ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕ ਐਤਵਾਰ ਦੀ

11:59 AM Apr 21, 2024 IST

ਲੋਕ-ਪੱਖੀ ਆਗੂ ਚੁਣਨਾ ਜ਼ਰੂਰੀ

ਐਤਵਾਰ, 14 ਅਪਰੈਲ ਦੇ ‘ਦਸਤਕ’ ਅੰਕ ਵਿੱਚ ਜਗਰੂਪ ਸਿੰਘ ਸੇਖੋਂ ਨੇ ਆਪਣੇ ਲੇਖ ‘ਪੰਜਾਬ ਵਿੱਚ ਲੋਕ ਸਭਾ ਚੋਣਾਂ: ਕੱਲ੍ਹ ਤੇ ਅੱਜ’ ਵਿੱਚ ਵਿਸਥਾਰ ’ਚ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਇਤਿਹਾਸ ਬਾਰੇ ਲਿਖਿਆ ਹੈ। ਲੇਖਕ ਨੇ ਚੋਣਾਂ ਦੇ ਨਾਲ-ਨਾਲ ਚੋਣਾਂ ਦੇ ਨਤੀਜਿਆਂ ਅਤੇ ਸਿੱਟਿਆਂ ਬਾਰੇ ਤਰਤੀਬਵਾਰ ਦੱਸਿਆ ਹੈ। ਪੁਰਾਣੀਆਂ ਚੋਣਾਂ ਦੇ ਨਤੀਜਿਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੇਕਰ ਸਰਕਾਰ ਲੋਕਾਂ ਦੇ ਪੱਖ ਵਿੱਚ ਨਹੀਂ ਤਾਂ ਲੋਕ ਉਸਨੂੰ ਬਦਲਣ ਵਿੱਚ ਸਮਾਂ ਨਹੀਂ ਲਾਉਂਦੇ ਭਾਵੇਂ ਉਹ ਕਿੰਨੀ ਹੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ। ਇਹ ਹੀ ਅਸੀਂ 1977 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਵਿੱਚ ਦੇਖਿਆ। ਇਤਿਹਾਸ ਤੋਂ ਸਬਕ ਸਿੱਖਦਿਆਂ ਲੋਕਾਂ ਨੂੰ ਇਸ ਸਾਲ ਦੀਆਂ ਚੋਣਾਂ ਵਿੱਚ ਵੀ ਚੰਗੇ ਆਗੂ ਚੁਣਨੇ ਚਾਹੀਦੇ ਹਨ ਜੋ ਲੋਕ-ਪੱਖੀ ਫ਼ੈਸਲੇ ਕਰਕੇ ਦੇਸ਼ ਨੂੰ ਤਰੱਕੀ ਦੀ ਰਾਹ ’ਤੇ ਅੱਗੇ ਲਿਜਾ ਸਕਣ।
ਪਰਵਿੰਦਰ ਸਿੱਧੂ, ਈ-ਮੇਲ

