ਡਾਕ ਐਤਵਾਰ ਦੀ
ਪਾਤਰ ਦਾ ਚਲਾਣਾ
ਐਤਵਾਰ, 19 ਮਈ ਨੂੰ ਗੁਰਬਚਨ ਭੁੱਲਰ ਦਾ ਲੇਖ ‘ਪਾਤਰ ਦਾ ਚਲਾਣਾ: ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਡਾ ਘਾਟਾ’ ਵਿੱਚ ਲੇਖਕ ਨੇ ਸੁਰਜੀਤ ਪਾਤਰ ਦੇ ਅਚਾਨਕ ਤੁਰ ਜਾਣ ਦਾ ਦਰਦ ਬਿਆਨ ਕੀਤਾ ਹੈ| ਲੇਖਕ ਦੱਸਦਾ ਹੈ ਕਿ ਪਾਤਰ ਦੇ ਚਲਾਣੇ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜੋ ਘਾਟਾ ਪਿਆ ਹੈ, ਉਸ ਨੂੰ ਪੂਰਨ ਵਾਲਾ ਉਹਦੇ ਸਮਕਾਲੀ ਕਲਮਾਂ ਵਾਲਿਆਂ ਵਿੱਚੋਂ ਕੋਈ ਨਹੀਂ, ਬੜੀ ਸ਼ਿੱਦਤ ਸੀ ਇਸ ਕਲਮਕਾਰ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਦਰਦ ਮਹਿਸੂਸ ਕਰਨ ਦੀ! ਸੁਰਜੀਤ ਪਾਤਰ ਨੂੰ ਸਾਹਿਤ ਦੇ ਪੂਰੇ ਸੰਸਾਰ ਵਿੱਚ ਭਾਸ਼ਾ ਦਾ ਗਿਆਨੀ, ਗੁਣਵੰਤ, ਪੰਜਾਬ ਦਾ ਸਭ ਤੋਂ ਵੱਡਾ ਚਿੰਤਕ, ਪੰਜਾਬੀ ਮਾਂ ਬੋਲੀ ਦਾ ਪੁੱਤ ਮੰਨਿਆ ਗਿਆ ਹੈ|
ਹਰਿੰਦਰ ਜੀਤ ਸਿੰਘ, ਬਿਜਲਪੁਰ (ਪਟਿਆਲਾ)
ਸੰਪਾਦਕ ਵਿਚਾਰਾ ਕੀ ਕਰੇ!
ਐਤਵਾਰ, 26 ਮਈ ਦੇ ‘ਦਸਤਕ’ ਅੰਕ ’ਚ ਅਮ੍ਰਤ ਦਾ ਲੇਖ ‘ਸੰਪਾਦਕ ਵਿਚਾਰਾ ਕੀ ਕਰੇ!’ ਬਹੁਤ ਮਜ਼ੇਦਾਰ ਅਤੇ ਭਾਸ਼ਾ ਵਿੱਚ ਅਚੇਤ ਜਾਂ ਸੁਚੇਤ ਤੌਰ ’ਤੇ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ਪ੍ਰਤੀ ਚੇਤੰਨ ਕਰਨ ਵਾਲਾ ਹੈ। ‘ਠੰਢ’ ਵਿੱਚ ‘ਢ’ ਦੀ ਥਾਂ ‘ਡ’ ਦੀ ਵਰਤੋਂ ਵਾਲੇ ਅਨੇਕਾਂ ਸ਼ਬਦ ਆਮ ਬੋਲ-ਚਾਲ ਦੀ ਭਾਸ਼ਾ ਤੇ ਲਿਖਤਾਂ ਵਿੱਚ ਵਰਤੇ ਜਾ ਰਹੇ ਹਨ। ਲੇਖਕ ਨੇ ਬਿਲਕੁਲ ਸਹੀ ਕਿਹਾ ਹੈ, ਅਜੋਕੇ ਮਾਹੌਲ ਵਿੱਚ ਪੰਜਾਬੀ ਦੀ ਸਿੱਧੀ-ਸਾਦੀ ਭਾਸ਼ਾ ਦਾ ਜੋ ਮੁਹਾਂਦਰਾ ਬਣਦਾ ਜਾ ਰਿਹਾ ਹੈ ਉਹ ਨਿਰਾਸ਼ਾਜਨਕ ਅਤੇ ਉਦਾਸ ਕਰਨ ਵਾਲਾ ਹੈ। ਜੇ ਹੁਣ ਅਸੀਂ ਮੌਕਾ ਨਾ ਸੰਭਾਲਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਆਪਣੇ ਬੱਚਿਆਂ ਦੇ ਮੂੰਹੋਂ ਵਿਆਹ ਦਾ ਆਯੋਜਨ ਅਤੇ ਪਾਰਟੀ ਦਾ ਸੰਯੋਜਨ ਵਰਗੇ ਸ਼ਬਦਾਂ ਨੂੰ ਸੁਣਨਾ ਹੀ ਨਹੀਂ ਝੱਲਣਾ ਵੀ ਪਵੇਗਾ। ਇਸ ਲਈ ਮੈਂ ਸਮਝਦੀ ਹਾਂ ਕਿ ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਸਾਰੀਆਂ ਸਾਹਿਤਕ ਸਭਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਰੁਝਾਨ ਵੱਲ ਧਿਆਨ ਦੇਣ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਉਲੀਕਣੀਆਂ ਪੈਣਗੀਆਂ।
ਡਾ. ਤਰਲੋਚਨ ਕੌਰ, ਪਟਿਆਲਾ
ਪੰਜਾਬੀਅਤ ਅਤੇ ਨਵੀਂ ਪੀੜ੍ਹੀ
ਐਤਵਾਰ, 5 ਮਈ ਨੂੰ ਬਲਦੇਵ ਸਿੰਘ (ਸੜਕਨਾਮਾ) ਦਾ ਛਪਿਆ ਦਲੀਲਮਈ ਮਜ਼ਮੂਨ ‘ਟਿਕੇ ਪਾਣੀਆਂ ਵਿੱਚ ਹਿਲਜੁਲ’ ਪੰਜਾਬ ਦੀ ਨਵੀਂ ਪੀੜ੍ਹੀ ਦੀ ਬਹੁਪੱਖੀ ਚਿੰਤਾ ਪ੍ਰਗਟਾਉਂਦਾ ਹੈ। ਵਿਸ਼ੇਸ਼ ਕਰਕੇ ਮਾਤ-ਭਾਸ਼ਾ ਦੇ ਹਵਾਲੇ ਨਾਲ ਵੀ ਇਹ ਲਿਖਤ ਗੌਲਣਯੋਗ ਹੈ। ਲੱਖਾਂ ਰੁਪਏ ਖ਼ਰਚਣ ਉਪਰੰਤ ਵਿਦੇਸ਼ਾਂ ਵਿੱਚ ਜਾ ਕੇ ਰੁਜ਼ਗਾਰ ਤਲਾਸ਼ਣਾ ਪੰਜਾਬੀ ਨੌਜਵਾਨਾਂ ਦੀ ਮਜਬੂਰੀ ਹੈ। ਜੇਕਰ ਆਪਣੇ ਸੂਬੇ ਵਿੱਚ ਹੀ ਪੰਜਾਬੀ ਨੌਜਵਾਨਾਂ ਨੂੰ ਹੋਰਨਾਂ ਖੇਤਰਾਂ ਦੇ ਨਾਲ-ਨਾਲ ਭਾਸ਼ਾ, ਸਾਹਿਤ, ਸਭਿਆਚਾਰ, ਅਧਿਐਨ, ਅਧਿਆਪਨ, ਕਲਾ ਅਤੇ ਖੋਜ ਆਦਿ ਖੇਤਰਾਂ ਵਿੱਚ ਰੁਜ਼ਗਾਰ ਮੁਹੱਈਆ ਹੋਵੇ ਤਾਂ ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਹੋ ਜਾਵੇ।
