ਡਾਕ ਐਤਵਾਰ ਦੀ
ਵਧੀਆ ਜਾਣਕਾਰੀ
ਐਤਵਾਰ, 22 ਸਤੰਬਰ ਦੇ ਅੰਕ ਵਿੱਚ ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਜਦ ਖਿਮਾ ਦਾਨ ਨੇ ਪਲਟੀ ਬਾਜ਼ੀ’ ਪੜ੍ਹਿਆ ਜਿਸ ’ਚ ਸੌ ਸਾਲ ਪਹਿਲਾਂ ਦੇ ਸਿੱਖ ਪੰਥ ਦੀ ਸਿਆਸੀ ਅਤੇ ਸਮਾਜਿਕ ਸਥਿਤੀ ਬਾਰੇ ਚੰਗੀ ਜਾਣਕਾਰੀ ਦਿੱਤੀ ਗਈ ਹੈ। ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅਮੀਰ ਸਿੱਖ ਘਰਾਣੇ ਅੰਗਰੇਜ਼ਾਂ ਦੇ ਪਿੱਠੂ ਰਹੇ ਹਨ ਅਤੇ ਧਾਰਮਿਕ ਸਥਾਨਾਂ ’ਤੇ ਅਖੌਤੀ ਨੀਵੀਂ ਜਾਤ ਦੇ ਅੰਮ੍ਰਿਤਧਾਰੀ ਸਿੱਖਾਂ ਨਾਲ ਸ਼ਰਮਨਾਕ ਵਰਤਾਰਾ ਕੀਤਾ ਜਾਂਦਾ ਸੀ, ਜਿਹੜਾ ਸਿੱਖੀ ਸਿਧਾਂਤ ਦੀ ਨਿਰਾਦਰੀ ਕਰਦਾ ਸੀ। ਸੌ ਸਾਲ ਬਾਅਦ ਵੀ ਸਿੱਖ ਧਾਰਮਿਕ ਆਗੂਆਂ ਦੀ ਸੋਚ ਸੌੜੀ ਹੀ ਰਹੀ ਹੈ। ਖਿਮਾ ਕਰਨਾ ਤਾਂ ਗੁਰੂ ਦਾ ਉਪਦੇਸ਼ ਹੈ ਪਰ ਗੁਰੂ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਕਿ ਕਿਸੇ ਕਮੀਨੇ ਨੂੰ ਮੁਆਫ਼ ਕਰ ਕੇ ਉੱਚ ਅਹੁਦਾ ਵੀ ਬਖ਼ਸ਼ ਦਿਓ। ਅਮੀਰ ਸਿੱਖਾਂ ਨੂੰ ਅੱਜ ਵੀ ਆਪਣੀ ਚੌਧਰ ਦੀ ਹੀ ਪਈ ਹੋਈ ਹੈ ਜਿਹੜੇ ਗੁਰੂ ਪਿਆਰੀ ਭੋਲੀ-ਭਾਲੀ ਸਾਧ ਸੰਗਤ ਤੋਂ ‘ਖਿਮਾ ਦਾਨ’ ਦੀ ਬਖ਼ਸ਼ਿਸ਼ ਲੈ ਕੇ ਬਾਜ਼ੀ ਆਪਣੇ ਹੱਕ ’ਚ ਪਲਟਾ ਲੈਂਦੇ ਹਨ। ਸੰਗਤ ਨੂੰ ਖਿਮਾ ਦਾਨ ਦੇਣ ਲੱਗਿਆਂ ਸੋਚਣਾ ਚਾਹੀਦਾ ਹੈ ਕਿ ਇਸ ਗੁਨਾਹਗਾਰ ਨੇ ਪੰਥ ਦਾ ਜੋ ਨੁਕਸਾਨ ਕੀਤਾ ਹੈ ਉਸ ਦੀ ਭਰਪਾਈ ਕਿਵੇਂ ਕੀਤੀ ਜਾ ਸਕਦੀ ਹੈ। ਗੁਰਦੁਆਰਿਆਂ ’ਤੇ ਸੋਨਾ ਅਤੇ ਸੰਗਮਰਮਰ ਥੱਪਣ ਦੀ ਬਜਾਏ ਗੁਰੂ ਸਾਹਿਬ ਦੇ ਫ਼ਰਮਾਨ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਉੱਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ।