Advertisement


ਰਾਖਵਾਂਕਰਨ

ਐਤਵਾਰ, 14 ਅਪਰੈਲ ਦੇ ‘ਦਸਤਕ’ ਪੰਨੇ ਉੱਤੇ ਛਪਿਆ ਵਰਗਿਸ ਸਲਾਮਤ ਦਾ ਲੇਖ ‘ਅਜੋਕੇ ਸਮਿਆਂ ਵਿੱਚ ਡਾ. ਅੰਬੇਡਕਰ’ ਪੜ੍ਹਿਆ, ਚੰਗਾ ਲੱਗਿਆ। ਬਾਬਾ ਸਾਹਿਬ ਨੇ ਦਲਿਤ ਵਰਗ ਲਈ ਇਹ ਯਕੀਨੀ ਬਣਾਉਣ ਦੀ ਅਣਥੱਕ ਕੋਸ਼ਿਸ਼ ਕੀਤੀ ਕਿ ਇਸ ਨਾਲ ਸਬੰਧਿਤ ਲੋਕ ਸਮਾਜ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਣ। ਸੰਵਿਧਾਨ ਵਿੱਚ ਮਿਲੇ ਹੱਕਾਂ ਸਦਕਾ ਭਾਰੀ ਮਿਹਨਤ ਕਰਕੇ ਇੱਕ ਪੀੜ੍ਹੀ ਸਫਲ ਹੋ ਸਕਦੀ ਹੈ ਪਰ ਕਿਤੇ ਨਾ ਕਿਤੇ ਅੱਜ ਵੀ ਅਖੌਤੀ ਉੱਚ ਵਰਗ ਵੱਲੋਂ ਰਾਖਵਾਂਕਰਨ ਦੇ ਨਾਂ ’ਤੇ ਇਸ ਮਿਹਨਤਕਸ਼ ਵਰਗ ਨਾਲ ਵਿਤਕਰਾ ਕੀਤਾ ਜਾਂਦਾ ਹੈ। ਜੇਕਰ ਇਸ ਵਰਗ ਦੀ ਇੱਕ ਪੀੜ੍ਹੀ ਮਿਹਨਤ ਨਹੀਂ ਕਰਦੀ ਤਾਂ ਉਹ ਗੁਰਬਤ ਵਿੱਚ ਘਿਰ ਜਾਂਦੀ ਹੈ। ਨਵੀਂ ਪੀੜ੍ਹੀ ਨੂੰ ਫਿਰ ਓਨੀ ਹੀ ਮਿਹਨਤ ਨਾਲ ਸੰਘਰਸ਼ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਪੱਲੇ ਪਿਤਾ-ਪੁਰਖੀ ਜਾਇਦਾਦਾਂ ਨਹੀਂ ਹੁੰਦੀਆਂ।
ਨਵਜੋਤ ਕੌਰ ਕੁਠਾਲਾ, ਈ-ਮੇਲ


ਸਿਆਸੀ ਲੋਕਾਂ ਦਾ ਕਿਰਦਾਰ

