ਡਾਕ ਐਤਵਾਰ ਦੀ
ਕਿਸਾਨੀ ਸੰਕਟ ਬਾਰੇ ਸਮਝ
ਐਤਵਾਰ, 3 ਮਾਰਚ ਦਾ ‘ਦਸਤਕ’ ਅੰਕ ਦਿਲੋ-ਦਿਮਾਗ਼ ’ਤੇ ਦਿੱਤੀ ਦਸਤਕ ਹੋ ਨਿੱਬੜਿਆ। ਇਸ ਦੇ ਦੋ ਲੇਖਾਂ ਨੇ ਚਾਨਣ ਕੀਤਾ: ਪਹਿਲਾ, ਹਰੀਸ਼ ਜੈਨ ਦਾ ਲੇਖ ‘ਕਿਸਾਨ, ਐੱਮਐੱਸਪੀ ਅਤੇ ਵਿਸ਼ਵ ਵਪਾਰ ਸੰਸਥਾ’ ਅਤੇ ਦੂਜਾ, ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨਾਂ ਦੀ ਡੂੰਘੀ ਸਾਂਝ’। ਵਿਕਾਸਸ਼ੀਲ ਦੇਸ਼ਾਂ ਲਈ ਐੱਮਐੱਸਪੀ ਦਾ ਰੇੜਕਾ ਅਤੇ ਯੂਰਪੀ ਤੇ ਭਾਰਤੀ ਕਿਸਾਨਾਂ ਦੇ ਸੰਕਟ ਅਤੇ ਸੰਘਰਸ਼ ਦੇ ਆਪਸੀ ਸਬੰਧ ਬਾਰੇ ਪੜ੍ਹ ਕੇ ਸਾਰਥਕ ਸਮਝ ਬਣੀ। ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਵਿਸ਼ਵ ਵਿਆਪੀ ਮਹੱਤਤਾ ਵਾਲੇ ਲੇਖਾਂ ਵਿੱਚੋਂ ਇੱਕ ਹੈ। ਇਹ ਲੇਖ ਵਿਕਾਸ ਬਾਰੇ ਲੋਕ ਰਾਇ ਨੂੰ ਮਜ਼ਬੂਤ ਕਰਦਾ ਹੈ। ਵਿਕਾਸ ਦਾ ਮਾਡਲ ਵਾਤਾਵਰਨ ਅਤੇ ਮਨੁੱਖ ਦੇ ਹਿੱਤਾਂ ਵਿੱਚ ਹੋਣਾ ਚਾਹੀਦਾ ਹੈ।
ਡਾ. ਧਰਮਿੰਦਰ ਸਿੰਘ, ਪਟਿਆਲਾ
(2)
ਐਤਵਾਰ, ਤਿੰਨ ਮਾਰਚ ਨੂੰ ‘ਦਸਤਕ’ ਅੰਕ ਵਿੱਚ ਛਪੇ ਲੇਖ ‘ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨਾਂ ਦੀ ਡੂੰਘੀ ਸਾਂਝ’ ਵਿੱਚ ਲੇਖਕ ਪ੍ਰੋ. ਪ੍ਰੀਤਮ ਸਿੰਘ ਨੇ ਨਾ ਸਿਰਫ਼ ਦੁਨੀਆ ਦੇ ਵੱਖ-ਵੱਖ ਖ਼ਿੱਤਿਆਂ ਵਿੱਚ ਸੰਕਟ ਹੰਢਾ ਰਹੀ ਸੰਘਰਸ਼ਸੀਲ ਕਿਸਾਨੀ ਦੀ ਹੋਂਦ ਅਤੇ ਹੋਣੀ ਦੀ ਬਾਤ ਪਾਈ ਹੈ ਸਗੋਂ ਮੁਲਕਾਂ ਦੀ ਅਖੌਤੀ ਵਿਕਾਸ ਦਰ ਦੀਆਂ ਪਰਤਾਂ ਫਰੋਲਦਿਆਂ ਕਈ ਭਰਮ-ਭੁਲੇਖੇ ਵੀ ਦੂਰ ਕੀਤੇ ਹਨ। ਲੇਖਕ ਨੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਰਮਾਏਦਾਰੀ ਦੇ ਦਬਾਅ ਹੇਠ ਲਿਆਂਦੀਆਂ ਜਾ ਰਹੀਆਂ ਨਵੀਆਂ ਖੇਤੀ ਨੀਤੀਆਂ ਤੋਂ ਵੀ ਖ਼ਬਰਦਾਰ ਕੀਤਾ ਹੈ। ਉਸ ਨੇ ਵਾਤਾਵਰਣ ਚੁਣੌਤੀਆਂ ਅਤੇ ਵਧ ਰਹੇ ਆਰਥਿਕ-ਸਮਾਜਿਕ ਪਾੜੇ ਤੋਂ ਵੀ ਚੌਕਸ ਕੀਤਾ ਹੈ। ਸਮਾਜਿਕ ਬਰਾਬਰੀ ਅਤੇ ਟਿਕਾਊ ਖੇਤੀ ਦਾ ਰਾਹ ਕੁਦਰਤ ਵੱਲ ਦੀ ਹੋ ਕੇ ਜਾਂਦਾ ਹੈ। ਅਜੋਕੇ ਨੀਤੀਘਾੜਿਆਂ ਅਤੇ ਪੰਜਾਬ ਦੀ ਕਿਸਾਨੀ ਨੂੰ ਇਸ ਤੋਂ ਸੇਧ ਲੈਣ ਦੀ ਲੋੜ ਹੈ।
ਗੁਰਬਾਜ ਸਿੰਘ ਬਰਾੜ, ਵੈਨਕੂਵਰ, ਕੈਨੇਡਾ
(3)
ਐਤਵਾਰ, 3 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਯੂਰਪੀ ਅਤੇ ਭਾਰਤੀ ਕਿਸਾਨ ਅੰਦੋਲਨਾਂ ਦੀ ਡੂੰਘੀ ਸਾਂਝ’ ਅਤੇ ਹਰੀਸ਼ ਜੈਨ ਦਾ ਲੇਖ ‘ਕਿਸਾਨ, ਐੱਮਐੱਸਪੀ ਅਤੇ ਵਿਸ਼ਵ ਵਪਾਰ ਸੰਸਥਾ’ ਜਾਣਕਾਰੀ ਵਿੱਚ ਵਾਧਾ ਕਰਨ ਵਾਲੇ ਸਨ। ਪ੍ਰੋ. ਪ੍ਰੀਤਮ ਸਿੰਘ ਦੇ ਲੇਖ ਨਾਲ ਪ੍ਰਕਾਸ਼ਿਤ ਕੀਤੀ ਗਈ ਪ੍ਰੋਫੈਸਰ ਅਤੈ ਸਿੰਘ ਦੀ ਕਵਿਤਾ ‘ਖੇਤਾਂ ਦਾ ਸੋਨਾ’ ਕਿਸਾਨ ਦੀ ਜ਼ਿੰਦਗੀ ਦਾ ਸ਼ੀਸ਼ਾ ਦਿਖਾ ਗਈ।
ਮੇਘ ਰਾਜ ਰੱਲਾ, ਸੁਨੀਤਾ ਸ਼ਰਮਾ, ਜ਼ੀਰਾ (ਫਿਰੋਜ਼ਪੁਰ)