ਡਾਕ ਐਤਵਾਰ ਦੀ
ਤਰੱਕੀ ਦਾ ਰਾਹ ਖੋਲ੍ਹਣਾ ਜ਼ਰੂਰੀ
ਐਤਵਾਰ, 17 ਮਾਰਚ 2024 ਦੇ ‘ਸੋਚ ਸੰਗਤ’ ਪੰਨੇ ’ਤੇ ਛਪੇ ਡਾ. ਗਿਆਨ ਸਿੰਘ ਦਾ ਲੇਖ ‘ਪਰਵਾਸ: ਕੀ ਖੱਟਿਆ, ਕੀ ਗਵਾਇਆ’ ਪੜ੍ਹਿਆ। ਪੰਜਾਬ ’ਚੋਂ ਹੋ ਰਹੇ ਕੌਮਾਂਤਰੀ ਪਰਵਾਸ ਬਾਰੇ ਡਾ. ਗਿਆਨ ਸਿੰਘ ਅਤੇ ਹੋਰ ਖੋਜਾਰਥੀਆਂ ਦੀ ਟੀਮ ਵੱਲੋਂ ਕੀਤੇ ਸਰਵੇਖਣ ’ਤੇ ਆਧਾਰਿਤ ਇਹ ਲੇਖ ਅੱਖਾਂ ਖੋਲ੍ਹਣ ਵਾਲਾ ਹੈ। ਜ਼ਮੀਨ/ਪਲਾਟ/ਵਾਹਨ/ਗਹਿਣੇ ਆਦਿ ਵੇਚ ਕੇ ਆਪਣੇ ਜਵਾਨ ਧੀਆਂ ਪੁੱਤਾਂ ਨੂੰ ਪਰਦੇਸ ਭੇਜਣਾ ਪੰਜਾਬੀਆਂ ਦੀ ਕਿਹੜੀ ਮਜਬੂਰੀ ਹੈ? ਲੇਖਕ ਨੇ ਦਰੁਸਤ ਲਿਖਿਆ ਹੈ ਕਿ ਕੌਮਾਂਤਰੀ ਪਰਵਾਸ ਵਿੱਚ ਸਿਰਫ਼ ‘ਪੂੰਜੀ ਹੂੰਝਾ ਹੀ ਨਹੀਂ ਬਲਕਿ ਇਸ ਵਿੱਚ ਬੌਧਿਕ ਹੂੰਝਾ’ ਅਤੇ ‘ਜਨਸੰਖਿਅਕ ਲਾਭਅੰਸ਼ ਦਾ ਨੁਕਸਾਨ’ ਵੀ ਸ਼ਾਮਿਲ ਹਨ। ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬੱਚਿਆਂ ਵਿੱਚੋਂ ਮੁਕਾਬਲੇ ਦਾ ਮਾਦਾ ਮਨਫ਼ੀ ਹੁੰਦਾ ਜਾ ਰਿਹਾ ਹੈ ਅਤੇ ਉਹ ਮੁਕਾਬਲਤਨ ਸੌਖੇ ਰਾਹ ਅਖ਼ਤਿਆਰ ਕਰਕੇ ਪੜ੍ਹਾਈ ਅਤੇ ਅਧਿਐਨ ਜਿਹੀ ਤਪੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਪੰਜਾਬ ਵਿੱਚੋਂ ਹੋ ਰਹੇ ਕੌਮਾਂਤਰੀ ਪਰਵਾਸ ਦੀ ਪ੍ਰਵਿਰਤੀ ਨੂੰ ਰੋਕਣ ਲਈ ਸਰਕਾਰਾਂ ਨੂੰ ਵਿਸ਼ੇਸ਼ ਉੱਦਮ ਕਰਨ ਦੀ ਜ਼ਰੂਰਤ ਹੈ। ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਉਣ ਦੇ ਨਾਲ ਨਾਲ ਨੌਜਵਾਨਾਂ ਲਈ ਸ੍ਵੈ-ਰੁਜ਼ਗਾਰ ਦੇ ਸਾਧਨ ਵੀ ਪੈਦਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਕਾਰੋਬਾਰਾਂ ਵਿੱਚ ਵਿਭਿੰਨਤਾ ਲਿਆ ਕੇ ਰਾਜ ਦੀ ਸਰਬਪੱਖੀ ਤਰੱਕੀ ਦਾ ਰਾਹ ਵੀ ਖੋਲ੍ਹਿਆ ਜਾ ਸਕੇ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
ਇਮਾਨਦਾਰੀ ਤੇ ਨਿਰਪੱਖਤਾ ਲਾਜ਼ਮੀ
17 ਮਾਰਚ ਐਤਵਾਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਵਰਤਮਾਨ ’ਚ ਭਵਿੱਖ ਦਾ ਅਕਸ’ ਪੜ੍ਹਿਆ। ਲੇਖ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਨਿਭਾਈ ਜਾਣ ਵਾਲੀ ਜ਼ਿੰਮੇਵਾਰੀ ’ਤੇ ਝਾਤ ਪਾਉਂਦਾ ਹੈ। ਆਮ ਚੋਣਾਂ ਦਾ ਐਲਾਨ ਹੋਣ ’ਤੇ ਸਾਰੀਆਂ ਵਿਧਾਨਕ ਸ਼ਕਤੀਆਂ ਚੋਣ ਕਮਿਸ਼ਨ ਕੋਲ ਆ ਗਈਆਂ ਹਨ। ਮੌਜੂਦਾ ਅਤੇ ਭਵਿੱਖੀ ਚੋਣ ਕਮਿਸ਼ਨਰਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਵੀ ਸਾਬਕਾ ਮੁੱਖ ਚੋਣ ਕਮਿਸ਼ਨਰ ਟੀਐੱਨ ਸੇਸ਼ਨ ਵਾਂਗ ਬਿਨਾਂ ਕਿਸੇ ਦਬਾਅ ਤੋਂ ਨਿਰਪੱਖ ਹੋ ਕੇ ਸੱਚੀ ਨਿਸ਼ਠਾ ਨਾਲ ਕੰਮ ਕਰਕੇ ਲੋਕਾਂ ਦਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਭਾਰਤੀ ਚੋਣ ਕਮਿਸ਼ਨ ਪ੍ਰਤੀ ਭਰੋਸਾ ਬਣਾਈ ਰੱਖਣਗੇ।
ਤਰਸੇਮ ਸਿੰਘ, ਡਕਾਲਾ (ਪਟਿਆਲਾ)
ਜਾਣਕਾਰੀ ਭਰਪੂਰ ਲੇਖ
ਐਤਵਾਰ, 10 ਮਾਰਚ ਦੇ ‘ਦਸਤਕ’ ਅੰਕ ਵਿੱਚ ਗੁਰਬਚਨ ਭੁੱਲਰ ਦਾ ਲੇਖ ‘ਜਗਤਗੁਰੂ ਰਾਮਭੱਦਰਾਚਾਰੀਆ: ਅਲੋਕਾਰ ਚੇਤਾ, ਚਮਤਕਾਰੀ ਬੁੱਧੀ’ ਬਹੁਤ ਭਾਵਪੂਰਤ ਅਤੇ ਜਾਣਕਾਰੀ ਭਰਪੂਰ ਹੈ। ਮੈਂ ਤੇ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਨਾਂ ਵੀ ਨਹੀਂ ਸੁਣਿਆ ਹੋਣਾ। ਬਚਪਨ ਤੋਂ ਹੀ ਨੇਤਰਹੀਣ ਹੋਣ ਦੇ ਬਾਵਜੂਦ ਬਾਈ ਭਾਸ਼ਾਵਾਂ ਦੇ ਗਿਆਤਾ ਹੋਣਾ ਕੋਈ ਛੋਟੀ ਜਿਹੀ ਗੱਲ ਨਹੀਂ। ਉਨ੍ਹਾਂ ਦੇ ਜੀਵਨ ਅਤੇ ਅਦਭੁੱਤ ਘਟਨਾਵਾਂ ਬਾਰੇ ਜਾਣ ਕੇ ਬਹੁਤ ਅਨੰਦ ਆਇਆ। ਇਸ ਲੇਖ ਵਿੱਚ ਉਨ੍ਹਾਂ ਦੇ ਲੇਖਕ ਨੂੰ ਕਹੇ ਸ਼ਬਦ ‘ਫੇਰ ਤੁਸੀਂ ਪੰਜਾਬੀ ਵਿੱਚ ਗੱਲ ਕਰੋ’ ਬਹੁਤ ਵਧੀਆ ਸੁਨੇਹਾ ਦੇ ਗਏ ਅਤੇ ਅਤੇ ਭੋਲੇ ਭਾਅ ਸਮਝਾ ਗਏ ਕਿ ਆਪਣੀ ਮਾਂ-ਬੋਲੀ ਵਿੱਚ ਗੱਲ ਕਰਨਾ ਸਾਡਾ ਸਾਰਿਆਂ ਦਾ ਪਰਮ ਧਰਮ ਹੈ।
