ਡਾਕ ਐਤਵਾਰ ਦੀ
ਅਧਿਆਪਕ ਦਾ ਉੱਚਾ ਦਰਜਾ
ਐਤਵਾਰ, 28 ਅਪਰੈਲ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਆਪਣੇ ਅਧਿਆਪਕ ਨੂੰ ਚੇਤੇ ਕਰਦਿਆਂ’ ਪੁਰਾਣੇ ਸਮੇਂ ਦੇ ਅਧਿਆਪਕ ਅਤੇ ਵਿਦਿਆਰਥੀ ਦਾ ਗੁਰੂ ਅਤੇ ਚੇਲੇ ਵਾਲਾ ਸਬੰਧ ਦਰਸਾ ਗਿਆ। ਜਿੱਥੇ ਇਹ ਲੇਖ ਇੱਕ ਵਿਦਿਆਰਥੀ ਵੱਲੋਂ ਆਪਣੇ ਅਧਿਆਪਕ ਪ੍ਰਤੀ ਬਹੁਤ ਸ਼ਰਧਾ ਅਤੇ ਮਾਣ ਸਤਿਕਾਰ ਨਾਲ ਭਰਿਆ ਹੈ, ਉੱਥੇ ਅੱਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਾਸਤੇ ਪ੍ਰੇਰਨਾ ਸਰੋਤ ਵੀ ਹੈ। ਅਧਿਆਪਕ ਦਾ ਦਰਜਾ ਬਹੁਤ ਉੱਚਾ ਹੈ।
ਬਲਵਿੰਦਰ ਗਿੱਲ, ਈ-ਮੇਲ
(2)
ਪਿਛਲੇ ਹਫ਼ਤੇ ਗਿਆਨੀ ਰਣਜੀਤ ਸਿੰਘ ਔਲਖ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖ਼ਬਰ ਮਿਲੀ। ਮੇਰੇ ਪਰਮ ਮਿੱਤਰ ਪ੍ਰੋ. ਪ੍ਰੀਤਮ ਸਿੰਘ ਦਾ ਲਿਖਿਆ ਲੇਖ ‘ਆਪਣੇ ਅਧਿਆਪਕ ਨੂੰ ਚੇਤੇ ਕਰਦਿਆਂ’ ਪੜ੍ਹਿਆ। ਪ੍ਰੋ. ਪ੍ਰੀਤਮ ਸਿੰਘ ਨੇ ਬਹੁਤ ਸੁੰਦਰ ਲਫ਼ਜ਼ਾਂ ਰਾਹੀਂ ਗਿਆਨੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਉਸ ਦੌਰ ਦੇ ਅਧਿਆਪਕ ਹੁਣ ਟਾਵੇਂ-ਟਾਵੇਂ ਹੀ ਰਹਿ ਗਏ ਹਨ।
ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਨੂੰ ਬਹੁਤ ਉੱਚਾ ਰੁਤਬਾ ਦਿੱਤਾ ਗਿਆ ਹੈ। ਜਿਵੇਂ ਬੁੱਤਤਰਾਸ਼ ਨੂੰ ਪੱਥਰ ਵਿੱਚ ਲੁਕੇ ਬੁੱਤ ਨਜ਼ਰ ਆਉਂਦੇ ਹਨ ਤੇ ਜੌਹਰੀ ਨੂੰ ਹੀਰੇ ਦੀ ਪਛਾਣ ਹੁੰਦੀ ਹੈ, ਉਸੇ ਤਰ੍ਹਾਂ ਚੰਗਾ ਅਧਿਆਪਕ ਆਪਣੇ ਵਿਦਿਆਰਥੀ ਵਿੱਚ ਲੁਕੀ ਯੋਗਤਾ ਨੂੰ ਲੱਭ ਕੇ ਨਿਖਾਰ ਦਿੰਦਾ ਹੈ। ਮਾਸਟਰ ਰਣਜੀਤ ਸਿੰਘ ਜੀ ਉਨ੍ਹਾਂ ਅਧਿਆਪਕਾਂ ਵਿੱਚੋਂ ਹੀ ਸਨ।
ਅੱਜਕੱਲ੍ਹ ਵਿੱਦਿਅਕ ਢਾਂਚਾ ਵਪਾਰ ਬਣ ਕੇ ਰਹਿ ਗਿਆ ਹੈ। ਮਨ ਵਿੱਚ ਖਿਆਲ ਆਉਂਦਾ ਹੈ ਕਿ ਜੇ ਅਸੀਂ ਅੱਜ ਦੇ ਸਿਸਟਮ ਵਿੱਚ ਵਿਚਰਦੇ ਤਾਂ ਸਾਡਾ ਕੀ ਹਸ਼ਰ ਹੁੰਦਾ। ਉਮੀਦ ਹੈ ਕਿ ਗਿਆਨੀ ਜੀ ਦੇ ਜੀਵਨ ਤੋਂ ਸੇਧ ਲੈ ਕੇ ਅੱਜ ਦੇ ਅਧਿਆਪਕ ਵੀ ਉਨ੍ਹਾਂ ਦੇ ਦਿਖਾਏ ਮਾਰਗ ’ਤੇ ਚੱਲਣਗੇ।