ਐਤਵਾਰ, 14 ਅਪਰੈਲ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦੀ ਰਚਨਾ ‘ਰੰਗ ਬਦਲਦੇ ਸਿਆਸੀ ਆਗੂ’ ਬਾਕਮਾਲ ਸੀ। ਦਰਅਸਲ, ਸਾਡੇ ਦੇਸ਼ ਦੇ ਸਿਆਸਤਦਾਨਾਂ ਦਾ ਕਿਰਦਾਰ ਬਹੁਤ ਨਿੱਘਰ ਗਿਆ ਹੈ। ਇਨ੍ਹਾਂ ਦਾ ਇੱਕੋ-ਇੱਕ ਟੀਚਾ ਸਿਰਫ਼ ਸੱਤਾ ਹਾਸਲ ਕਰਨਾ ਹੈ। ਸਾਮ ਦਾਮ ਦੰਡ ਭੇਦ ਦੀ ਨੀਤੀ ’ਤੇ ਚੱਲਣ ਵਾਲੇ ਸਿਆਸਤਦਾਨਾਂ ਤੋਂ ਅਸੂਲਾਂ, ਪ੍ਰਤੀਬੱਧਤਾ ਜਾਂ ਕਥਨੀ ਤੇ ਕਰਨੀ ਦੇ ਪੱਕੇ ਹੋਣ ਦੀ ਆਸ ਰੱਖਣੀ ਨਿਰਮੂਲ ਜਾਪਦੀ ਹੈ। ਇੰਨੀ ਤੇਜ਼ੀ ਨਾਲ ਤਾਂ ਗਿਰਗਿਟ ਵੀ ਰੰਗ ਨਹੀਂ ਬਦਲਦੀ ਜਿੰਨੀ ਤੇਜ਼ੀ ਨਾਲ ਸਿਆਸਤਦਾਨ ਆਪਣੇ ਨਿੱਜੀ ਹਿੱਤਾਂ ਲਈ ਬਦਲਦਾ ਹੈ।
ਆਮ ਵਰਕਰ ਆਪਣੇ ਸਿਆਸੀ ਆਕਾ ਪਿੱਛੇ ਲੱਗ ਕੇ ਆਪਣੇ ਆਂਢ-ਗੁਆਂਢ ਅਤੇ ਭਾਈਚਾਰੇ ਨਾਲ ਨਿੱਜੀ ਸਬੰਧ ਵੀ ਖਰਾਬ ਕਰ ਲੈਂਦਾ ਹੈ। ਅਸਲ ਵਿੱਚ ਸਾਧਾਰਨ ਵਰਕਰ ਨੂੰ ਸਾਰੀ ਉਮਰ ਇਸ ਵਿੱਚੋਂ ਕੁਝ ਹਾਸਲ ਨਹੀਂ ਹੁੰਦਾ, ਬਸ ਉਹ ਆਪ ਤੋਂ ਛੋਟੇ ਵਿਅਕਤੀ ’ਤੇ ਆਪਣੀ ਸਿਆਸੀ ਪਹੁੰਚ ਹੋਣ ਦਾ ਰੋਹਬ ਪਾ ਕੇ ਹਊਮੈਂ ਨੂੰ ਪੱਠੇ ਪਾਉਂਦਾ ਰਹਿੰਦਾ ਹੈ।
ਬਿਕਰਮਜੀਤ ਸਿੰਘ, ਭਾਦਸੋਂ (ਪਟਿਆਲਾ)