‘ਸੋਚ ਸੰਗਤ’ ਪੰਨੇ ’ਤੇ ਨੀਰਾ ਚੰਡੋਕ ਦਾ ਲੇਖ ‘ਲੋਕਰਾਜ ਕਿਵੇਂ ਦਮ ਤੋੜਦੇ ਹਨ?’ ਸਾਡੇ ਦੇਸ਼ ਵਿੱਚ ਲੋਕਰਾਜ ਦੀ ਕੀਤੀ ਜਾ ਰਹੀ ਦੁਰਗਤੀ ਬਾਰੇ ਸੰਜੀਦਾ ਸੰਵਾਦ ਰਚਾਉਂਦਾ ਹੈ। ਲੇਖਕਾ ਨੇ ਬਿਲਕੁਲ ਸਹੀ ਕਿਹਾ ਹੈ ਕਿ ਲੋਕਰਾਜ ਦੇ ਨਿਘਾਰ ਦਾ ਕਾਰਨ ਸਿਰਫ਼ ਚੋਣਾਂ ਤੱਕ ਸਿਮਟ ਜਾਣਾ ਹੈ ਜਦੋਂਕਿ ਚੋਣਾਂ ਤਾਂ ਮਹਿਜ਼ ਲੋਕਰਾਜ ਦਾ ਇੱਕ ਪੜਾਅ ਹਨ।
ਡਾ. ਤਰਲੋਚਨ ਕੌਰ, ਪਟਿਆਲਾ
ਨਿਵੇਕਲਾ ਢੰਗ
ਐਤਵਾਰ, 3 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ ਵਿੱਚ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਪੜ੍ਹਿਆ, ਵਧੀਆ ਲੱਗਾ। ਉਨ੍ਹਾਂ ਨੇ ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨ ਦੀ ਡੂੰਘੀ ਸਾਂਝ ਅਤੇ ਅਜੋਕੀਆਂ ਆਰਥਿਕ ਨੀਤੀਆਂ ਦੇ ਸਿੱਟਿਆਂ ਨੂੰ ਬਹੁਤ ਨਿਵੇਕਲੇ ਢੰਗ ਨਾਲ ਵਿਚਾਰਿਆ ਹੈ। ਇਸ ਬਾਰੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਯੂਰਪੀ ਕਿਸਾਨੀ ਅੰਦੋਲਨਾਂ ਬਾਰੇ ਭਾਰਤ ਵਿੱਚ ਨਿਗੂਣੀ ਚਰਚਾ ਹੀ ਹੋਈ ਹੈ। ਪ੍ਰੋ. ਪ੍ਰੀਤਮ ਸਿੰਘ ਨੇ ਲਿਖਿਆ ਹੈ ਕਿ ਨਿੱਘਰ ਰਹੇ ਕੁਦਰਤੀ ਵਾਤਾਵਰਣ ਅਤੇ ਸਮਾਜਿਕ ਮਾਹੌਲ ਨੂੰ ਬਚਾਉਣਾ ਸਮੇਂ ਦੀ ਲੋੜ ਹੈ।
ਸਵਰਨਜੀਤ ਮਹਿਤਾ, ਮੁਹਾਲੀ
ਅਧੂਰੀ ਜਾਣਕਾਰੀ ਕਾਰਨ ਫੈਲਦੇ ਭਰਮ
ਐਤਵਾਰ, 3 ਮਾਰਚ ਨੂੰ ‘ਦਸਤਕ’ ਅੰਕ ਵਿੱਚ ਰਵੀ ਗੁਪਤਾ ਦੇ ਲੇਖ ‘ਵਹਿਮ ਦਾ ਰੋਗ’ ਵਿੱਚ ਅੱਜ ਦੇ ਸਮੇਂ ਦੀ ਵੱਡੀ ਸਮੱਸਿਆ (ਡਾ. ਇੰਟਰਨੈੱਟ) ਬਾਰੇ ਇੱਕ ਨੌਜਵਾਨ ਦੀ ਉਦਾਹਰਨ ਨਾਲ ਸਮਝਾਇਆ ਗਿਆ ਹੈ। ਅੱਜਕੱਲ੍ਹ ਲਗਪਗ ਹਰੇਕ ਮਰੀਜ਼ ਆਪਣੇ ਸਰੀਰ ’ਚ ਮਹਿਸੂਸ ਹੁੰਦੇ ਕਿਸੇ ਸਮੱਸਿਆ ਦੇ ਲੱਛਣਾਂ ਬਾਰੇ ਇੰਟਰਨੈੱਟ ਤੋਂ ਅਧੂਰੀ ਜਾਣਕਾਰੀ ਲੈ ਕੇ ਡਰ ਅਤੇ ਭਰਮ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਦੇ ਚਲਦਿਆਂ ਉਹ ਬੇਲੋੜੇ ਇਲਾਜ ਕਰਵਾਉਂਦਾ ਅਤੇ ਦਵਾਈਆਂ ਖਾਂਦਾ ਹੈ। ਅਸਲ ਚੰਗੇ ਡਾਕਟਰ ਦੀ ਸਲਾਹ ਨੂੰ ਅਣਸੁਣੀ ਕਰਕੇ ਇੰਟਰਨੈੱਟ ਨੂੰ ਸਭ ਤੋਂ ਉੱਪਰ ਸਮਝਦਾ ਹੈ। ਕੁਝ ਵਰ੍ਹੇ ਪਹਿਲਾਂ ਮੈਂ ਵੀ ਅਜਿਹੇ ਭਰਮ ਦਾ ਸ਼ਿਕਾਰ ਹੋਈ ਸੀ। ਇਸ ਲਈ ਮੈਨੂੰ ਪਤਾ ਹੈ ਕਿ ਇੰਟਰਨੈੱਟ ’ਤੇ ਇੱਕ ਨਿੱਛ ਨੂੰ ਵੀ ਗੰਭੀਰ ਬਿਮਾਰੀ ਨਾਲ ਜੋੜਿਆ ਜਾ ਸਕਦਾ ਹੈ। ਇਸ ਲਈ ਇਸ ਵਿਸ਼ੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਲੋੜ ਹੈ।
ਅਭਿਲਾਸ਼ਾ ਅਗਰਵਾਲ, ਪਾਤੜਾਂ (ਪਟਿਆਲਾ)
ਔਰਤ ਤੇ ਮਰਦ
ਐਤਵਾਰ, 3 ਮਾਰਚ ਨੂੰ ਅਰਵਿੰਦਰ ਜੌਹਲ ਦਾ ਲੇਖ ‘ਖ਼ਾਮੋਸ਼ੀ ਦੀ ਸਿਆਸਤ’ ਪੜ੍ਹਿਆ, ਵਧੀਆ ਲੱਗਾ। ਸਮਾਜ ਦੇ ਝਰੋਖੇ ਤੋਂ ਔਰਤ ਨੂੰ ਮਰਦਾਂ ਨਾਲੋਂ ਘੱਟ ਹੀ ਸਮਝਿਆ ਜਾਂਦਾ ਹੈ ਜਦੋਂਕਿ ਪਰਿਵਾਰ ਅਤੇ ਸਮਾਜ ਦੇ ਵਿਸਥਾਰ ’ਚ ਔਰਤ ਦੀ ਭੂਮਿਕਾ ਮਰਦ ਨਾਲੋਂ ਕਿਤੇ ਵੱਧ ਹੁੰਦੀ ਹੈ। ਮਰਦ ਪ੍ਰਧਾਨ ਸਮਾਜ ਔਰਤ ਨੂੰ ਸਰੀਰਕ ਬਲ ਤੋਂ ਹੀ ਨਹੀਂ ਸਗੋਂ ਮਾਨਸਿਕ ਬਲ ਤੋਂ ਵੀ ਘੱਟ ਸਮਝਦਾ ਹੈ। ਸਿੱਖਿਆ ਨੇ ਔਰਤ ਦਾ ਰੁਤਬਾ ਅਤੇ ਅਹੁਦਾ ਪਹਿਲਾਂ ਨਾਲੋਂ ਕਾਫ਼ੀ ਉੱਚਾ ਕਰ ਦਿੱਤਾ ਹੈ ਜਿਸ ਦੇ ਬਲਬੂਤੇ ਔਰਤਾਂ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ। ਇਸ ਦੇ ਬਾਵਜੂਦ ਹਰ ਪੱਖ ਤੋਂ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਲਈ ਹਾਲੇ ਵੀ ਕਾਫ਼ੀ ਪੈਂਡਾ ਤੈਅ ਕਰਨਾ ਪਵੇਗਾ।
ਸੁਖਪਾਲ ਕੌਰ, ਚੰਡੀਗੜ੍ਹ