ਡਾਕ ਐਤਵਾਰ ਦੀ
ਜਾਣਕਾਰੀ ਭਰਪੂਰ ਲੇਖ
ਐਤਵਾਰ, 2 ਜੂਨ ਦੇ ‘ਦਸਤਕ’ ਸਫ਼ੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਕੌਣ ਭਰੇਗਾ ਇਹ ਤਰੇੜਾਂ?’ ਬਹੁਤ ਹੀ ਮਹੱਤਵਪੂਰਨ ਅਤੇ ਪ੍ਰੇਰਨਾਦਾਇਕ ਜਾਪਿਆ। ਲੇਖਕ ਨੇ ਬੜੀ ਮਿਹਨਤ, ਇਮਾਨਦਾਰੀ ਅਤੇ ਬੇਬਾਕੀ ਨਾਲ ਭਾਰਤੀ ਲੋਕਤੰਤਰ ਵਿਚਲੇ ਪਾਰਟੀ ਤੰਤਰ ਦੇ ਭ੍ਰਿਸ਼ਟਾਚਾਰ ਅਤੇ ਜਰਜਰ ਹੋ ਚੁੱਕੀ ਹਾਲਤ ਦੀ ਵਿਆਖਿਆ ਕੀਤੀ ਹੈ। ਸਿਆਸੀ ਆਕਾਵਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਲੀ ਨੌਕਰਸ਼ਾਹੀ ਦੇ ਨਿਘਾਰ ਅਤੇ ਭਾਰਤੀ ਜਮਹੂਰੀ ਕਿਰਦਾਰ ਸਮੇਤ ਵਰਤਮਾਨ ਭਾਰਤੀ ਅਖੌਤੀ ਸੱਭਿਅਕ ਸਮਾਜ ਬਾਰੇ ਕੀਤਾ ਗਿਆ ਵਖਿਆਨ ਜਾਣਕਾਰੀ ਭਰਪੂਰ ਹੈ। ਅਜਿਹੇ ਬਹੁਪੱਖੀ ਸੁਰਾਂ ਵਾਲੇ ਲੇਖਾਂ ਨੂੰ ਲਗਾਤਾਰ ਪਾਠਕਾਂ ਤੱਕ ਪੁੱਜਦਾ ਕਰਨ ਦੀ ਲੋੜ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ, ਚੰਡੀਗੜ੍ਹ
ਹਿੰਦੀ ਸ਼ਬਦਾਂ ਦਾ ਰਲੇਵਾਂ
ਐਤਵਾਰ, 26 ਮਈ ਦੇ ‘ਦਸਤਕ’ ਅੰਕ ਵਿੱਚ ਪ੍ਰਕਾਸ਼ਿਤ ਲੇਖ ‘ਸੰਪਾਦਕ ਵਿਚਾਰਾ ਕੀ ਕਰੇ!’ ਪੜ੍ਹਿਆ। ਇਹ ਲੇਖ ਸੌਖੇ ਸ਼ਬਦਾਂ ਵਿੱਚ ਬਹੁਤ ਕੁਝ ਬਿਆਨ ਕਰ ਗਿਆ ਹੈ ਕਿ ਕਿਸ ਤਰ੍ਹਾਂ ਨਿੱਤ ਲਿਖਤਾਂ ਵਿੱਚ ਹਿੰਦੀ ਸ਼ਬਦਾਂ ਦਾ ਰਲੇਵਾਂ ਹੁੰਦਾ ਜਾ ਰਿਹਾ ਹੈ। ਅਸੀਂ ਖ਼ੁਦ ਹਰਿਆਣੇ ਦੇ ਜੰਮਪਲ ਹਾਂ। ਸਾਡੀ ਮੁੱਢਲੀ ਸਿੱਖਿਆ ਹਿੰਦੀ ਮਾਧਿਅਮ ਰਾਹੀਂ ਹੋਈ ਹੈ। ਫਿਰ ਵੀ ਯਤਨ ਕਰਦੇ ਹਾਂ ਕਿ ਪੰਜਾਬੀ ਦੇ ਅੱਖਰਾਂ ਨੂੰ ਸਹੀ ਅਤੇ ਯੋਗ ਥਾਂ ’ਤੇ ਵਰਤੀਏ। ਪੰਜਾਬੀ ਦੇ ਸਹੀ ਵਾਕਾਂ/ਅੱਖਰਾਂ ਲਈ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਤੋਂ ਵਧੀਆ ਕੋਈ ਅਖ਼ਬਾਰ ਨਹੀਂ ਜਾਪਦਾ। ਜਦੋਂ ਅਸੀਂ ਯੂਨੀਵਰਸਿਟੀ ਵਿੱਚ (ਪੀਐੱਚਡੀ) ਕਰਦੇ ਸਾਂ ਉਦੋਂ ਸਾਡੇ ਅਧਿਆਪਕ ਸਾਹਿਬਾਨ ਸਾਨੂੰ ਇਸ ਅਖ਼ਬਾਰ ਦੇ ਸੰਪਾਦਕੀ ਸਫ਼ੇ ਪੜ੍ਹਨ ਦੀ ਸਲਾਹ ਦਿੰਦੇ ਸਨ। ਇਸ ਦਾ ਬਹੁਤ ਲਾਭ ਵੀ ਹੋਇਆ। ਸਹਿਜੇ-ਸਹਿਜੇ ਗ਼ਲਤੀਆਂ ਵਿੱਚ ਸੁਧਾਰ ਹੁੰਦਾ ਗਿਆ। ਅੱਜ ਵੀ ਪੰਜਾਬੀ ਸਾਹਿਤ ਦੇ ਖੋਜਾਰਥੀਆਂ ਨੂੰ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਨੂੰ ਪੜ੍ਹਨਾ ਚਾਹੀਦਾ ਹੈ ਜਿਸ ਨਾਲ ਸਹੀ ਵਾਕਾਂ/ਅੱਖਰਾਂ ਬਾਰੇ ਲਾਹੇਵੰਦ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਲੇਖ ਪ੍ਰਕਾਸ਼ਿਤ ਹੁੰਦੇ ਰਹਿਣੇ ਚਾਹੀਦੇ ਹਨ।
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਸਾਡੀ ਪੀੜ੍ਹੀ ਦਾ ਮਹਾਨ ਲੇਖਕ
ਸੁਰਜੀਤ ਪਾਤਰ ਸਾਡੀ ਪੀੜ੍ਹੀ ਦਾ ਮਹਾਨ ਲੇਖਕ ਸੀ। ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਦੂਰ ਰਹਿੰਦੇ ਇਸ ਸ਼ਖ਼ਸ ਦਾ ਇਉਂ ਤੁਰ ਜਾਣਾ ਸਾਹਿਤਕ ਸਫ਼ਾਂ ਲਈ ਵੱਡਾ ਘਾਟਾ ਹੈ। ‘ਪੰਜਾਬੀ ਟ੍ਰਿਬਿਊਨ’ ਨੇ ਲਗਾਤਾਰ ਦੋ ਹਫ਼ਤੇ ਉਨ੍ਹਾਂ ਦੀਆਂ ਯਾਦਾਂ ਨੂੰ ਅਖ਼ਬਾਰ ਵਿੱਚ ਥਾਂ ਦੇ ਕੇ ਵਧੀਆ ਕੰਮ ਕੀਤਾ ਹੈ। ਸੁਰਜੀਤ ਪਾਤਰ ਯਾਦਗਾਰੀ ਪੁਰਸਕਾਰ ਸਬੰਧੀ ਮੇਰਾ ਮੰਨਣਾ ਹੈ ਕਿ ਇਹ ਮਹਿਜ਼ ਐਲਾਨ ਨਹੀਂ ਰਹਿਣਾ ਚਾਹੀਦਾ ਸਗੋਂ ਅਮਲੀ ਰੂਪ ਵਿੱਚ ਲਾਗੂ ਹੋਵੇ ਅਤੇ ਸਰਕਾਰਾਂ ਬਦਲਣ ਦੌਰਾਨ ਵੀ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ।