Advertisement


ਭਵਿੱਖੀ ਸੰਕਟ ਵੱਲ ਸੰਕੇਤ

ਐਤਵਾਰ, 31 ਮਾਰਚ ਨੂੰ ‘ਜ਼ਮੀਨ ਜੋ ਮੁੱਠੀ-ਮੁੱਠੀ ਵਿਕ ਜਾਵੇਗੀ’ ਸਿਰਲੇਖ ਹੇਠ ਗੁਰਪ੍ਰੀਤ ਸਿੰਘ ਤੂਰ ਹੁਰਾਂ ਦਾ ਲੇਖ ਪੜ੍ਹਿਆ। ਲੇਖਕ ਨੇ ਸੜਕੀ ਵਿਕਾਸ ਦੇ ਨਾਂ ’ਤੇ ਨਿਰੰਤਰ ਘਟ ਰਹੇ ਵਾਹੀਯੋਗ ਰਕਬੇ ਬਾਰੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਭਵਿੱਖੀ ਸੰਕਟਾਂ ਵੱਲ ਸੰਕੇਤ ਕੀਤਾ। ਪੰਜਾਬ ਜ਼ਰਖ਼ੇਜ਼ ਭੋਇੰ, ਭਰ ਵਗਦੇ ਦਰਿਆਵਾਂ, ਸੋਨੇ ਵਰਗੀਆਂ ਫ਼ਸਲਾਂ, ਪਿੱਪਲ, ਬੋਹੜ, ਟਾਹਲੀ ਵਰਗੇ ਨਿੱਗਰ ਤੇ ਸੰਘਣੀਆਂ ਛਾਵਾਂ ਵਾਲੇ ਰੁੱਖਾਂ ਖ਼ਾਤਰ ਜਾਣਿਆ ਜਾਂਦਾ ਸੀ; ਹੁਣ ਇਹ ਦਿਨ-ਬ-ਦਿਨ ਕੰਕਰੀਟ ਦੇ ਸੰਘਣੇ ਸਾਏ ਹੇਠ ਆ ਰਿਹਾ ਹੈ। ਜਿੱਥੇ ਇਹ ਵਰਤਾਰਾ ਅੰਨ ਦਾ ਸੰਕਟ ਪੈਦਾ ਕਰੇਗਾ, ਉੱਥੇ ਪੰਜਾਬ ਨੂੰ ਸਮਾਜਿਕ ਤੇ ਸੱਭਿਆਚਾਰਕ ਪੱਖ ਤੋਂ ਵੀ ਖੋਖਲਾ ਕਰੇਗਾ। ਭੂਗੋਲਿਕ ਨਕਸ਼ੇ ਤੋਂ ਪਿੰਡਾਂ ਦੀ ਮਨਫ਼ੀ ਹੁੰਦੀ ਜਾ ਰਹੀ ਹੋਂਦ ਨਿਸ਼ਚੇ ਹੀ ਪੰਜਾਬ ਦੀ ਗੌਰਵਮਈ ਇਤਿਹਾਸਕ ਵਿਰਾਸਤ ਨੂੰ ਖੋਰਾ ਲਾਏਗੀ। ਗੁਰਪ੍ਰੀਤ ਸਿੰਘ ਤੂਰ ਦੇ ਬਾ-ਦਲੀਲ ਪੁਖਤਾ ਲੇਖ ਦੀ ਸ਼ਾਹਦੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਤੀਸ਼ ਗੁਲਾਟੀ ਦੀ ਗ਼ਜ਼ਲ ਦਾ ਇਹ ਸ਼ਿਅਰ ਬਾਖ਼ੂਬੀ ਭਰਦਾ ਹੈ:
ਬੀ.ਆਰ.ਐੱਸ ਨਗਰ ਵਿੱਚ ਗੁੰਮ ਕੇ ਰਹਿ ਗਿਆ ਪਿੰਡ ਸੁਨੇਤ, ਨਾ ਹੁਣ ਚੰਡੀਗੜ੍ਹ ਦੇ ਰਸਤੇ ਵਿੱਚ ਸੰਘੋਲ ਸੁਣੇ।
ਜਗਜੀਤ ਬਰਾੜ, ਜਗਰਾਉਂ (ਲੁਧਿਆਣਾ)