ਡਾ. ਦਰਸ਼ਨ ਸਿੰਘ ‘ਆਸ਼ਟ’, ਪਟਿਆਲਾ
ਸੱਚੀਓਂ ਧੀਆਂ ਹਾਰ ਗਈਆਂ
ਐਤਵਾਰ, 5 ਮਈ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਨੇ ‘ਦਫ਼ਨ ਹੋਈ ਫਰਿਆਦ’ ਨੂੰ ਪਾਠਕਾਂ ਅੱਗੇ ਪੇਸ਼ ਕਰ ਕੇ ਦਲੇਰੀ ਦਿਖਾਈ ਹੈ। ਪ੍ਰਜਵਲ ਵਰਗੇ ਬਲਾਤਕਾਰੀਆਂ ਦੀਆਂ ਸ਼ਿਕਾਰ ਸੈਂਕੜੇ ਔਰਤਾਂ ਮੂੰਹ ਛੁਪਾ ਕੇ ਜ਼ਿੰਦਗੀ ਕੱਟ ਰਹੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਨ੍ਹਾਂ ਕਾਰਿਆਂ ਵਿੱਚ ਸਿਆਸਤਦਾਨ ਤੇ ਉੱਚੇ ਅਹੁਦਿਆਂ ’ਤੇ ਬੈਠੇ ਦਰਿੰਦੇ ਸ਼ਾਮਿਲ ਹਨ। ਸਾਕਸ਼ੀ ਮਲਿਕ ਦਾ ਲਿਖਿਆ ‘ਸੱਚੀਓਂ ਧੀਆਂ ਹਾਰ ਗਈਆਂ’ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
ਮੋਹਨਜੀਤ ਦੀ ਯਾਦ
ਐਤਵਾਰ, 28 ਅਪਰੈਲ ਦੇ ਅੰਕ ਵਿੱਚ ਅਤੈ ਸਿੰਘ ਦੀ ਰਚਨਾ ‘ਕਿੰਨੀ ਉਦਾਸੀ ਹੈ ਤੇਰੇ ਜਾਣ ਦੀ’ ਮੋਹਨਜੀਤ ਦੇ ਸਦੀਵੀ ਵਿਛੋੜੇ ਕਾਰਨ ਲੇਖਕ ਦੇ ਆਪਣੇ ਮਨ ’ਚ ਪੈਦਾ ਹੋਏ ਖਲਾਅ ਤੇ ਪੱਸਰੀ ਘੋਰ ਉਦਾਸੀ ਦਾ ਸ਼ਾਬਦਿਕ ਅਨੁਵਾਦ ਪ੍ਰਤੀਤ ਹੁੰਦੀ ਹੈ। ਇਹੋ ਜਿਹੀ ਸ਼ਖ਼ਸੀਅਤ ਨਾਲ ਹੰਢਾਏ ਪਲਾਂ ਨੂੰ ਯਾਦਾਂ ’ਚ ਸੰਭਾਲਣਾ ਉਸ ਪ੍ਰਤੀ ਮੋਹ ਅਤੇ ਡੂੰਘੀ ਅਪਣੱਤ ਦਾ ਪ੍ਰਗਟਾਵਾ ਹੈ। ਮੋਹਨਜੀਤ ਦੀ ਵਡਿਆਈ, ਉਚਿਆਈ ਤੇ ਸਾਹਿਤਕ ਕਮਾਈ ਲੇਖਕ ਦੇ ਸੁਹਜਮਈ ਸ਼ਬਦਾਂ ’ਚ ਸਾਫ਼ ਝਲਕਦੀ ਹੈ। ਭੱਜ-ਨੱਠ ਦੇ ਅਜੋਕੇ ਸਮੇਂ ਵਿੱਚ ਕਿਸੇ ਦਾ ਕਿਸੇ ਦੇ ਮਨ ’ਚ ਵੱਸ ਜਾਣਾ ਤੇ ਤੁਰ ਜਾਣ ਪਿੱਛੋਂ ਵੀ ਯਾਦਾਂ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