ਡਾਕ ਐਤਵਾਰ ਦੀ
ਸਿੱਖਿਆ ਖੇਤਰ ਵਿੱਚ ਚੁਣੌਤੀਆਂ
ਐਤਵਾਰ, ਸੱਤ ਅਪਰੈਲ ਦੇ ‘ਦਸਤਕ’ ਅੰਕ ਵਿੱਚ ਅਵਿਜੀਤ ਪਾਠਕ ਨੇ ਆਪਣੇ ਲੇਖ ‘ਸਿੱਖਿਅਤ ਹੋਣ ਦੇ ਅਰਥ’ ਵਿੱਚ ਅਜੋਕੀ ਸਿੱਖਿਆ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਸਤਾਰ ਸਹਿਤ ਵਰਣਨ ਕੀਤਾ ਹੈ। ਅਜੋਕੇ ਸਮੇਂ ਵਿੱਚ ਸਿੱਖਿਆ ਦਾ ਮੁੱਖ ਮਕਸਦ ਸਿਰਫ਼ ਨੌਕਰੀ ਪ੍ਰਾਪਤ ਕਰਨਾ ਬਣ ਕੇ ਰਹਿ ਗਿਆ ਹੈ। ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਕਿਤੇ ਖੰਭ ਲਾ ਕੇ ਉੱਡ ਗਈ ਜਾਪਦੀ ਹੈ। ਪੜ੍ਹਨ ਦਾ ਦਬਾਅ ਦਿਨੋਂ-ਦਿਨ ਵਧਦਾ ਰਹਿੰਦਾ ਹੈ। ਮਾਨਸਿਕ ਦਬਾਅ ਨਾ ਸਹਿੰਦਿਆਂ ਕੁਝ ਵਿਦਿਆਰਥੀ ਖ਼ੁਦਕੁਸ਼ੀ ਦਾ ਰਾਹ ਚੁਣਦੇ ਹਨ। ਸਿੱਖਿਆ ਦਾ ਮਕਸਦ ਵਿਦਿਆਰਥੀ ਨੂੰ ਬੌਧਿਕ ਤੌਰ ’ਤੇ ਮਜ਼ਬੂਤ ਕਰਨ ਦੇ ਨਾਲ ਨਾਲ ਜ਼ਿੰਦਗੀ ਦੇ ਹਾਲਾਤ ਨਾਲ ਜੂਝਣ ਦੇ ਕਾਬਿਲ ਬਣਾਉਣਾ ਸੀ ਜੋ ਹੁਣ ਮਸ਼ੀਨ ਬਣਾਉਣ ਤੱਕ ਸੀਮਿਤ ਹੋ ਗਿਆ ਹੈ।
ਰਜਵਿੰਦਰ ਪਾਲ ਸ਼ਰਮਾ, ਈ-ਮੇਲ
(2)
ਐਤਵਾਰ, 7 ਅਪਰੈਲ ਦੇ ‘ਦਸਤਕ’ ਵਿੱਚ ਅਵਿਜੀਤ ਪਾਠਕ ਦਾ ਲੇਖ ‘ਸਿੱਖਿਅਤ ਹੋਣ ਦੇ ਅਰਥ’ ਸਿੱਖਿਆ ਦੇ ਸੱਤਿਅਮ, ਸ਼ਿਵਮ, ਸੁੰਦਰਮ ਹੋਣ ਦੀ ਪ੍ਰਸੰਗਿਕਤਾ ਨੂੰ ਉਜਾਗਰ ਕਰਦਾ ਹੈ। ਸੱਚਮੁੱਚ ਹੀ ਸਿੱਖਿਅਤ ਹੋਣ ਦਾ ਅਰਥ ਵੱਡੇ ਤੋਂ ਵੱਡਾ ਟੈਸਟ ਪਾਸ ਕਰਕੇ ਨੌਕਰੀ ਲੈਣ ਤੱਕ ਸੀਮਤ ਨਹੀਂ ਹੈ ਸਗੋਂ ਸਿੱਖਿਅਤ ਹੋਣ ਦਾ ਅਰਥ ਹੈ ਆਪਣੀ ਛੁਪੀ ਪ੍ਰਤਿਭਾ ਨੂੰ ਬਾਹਰ ਦੇ ਸਮਾਜਿਕ ਚੌਗਿਰਦੇ ਨਾਲ ਇਕਸੁਰ ਕਰਦਿਆਂ ਮਾਨਸਿਕ ‘ਸੰਤੁਲਨ ਨੂੰ ਕਾਇਮ ਰੱਖਣਾ ਤੇ ਇੱਕ ਚੰਗੇ ਸ਼ਹਿਰੀ ਬਣਨਾ। ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਇਸ ਗ਼ੈਰ-ਕੁਦਰਤੀ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ।
ਤਰਸੇਮ ਸਿੰਘ ਡਕਾਲਾ, ਪਟਿਆਲਾ
ਸਿਆਸਤ ’ਤੇ ਚੋਟ
‘ਦਸਤਕ’ ਦੇ ਔਨਲਾਈਨ ਪੰਨਾ ਨੰਬਰ 3 ’ਤੇ ਛਪੀ ਕਾਵਿ ਕਿਆਰੀ ਵਿੱਚ ਸਿਮਰਜੀਤ ਕੌਰ ਗਰੇਵਾਲ ਦੀ ਰਚਨਾ ‘ਧਰਮ ਦੀ ਆਪਣੇ ਪੈਰੋਕਾਰ ਨੂੰ ਅਰਜੋਈ’ ਅਜੋਕੀ ਰਾਜਨੀਤੀ ’ਤੇ ਬਹੁਤ ਵੱਡੀ ਚੋਟ ਸੀ।
ਸਤਪਾਲ ਸਿੰਘ ਦਿਓਲ ਦੀ ‘ਧਰਤੀ ਪੰਜਾਬ ਦੀ’ ਵੀ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਪੇਸ਼ ਕਰਦੀ ਸਫਲ ਪੇਸ਼ਕਾਰੀ ਸੀ। ‘ਦਸਤਕ’ ਵਿੱਚ ਪੰਜਾਬ ਦੇ ਇਕਲੌਤੇ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਵਿਲੱਖਣਤਾ ਪਾਠਕਾਂ ਸਾਹਮਣੇ ਰੱਖੀ ਕਿ ਫਰਾਂਸੀ ਜਨਰਲ ਵੈਂਤੂਰਾ ਵਰਗੇ ਵਿਦੇਸ਼ੀ ਅਫਸਰ ਪੰਜਾਬੀ ਫ਼ੌਜਾਂ ਨੂੰ ਸਿਖਲਾਈ ਦਿੰਦੇ ਸਨ ਅਤੇ ਉਹ ਪੰਜਾਬੀ ਭੇਸ ਵਿੱਚ ਹੀ ਰਾਜ ਵਿੱਚ ਵਿਚਰਦੇ ਸਨ। ਸਮੁੱਚਾ ‘ਪੰਜਾਬੀ ਟ੍ਰਿਬਿਊਨ’ ਪੜ੍ਹ ਕੇ ਕਿਹਾ ਜਾ ਸਕਦਾ ਹੈ ਕਿ ਸ. ਦਿਆਲ ਸਿੰਘ ਮਜੀਠੀਆ ਦਾ ਲਾਇਆ ਬੂਟਾ ਪੂਰੇ ਜੋਬਨ ’ਤੇ ਹੈ।
ਬਲਦੇਵ ਸਿੰਘ ਵਿਰਕ, ਝੁਰੜ ਖੇੜਾ (ਅਬੋਹਰ)
ਔਰਤਾਂ ਦਾ ਉੱਚਾ ਦਰਜਾ
ਐਤਵਾਰ, 7 ਅਪਰੈਲ ਨੂੰ ਸੋਚ ਸੰਗਤ ਪੰਨੇ ’ਤੇ ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੁਹਾ ਦਾ ਲੇਖ ‘ਕੁਝ ਦਿਨ ਮੀਜ਼ੋਆਂ ਦੇ ਸੰਗ’ ਪੜ੍ਹਿਆ, ਜਾਣਕਾਰੀ ਭਰਪੂਰ ਲੇਖ ਸੀ। ਲੇਖਕ ਨੇ ਮਿਜ਼ੋਰਮ ਦਾ ਭੂਗੋਲਿਕ, ਸਮਾਜਿਕ, ਇਤਿਹਾਸਕ ਵੇਰਵਾ ਦਿੱਤਾ ਹੈ ਜੋ ਕਾਬਿਲ-ਏ-ਤਾਰੀਫ਼ ਹੈ। ਮਿਜ਼ੋਰਮ ਦੇ ਵਿਕਾਸ ਵਿੱਚ ਮੀਜ਼ੋ ਔਰਤਾਂ ਦਾ ਬਹੁਤ ਯੋਗਦਾਨ ਹੈ। ਲੇਖ ਪੜ੍ਹ ਕੇ ਪਤਾ ਲੱਗਾ ਕਿ ਉੱਥੇ ਔਰਤਾਂ ਦਾ ਦਰਜਾ ਕਾਫ਼ੀ ਉੱਚਾ ਹੈ। ਉੱਥੋਂ ਦੇ ਲੋਕਾਂ ਵੱਲ ਸਰਕਾਰਾਂ ਦਾ ਧਿਆਨ ਨਾ ਦੇਣਾ ਸੋਚਣ ਵਾਲੀ ਗੱਲ ਹੈ। ਉੱਤਰ ਭਾਰਤ ਨਾਲੋਂ ਮੀਜ਼ੋ ਲੋਕ ਕਈ ਪੱਖਾਂ ਵਿੱਚ ਕਾਫ਼ੀ ਅੱਗੇ ਹਨ। ਰਾਮਚੰਦਰ ਗੁਹਾ ਦੀਆਂ ਕਿਤਾਬਾਂ ਵੀ ਇਤਿਹਾਸ ਬਾਰੇ ਕਾਫ਼ੀ ਜਾਣਕਾਰੀ ਦਿੰਦੀਆਂ ਹਨ।
ਗੁਰਵਿੰਦਰ ਕੌਰ, ਸੋਥਾ (ਸ੍ਰੀ ਮੁਕਤਸਰ ਸਾਹਿਬ)
ਸਹੀ ਵਿਸ਼ਲੇਸ਼ਣ
ਐਤਵਾਰ, 7 ਅਪਰੈਲ ਨੂੰ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਜੌਹਲ ਦੀ ਲਿਖਤ ‘ਗ਼ੈਰਹਾਜ਼ਰੀ ਦੀ ਸਿਆਸਤ’ ਮਾਅਰਕੇ ਦੀ ਰਚਨਾ ਹੈ। ਇਸ ਲਿਖਤ ਵਿੱਚ ਕੀਤਾ ਗਿਆ ਕੇਜਰੀਵਾਲ ਦੀ ਸਿਆਸੀ ਸੂਝਬੂਝ ਦਾ ਵਿਸ਼ਲੇਸ਼ਣ ਸਹੀ ਹੈ। ਇਸੇ ਅੰਕ ’ਚ ਦਵਿੰਦਰ ਸ਼ਰਮਾ ਦਾ ਲੇਖ ਕਿਸਾਨੀ ਮਸਲਿਆਂ ਦੀ ਠੀਕ ਪ੍ਰੋੜ੍ਹਤਾ ਕਰਦਾ ਹੈ। ਦਵਿੰਦਰ ਸ਼ਰਮਾ ਲੰਮੇ ਅਰਸੇ ਤੋਂ ਕਿਸਾਨੀ ਹਿੱਤਾਂ ਨੂੰ ਲੈ ਕੇ ਪੰਜਾਬੀ ਅਤੇ ਅੰਗ੍ਰੇਜ਼ੀ ਟ੍ਰਿਬਿਊਨ ਵਿੱਚ ਲਗਾਤਾਰ ਲਿਖਦੇ ਆ ਰਹੇ ਹਨ। ਉਨ੍ਹਾਂ ਦੀ ਨਿਆਂਸੰਗਤ ਸੋਚਣੀ ਨੂੰ ਸਲਾਮ!
ਕਮਲੇਸ਼ ਉੱਪਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੁਚੇਤ ਕਰਦਾ ਲੇਖ
ਐਤਵਾਰ, 31 ਮਾਰਚ ਦੇ ‘ਦਸਤਕ’ ਅੰਕ ਵਿੱਚ ਗੁਰਪ੍ਰੀਤ ਸਿੰਘ ਤੂਰ ਦਾ ਲੇਖ ‘ਜ਼ਮੀਨ ਜੋ ਮੁੱਠੀ ਮੁੱਠੀ ਵਿਕ ਜਾਵੇਗੀ’ ਪੰਜਾਬ ਦੀ ਇੱਕ ਅਜਿਹੀ ਸਮੱਸਿਆ ਬਾਰੇ ਚਾਨਣਾ ਪਾਉਂਦਾ ਹੈ ਜਿਸ ਤੋਂ ਸਮੇਂ ਦੀਆਂ ਸਰਕਾਰਾਂ ਨੇ ਸ਼ਾਇਦ ਅੱਖਾਂ ਹੀ ਮੀਟ ਰੱਖੀਆਂ ਹਨ। ਦੇਸ਼ ਦਾ ਅੰਨ ਦਾ ਭੜੋਲਾ ਕਹਾਉਣ ਵਾਲਾ ਪੰਜਾਬ ਕੁਝ ਸਮੇਂ ਬਾਅਦ ਸ਼ਾਇਦ ਖ਼ੁਦ ਅਨਾਜ ਲਈ ਟੋਕਰੀ ਚੁੱਕਣ ਲਈ ਮਜਬੂਰ ਹੋ ਜਾਵੇਗਾ। ਨੀਤੀਘਾੜਿਆਂ ਨੂੰ ਨਿੱਜੀ ਸੁਆਰਥ ਨੂੰ ਛੱਡ ਕੇ ਆਪਣੇ ਸੂਬੇ, ਆਪਣੇ ਦੇਸ਼ ਅਤੇ ਮਨੁੱਖਤਾ ਦੇ ਵਡੇਰੇ ਹਿੱਤਾਂ ਨੂੰ ਤਰਜੀਹ ਦਿੰਦਿਆਂ ਗੰਭੀਰ ਸੋਚ ਵਿਚਾਰ ਉਪਰੰਤ ਹੀ ਕਾਲੋਨੀਆਂ ਦੀ ਉਸਾਰੀ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਇਸੇ ਅੰਕ ਵਿੱਚ ਸਤਵਿੰਦਰ ਸਿੰਘ ਮੜੋਲਵੀ ਦੇ ਲੇਖ ‘ਨਤੀਜੇ ਦਾ ਦਿਨ ਅਤੇ ਫੁੱਲਾਂ ਵਾਲੇ ਲਿਫ਼ਾਫ਼ੇ’ ਨੇ ਵੀ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ।
ਸ਼ੰਮੀ ਸ਼ਰਮਾ, ਪਟਿਆਲਾ
(2)
ਐਤਵਾਰ, 31 ਮਾਰਚ ਦੇ ਅੰਕ ਵਿੱਚ ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਲੇਖ ਰਾਹੀਂ ਪੰਜ ਦਰਿਆਵਾਂ ਦੀ ਜ਼ਮੀਨ ਮੁੱਠੀ ਮੁੱਠੀ ਵਿਕ ਜਾਣ ਬਾਰੇ ਸੁਚੇਤ ਕੀਤਾ। ਇਸੇ ਸਮੱਸਿਆ ਬਾਰੇ ਗੀਤ ਹੈ “ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ!’’ ਸ਼ਹਿਰਾਂ ਵਿੱਚ ਕਾਲੋਨੀਆਂ ਬਣਾਉਣਾ ਮਜਬੂਰੀ ਹੈ ਪਰ ਮਾਲਜ਼ ਅਤੇ ਮੈਰਿਜ ਪੈਲੇਸ ਬਣਨ ਤੋਂ ਭਾਰੀ ਚੁੰਗੀ ਟੈਕਸ ਲਾ ਕੇ ਰੋਕਿਆ ਜਾ ਸਕਦਾ ਹੈ। ਇਸ ਨਾਲ ਸਰਕਾਰੀ ਮਾਲੀਆ ਵੀ ਵਧੇਗਾ। ਦਿੱਲੀ-ਕੱਟੜਾ ਰੋਡਵੇਜ਼ ਦੀ ਬਜਾਏ ਕੇਂਦਰ ਸਰਕਾਰ ਰੇਲਵੇਜ਼ ਬਣਾਵੇ। ਚੀਨ ਵਿੱਚ ਖੇਤ ਰੋਡਵੇਜ਼ ਅਤੇ ਰੇਲਵੇਜ਼ ਦੇ ਨਾਲ ਲੱਗਦੇ ਹਨ ਅਤੇ ਝੋਨੇ ਦੇ ਪਾਣੀ ਵਿੱਚ ਮੱਛੀਆਂ ਵੀ ਪਾਲੀਆਂ ਜਾਂਦੀਆਂ ਹਨ ਪਰ ਭਾਰਤ ਵਿੱਚ 100-100 ਫੁੱਟ ਬਿਨਾਂ ਫਲ ਅਤੇ ਪਾਣੀ ਬਰਬਾਦ ਕਰਨ ਵਾਲ ਸਫੈਦੇ ਲੱਗੇ ਹਨ। ਸ਼ਹਿਰ ਨਾਲ ਲੱਗਦੀ ਮੁੱਠੀ ਮੁੱਠੀ ਜ਼ਮੀਨ ਵਿਕਣ ਨਾਲ ਜੇ ਕਿਸਾਨ ਦੂਰ ਜਾ ਕੇ ਵੱਡੀ ਜ਼ਮੀਨ ਦਾ ਮਾਲਕ ਬਣਦਾ ਹੈ ਤਾਂ ਕਿਸੇ ਨੂੰ ਦੁੱਖ ਕਿਉਂ? ਗੁਜਰਾਤ ਵਿੱਚ ਕਿਸਾਨ ਹੀ ਜ਼ਮੀਨ ਮਾਲਕ ਹੋ ਸਕਦਾ ਹੈ, ਪੰਜਾਬ ਵਿੱਚ ਅਜਿਹਾ ਕਾਨੂੰਨ ਕਿਉਂ ਨਹੀਂ?
ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ
(3)
ਐਤਵਾਰ, 31 ਮਾਰਚ ਦੇ ‘ਦਸਤਕ’ ਵਿੱਚ ਗੁਰਪ੍ਰੀਤ ਸਿੰਘ ਦਾ ਲੇਖ ‘ਜ਼ਮੀਨ ਜੋ ਮੁੱਠੀ-ਮੁੱਠੀ ਵਿਕ ਜਾਵੇਗੀ’ ਪੰਜਾਬ ਨਾਲ ਸਬੰਧਿਤ ਤੱਥਾਂ ਜ਼ਰੀਏ ਭਵਿੱਖ ਦੇ ਹਾਲਾਤ ਦੀ ਤਸਵੀਰ ਪੇਸ਼ ਕਰਨ ਦੀ ਵਧੀਆ ਕੋਸ਼ਿਸ਼ ਹੈ। ਪਰ ਸਾਨੂੰ ਇਹ ਵੀ ਵੇਖਣ ਅਤੇ ਸਮਝਣ ਦੀ ਲੋੜ ਹੈ ਕਿ ਮੌਜੂਦਾ ਵਿਕਾਸ ਮਾਡਲ ਯੋਜਨਾਬੰਦੀ ਉਸ ਸੋਚ ਦੀ ਉਪਜ ਹੈ ਜਿਸ ਵਿੱਚ ਸਰਕਾਰਾਂ ਵੱਲੋਂ ਲੋਕਾਂ ਨੂੰ ਆਧੁਨਿਕ ਜੀਵਨ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਭ ਤੋਂ ਸੌਖਾ ਤਰੀਕਾ ਸ਼ਹਿਰ ਵੱਡੇ ਕਰਨ ਵਿੱਚ ਦਿਖਾਈ ਦਿੱਤਾ ਸੀ। ਪੇਂਡੂ ਅਤੇ ਸ਼ਹਿਰੀ ਜੀਵਨ ਦੀਆਂ ਸੁਖ-ਸਹੂਲਤਾਂ ਦੇ ਵੱਡੇ ਵਖਰੇਵੇਂ ਹਰ ਦੇਸ਼ ਵਿੱਚ ਲੋਕਾਂ ਦੇ ਵੱਡੇ ਪੱਧਰ ’ਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਪਰਵਾਸ ਦਾ ਕਾਰਨ ਬਣੇ ਹਨ।
ਆਧੁਨਿਕ ਯੋਜਨਾਕਾਰ ਅਤੇ ਨੀਤੀਘਾੜੇ ਸ਼ਾਹਰਾਹਾਂ ਦੇ ਜਾਲ ਵਿਛਾਉਣ ਨੂੰ ਇਸ ਇਕਤਰਫ਼ਾ ਪਰਵਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ ਜਿਸ ਸਦਕਾ ਵਧੀਆ ਚੌੜੀਆਂ ਸੜਕਾਂ ਘੱਟ ਸਮੇਂ ਵਿੱਚ ਜ਼ਿਆਦਾ ਦੂਰੀ ਤੈਅ ਕਰਨ ਦੀ ਸਮਰੱਥਾ ਕਰਕੇ ਲੋਕਾਂ ਨੂੰ ਮਹਿੰਗੇ ਸ਼ਹਿਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਸਕਣ। ‘ਭੂਮੀ ਉਜਾੜੇ’ ਦਾ ਸੰਕਲਪ ਖੇਤੀ ਕਿੱਤੇ ਨਾਲ ਜੁੜੇ ਲੋਕਾਂ ਲਈ ਵਧੇਰੇ ਹੈ ਜਦੋਂਕਿ ਪਰਵਾਸ ਕਰਨ ਵਾਲੇ ਲੋਕਾਂ ਲਈ ਰੁਜ਼ਗਾਰ ਦੇ ਮੌਕਿਆਂ ਦੀ ਉਪਲੱਬਧਤਾ ਵਧੇਰੇ ਅਹਿਮ ਹੁੰਦੀ ਹੈ।
ਪ੍ਰੋ. ਨਵਜੋਤ ਸਿੰਘ, ਐਸੋਸੀਏਟ ਪ੍ਰੋਫੈਸਰ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