ਡਾਕ ਐਤਵਾਰ ਦੀ
ਵੋਟ ਬੈਂਕ ਬਨਾਮ ਧਰਮ ਨਿਰਪੇਖਤਾ
ਐਤਵਾਰ, 25 ਜੂਨ ਨੂੰ ‘ਸੋਚ ਸੰਗਤ’ ਪੰਨੇ ਉੱਤੇ ਸਵਰਾਜਬੀਰ ਦਾ ਲੇਖ ‘ਹੋਰੀ ਖੇਲੂੰਗੀ ਕਹਿ ਬਿਸਮਿਲਾਹ...’ ਪਡ਼੍ਹਿਆ, ਚੰਗਾ ਲੱਗਾ। ਧਾਰਮਿਕ ਪਰੰਪਰਾਵਾਂ ਅਨੁਸਾਰ ਸੂਫ਼ੀ ਸੰਤ ਸਾਹਿਤਕਾਰਾਂ ਨੇ ਵੱਖ-ਵੱਖ ਧਰਮਾਂ ਵਿਚ ਬਿਨਾਂ ਭੇਦਭਾਵ ਕੀਤਿਆਂ ਆਪਣੇ ਸਾਹਿਤ ਵਿਚ ਸਭ ਧਰਮਾਂ ਦੇ ਸਾਂਝੇ ਰੀਤ-ਰਿਵਾਜਾਂ ਦਾ ਵਰਣਨ ਕੀਤਾ। ਧਾਰਮਿਕ ਕੱਟੜਤਾ ਨੇ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਵੰਡੀਆਂ ਪਾ ਦਿੱਤੀਆਂ। ਸਾਡੀ ਮੁਲਕ ਦੀ ਸਾਂਝੀ ਗੰਗ-ਜਮੁਨੀ ਤਹਿਜ਼ੀਬ ਦੇ ਵਾਰਸ ਹਿੰਦੂ-ਮੁਸਲਿਮ ਸਾਂਝਾਂ ਨਾਲ ਹਰ ਤਿਉਹਾਰ ਪਿਆਰ ਅਤੇ ਭਾਈਚਾਰੇ ਨਾਲ ਮਨਾਉਂਦੇ ਸਨ। ਅੱਜ ਦੀ ਰਾਜਨੀਤੀ ਦਾ ਸੁਆਰਥ ਨਿਰਪੱਖ ਧਾਰਮਿਕ ਭਾਵਨਾਵਾਂ ਦੀ ਥਾਂ ਵੋਟ ਬੈਂਕ ਨੂੰ ਅਹਿਮੀਅਤ ਦਿੰਦਾ ਹੈ। ਲੇਖ ਵਿਚ ਧਾਰਮਿਕ ਨਿਰਪੇਖਤਾ ਆਪਸੀ ਮਿਲਵਰਤਣ ਦਾ ਸੁਨੇਹਾ ਦੇਣ ਵਾਲੀ ਸੀ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)
ਭਾਸ਼ਾ ਓਹਲੇ ਹੁੰਦੀ ਸਿਆਸਤ
‘ਪੰਜਾਬੀ ਟ੍ਰਿਬਿਊਨ’ ਦੇ 18 ਜੂਨ 2023 ਦੇ ‘ਦਸਤਕ’ ਅੰਕ ਵਿਚ ਇਟਲੀ ਵਿਚ ਇਤਾਲਵੀ ਭਾਸ਼ਾ ਦੀ ਸ਼ੁੱਧਤਾ ਦੇ ਪਰਦੇ ਓਹਲੇ ਹੋ ਰਹੀ ਸਿਆਸਤ ਦੇ ਹਵਾਲੇ ਨਾਲ ਤੇਜਵੰਤ ਸਿੰਘ ਗਿੱਲ ਦਾ ਲਿਖਿਆ ਮਜ਼ਮੂਨ ‘ਮਾਂ ਬੋਲੀ ਦੇ ਆਰ ਪਾਰ’ ਪਡ਼੍ਹਿਆ। ਮਜ਼ਮੂਨ ਵਿਚ ਭਾਸ਼ਾ ਦੀ ਆੜ ਵਿਚ ਖ਼ਤਰਨਾਕ ਭੂਮਿਕਾ ਨਿਭਾਉਣ ਵਾਲੀ ਸਿਆਸਤ ਨੂੰ ਖ਼ੂਬ ਆੜੇ ਹੱਥੀ ਲਿਆ ਹੈ।