ਸਿਆਸੀ ਵਰਤਾਰੇ ਬਾਰੇ ਜਾਗਰੂਕਤਾ

ਐਤਵਾਰ, 31 ਮਾਰਚ 2024 ਦੇ ਅੰਕ ਵਿੱਚ ਅਰਵਿੰਦਰ ਜੌਹਲ ਦਾ ਲੇਖ ‘ਰੰਗ ਬਦਲਦਾ ਸਿਆਸੀ ਮੌਸਮ’ ਦੇਸ਼ ਦੇ ਸਿਆਸੀ ਨੇਤਾਵਾਂ ਦੇ ਵਕਤੀ ਸੁਭਾਅ ਨੂੰ ਉਭਾਰਨ ਵਿੱਚ ਕਾਮਯਾਬ ਰਿਹਾ। ਕੋਈ ਵੀ ਨੇਤਾ ਦਲਬਦਲੀ ਕਰਦਾ ਹੈ ਤਾਂ ਉਹ ਪੁਰਾਣੀ ਪਾਰਟੀ ਦੀ ਬਦਖੋਈ ਕਰਦਾ ਅਤੇ ਨਵੀਂ ਪਾਰਟੀ ਦੇ ਸੋਹਲੇ ਗਾਉਂਦਾ ਹੈ। ਜਦੋਂ ਉਹੀ ਨੇਤਾ ਕੁਝ ਅਰਸੇ ਬਾਅਦ ਆਪਣੀ ਮੂਲ ਪਾਰਟੀ ’ਚ ਵਾਪਸੀ ਕਰਦਾ ਹੈ ਤਾਂ ਇਸ ਕਦਮ ਨੂੰ ਘਰ ਵਾਪਸੀ ਦਾ ਡਰਾਮਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੋ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰ ਜਾਂਦਾ ਹੈ। ਕਿਸੇ ਸਮੇਂ ਅਜਿਹੇ ਨੇਤਾ ਆਮ ਲੋਕਾਂ ਨੂੰ ਬੇਵਕੂਫ਼ ਬਣਾ ਕੇ ਵੋਟਾਂ ਲੈ ਕੇ ਵਕਤੀ ਜਿੱਤ ਵਾਰ ਵਾਰ ਹਾਸਲ ਕਰ ਲੈਂਦੇ ਸਨ ਪਰ ਹੁਣ ਸ਼ੋਸ਼ਲ ਮੀਡੀਆ ਦੇ ਜ਼ਮਾਨੇ ’ਚ ਲੋਕ ਗਿਰਗਿਟੀ ਨੇਤਾਵਾਂ ਦੀ ਅਸਲੀਅਤ ਭਾਂਪ ਲੈਂਦੇ ਹਨ ਤੇ ਵੋਟਾਂ ’ਚ ਮੂੰਹ-ਤੋੜ ਜਵਾਬ ਦਿੰਦਿਆਂ ਹਾਰ ਦਾ ਮੂੰਹ ਵਿਖਾਉਂਦੇ ਹਨ। ਦਲਬਦਲੀ ਨੂੰ ਰੋਕਣ ਲਈ ਇੱਕ ਸਖ਼ਤ ਕਨੂੰਨ ਬਣਨਾ ਚਾਹੀਦਾ ਹੈ ਜਿਸ ਅਨੁਸਾਰ ਇੱਕ ਵਾਰ ਚੁਣਿਆ ਨੇਤਾ, ਜੇ ਪਾਰਟੀ ਬਦਲੇ ਤਾਂ ਉਸ ਦੀ ਪਿਛਲੀ ਚੋਣ ’ਚ ਹੋਈ ਜਿੱਤ ਖਾਰਜ ਸਮਝੀ ਜਾਵੇ ਤੇ ਨਵੇਂ ਪਾਰਟੀ ਦੇ ਝੰਡੇ ਹੇਠ ਦੁਬਾਰਾ ਚੋਣ ਜਿੱਤਣਾ ਜ਼ਰੂਰੀ ਕਰਾਰ ਦਿੱਤਾ ਜਾਵੇ।
ਭੂਪਿੰਦਰ ਸਿੰਘ, ਲੁਧਿਆਣਾ


