ਹਰ ਮੁਲਾਕਾਤ ਵਿੱਚ ਇਹ ਆਖਦਾ ਸੀ ਕਿ ਇਹ ਜ਼ਿੰਦਗੀ ਕਰਾਮਾਤਾਂ ਦੀ ਬਦੌਲਤ ਨਹੀਂ ਸਗੋਂ ਲਗਾਤਾਰ ਸੰਘਰਸ਼ ਸਦਕਾ ਹੈ। ਰਾਓ ਨੇ ਰਾਮੋਜੀ ਫਿਲਮ ਸਿਟੀ ਉਸਾਰੀ ਜਿਸ ਵਿੱਚ 25-30 ਫਿਲਮਾਂ ਦੀ ਸ਼ੂਟਿੰਗ ਇੱਕੋ ਵੇਲੇ ਕੀਤੀ ਜਾ ਸਕਦੀ ਹੈ। ਲੇਖਕ ਨੇ ਰਾਮੋਜੀ ਰਾਓ ਬਾਰੇ ਇਹ ਵੀ ਦੱਸਿਆ ਕਿ ਉਹ ਬੇਹੱਦ ਸ਼ਾਂਤੀਪਸੰਦ ਅਤੇ ਗੁੱਸੇ ਵਿੱਚ ਨਾ ਆਉਣ ਵਾਲਾ ਆਦਮੀ ਸੀ। ਇਸ ਜਾਣਕਾਰੀ ਲਈ ਲੇਖਕ ਧੰਨਵਾਦ ਦਾ ਹੱਕਦਾਰ ਹੈ।
ਜੋਗਿੰਦਰ ਸਿੰਘ ਲੋਹਾਮ, ਮੋਗਾ
ਤਰਕਸੰਗਤ ਲੇਖ
ਐਤਵਾਰ, 23 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਪਰਮਜੀਤ ਸਿੰਘ ਸਰਨਾ ਦਾ ਲੇਖ ਵਧੀਆ ਅਤੇ ਤਰਕਸੰਗਤ ਜਵਾਬ ਹੈ। ਕਿਸੇ ਵੀ ਖਿੱਤੇ ਦੀ ਘੱਟਗਿਣਤੀ ਨੂੰ ਸਮੇਂ ਸਮੇਂ ਤੁਹਮਤਾਂ ਸਹਿਣੀਆਂ ਹੀ ਪੈਂਦੀਆਂ ਹਨ ਪਰ ਮਾਂ ਬੋਲੀ, ਪੰਜਾਬ ਅਤੇ ਪੰਥ ਨੂੰ ਪਿਆਰ ਕਰਨ ਵਾਲੇ ਇਸ ਦਾ ਜਵਾਬ ਵੀ ਨਾਲ ਨਾਲ ਹੀ ਦਿੰਦੇ ਆਏ ਹਨ। ਪੰਜਾਬੀ ਸੂਬਾ ਬਨਾਮ ਅਕਾਲੀ ਵਾਲੀ ਬਹਿਸ ਕਦੇ ਵੀ ਮੁੱਕਣ ਵਾਲੀ ਨਹੀਂ ਪਰ ਅਜਿਹੇ ਉਪਰਾਲੇ ਦਿਲ ਨੂੰ ਧਰਵਾਸ ਦੇਣ ਵਾਲੇ ਹਨ ਕਿ ਅਜੇ ਵੀ ਉਨ੍ਹਾਂ ਵਿੱਚ ਆਪਣਾ ਪੱਖ ਰੱਖਣ ਵਾਲੇ ਮੌਜੂਦ ਹਨ। ਰਾਜਨੀਤਕ ਤਾਕਤਾਂ ਬਦਲਦੀਆਂ ਰਹਿੰਦੀਆਂ ਹਨ ਪਰ ਜਿਨ੍ਹਾਂ ਸੁਚੇਤ ਆਗੂਆਂ ਵਾਲੀਆਂ ਕੌਮਾਂ ਦੀ ਹੋਂਦ ਕੋਈ ਮਿਟਾ ਨਹੀਂ ਸਕਦਾ। ਉਸ ਸਮੇਂ ਪੰਜਾਬੀ ਹਿੰਦੂ ਭਰਾਵਾਂ ਨੇ ਮਾਂ ਬੋਲੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਪਰ ਪੰਜਾਬ ਦਾ ਸੁਹਿਰਦ ਹਿੰਦੂ ਅੱਜ ਵੀ ਇਸ ਤੋਂ ਭਲੀਭਾਂਤ ਜਾਣੂ ਹੈ। ਦਰਅਸਲ, ਪੰਜਾਬ ਨੂੰ ਛੋਟਾ ਕਰਨ ਦੇ ਦੋਸ਼ ਬੜੀ ਚਲਾਕੀ ਨਾਲ ਅਕਾਲੀਆਂ ਸਿਰ ਮੜ੍ਹਨੇ ਬਾਦਸਤੂਰ ਜਾਰੀ ਹਨ। ਜਿਸ ਮਾਣ ਤੇ ਪਿਆਰ ਨਾਲ ਅੱਜ ਪੰਜਾਬੀ ਪੂਰੇ ਦੇਸ਼ ਵਿੱਚ ਬੋਲੀ ਅਤੇ ਸੁਣੀ ਜਾਂਦੀ ਹੈ ਇਸ ਵਿੱਚ ਅਕਾਲੀ ਦਲ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਡਾ. ਗੁਰਿੰਦਰ ਸਿੰਘ ਬਰਾੜ, ਮੁਹਾਲੀ
ਜਾਣਕਾਰੀ ਭਰਪੂਰ ਲੇਖ
ਐਤਵਾਰ, 9 ਜੂਨ ਨੂੰ ‘ਦਸਤਕ’ ਅੰਕ ਵਿੱਚ ਪ੍ਰਿੰ. ਸਰਵਣ ਸਿੰਘ ਦਾ ਲੇਖ ‘ਦੀਦਾਰ ਸਿੰਘ ਦਾਰੀ ਉਰਫ਼ ਦਾਰਾ ਪਹਿਲਵਾਨ’ ਪੜ੍ਹਿਆ; ਬਹੁਤ ਕੁਝ ਜਾਣਨ ਨੂੰ ਮਿਲਿਆ ਕਿ ਉਹ ਬਹੁਤ ਨਿਮਰ ਇਨਸਾਨ ਸੀ। ਦਰਸ਼ਕ ਤਸਵੀਰਾਂ ਖਿਚਵਾਉਣ ਲਈ ਭੀੜ ਲਾਉਂਦੇ ਸਨ, ਪਰ ਉਹ ਸ਼ਾਂਤ ਰਹਿ ਕੇ ਸਭ ਦੀ ਗੱਲ ਸੁਣਦੇ ਸਨ।
ਪਰਵਿੰਦਰ ਸਿੰਘ, ਸੋਥਾ (ਸ੍ਰੀ ਮੁਕਤਸਰ ਸਾਹਿਬ)