ਜਗਰੂਪ ਸਿੰਘ, ਉਭਾਵਾਲ
ਕਲਮ ਜ਼ੋਰਾਵਰ
ਐਤਵਾਰ, 15 ਸਤੰਬਰ ਨੂੰ ‘ਦਸਤਕ’ ਅੰਕ ਵਿੱਚ ਗੁਰਬਚਨ ਸਿੰਘ ਭੁੱਲਰ ਦਾ ਲੇਖ ‘ਕੀ ਭਾਵ ਹੈ ਤਲਵਾਰ ਨਾਲੋਂ ਕਲਮ ਦੇ ਜ਼ੋਰਾਵਰ ਹੋਣ ਦਾ’ ਪੜ੍ਹਿਆ ਤੇ ਸਮਝਿਆ। ਲੇਖਕ ਨੇ ਕਲਮ ਦੇ ਤਲਵਾਰ ਨਾਲੋਂ ਜ਼ੋਰਾਵਰ ਹੋਣ ਦੇ ਬਹੁਤ ਵਧੀਆ ਹਵਾਲੇ ਦਿੱਤੇ। ਇਹ ਗੱਲ ਬਿਲਕੁਲ ਸਹੀ ਜਾਪਦੀ ਹੈ, ਧਰਤੀ ’ਤੇ ਬਹੁਤ ਰਾਜਿਆਂ ਨੇ ਰਾਜ ਕੀਤਾ ਪਰ ਉਨ੍ਹਾਂ ਦੇ ਰਾਜ ਦੀਆਂ ਹੱਦਾਂ ਸਰਹੱਦਾਂ ਦਾ ਪਤਾ ਨਹੀਂ ਪਰ ਉਨ੍ਹਾਂ ਦੇ ਸਮਿਆਂ ਵਿੱਚ ਲਿਖਿਆ ਸਾਹਿਤ ਅੱਜ ਵੀ ਜ਼ਿੰਦਾ ਹੈ। ਉਨ੍ਹਾਂ ਦੇ ਸਾਮਰਾਜ ਬਾਰੇ ਜਾਣਨ ਲਈ ਕਿਤਾਬਾਂ ਰਾਹੀਂ ਅਸੀਂ ਉੱਥੇ ਪੁੱਜ ਸਕਦੇ ਹਾਂ। ਲੇਖਕ ਦੀ ਕਿਤਾਬ ‘ਪੋਹ ਰਿੱਧਾ ਮਾਘ ਖਾਧਾ’ ਛਾਪਣਾ ਪ੍ਰਸ਼ੰਸਾਯੋਗ ਉਪਰਾਲਾ ਹੈ ਕਿਉਂਕਿ ਮੇਰੇ ਜਿਹੇ ਪਾਠਕ ਜਿਹੜੇ ‘ਪੰਜਾਬੀ ਟ੍ਰਿਬਿਊਨ’ ਨਾਲ ਕੁਝ ਚਿਰ ਤੋਂ ਜੁੜੇ ਨੇ, ਉਹ ਅਖ਼ਬਾਰ ਵਿੱਚ ਛਪੇ ਗੁਰਬਚਨ ਸਿੰਘ ਭੁੱਲਰ ਦੇ ਪੁਰਾਣੇ ਲੇਖ ਪੜ੍ਹ ਸਕਣਗੇ। ਡਾ. ਸਵਰਾਜਬੀਰ ਵੀ ਜੇਕਰ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਵਿੱਚ ਛਪੇ ਆਪਣੇ ਲੇਖਾਂ ਦੀ ਕਿਤਾਬ ਪਾਠਕਾਂ ਲਈ ਲੈ ਕੇ ਆਉਣ ਤਾਂ ਬਹੁਤ ਵਧੀਆ ਹੋਵੇਗਾ।
ਗੁਰਵਿੰਦਰ ਕੌਰ, ਦੱਪਰ (ਮੁਹਾਲੀ)
ਕਿਰਤੀਆਂ ਦੀ ਗੱਲ ਕਰਦੀ ਕਵਿਤਾ