ਰਾਵਿੰਦਰ ਫਫ਼ੜੇ, ਈ-ਮੇਲ
ਸੱਚੀਓਂ ਧੀਆਂ ਹਾਰ ਗਈਆਂ
ਐਤਵਾਰ, 5 ਮਈ ਦੇ ਅੰਕ ’ਚ ਅਰਵਿੰਦਰ ਜੌਹਲ ਦੇ ਲੇਖ ‘ਦਫ਼ਨ ਹੋਈ ਫਰਿਆਦ’ ਵਿੱਚ ਨਾ ਸਿਰਫ਼ ਜਨਤਾ ਦਲ (ਸੈਕੁਲਰ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਸੈਕਸ ਸਕੈਂਡਲ ਦਾ ਬੇਬਾਕੀ ਨਾਲ ਪਰਦਾਫਾਸ਼ ਕੀਤਾ ਗਿਆ ਹੈ ਸਗੋਂ ਹਾਥਰਸ, ਉਨਾਓ, ਕਠੂਆ ਕੇਸਾਂ ਅਤੇ ਪਹਿਲਵਾਨ ਧੀਆਂ ਦੇ ਜਿਨਸੀ ਸ਼ੋਸ਼ਣ ਮਾਮਲਿਆਂ ਦੇ ਮੁਲਜ਼ਮ ਨੇਤਾਵਾਂ ਨੂੰ ਵੀ ਕਟਹਿਰੇ ਵਿੱਚ ਸਹੀ ਖੜ੍ਹਾ ਕੀਤਾ ਹੈ। ਸ਼ਰਮਨਾਕ ਹੈ ਕਿ ਪ੍ਰਧਾਨ ਮੰਤਰੀ ਨੇ ਅਨੈਤਿਕ ਅਤੇ ਅਪਰਾਧਕ ਕਿਰਦਾਰ ਵਾਲੇ ਪ੍ਰਜਵਲ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਅਤੇ ਉਸ ਨਾਲ ਮੰਚ ਸਾਂਝਾ ਕੀਤਾ। ਦੂਜੇ ਪਾਸੇ, ਪ੍ਰਧਾਨ ਮੰਤਰੀ ਨੇ ਮਨੀਪੁਰ ਦੀਆਂ ਪੀੜਤ ਔਰਤਾਂ ਨੂੰ ਮਿਲਣ ਦੀ ਲੋੜ ਵੀ ਨਹੀਂ ਸਮਝੀ। ਇਸੇ ਅੰਕ ’ਚ ਨਾਮਵਰ ਵਿਦਵਾਨ ਰਾਮਚੰਦਰ ਗੁਹਾ ਨੇ ਆਪਣੇ ਲੇਖ ‘ਹਿੰਦੂਤਵ ਅਤੇ ਭਾਰਤੀ ਵਿਗਿਆਨ’ ਵਿੱਚ ਸਰਕਾਰ ਵੱਲੋਂ ਉਚੇਰੀ ਸਿੱਖਿਆ ਅਤੇ ਵਿਗਿਆਨਕ ਸੰਸਥਾਵਾਂ ਦੇ ਕੀਤੇ ਜਾ ਰਹੇ ਭਗਵਾਕਰਨ ਨੂੰ ਤੱਥਾਂ ਸਹਿਤ ਬਿਆਨ ਕੀਤਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਕਿਰਤ ਸੱਭਿਆਚਾਰ ਤੋਂ ਬੇਮੁਖਤਾ
