ਡਾਕ ਐਤਵਾਰ ਦੀ
ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਦਾ ਲੇਖ
ਐਤਵਾਰ, 7 ਜਨਵਰੀ 2024 ਦੇ ‘ਦਸਤਕ’ ਅੰਕ ਵਿੱਚ ਕੰਵਲਜੀਤ ਕੌਰ ਦਾ ਲੇਖ ‘ਬਿਰਧ ਆਸ਼ਰਮਾਂ ਦੀ ਅਹਿਮੀਅਤ’ ਜਾਣਕਾਰੀ ਭਰਪੂਰ ਅਤੇ ਨੈਤਿਕ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਨ ਵਾਲਾ ਹੈ। ਮਾਪਿਆਂ ਦੀ ਸਾਂਭ-ਸੰਭਾਲ ਅੱਜ ਸਮੇਂ ਦੀ ਮੁੱਖ ਲੋੜ ਹੈ। ਸਾਂਝੇ ਪਰਿਵਾਰਾਂ ਵਿੱਚ ਬੱਚੇ ਤੇ ਬਜ਼ੁਰਗ ਦੋਵੇਂ ਹੀ ਸੁਰੱਖਿਅਤ ਸਨ, ਪਰ ਹੁਣ ਇਕਹਿਰੇ ਪਰਿਵਾਰਾਂ ਵਿੱਚ ਦੋਵੇਂ ਹੀ ਰੁਲ ਰਹੇ ਹਨ। ਬੱਚੇ ਕਰੈਚਾਂ ਅਤੇ ਬਜ਼ੁਰਗ ਬਿਰਧ ਆਸ਼ਰਮਾਂ ਵਿੱਚ। ਅਸੀਂ ਆਪਣੀਆਂ ਹੀ ਜੜ੍ਹਾਂ ਕੱਟਣ ਲੱਗੇ ਹੋਏ ਹਾਂ। ਜੇ ਮੁੱਢ ਹੀ ਕੱਟ ਸੁੱਟੇ ਤਾਂ ਮਾਪਿਆਂ ਦੇ ਪਿਆਰ ਦੀਆਂ ਘਣ-ਛਾਵਾਂ ਕਿਵੇਂ ਮਾਣਾਂਗੇ? ਮਾਪਿਆਂ ਦੀ ਠੰਢੀ ਛਾਂ ਮਾਣਨ ਲਈ ਬੁੱਢੇ-ਬੋਹੜਾਂ ਨੂੰ ਸੰਭਾਲਣਾ ਜ਼ਰੂਰੀ ਹੈ। ਆਪਣੇ ਸਵਾਰਥਾਂ ਲਈ ਨਿੱਕੇ-ਨਿੱਕੇ ਬੱਚਿਆਂ ਨੂੰ ਦਾਦਾ-ਦਾਦੀ, ਨਾਨਾ-ਨਾਨੀ ਦੇ ਪਿਆਰ ਅਤੇ ਜੀਵਨ ਅਨੁਭਵ ਤੋਂ ਵਾਂਝਾ ਕਰਨ ਦਾ ਸਾਨੂੰ ਕੋਈ ਹੱਕ ਨਹੀਂ।
ਡਾ. ਤਰਲੋਚਨ ਕੌਰ, ਪਟਿਆਲਾ
ਇਕ ਕਾਵਿ-ਮਨ ਤੋਂ ਦੂਜੇ ਤੱਕ
ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਨਾਮਵਰ ਸ਼ਾਇਰ ਸਵਰਨਜੀਤ ਸਵੀ ਦੀ ਕਾਵਿ-ਸਿਰਜਣਾ ਦੇ ਪਰਿਪੇਖ ਤੋਂ ਉਨ੍ਹਾਂ ਦੀ ਇਨਾਮਯਾਫ਼ਤਾ ਕਾਵਿ-ਪੁਸਤਕ ‘ਮਨ ਦੀ ਚਿੱਪ’ ਸਬੰਧੀ ਪ੍ਰੋ. ਅਤੈ ਸਿੰਘ ਦਾ ਲਿਖਿਆ ਲੇਖ ‘ਨਵੇਂ ਕਾਵਿ-ਮੁਹਾਵਰੇ ਤੋਂ ਨਵੇਂ ਕਾਵਿ-ਮੁਹਾਂਦਰੇ ਤੱਕ’ ਪੜ੍ਹਿਆ। ਇਹ ਲੇਖ ਸਵੀ ਜਿਹੇ ਪ੍ਰਬੁੱਧ ਸ਼ਾਇਰ ਦੀ ਸ਼ਾਇਰੀ ਬਾਰੇ ਦੂਸਰੇ ਸ਼ਾਇਰ ਅਤੇ ਵਿਦਵਾਨ ਦੀ ਪਾਠਕੀ ਪੜ੍ਹਤ ਦੀ ਬਾ-ਕਮਾਲ ਪੇਸ਼ਕਾਰੀ ਹੈ। ਲੇਖ ਅੰਦਰ ਅਤੈ ਸਿੰਘ ਨੇ ਇਸ ਬਿਹਤਰੀਨ ਕਿਤਾਬ ਵਿਚਲੀਆਂ ਰਚਨਾਵਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਦੀ ਸਮੁੱਚੀ ਸ਼ਾਇਰੀ ਨੂੰ ਆਪਣੀ ਸੁਹਜਮਈ ਨੁਕਤਾ-ਨਿਗ੍ਹਾ ਤੋਂ ਵਾਚਿਆ ਹੈ। ਜਿੰਨੀ ਪ੍ਰਬੀਨ ਇਹ ਕਾਵਿ-ਪੁਸਤਕ ਹੈ, ਓਨਾ ਹੀ ਇਸ ਬਾਰੇ ਲਿਖਿਆ ਇਹ ਲੇਖ ਢੁੱਕਵਾਂ ਹੈ।
ਮਲਕੀਤ ਰਾਸੀ, ਪੱਟੀ (ਤਰਨ ਤਾਰਨ)
(2)
ਐਤਵਾਰ, 31 ਦਸੰਬਰ 2023 ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਵਿਚ ਅਤੈ ਸਿੰਘ ਦੁਆਰਾ ਸਵਰਨਜੀਤ ਸਵੀ ਬਾਰੇ ਲਿਖਿਆ ਲੇਖ ‘ਮਨ ਦੀ ਚਿੱਪ’ ਦੀਆਂ ਅੰਤਰੀਵੀ ਸੰਵੇਦਨਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਚਿੱਪ ਸਿੰਮ, ਮੈਮੋਰੀ, ਰੈਮ ਅਤੇ ਰੋਬੋਟ ਆਦਿ ਕਾਵਿ-ਚਿੰਨ੍ਹਾਂ ਨੂੰ ਜਿਸ ਕਾਵਿ-ਮੁਹਾਂਦਰੇ ਵਿਚ ਕਵੀ ਨੇ ਪੇਸ਼ ਕੀਤਾ ਹੈ, ਅਤੈ ਸਿੰਘ ਉਨ੍ਹਾਂ ਦੇ ਕਾਵਿ-ਸੰਦਰਭਾਂ ਤੀਕ ਪਹੁੰਚਣ ਵਿਚ ਸਫਲ ਰਿਹਾ ਹੈ। ਮੇਰਾ ਵਿਚਾਰ ਹੈ ਕਿ ਕਾਵਿ-ਮਨ ਦੀਆਂ ਡੂੰਘਾਣਾਂ ਦੀ ਥਾਹ ਇਕ ਕਵੀ-ਆਲੋਚਕ ਵਧੇਰੇ ਪਾ ਸਕਦਾ ਹੈ ਅਤੇ ਇਹ ਲੇਖ ਇਕ ਕਾਵਿ-ਮਨ ਤੋਂ ਦੂਸਰੇ ਕਾਵਿ-ਮਨ ਤਕ ਦਾ ਸਫ਼ਰ ਤੈਅ ਕਰਦਾ ਹੈ।
