ਡਾਕ ਐਤਵਾਰ ਦੀ
ਰੌਚਕ ਅੰਕ
ਐਤਵਾਰ, 31 ਮਾਰਚ 2024 ਦਾ ਅਖ਼ਬਾਰ ਪੜ੍ਹਿਆ ਜਿਸ ਵਿੱਚ ਕਾਫ਼ੀ ਰੌਚਕਤਾ ਸੀ। ਖ਼ਾਸ ਕਰਕੇ ‘ਸੋਚ ਸੰਗਤ’ ਪੰਨਾ ਪੜ੍ਹ ਕੇ ਆਨੰਦ ਆ ਗਿਆ ਜਿਸ ਵਿੱਚ ਸਿਆਸੀ ਰੰਗ ਬਦਲਦੇ ਮੌਸਮਾਂ ਵਿੱਚ ਚੋਣਾਂ ਆ ਜਾਣ ਕਾਰਨ ਪੈਦਾ ਹੋ ਰਹੇ ਆਇਆ ਰਾਮ ਗਿਆ ਰਾਮ ਅਤੇ ਗਿਰਗਿਟ ਵਾਂਗੂੰ ਰੰਗ ਬਦਲ ਰਹੇ ਨੇਤਾਵਾਂ ਬਾਰੇ ਸਹੀ ਲਿਖਿਆ ਹੈ। ਅਜਿਹੇ ਨੇਤਾਵਾਂ ਦਾ ਮਕਸਦ ਇੱਕੋ ਹੈ ਕਿ ਕੋਈ ਵੀ ਹੀਲਾ ਵਸੀਲਾ ਕਰਕੇ ਸੱਤਾ ਹਥਿਆਓ! ਹਮੇਸ਼ਾ ਵਾਂਗੂੰ ਬਲਦੇਵ ਸਿੰਘ ਸੜਕਨਾਮਾ ਦਾ ਲੇਖ ਰੌਚਕਤਾ ਭਰਪੂਰ ਹੈ। ਇਹ ਲੇਖ ‘ਨਵੇਂ ਵਰਤਾਰੇ ਲਈ ਤਿਆਰ ਰਹੋ’ ਸਾਡੇ ਪੰਜਾਬ ਦੇ ਅਜੋਕੇ ਮਾਹੌਲ ਦੀ ਤਸਵੀਰ ਉਲੀਕਦਾ, ਸਾਡੀ ਮਾਤ ਭਾਸ਼ਾ ਦੀ ਦੁਰਦਸ਼ਾ ਨੂੰ ਬਿਆਨ ਕਰਨ ਦੇ ਨਾਲ ਨਾਲ ਬੇਰੁਜ਼ਗਾਰੀ ਅਤੇ ਆਉਣ ਵਾਲੇ ਸਮੇਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਬਹੁਲਤਾ ਬਾਰੇ ਵੀ ਜਾਗਰੂਕ ਕਰਦਾ ਹੈ। ਇਸ ਦਿਨ ਬੱਚਿਆਂ ਦੇ ਕੱਢੇ ਜਾਂਦੇ ਨਤੀਜੇ ਬਾਰੇ ਲਿਖ ਕੇ ਸਤਵਿੰਦਰ ਮੜੌਲਵੀ ਨੇ ਬਚਪਨ ਯਾਦ ਕਰਵਾ ਦਿੱਤਾ। ਦੋਵੇਂ ਮਿੰਨੀ ਕਹਾਣੀਆਂ ਦਾ ਕੋਈ ਸਿਖਰ ਸਮਝ ਨਹੀਂ ਆਇਆ। ਬਾਕੀ ਮਾਂ ਧਰਤੀ ਦਾ ਚੱਪਾ ਚੱਪਾ ਵਿਕਣ ਦਾ ਅੰਦੇਸ਼ਾ ਸੱਚਮੁੱਚ ਦਿਲ ਨੂੰ ਧੂਹ ਪਾਉਂਦਾ ਹੈ। ਇਸ ਤੋਂ ਇਲਾਵਾ ‘ਚੋਣ ਦੰਗਲ’ ਪੰਨੇ ’ਤੇ ਸਰਬਜੀਤ ਸਿੰਘ ਭੰਗੂ ਦੀ ਖ਼ਬਰ ਵਿੱਚ ਪਟਿਆਲੇ ਦੀ ਸਥਾਪਨਾ 1973 ਵਿੱਚ ਹੋਈ ਲਿਖਿਆ ਹੈ ਜੋ ਦਰੁਸਤ ਨਹੀਂ।
ਗੁਰਚਰਨ ਸਿੰਘ ਗੁਣੀਕੇ, ਪਟਿਆਲਾ
ਚੇਤਨਾ ਜਗਾਉਂਦਾ ਮਜ਼ਮੂਨ
