ਡਾਕ ਐਤਵਾਰ ਦੀ
ਚੰਦਰਯਾਨ ਦੀ ਕਾਮਯਾਬੀ
ਐਤਵਾਰ, 27 ਅਗਸਤ ਨੂੰ ਦਿਨੇਸ਼ ਸੀ ਸ਼ਰਮਾ ਦਾ ਲੇਖ ‘ਚੰਦਰਯਾਨ 3: ਵਿਗਿਆਨ ਦੀ ਚਾਨਣੀ’ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ। ਲੇਖਕ ਨੇ ਚੰਨ ਉੱਤੇ ਇਸ ਦੀ ਕਾਮਯਾਬੀ ਨਾਲ ਸੌਫਟ ਲੈਂਡਿੰਗ ਦਾ ਸਿਹਰਾ ਇਸਰੋ ਦੇ ਵਿਗਿਆਨੀਆਂ ਨੂੰ ਦਿੱਤਾ ਹੈ ਨਾ ਕਿ ਕਿਸੇ ਦੈਵੀ ਸ਼ਕਤੀ ਨੂੰ। ਜ਼ਿਕਰਯੋਗ ਹੈ ਕਿ ਅਗਸਤ 2019 ਵਿਚ ਚੰਦਰਯਾਨ 2 ਚੰਨ ’ਤੇ ਸੌਫਟ ਲੈਂਡਿੰਗ ਨਹੀਂ ਕਰ ਸਕਿਆ ਸੀ। ਇਹ ਸੱਚਾਈ ਹੈ ਕਿ ਇਤਿਹਾਸ ਦੇਸ਼ ਦੇ ਨਾਗਰਿਕਾਂ ਨੂੰ ਬੁੱਧੀਮਾਨ ਬਣਾਉਣ ਵਿਚ ਸਹਾਇਕ ਸਿੱਧ ਹੁੰਦਾ ਹੈ। ਚੰਨ ’ਤੇ ਭੇਜੇ ਪਹਿਲੇ ਦੋ ਪੁਲਾੜੀ ਵਾਹਨਾਂ ਤੋਂ ਭਾਰਤੀ ਵਿਗਿਆਨੀਆਂ ਨੇ ਬਹੁਤ ਕੁਝ ਸਿੱਖਿਆ ਅਤੇ ਪਿਛਲੀਆਂ ਗ਼ਲਤੀਆਂ ਤੋਂ ਸੇਧ ਲੈਂਦੇ ਹੋਏ ਚੰਦਰਯਾਨ 3 ਨੂੰ ਸੁਰੱਖਿਅਤ ਚੰਦ ਦੇ ਦੱਖਣੀ ਹਿੱਸੇ ’ਤੇ ਉਤਾਰਨ ਵਿੱਚ ਕਾਮਯਾਬ ਰਹੇ ਹਨ। ਇਸ ਨੇ ਵਿਗਿਆਨੀਆਂ ਦੀਆਂ ਉਮੀਦਾਂ ਮੁਤਾਬਿਕ ਚੰਦ ਦੀ ਸਤਹਿ ਉੱਤੇ ਘੁੰਮਣਾ ਅਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਗਿਆਨੀ ਦੱਸਦੇ ਹਨ ਕਿ ਇਹ ਤਾਂ ਚੰਦ ’ਤੇ ਭੇਜੇ ਸ਼ੁਰੂਆਤੀ ਦੌਰ ਦੇ ਮਿਸ਼ਨ ਹਨ, ਅਗਲੇ ਪੁਲਾੜੀ ਵਾਹਨਾਂ ਵਿਚ ਜੀਵ ਜੰਤੂਆਂ ਅਤੇ ਮਨੁੱਖਾਂ ਨੂੰ ਭੇਜਣ ਦੇ ਉਪਰਾਲੇ ਚੱਲ ਰਹੇ ਹਨ। ਇਸਰੋ ਨੇ ਮਿਸ਼ਨ ਚੰਦਰਯਾਨ 3 ਦਾ ਨਾਂ ਵਿਕਰਮ ਲੈਂਡਰ ਭੌਤਿਕ ਅਤੇ ਨਾਮਵਰ ਪੁਲਾੜ ਵਿਗਿਆਨੀ ਅਤੇ ਇਸਰੋ ਦੇ ਬਾਨੀ ਚੇਅਰਮੈਨ ਵਿਕਰਮ ਸਾਰਾਭਾਈ ਦੀ ਘਾਲਣਾ ਅਤੇ ਉਨ੍ਹਾਂ ਦੀ ਯਾਦ ਵਿੱਚ ਰੱਖਿਆ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਬਹੁਪੱਖੀ ਸ਼ਖ਼ਸੀਅਤ