ਪ੍ਰੋਫੈਸਰ ਨਰਵਿੰਦਰ ਸਿੰਘ ਕੌਸ਼ਲ, ਸੰਗਰੂਰ
ਜਮਹੂਰੀਅਤ ਨੂੰ ਖੋਰਾ
17 ਦਸੰਬਰ ਦੀ ਸੰਪਾਦਕੀ ‘...ਆਸਾ ਅੰਦੇਸਾ ਦੁਇ ਪਟ ਜੜੇ।।’ ਪੂਰੇ ਸੰਸਾਰ ’ਚ ਜਮਹੂਰੀ ਜ਼ਮੀਨ ਨੂੰ ਲੱਗ ਰਹੇ ਖੋਰੇ ਬਾਰੇ ਦੱਸਦੀ ਹੈ। ਸਿਆਸੀ ਲੜਾਈ ਰਾਹੀਂ ਜਨ-ਸਮੂਹ ਨੂੰ ਆਪਣੇ ਵਿਚਾਰਾਂ ਦਾ ਮੁਲੰਮਾ ਚਾੜ੍ਹ ਕੇ ਗੁੰਮਰਾਹ ਕਰਨਾ ਦੂਸਰੇ ਵਿਚਾਰਾਂ ਲਈ ਜ਼ਮੀਨ ਨੂੰ ਸੌੜਾ ਕਰਦਾ ਹੈ। ਸਾਡੇ ਦੇਸ਼ ਦੀ ਅਜੋਕੀ ਹਾਲਤ ਵੀ ਇਹੋ ਹੈ। ਜਮਹੂਰੀਅਤ ਨਾਂ ਦੀ ਹੀ ਰਹਿ ਗਈ ਜਾਪਦੀ ਹੈ। ਤੁਅੱਸਬੀ ਵਿਚਾਰਧਾਰਾ ਜਮਹੂਰੀ ਜ਼ਮੀਨ ਨੂੰ ਲਗਾਤਾਰ ਸੌੜੀ ਕਰਦੀ ਚਲੀ ਜਾ ਰਹੀ ਹੈ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸਾਨੂੰ ਨੀਰਸ ਹੋਣ ਤੋਂ ਰੋਕਦਾ ਹੈ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਸਤਰਾਂ ਸਾਨੂੰ ਕੋਸ਼ਿਸ਼ ਕਰਦੇ ਰਹਿਣ ਲਈ ਉਤਸ਼ਾਹਿਤ ਕਰਦੀਆਂ ਹਨ, ਪਰ ਅਸੀਂ ਅਤੀਤ ਦੀਆਂ ਜਿੱਤਾਂ ਦੇ ਦਮਗਜ਼ਿਆਂ ਤੋਂ ਵਿਹਲੇ ਹੋ ਕੇ ਹੀ ਨਵੀਂ ਉਸਾਰੂ ਸੋਚ ’ਤੇ ਅਮਲ ਕਰ ਸਕਦੇ ਹਾਂ। ਇਸੇ ਅੰਕ ਵਿੱਚ ਹੀ ਰਾਮਚੰਦਰ ਗੁਹਾ ਦਾ ਲੇਖ ‘ਤੁਅੱਸਬ ਦਾ ਉੱਚਾ ਸੁਰ-ਸੰਗੀਤ’ ਕੁਣਾਲ ਪੁਰੋਹਿਤ ਦੀ ਲਿਖਤ ਬਾਰੇ ਚੰਗੀ ਜਾਣਕਾਰੀ ਦਿੰਦਾ ਹੈ।
ਜਗਰੂਪ ਸਿੰਘ, ਲੁਧਿਆਣਾ