(2)

ਅਰਵਿੰਦਰ ਜੌਹਲ ਦਾ ਲੇਖ ‘ਰੰਗ ਬਦਲਦਾ ਸਿਆਸੀ ਮੌਸਮ’ ਪੜ੍ਹਿਆ, ਬਹੁਤ ਸੋਹਣਾ ਲਿਖਿਆ ਹੈ ਰੰਗ ਬਦਲਦੇ ਸਿਆਸੀ ਲੀਡਰਾਂ ਬਾਰੇ। ਪੰਜਾਹ ਸਾਲ ਦੀ ਉਮਰ ਵਿੱਚ ਪਹਿਲੀ ਵਾਰ ਦੇਖਿਆ ਇਹੋ ਜਿਹਾ ਸਿਆਸੀ ਮੌਸਮ।
ਜੋਰਾ ਸਿੰਘ, ਨਾਭਾ (ਪਟਿਆਲਾ)


ਜਾਣਕਾਰੀ ਭਰਪੂਰ ਅੰਕ

ਐਤਵਾਰ, 31 ਮਾਰਚ ਦੇ ‘ਸੋਚ ਸੰਗਤ’ ਪੰਨੇ ਉੱਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਗਲੋਬਲ ਸੂਚਕ ਅੰਕਾਂ ਦੇ ਸੰਦਰਭ ਵਿੱਚ ਭਾਰਤ ਦੀ ਆਰਥਿਕਤਾ’ ਸਰਕਾਰ ਵੱਲੋਂ ਸੰਸਾਰ ਪੱਧਰ ’ਤੇ ਕੀਤੇ ਜਾ ਰਹੇ ਆਰਥਿਕ ਵਿਕਾਸ ਦੇ ਖੋਖਲੇ ਦਾਅਵਿਆਂ ਨੂੰ ਬਾਖ਼ੂਬੀ ਬਿਆਨਦਾ ਹੈ। ਮਿਹਨਤ ਨਾਲ ਕੀਤੀ ਖੋਜ ਰਾਹੀਂ ਪ੍ਰਾਪਤ ਅੰਕੜਿਆਂ ਦੁਆਰਾ ਲੇਖਿਕਾ ਨੇ ਜਿਸ ਤਰ੍ਹਾਂ ਸਰਕਾਰ ਦੇ ਦਾਅਵਿਆਂ ਦੇ ਕੱਚ-ਸੱਚ ਨੂੰ ਪੇਸ਼ ਕੀਤਾ ਹੈ ਉਹ ਕਾਬਿਲੇ-ਤਾਰੀਫ਼ ਹੈ। ਸਰਕਾਰ ਵੱਲੋਂ ਜਿਸ ਤਰ੍ਹਾਂ ਆਰਥਿਕ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਉਹ ਨਾ ਤਾਂ ਦੇਸ਼ ਦੇ ਸਮਾਜਿਕ ਅਤੇ ਆਰਥਿਕ ਹਾਲਾਤ ਨਾਲ ਮੇਲ ਖਾਂਦੇ ਹਨ ਅਤੇ ਨਾ ਹੀ ਕੌਮਾਂਤਰੀ ਮੁਦਰਾ ਫੰਡ ਵੱਲੋਂ ਪੇਸ਼ ਕੀਤੀਆਂ ਰਿਪੋਰਟਾਂ ਨਾਲ। ਆਲਮੀ ਪੱਧਰ ’ਤੇ ਸਾਡੇ ਦੇਸ਼ ਦਾ ਸਥਾਨ ਸ੍ਰੀਲੰਕਾ ਤੇ ਭੂਟਾਨ ਵਰਗੇ ਛੋਟੇ ਛੋਟੇ ਦੇਸ਼ਾਂ ਤੋਂ ਵੀ ਥੱਲੇ ਹੈ। ਇਸ ਲਈ ਲੱਛੇਦਾਰ ਭਾਸ਼ਣਾਂ ਨਾਲ ਲੋਕਾਂ ਨੂੰ ਭਰਮਾਉਣ ਦੀ ਥਾਂ ਕੁਝ ਠੋਸ ਕਦਮ ਚੁੱਕੇ ਜਾਣ ਜਿਸ ਨਾਲ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਜੀਵਨ ਵਿੱਚ ਕੁਝ ਸੁਧਾਰ ਆ ਸਕਣ ਅਤੇ ਉਹ ਕੁਝ ਰਾਹਤ ਮਹਿਸੂਸ ਕਰ ਸਕਣ। ਲੇਖਿਕਾ ਨੇ ਅਰਥ-ਸ਼ਾਸਤਰੀ ਹੋਣ ਨਾਤੇ ਜੋ ਸੁਝਾਅ ਦਿੱਤੇ ਹਨ ਉਨ੍ਹਾਂ ’ਤੇ ਗ਼ੌਰ ਕਰਨਾ ਬਣਦਾ ਹੈ।
‘ਦਸਤਕ’ ਵਿੱਚ ਬਲਦੇਵ ਸਿੰਘ (ਸੜਕਨਾਮਾ) ਦਾ ਲੇਖ ‘ਨਵੇਂ ਵਰਤਾਰੇ ਲਈ ਤਿਆਰ ਰਹੋ!’ ਵੀ ਪਰਵਾਸ ਕਾਰਨ ਖਾਲੀ ਹੋ ਰਹੇ ਅਤੇ ਪੰਜਾਬੀਆਂ ਹੱਥੋਂ ਖੁੱਸਦੇ ਜਾ ਰਹੇ ਪੰਜਾਬ ਬਾਰੇ ਸਹੀ ਚਿੰਤਾ ਕਰਦਾ ਹੈ। ਲੇਖਕ ਨੇ ਪੰਜਾਬੀ ਆਇਲੈਟਸ (ਆਇਲਜ਼) ਦੇ ਵਿਅੰਗ ਰਾਹੀਂ ਸਾਨੂੰ ਪੰਜਾਬੀਆਂ ਦੇ ਭਵਿੱਖ ਬਾਰੇ ਸੁਚੇਤ ਕਰਨ ਦੀ ਵਧੀਆ ਕੋਸ਼ਿਸ਼ ਕੀਤੀ ਹੈ।
ਡਾ. ਤਰਲੋਚਨ ਕੌਰ, ਪਟਿਆਲਾ

Advertisement