ਐਤਵਾਰ, 27 ਅਗਸਤ ਦੇ ‘ਦਸਤਕ’ ਅੰਕ ਵਿਚ ਮਰਹੂਮ ਡਾ. ਕੁਲਦੀਪ ਸਿੰਘ ਧੀਰ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਬਾਰੇ ਲਿਖਿਆ ਲੇਖ ‘ਬੀਤੀ ਸਦੀ ਦੀ ਹਮਸਫ਼ਰ ਦੇ ਰੂਬਰੂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਪ੍ਰੋ. ਸੰਧੂ ਅਧਿਆਪਨ ਕਾਰਜ ਦੇ ਨਾਲ ਨਾਲ ਕੁਸ਼ਲ ਪ੍ਰਸ਼ਾਸਨਿਕ ਅਧਿਕਾਰੀ, ਸਾਹਿਤ ਅਤੇ ਕਲਾ ਪ੍ਰੇਮੀ ਹੋਣ ਸਦਕਾ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਸੀ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਅਗਵਾਈ ਵਿਚ ਯੂਨੀਵਰਸਿਟੀ ਨੇ ਕਈ ਵੱਕਾਰੀ ਪੁਰਸਕਾਰ ਜਿੱਤੇ ਸਨ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਉਸਾਰੂ ਭੂਮਿਕਾ
ਐਤਵਾਰ, 20 ਅਗਸਤ ਦੇ ਸੋਚ ਸੰਗਤ ਪੰਨੇ ’ਤੇ ਲੇਖ ‘ਆਜ ਇਕ ਹਰਫ਼ ਕੋ ਫਿਰ ਢੂੰਢਤਾ ਫਿਰਤਾ ਹੈ ਖ਼ਿਆਲ’ ਪੜ੍ਹਿਆ ਚੰਗਾ ਲੱਗਾ। ਅੱਜ ਮੋਬਾਈਲ ਪ੍ਰਤੀ ਪਿਆਰ ਕਾਰਨ ਸਾਹਿਤ ਪ੍ਰਤੀ ਰੁਚੀ ਤੇ ਲਗਨ ਘੱਟ ਹੁੰਦੀ ਜਾ ਰਹੀ ਹੈ। ਨਵੇਂ ਉਸਾਰੂ ਸਾਹਿਤ ਦੀ ਸਿਰਜਣਾ ਬਹੁਤ ਘੱਟ ਹੋ ਰਹੀ ਹੈ। ਸਮਾਜ ਵਿਚ ਵਧ ਰਹੇ ਅਨਿਆਂ, ਅੱਤਿਆਚਾਰ ਕਾਰਨ ਲੋਕ ਕਈ ਤਰ੍ਹਾਂ ਦੀ ਹਿੰਸਾ ਦੇ ਸ਼ਿਕਾਰ ਹੁੰਦੇ ਹਨ। ਅਜਿਹੇ ਸਮਿਆਂ ਵਿਚ ਲੇਖਕਾਂ ਦਾ ਫ਼ਰਜ਼ ਹੈ ਕਿ ਉਹ ਆਪਣੀ ਕਲਮ ਰਾਹੀਂ ਲੋਕਾਂ ਵਿਚਲੇ ਹਰ ਤਰ੍ਹਾਂ ਦੇ ਪਾੜੇ ਮਿਟਾਉਣ ਵਾਲੀ ਭੂਮਿਕਾ ਨਿਭਾਉਣ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)