ਅਜਿਹੀ ਸਿਆਸਤ ਕੇਵਲ ਇਟਲੀ ਦੀ ਇਤਾਲਵੀ ਭਾਸ਼ਾ ਦੇ ਰਾਹ ਵਿਚ ਹੀ ਨਹੀਂ ਸਗੋਂ ਭਾਰਤ ਦੀਆਂ ਵੱਖ ਵੱਖ ਸੂਬਾਈ ਜ਼ੁਬਾਨਾਂ ਦੇ ਵਿਕਾਸ ਵਿਚ ਵੀ ਅਡ਼ਿੱਕੇ ਖੜ੍ਹੇ ਕਰ ਰਹੀ ਹੈ। ਭਾਸ਼ਾਵਾਂ ਨੂੰ ਹਾਨੀ ਪਹੁੰਚਾਉਣ ਵਾਲੀ ਅਜਿਹੀ ਸਿਆਸਤ ਦੀ ਹਾਨੀਕਾਰਕ ਭੂਮਿਕਾ ਉਪਰ ਰੋਕ ਲੱਗਣੀ ਚਾਹੀਦੀ ਹੈ ਜੋ ਆਪਣੀ ਸੌੜੀ ਖੇਡ ਰਾਹੀਂ ਮਨੁੱਖੀ ਭਾਵਨਾਵਾਂ ਅਤੇ ਜਜ਼ਬਾਤ ਦਾ ਘਾਣ ਕਰ ਰਹੀ ਹੈ।
ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ ਪਟਿਆਲਾ
ਨਿਤਰਿਆ ਸੱਚ
ਐਤਵਾਰ, 18 ਜੂਨ 2023 ਨੂੰ ‘ਦਸਤਕ’ ਅੰਕ ਵਿਚ ‘ਪੰਜਾਬ ਦੀ ਵੰਡ: ਇਤਿਹਾਸ ਕੀ ਕਹਿੰਦਾ ਹੈ?’ ਪ੍ਰੋ. ਦਲਜੀਤ ਅਮੀ ਦੁਆਰਾ ਪ੍ਰੋ. ਇਸ਼ਤਿਆਕ ਅਹਿਮਦ ਨਾਲ ਕੀਤੀ ਸਾਹਿਤਕ ਮੁਲਾਕਾਤ ਨੂੰ ਪਡ਼੍ਹ ਕੇ ਪੁਖ਼ਤਾ ਜਾਣਕਾਰੀ ਮਿਲੀ। ਅਜੋਕੇ ਹਿੰਦ-ਪਾਕਿ ਸਿਆਸੀ ਸੰਬੰਧਾਂ ਪ੍ਰਤੀ ਬਹੁਤ ਕੁਝ ਸਮਝਣ ਅਤੇ ਸਾਨੂੰ ਸੰਭਲਣ ਵਾਸਤੇ ਇਸ ਮੁਲਾਕਾਤ ਵਿਚੋਂ ਨਿੱਤਰਿਆ ਸੱਚ ਅੱਵਲ ਦਰਜ਼ੇ ਦਾ ਰਾਹ ਦਸੇਰਾ ਬਣਦਾ ਹੈ। ਸਟੇਟ/ਰਿਆਸਤ, ਧਾਰਮਿਕ ਕੱਟੜਤਾ, ਲੁੱਟ-ਖਸੁੱਟ, ਬਾਹਰੀ ਅਣਚਾਹਿਆ ਦਬਾਅ ਆਦਿ ਅੱਜ ਵੀ ਵਿਸ਼ੇਸ਼ ਅਤੇ ਬਹੁਰੂਪਕ ਮੱਸ ਵਿੱਚ ਉੱਭਰ ਰਹੇ ਹਨ। ਇਸ ਸਭ ਦੀ ਥਾਂ ਸਹਿਣਸ਼ੀਲਤਾ, ਭਾਈਚਾਰੇ ਤੇ ਮੋਹ ਦੀਆਂ ਤੰਦਾਂ ਵਾਲਾ ਸਮਾਜ ਸਿਰਜਣਾ ਸਮੇਂ ਦੀ ਵੱਡੀ ਲੋਡ਼ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਕਸ਼ਮੀਰ ਘੇਸਲ, ਚੰਡੀਗਡ਼੍ਹ