ਐਤਵਾਰ, 8 ਸਤੰਬਰ ਨੂੰ ‘ਦਸਤਕ’ ਅੰਕ ਵਿੱਚ ਅਮੋਲਕ ਸਿੰਘ ਦਾ ਲੇਖ ‘ਨਾਬਰੀ ਅਤੇ ਬਰਾਬਰੀ ਦਾ ਸ਼ਾਇਰ’ ਬਹੁਤ ਵਧੀਆ ਲੱਗਾ ਜਿਸ ਵਿੱਚ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਸਮੁੱਚੀ ਕਵਿਤਾ ਦੀ ਗੱਲ ਕੀਤੀ ਗਈ। ਪਾਸ਼ ਦੀ ਕਵਿਤਾ ਕਿਰਤੀਆਂ ਦੀ ਗੱਲ ਕਰਦੀ ਹੈ ਤੇ ਸਰਮਾਏਦਾਰੀ ਦੇ ਚਗਲੇ ਸਵਾਦਾਂ ਨੂੰ ਠੁੱਡੇ ਮਾਰਦੀ ਹੈ। ਪਾਸ਼ ਦੀ ਕਵਿਤਾ ਜ਼ਿੰਦਗੀ ਵਿੱਚ ਸੰਘਰਸ਼ ਕਰਕੇ ਸਾਊ ਪੁੱਤ ਬਣਨ ਦਾ ਸੁਨੇਹਾ ਦਿੰਦੀ ਹੋਈ ਉਦਾਸ ਮੌਸਮਾਂ ਤੇ ਗੁਲਾਮ ਸੱਧਰਾਂ ਨੂੰ ਖ਼ਤਮ ਕਰਨ ਲਈ ਸੰਘਰਸ਼ ਦਾ ਰਾਹ ਦਸੇਰਾ ਬਣਦੀ ਹੈ। ਇਹ ਕਵਿਤਾ ਮਜ਼ਦੂਰ ਦੀਆਂ ਕੁੱਲੀਆਂ ਨੂੰ ਮੀਨਾਰ ਬਣਾਉਂਦਿਆਂ ਬਰਾਬਰੀ ਦਾ ਸਮਾਜ ਸਿਰਜਣ ਲਈ ਯਤਨਸ਼ੀਲ ਹੈ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ
ਅੰਮ੍ਰਿਤਾ ਪ੍ਰੀਤਮ ਦੀ ਦੁਨੀਆ
ਐਤਵਾਰ, 1 ਸਤੰਬਰ ਦੇ ‘ਦਸਤਕ’ ਅੰਕ ਵਿੱਚ ਰੇਣੂ ਸੂਦ ਸਿਨਹਾ ਦਾ ਲੇਖ ‘ਮੁਹੱਬਤੀ ਪੈਗ਼ਾਮ ਦੀ ਰਸੀਦੀ ਟਿਕਟ’ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ’ਤੇ ਸੰਖੇਪ ਝਾਤ ਪਵਾਉਂਦਾ ਹੋਇਆ ਸਾਹਿਤ ਵਿੱਚ ਅੰਮ੍ਰਿਤਾ ਵੱਲੋਂ ਪਾਏ ਵਡਮੁੱਲੇ ਯੋਗਦਾਨ ਦੇ ਰੂਬਰੂ ਕਰਵਾਉਂਦਾ ਹੈ। ਅੰਮ੍ਰਿਤਾ ਦੀ ਕਲਮ ਵਿੱਚ ਦਰਦ, ਵਿਯੋਗ ਅਤੇ ਮੁਹੱਬਤ ਬੇਪਨਾਹ ਸੀ। ਅੰਮ੍ਰਿਤਾ ਪ੍ਰੀਤਮ ਖੁੱਲ੍ਹੇ ਡੁੱਲ੍ਹੇ ਸੁਭਾਅ ਦੀ ਮਾਲਕਣ ਸੀ। ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਦਿਆਂ ਉਸ ਨੇ ਆਪਣੀ ਜ਼ਿੰਦਗੀ ਨੂੰ ਆਪਣੇ ਅੰਦਾਜ਼ ਨਾਲ ਮਾਣਿਆ। ਅੰਮ੍ਰਿਤਾ ਕੇਵਲ ਲੇਖਿਕਾ ਹੀ ਨਹੀਂ ਸਗੋਂ ਕੁਸ਼ਲ ਸੰਪਾਦਕ ਹੋਣ ਦੇ ਨਾਲ ਨਾਲ ਉਸਤਾਦ ਵੀ ਸੀ। ਉਸ ਦੁਆਰਾ ਚਲਾਏ ‘ਨਾਗਮਣੀ’ ਰਸਾਲੇ ਨੇ ਪੰਜਾਬੀ ਸਾਹਿਤ ਨੂੰ ਨਾਮਵਰ ਲੇਖਕ ਦਿੱਤੇ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਪੰਜਾਬ ਦੀ ਦਰਦ ਭਰੀ ਕਵਿਤਾ
ਐਤਵਾਰ, 25 ਅਗਸਤ ਦੇ ‘ਦਸਤਕ’ ਅੰਕ ਵਿੱਚ ਕਾਵਿ ਕਿਆਰੀ ਤਹਿਤ ਬੇਅੰਤ ਕੌਰ ਮੋਗਾ ਦੀ ਕਵਿਤਾ ‘ਲੁੱਟਿਆ ਦੇਸ਼ ਪੰਜਾਬ’ ਪੜ੍ਹੀ, ਚੰਗੀ ਲੱਗੀ। ਇਸ ਵਿੱਚ ਸਵਾਲ ਕੀਤਾ ਹੈ ਕਿ ਕਿੱਥੇ ਹਨ ਉਹ ਵੱਡੇ ਰੁੱਖ ਪਿੱਪਲ ਬੋਹੜ ਜਿਸ ਉੱਪਰ ਮੁੁਟਿਆਰਾਂ ਪੀਘਾਂ ਝੂਟਦੀਆਂ ਸਨ। ਪਹਿਲਾਂ ਗਲੀਆਂ ਮੁਹੱਲੇ ਵਿੱਚ ਤੰਦੂਰ ਤਪਦੇ ਹੁੰਦੇ ਸਨ, ਪਰ ਅੱਜ ਪੀਜ਼ੇ ਬਰਗਰ ਨੂਡਲਜ਼ ਤੇ ਹੋਰ ਫਾਸਟ ਫੂਡ ਵਾਲੇ ਰੇਹੜੀਆਂ ਲਗਾ ਕੇ ਵੇਚ ਰਹੇ ਹਨ। ਇਸ ਕਵਿਤਾ ਵਿੱਚ ਕਵਿੱਤਰੀ ਨੇ ਕਈ ਦਰਦ ਪਰੋਏ ਹਨ ਕਿ ਕਿਵੇਂ ਦਾਦੇ ਪੋਤੇ ਸਭ ਵਿਦੇਸ਼ਾਂ ਵੱਲ ਭੱਜੇ ਜਾ ਰਹੇ ਹਨ ਇੱਥੇ ਕੋਠੀਆਂ ਸੁੰਨ-ਮਸਾਨ ਹਨ। ਇਹ ਬਹੁਤ ਹੀ ਦਰਦ ਭਰੀ ਕਵਿਤਾ ਹੈ।
ਦਰਸ਼ਨ ਸਿੰਘ ਬਨੂੜ ਦੀ ਲਿਖੀ ਕਵਿਤਾ ‘ਤੇਰਾ ਪੁੰਨ ਹੋਊ’ ਵਾਤਾਵਰਣ ਦੀ ਸਾਂਭ ਸੰਭਾਲ ਲਈ ਕੀਤਾ ਗਿਆ ਤਰਲਾ ਹੈ ਕਿਉਂਕਿ ਰੁੱਖਾਂ ਦੀ ਘਟ ਰਹੀ ਗਿਣਤੀ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਅਤੇ ਕੁਦਰਤੀ ਕਰੋਪੀਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਵਾਤਾਵਰਣ ਦੀ ਸੰਭਾਲ ਸਮੇਂ ਦੀ ਲੋੜ ਹੈ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)