ਐਤਵਾਰ, 31 ਮਾਰਚ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਦਸਤਕ’ ਕਾਲਮ ਤਹਿਤ ਪ੍ਰਕਾਸ਼ਿਤ ਗੁਰਪ੍ਰੀਤ ਸਿੰਘ ਤੂਰ ਦਾ ਮਜ਼ਮੂਨ ‘ਜ਼ਮੀਨ ਜੋ ਮੁੱਠੀ-ਮੁੱਠੀ ਵਿਕ ਜਾਵੇਗੀ’ ਪਾਠਕੀ-ਚੇਤਨਾ ਨੂੰ ਹਲੂਣਾ ਦੇਣ ਵਾਲਾ ਹੈ। ਨਵੀਆਂ ਸੜਕਾਂ, ਰੀਅਲ ਅਸਟੇਟ ਪ੍ਰਾਜੈਕਟਾਂ ਤੇ ਲਿੰਕ ਸੜਕਾਂ ਅਤੇ ਆਬਾਦੀ ਦੇ ਦਬਾਅ ਨੂੰ ‘ਵਿਕਾਸ’ ਦਾ ਨਾਂ ਦੇ ਕੇ ਪਿੰਡਾਂ ਦੇ ਪਿੰਡ ਮਹਾਂਨਗਰਾਂ ਅਤੇ ਨਗਰਾਂ ਦੀ ਭੇਂਟ ਚਾੜ੍ਹ ਦਿੱਤੇੇ ਗਏ ਹਨ। ਸੋਚਣ ਵਾਲਾ ਮਸਲਾ ਇਹ ਹੈ ਕਿ ਕੀ ਭਵਿੱਖ ਵਿੱਚ ਪੰਜਾਬ ਦੇ ਹਰੇ ਭਰੇ ਖੇਤਾਂ ਵਾਲੀ ਜ਼ਮੀਨ ਦੇਖਣਾ ਕਿਤੇ ਸੁਪਨਾ ਤਾਂ ਨਹੀਂ ਬਣ ਕੇ ਰਹਿ ਜਾਵੇਗਾ?
ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ, ਪਟਿਆਲਾ।
(2)
ਐਤਵਾਰ, 31 ਮਾਰਚ ਦੇ ਛਪੇ ਗੁਰਪ੍ਰੀਤ ਸਿੰਘ ਤੂਰ ਦੇ ਲੇਖ ‘ਜ਼ਮੀਨ ਜੋ ਮੁੱਠੀ ਮੁੱਠੀ ਵਿਕ ਜਾਵੇਗੀ’ ਵਿੱਚ ਦਿਨੋਂ ਦਿਨ ਘਟ ਰਹੀ ਜ਼ਮੀਨ ਪ੍ਰਤੀ ਚਿੰਤਾ ਪ੍ਰਗਟ ਕੀਤੀ ਗਈ ਹੈ। ਵੱਡੇ ਵੱਡੇ ਸ਼ਾਹਰਾਹ ਅਤੇ ਰਾਜ ਮਾਰਗਾਂ ਦੇ ਨਾਂ ’ਤੇ ਵਧ ਰਿਹਾ ਸੜਕਾਂ ਦਾ ਜਾਲ ਕੁਦਰਤ ਦੇ ਵਿਨਾਸ਼ ਅਤੇ ਮਨੁੱਖ ਦੇ ਅਖੌਤੀ ਵਿਕਾਸ ਦੀ ਨਿਸ਼ਾਨੀ ਹੈ। ਵਾਹੀਯੋਗ ਭੂਮੀ ਨੂੰ ਤੋੜ ਕੇ ਅਤੇ ਰੁੱਖਾਂ ਦੀ ਕਟਾਈ ਕਰਕੇ ਸੜਕਾਂ ਦੀ ਉਸਾਰੀ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹਾ ਕਰਨਾ ਜਿਥੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਾਲੇ ਧਨ ਨੂੰ ਸਫ਼ੇਦ ਧਨ ਵਿੱਚ ਬਦਲਣ ਵਿੱਚ ਵਰਦਾਨ ਸਿੱਧ ਹੁੰਦਾ ਹੈ ਉਥੇ ਛੋਟੇ ਛੋਟੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਵੱਲ ਧੱਕ ਦਿੰਦਾ ਹੈ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਅੱਗੇ ਆਬਾਦੀ ਦੀ ਵਸੋਂ ਅਤੇ ਖ਼ੁਰਾਕ ਪ੍ਰਾਪਤੀ ਦਾ ਸੰਕਟ ਵੀ ਖੜ੍ਹਾ ਹੋਵੇਗਾ। ਇਸ ਦਾ ਸਮਾਂ ਰਹਿੰਦਿਆਂ ਹੱਲ ਲੱਭਣਾ ਬਹੁਤ ਜ਼ਰੂਰੀ ਹੈ।
ਰਜਵਿੰਦਰ ਪਾਲ ਸ਼ਰਮਾ, ਈ-ਮੇਲ