ਡਾ. ਜਗਦੀਸ਼ ਚੰਦਰ ਚੋਪੜਾ, ਕੈਨੇਡਾ
ਸ਼ਲਾਘਾਯੋਗ ਲੇਖ
ਐਤਵਾਰ, 21 ਅਪਰੈਲ ਨੂੰ ਲੇਖ ‘ਅੰਦਰ ਤੇ ਬਾਹਰ ਚਾਨਣ ਵੰਡਦੇ ਸਕੇ ਭਰਾ ਹਨ ਸ਼ਬਦ ਤੇ ਸੂਰਜ’ ਰਾਹੀਂ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਸ਼ਬਦਾਂ ਦੇ ਪ੍ਰਕਾਸ਼ ਨਾਲ ਬਾਖ਼ੂਬੀ ਸਾਂਝ ਪੁਆਈ ਹੈ। ਲੋਕਾਂ ਦੇ ਹਿਤ ਪੂਰਦੇ ਸ਼ਬਦਾਂ ਨਾਲ ਸਜੀਆਂ ਰਚਨਾਵਾਂ ਹੀ ਆਪਣਾ ਪ੍ਰਕਾਸ਼ ਦੂਰ ਦੂਰ ਤੱਕ ਫੈਲਾ ਸਕਦੀਆਂ ਹਨ। ਲੇਖਕ ਨੇ ਸਹੀ ਕਿਹਾ ਹੈ ਕਿ ਪੰਜਾਬੀ ਵਿੱਚ ਪੁਸਤਕ ਸੱਭਿਆਚਾਰ ਖ਼ਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਸਾਡੇ ਕੋਲ ਵਧੀਆ ਬਾਲ ਸਾਹਿਤ ਦਾ ਨਾ ਹੋਣਾ ਤੇ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਪੁਸਤਕਾਂ ਨਾਲ ਨਾ ਜੋੜਨਾ ਹੈ। ਦੇਸ਼ ਹੋਵੇ ਜਾਂ ਪਰਦੇਸ ਆਪਣੀ ਪਨੀਰੀ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨਾ ਲਾਜ਼ਮੀ ਹੈ। ਪਿਛਲੇ ਪੰਦਰਾਂ ਸਾਲਾਂ ਤੋਂ ਇੰਗਲੈਂਡ ਵਿੱਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਦੀ ਸੇਵਾ ਕਰਦਿਆਂ ਮੈਂ ਇਸ ਨਤੀਜੇ ’ਤੇ ਪਹੁੰਚੀ ਹਾਂ ਕਿ ਮਾਪਿਆਂ ਦੇ ਉਤਸ਼ਾਹ ਅਤੇ ਅਧਿਆਪਕ ਦੀ ਇਮਾਨਦਾਰੀ ਨਾਲ ਕੀਤੀ ਮਿਹਨਤ ਰਾਹੀਂ ਮਾਂ-ਬੋਲੀ ਲਈ ਨੱਕ ਬੁੱਲ੍ਹ ਵੱਟਦੇ ਬੱਚਿਆਂ ਤੋਂ ਵੀ ਵਧੀਆ ਨਤੀਜੇ ਲਏ ਜਾ ਸਕਦੇ ਹਨ।
ਅਮ੍ਰਤ ਦਾ ਲੇਖ ‘ਸਿਆਸਤ ਦੀ ਨਵੀਂ ਇਬਾਰਤ’ ਦੇਸ਼ ਦੀ ਰਾਜਨੀਤੀ ਦੇ ਜਮਹੂਰੀਅਤ ਨੂੰ ਕਤਲ ਕਰਕੇ ਤਾਨਾਸ਼ਾਹੀ ਵੱਲ ਵਧ ਰਹੇ ਕਦਮਾਂ ’ਤੇ ਅਨੇਕਾਂ ਦਲੇਰਾਨਾ ਸਵਾਲ ਖੜ੍ਹੇ ਕਰਦਾ ਹੈ। ਆਉਣ ਵਾਲੇ ਸਮਿਆਂ ਵਿੱਚ ਤਾਨਾਸ਼ਾਹ ਸਰਕਾਰਾਂ ਨੂੰ ਇਨ੍ਹਾਂ ਦੇ ਜਵਾਬ ਲੋਕਾਂ ਨੂੰ ਦੇਣੇ ਪੈਣਗੇ।
