For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

07:58 AM Oct 10, 2024 IST
ਪਾਠਕਾਂ ਦੇ ਖ਼ਤ
Advertisement

ਪੰਜਾਬ ਨਾਲ ਵਿਤਕਰਾ

28 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਕੇਸੀ ਸ਼ਰਮਾ ਦਾ ਲੇਖ ‘ਕੇਂਦਰ ਦੇ ਲਗਾਤਾਰ ਵਿਤਕਰੇ ਤੋਂ ਪੀੜਤ ਪੰਜਾਬ’ ਪੰਜਾਬ ਦੀ ਸਹੀ ਤਰਜਮਾਨੀ ਕਰਦਾ ਹੈ। ਇਸ ਵਿਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਪੰਜਾਬ ਸਮੱਸਿਆ ਦਾ ਜਨਮ ਕੇਂਦਰ ਸਰਕਾਰ ਦੇ ਵਿਤਕਰੇ ਭਰੇ ਸਲੂਕ ਵਿਚੋਂ ਹੀ ਹੋਇਆ। ਇਨ੍ਹਾਂ ਵਿਤਕਰਿਆਂ ਦੀ ਲੜੀ ਦੇਸ਼ ਦੇ ਆਜ਼ਾਦ ਹੋਣ ਤੋਂ ਕੁਝ ਸਮਾਂ ਬਾਅਦ ਹੀ ਸ਼ੁਰੂ ਹੋ ਗਈ ਸੀ। ਪੈਰ-ਪੈਰ ’ਤੇ ਪੰਜਾਬ ਨਾਲ ਧੱਕਾ ਕੀਤਾ ਗਿਆ। ਪੰਜਾਬੀ ਸੂਬੇ ਦੀ ਮੰਗ ਲਈ ਲੰਮਾ ਸੰਘਰਸ਼ ਕਰਨਾ ਪਿਆ। ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਦਸ ਕੇ ਫਿਰਕੂ ਰੰਗਤ ਦੇ ਦਿੱਤੀ। ਹਿੰਦੂ-ਸਿੱਖਾਂ ਦੀ ਸਦੀਵੀ ਸਾਂਝ ਵਿਚ ਐਸਾ ਪਾੜਾ ਪਿਆ/ਪਾਇਆ ਜਿਹੜਾ ਅੱਜ ਤੱਕ ਵੀ ਨਹੀਂ ਭਰਿਆ। ਕੇਂਦਰ ਨੇ ਆਪਣੇ ਸਿਆਸੀ ਹਿੱਤਾਂ ਦੇ ਲਾਭ ਲਈ ਪੰਜਾਬ ਦੀ ਭਾਈਚਾਰਕ ਸਾਂਝ, ਸ਼ਾਂਤੀ ਤੇ ਸਦਭਾਵਨਾ ਦਾ ਬੜੀ ਬੇਦਰਦੀ ਨਾਲ ਕਤਲ ਕੀਤਾ। ਇਸੇ ਦਿਨ ਦੇ ਸੰਪਰਕੀ ‘ਗੁਜਰਾਤ ਸਰਕਾਰ ਨੂੰ ਝਟਕਾ’ ਵਿਚ ਦੋ ਤਰ੍ਹਾਂ ਦੇ ਵਿਚਾਰ ਨਜ਼ਰ ਆਉਂਦੇ ਹਨ। ਇਕ ਪਾਸੇ ਨਰਿੰਦਰ ਮੋਦੀ ਰਾਜ ਸਰਕਾਰਾਂ ਨੂੰ ਔਰਤਾਂ ’ਤੇ ਹੁੰਦੇ ਜਬਰ ਜ਼ੁਲਮ ਦਾ ਛੇਤੀ ਨਿਬੇੜਾ ਕਰਨ ਲਈ ਫ਼ਰਮਾਨ ਜਾਰੀ ਕਰਦੇ ਹਨ; ਦੂਜੇ ਪਾਸੇ ਗੁਜਰਾਤ ਵਿਚ ਉਨ੍ਹਾਂ ਦੀ ਸਰਕਾਰ ਬਿਲਕੀਸ ਬਾਨੋ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਆਜ਼ਾਦੀ ਦਿਵਸ ’ਤੇ ਰਿਹਾਅ ਹੀ ਨਹੀਂ ਕਰਦੀ ਸਗੋਂ ਜੇਲ੍ਹ ’ਚੋਂ ਬਾਹਰ ਨਿਕਲਣ ਸਮੇਂ ਗਲਾਂ ’ਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਵੀ ਕੀਤਾ ਜਾਂਦਾ ਹੈ। ਇਹ ਆਪਾਂ ਵਿਰੋਧੀ ਫੈਸਲਾ ਉਨ੍ਹਾਂ ਦੀ ਦੋਗਲੀ ਨੀਤੀ ਜ਼ਾਹਰ ਕਰਦਾ ਦਾ ਹੈ।
ਸੁਖਦੇਵ ਸਿੰਘ ਭੁੱਲੜ, ਬਠਿੰਡਾ