ਐਤਵਾਰ, 5 ਮਈ ਦੇ ਅੰਕ ’ਚ ਬਲਦੇਵ ਸਿੰਘ (ਸੜਕਨਾਮਾ) ਦੀ ਵਾਰਤਕ ਰਚਨਾ ‘ਟਿਕੇ ਪਾਣੀਆਂ ਵਿੱਚ ਹਿਲਜੁਲ’ ਪੰਜਾਬ ਦੀ ਮੌਜੂਦਾ ਨੌਜਵਾਨ ਪੀੜ੍ਹੀ ਦੇ ਕਿਰਤ ਸੱਭਿਆਚਾਰ ਤੋਂ ਬੇਮੁਖ ਹੋਣ ਦੀ ਬਾਤ ਪਾਉਂਦੀ ਹੈ। ਪਰਵਾਸੀ ਖ਼ਾਸ ਕਰ ਕੇ ਯੂਪੀ, ਬਿਹਾਰ ਤੋਂ ਆ ਕੇ ਪੰਜਾਬ ਵਿੱਚ ਸਖ਼ਤ ਮਿਹਨਤ ਦੇ ਬਲਬੂਤੇ ਕਾਮਯਾਬ ਹੋ ਰਹੇ ਹਨ ਜਦੋਂਕਿ ਪੰਜਾਬੀ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ। ਜੇਕਰ ਪੰਜਾਬੀ ਨੌਜਵਾਨ ਪੀੜ੍ਹੀ ਪੂਰੀ ਇਮਾਨਦਾਰੀ ਨਾਲ ਕਿਰਤ ਸੱਭਿਆਚਾਰ ਨਾਲ ਜੁੜ ਜਾਵੇ ਤਾਂ ਉਨ੍ਹਾਂ ਦਾ ਇੱਥੇ ਹੀ ਕੈਨੇਡਾ, ਅਮਰੀਕਾ ਬਣ ਸਕਦਾ ਹੈ।
ਮਾਸਟਰ ਤਰਸੇਮ ਸਿੰਘ, ਡਕਾਲਾ
ਸ਼ਬਦ ਤੇ ਸੂਰਜ
ਐਤਵਾਰ, 21 ਅਪਰੈਲ ਨੂੰ ‘ਦਸਤਕ’ ਅੰਕ ਵਿੱਚ ਉੱਘੇ ਪੰਜਾਬੀ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਦਾ ਲੇਖ ‘ਅੰਦਰ ਤੇ ਬਾਹਰ ਚਾਨਣ ਵੰਡਦੇ ਸਕੇ ਭਰਾ ਹਨ ਸ਼ਬਦ ਤੇ ਸੂਰਜ’ ਵਿੱਚ ਕਈ ਕਿਤਾਬਾਂ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਦੀ ਕਿਤਾਬ ‘ਗੱਲਾਂ ਸਾਹਿਤ ਦੀਆਂ’ ਵੀ ਵਧੀਆ ਹੈ। ਉਹ ਇਸ ਕਿਤਾਬ ਵਿੱਚ ਲਿਖਦੇ ਹਨ ਕਿ ਰਚਨਾਕਾਰੀ ਵਿੱਚ ਪਹਿਲੇ ਅੱਖਰ ਪਾਇਆਂ ਮੈਨੂੰ ਸੱਤ ਦਹਾਕੇ ਹੋਣ ਲੱਗੇ ਹਨ। ਉਨ੍ਹਾਂ ਦੀ ਰਚਨਾ ਵਿੱਚ ਯਥਾਰਥਕ ਅਤੇ ਸਿਰਜਨਾਤਮਕ ਭਾਸ਼ਾ ਵਰਤੀ ਗਈ ਹੈ। ਲੇਖ ਪੜ੍ਹ ਕੇ ਪੂਰੀ ਪੁਸਤਕ ਪੜ੍ਹਨ ਦੀ ਇੱਛਾ ਜਾਗਦੀ ਹੈ।