ਡਾ. ਤਰਲੋਚਨ ਕੌਰ, ਪਟਿਆਲਾ
ਉਦਾਸ ਕਰਨ ਵਾਲੀ ਰਚਨਾ
ਐਤਵਾਰ, 31 ਮਾਰਚ ਦੇ ‘ਦਸਤਕ’ ’ਚ ਛਪਿਆ ਲੇਖ ‘ਜ਼ਮੀਨ ਜੋ ਮੁੱਠੀ- ਮੁੱਠੀ ਵਿਕ ਜਾਵੇਗੀ’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਇਸ ਦੇ ਲੇਖਕ ਗੁਰਪ੍ਰੀਤ ਸਿੰਘ ਤੂਰ ਨੇ ਇਤਰਾਜ਼ਯੋਗ ਅਤੇ ਅਤਿਅੰਤ ਸੰਵੇਦਨਸ਼ੀਲ ਮੁੱਦੇ ਨੂੰ ਪੰਜਾਬ ਦੇ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਹੈ। ਸਾਨੂੰ ਇਸ ਲੁੱਟ-ਖਸੁੱਟ ਨਾਲ ਗੰਭੀਰਤਾ ਨਾਲ ਨਜਿੱਠਣ ਦੀ ਲੋੜ ਹੈ।
ਵਿਕਾਸ ਦੇ ਨਾਂ ’ਤੇ ਰੰਗਲੇ ਪੰਜਾਬ ਦੀ ਉਪਜਾਊ ਧਰਤੀ ’ਤੇ ਕਾਬਜ਼ ਹੋਣ ਲਈ ਕਾਰਪੋਰੇਟ ਘਰਾਣਿਆਂ, ਰਾਜਨੀਤਕ-ਪ੍ਰਸ਼ਾਸਨਿਕ ਅਤੇ ਅਮੀਰਾਂ ਦੀ ਸਾਂਝੀ ਕੂਟਨੀਤੀ ਇਸ ਪਿੱਛੇ ਕੰਮ ਕਰ ਰਹੀ ਹੈ। ਰੀਅਲ ਅਸਟੇਟ ਅਤੇ ਕਾਲੇ ਧਨ ਦੇ ਕਾਰੋਬਾਰੀ ਨਿੱਤ ਬੇਲੋੜੀਆਂ ਸੜਕਾਂ ਅਤੇ ਐਕਸਪ੍ਰੈਸ ਹਾਈਵੇਅਜ਼ ਨਾਲ ਲੱਗਦੀਆਂ ਜ਼ਮੀਨਾਂ ਕਿਸਾਨਾਂ ਤੋਂ ਖਰੀਦ ਰਹੇ ਹਨ। ਇਨ੍ਹਾਂ ਨੇ ਹਰੇ ਭਰੇ ਖੇਤਾਂ ਨੂੰ ਕੰਕਰੀਟ ਵਿੱਚ ਤਬਦੀਲ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਰੋਟੀ, ਕੱਪੜਾ ਅਤੇ ਮਕਾਨ ਤਿੰਨ ਬੁਨਿਆਦੀ ਲੋੜਾਂ ਤੋਂ 21ਵੀਂ ਸਦੀ ਦਾ ਮਨੁੱਖ ਕੋਹਾਂ ਦੂਰ ਭੱਜ ਰਿਹਾ ਹੈ। ਲੇਖਕ ਦਾ ਡੇਟਾ ਦੱਸਦਾ ਹੈ ਕਿ ਵੱਡੇ ਵੱਡੇ ਸ਼ਹਿਰ ਹੱਸਦੇ ਵੱਸਦੇ ਸੈਂਕੜੇ ਪਿੰਡਾਂ ਨੂੰ ਅਜਗਰ ਵਾਂਗ ਨਿਗਲ ਚੁੱਕੇ ਹਨ। ਕਿਰਤੀ, ਕਾਮਿਆਂ ਅਤੇ ਛੋਟੇ ਕਿਸਾਨਾਂ ਨੂੰ ਆਪਣੀ ਧਰਤੀ ਮਾਂ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਹੰਭਲਾ ਜ਼ਰੂਰ ਮਾਰਨਾ ਪਵੇਗਾ। ਉਨ੍ਹਾਂ ਲਈ ਇੱਕ ਮੰਚ ’ਤੇ ਇਕੱਠੇ ਹੋ ਕੇ ਇਨਕਲਾਬੀ ਤਰੀਕੇ ਨਾਲ ‘ਚਿਪਕੋ ਅੰਦੋਲਨ’ ਵਾਂਗ ਆਪਣੀ ਧਰਤੀ ਮਾਂ ਦੀ ਰਾਖੀ ਕਰਨਾ ਸਮੇਂ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਰੋਟੀ ਨੂੰ ਤਰਸਣਗੀਆਂ ਅਤੇ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਸਿਆਸਤਦਾਨਾਂ ’ਤੇ ਸਵਾਲ
ਐਤਵਾਰ, 14 ਅਪਰੈਲ ਦੇ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਰੰਗ ਬਦਲਦੇ ਸਿਆਸੀ ਆਗੂ’ ਚੋਣਾਂ ਦੇ ਇਸ ਮੌਸਮ ਵਿੱਚ ਨੇਤਾਵਾਂ ਦੇ ਦਲਬਦਲੀ ਦੇ ਫ਼ੈਸਲਿਆਂ ’ਤੇ ਡੂੰਘੇ ਸਵਾਲ ਖੜ੍ਹੇ ਕਰਦਾ ਹੈ। ਲੇਖਿਕਾ ਨੇ ਆਪਣੀ ਆਪ-ਬੀਤੀ ਰਾਹੀਂ ਭਾਰਤੀ ਵੋਟਰਾਂ ਲਈ ਇੱਕ ਵੱਡਾ ਸਵਾਲ ਛੱਡਿਆ ਹੈ ਕਿ ਜੇਕਰ ਖ਼ਬਰਾਂ ਬਾਰੇ 24 ਘੰਟੇ ਚੇਤੰਨ ਤੇ ਚੌਕਸ ਰਹਿਣ ਵਾਲੇ ਪੱਤਰਕਾਰ ਵੀ ਨੇਤਾਵਾਂ ਦੀ ਪਾਰਟੀ ਬਾਰੇ ਭੁਲੇਖਾ ਖਾ ਸਕਦੇ ਹਨ ਤਾਂ ਯਕੀਨਨ ਵੋਟਰਾਂ ਲਈ ਹੋਰ ਵੀ ਔਖੀ ਗੱਲ ਹੋਵੇਗੀ। ਫਿਰ ਵੀ ਗੰਧਲੇ ਹੋ ਰਹੇ ਜਮਹੂਰੀ ਢਾਂਚੇ ਨੂੰ ਬਚਾਉਣ ਲਈ ਵੋਟਰਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿਉਂਕਿ ਡੁੱਲ੍ਹੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ।
ਮਾਸਟਰ ਤਰਸੇਮ ਸਿੰਘ ਡਕਾਲਾ, ਪਟਿਆਲਾ
(2)
ਐਤਵਾਰ ਨੂੰ ਅਰਵਿੰਦਰ ਜੌਹਲ ਦਾ ਲੇਖ ‘ਰੰਗ ਬਦਲਦੇ ਸਿਆਸੀ ਆਗੂ’ ਪੜ੍ਹਿਆ ਜਿਸ ਵਿੱਚ ਚੁਣਾਵੀ ਮਾਹੌਲ ਦੌਰਾਨ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਗਿਰਗਿਟ ਵਾਂਗੂ ਬਦਲਦਾ ਚਿਹਰਾ ਬੇਨਕਾਬ ਕੀਤਾ ਹੈ। ਸਿਆਸੀ ਪਾਰਟੀਆਂ ਅਤੇ ਆਗੂਆਂ ਪਿੱਛੇ ਲੱਗ ਕੇ ਆਪਸੀ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ। ਪੰਜਾਬੀ ਦੇ ਮਸ਼ਹੂਰ ਕਵੀ ਪਾਸ਼ ਦੁਆਰਾ ਵੀ ਇਸ ਬਾਰੇ ਕੁਝ ਸਤਰਾਂ ਮੈਨੂੰ ਯਾਦ ਆ ਗਈਆਂ: ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ/ ਜੋ ਪੰਜ ਸਾਲਾਂ ’ਚ ਇੱਕੋ ਹੀ ਚਲਦਾ ਹੈ / ਤੇ ਜੀਹਦੇ ਵਜਦਾ ਹੈ ਉਹ ਪਾਣੀ ਨਹੀਂ / ਮੇਰਾ ਲਹੂ ਮੰਗਦਾ ਹੈ...
ਹਰਿੰਦਰ ਜੀਤ ਸਿੰਘ, ਬਿਜਲਪੁਰ (ਪਟਿਆਲਾ)