ਜਸਮੀਤ ਕੌਰ ਚੁੰਬਰ, ਫਿਰੋਜ਼ਪੁਰ
ਚੰਗੇ ਅਧਿਆਪਕ
ਚੰਗੇ ਅਧਿਆਪਕਾਂ ਦੀ ਹੋਂਦ ਚੰਦਨ ਦੀ ਸੁਗੰਧੀ ਵਾਂਗ ਹੈ ਜੋ ਵਿਦਿਆਰਥੀਆਂ ਨੂੰ ਉਮਰ ਭਰ ਲਈ ਮਹਿਕਾਉਂਦੀ ਰਹਿੰਦੀ ਹੈ। ਐਤਵਾਰ, 28 ਅਪਰੈਲ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰੋ. ਪ੍ਰੀਤਮ ਸਿੰਘ ਨੇ ਇਸ ਅਹਿਸਾਸ ਨੂੰ ਹੰਢਾਇਆ, ਵਡਿਆਇਆ ਤੇ ਮਾਣਿਆ ਹੈ। ਨੌਜਵਾਨਾਂ ਨੂੰ ਸੇਧ ਦੇਣ ’ਚ ਸਭ ਤੋਂ ਵੱਡੀ ਭੂਮਿਕਾ ਅਧਿਆਪਕਾਂ ਦੇ ਹਿੱਸੇ ਆਈ ਹੈ। ਕਈ ਅਧਿਆਪਕਾਂ ਤੇ ਸਕੂਲਾਂ ਨੇ ਇਸ ਉਚਾਈ ਨੂੰ ਮਾਪਿਆ ਹੈ ਪਰ ਅਫ਼ਸੋਸ ਅਸੀਂ ਵੱਡੇ ਨੁਕਸਾਨ ਵੀ ਇਸੇ ਖੇਤਰ ਵਿੱਚ ਖਾਧੇ ਹਨ। ਸਕੂਲ, ਪਿੰਡ ਤੇ ਸਮਾਜ ਵਿੱਚ ਚੰਗੇ ਅਧਿਆਪਕਾਂ ਦਾ ਮਾਣ-ਸਨਮਾਨ ਕਰਨਾ ਅੱਜ ਸਮੇਂ ਦੀ ਵੱਡੀ ਲੋੜ ਹੈ। ਪ੍ਰੋ. ਪ੍ਰੀਤਮ ਸਿੰਘ ਨੇ ਇਸ ਪੱਖ ਨੂੰ ਬਾਖ਼ੂਬੀ ਉਭਾਰਿਆ ਹੈ।
ਗੁਰਪ੍ਰੀਤ ਸਿੰਘ ਤੂਰ, ਲੁਧਿਆਣਾ
ਵਧੀਆ ਅਧਿਆਪਕ
ਪ੍ਰੋ. ਪ੍ਰੀਤਮ ਸਿੰਘ ਵੱਲੋਂ 28 ਅਪਰੈਲ ਦੇ ਅੰਕ ’ਚ ਗਿਆਨੀ ਰਣਜੀਤ ਸਿੰਘ ਔਲਖ ਨੂੰ ਜਜ਼ਬਾਤੀ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਪਤਾ ਲੱਗਿਆ ਕਿ ਪੁਰਾਣੇ ਜ਼ਮਾਨੇ ਦੇ ਅਧਿਆਪਕ ਪੂਰੀ ਉਮਰ ਆਪਣੇ ਵਿਦਿਆਰਥੀਆਂ ਦੇ ਉੱਜਲੇ ਭਵਿੱਖ ਲਈ ਕਿੰਨੇ ਫ਼ਿਕਰਮੰਦ ਰਹਿੰਦੇ ਸਨ। ਲੇਖਕ ਨੇ ਉਸ ਵੇਲੇ ਦੇ ਵਿਦਿਅਕ, ਸਮਾਜਿਕ ਅਤੇ ਪ੍ਰਸ਼ਾਸਨਿਕ ਢਾਂਚੇ ਦੀ ਝਲਕ ਪੇਸ਼ ਕਰਕੇ ਪਾਠਕਾਂ ਨੂੰ ਸੰਪੂਰਨ ਜਾਣਕਾਰੀ ਦਿੱਤੀ ਹੈ।
ਡਾ. ਹਰਕੇਸ਼ ਸਿੰਘ ਸਿੱਧੂ, ਪਟਿਆਲਾ