Advertisement

ਲੋਕਤੰਤਰ ਦਾ ਘਾਣ

7 ਅਕਤੂਬਰ ਨੂੰ ਪਹਿਲੇ ਸਫ਼ੇ ਦੀ ਖ਼ਬਰ ਵਿਚ ਆਰਐੱਸਐੱਸ ਮੁਖੀ ਮੋਹਨ ਭਾਗਵਤ ਦਾ ਵਿਚਾਰ ਹਿੰਦੂ ਸਮਾਜ ਨੂੰ ਸੁਰੱਖਿਆ ਲਈ ਇਕਜੁਟ ਹੋਣ ਬਾਰੇ ਪੜ੍ਹਿਆ, ਪੜ੍ਹ ਕੇ ਲੋਕਤੰਤਰ ਦਾ ਘਾਣ ਹੁੰਦਾ ਦਿਖਾਈ ਦਿੱਤਾ। ਜੇ ਹਿੰਦੂ ਲੋਕ ਸੁਰੱਖਿਅਤ ਨਹੀਂ ਤਾਂ ਫਿਰ ਸਿੱਖਾਂ ਤੇ ਮੁਸਲਮਾਨਾਂ ਦਾ ਤਾਂ ਰੱਬ ਹੀ ਰਾਖਾ! ਆਰਐੱਸਐੱਸ ਮੁਖੀ ਦੇ ਵਿਚਾਰ ਭਾਰਤੀਆਂ ਨੂੰ ਇੰਨੇ ਪਿੱਛੇ ਲੈ ਜਾਣਗੇ ਜਿਥੋਂ ਵਿਕਾਸ ਕਰਦਿਆਂ ਭਾਰਤ ਵਾਸੀਆਂ ਨੇ ਹਜ਼ਾਰਾਂ ਸਾਲ ਲਾ ਦਿੱਤੇ। ਬਹੁਤ ਪਹਿਲਾਂ ਭਾਰਤ ਸੋਨੇ ਦੀ ਚਿੜੀ ਅਖਵਾਉਂਦਾ ਸੀ। ਉਦੋਂ ਇਥੇ ਕੇਵਲ ਦਰਾਵੜ ਰਹਿੰਦੇ ਸਨ। ਮੱਧ ਏਸ਼ੀਆ ਤੋਂ ਉੱਠ ਕੇ ਆਏ ਆਰੀਆ ਲੋਕਾਂ ਨੇ ਇਨ੍ਹਾਂ ਦੀ ਸਭਿਅਤਾ ਤਹਿਸ-ਨਹਿਸ ਕਰ ਦਿੱਤੀ। ਫਿਰ ਇਹ ਲੋਕ ਸਾਰੇ ਭਾਰਤ ਵਿਚ ਖਿੱਲਰ ਗਏ ਅਤੇ ਬਾਅਦ ਵਿਚ ਹਿੰਦੂ ਅਖਵਾਉਣ ਲੱਗੇ। ਜਦੋਂ ਇਨ੍ਹਾਂ ਦੇ ਰਾਜ ਵਿਚ ਮੁਗ਼ਲਾਂ ਨੇ ਕਮੀਆਂ ਦੇਖੀਆਂ ਤਾਂ ਉਨ੍ਹਾਂ ਨੇ ਹਮਲੇ ਕਰ ਕੇ ਭਾਰਤ ’ਤੇ ਆਪਣਾ ਰਾਜ ਕਾਇਮ ਕਰ ਲਿਆ। ਅੰਗਰੇਜ਼ਾਂ ਨੇ ਆਪਣੀ ਚਾਲ ਚੱਲੀ ਤੇ ਭਾਰਤ ਉੱਤੇ ਦੋ ਸੌ ਸਾਲ ਰਾਜ ਕੀਤਾ। ਇਉਂ ਸੋਨੇ ਦੀ ਚਿੜੀ ਦੇ ਖੰਭ ਕੱਟੇ ਗਏ। ਹੁਣ ਤਾਂ ਚਿੜੀ ਵਿਚਾਰੀ ਬਣ ਗਈ ਹੈ। ਮੋਹਨ ਭਾਗਵਤ ਦੇ ਵਿਚਾਰ ਇਸ ਨੂੰ ਪਾਣੀ ਪੀਣ ਜੋਗੀ ਵੀ ਨਹੀਂ ਛੱਡਣਗੇ।
ਸਰਬਜੀਤ ਕੌਰ, ਅੰਮ੍ਰਿਤਸਰ

Advertisement

ਦਰਦ ਦੀ ਇੰਤਹਾ

ਨਜ਼ਰੀਆ ਪੰਨੇ ’ਤੇ 7 ਅਕਤੂਬਰ ਨੂੰ ਜਗਦੀਸ਼ ਕੌਰ ਮਾਨ ਦਾ ਮਿਡਲ ‘ਕਾਲਜੇ ਠੰਢ’ ਪੜ੍ਹਿਆ। ਬਹੁਤ ਭਾਵਨਾਤਮਕ ਰਚਨਾ ਸੀ। ਲੇਖਕਾ ਨੇ ਇਸ ਰਚਨਾ ਵਿਚ ਆਪਣੇ ਜੀਵਨ ਦੀ ਬਹੁਤ ਦੁਖਦਾਇਕ ਘਟਨਾ ਬਿਆਨ ਕੀਤੀ ਹੈ। ਕਿਸ ਤਰ੍ਹਾਂ ਇਕ ਮਾਂ ਦਾ ਪੁੱਤਰ ਪਾਣੀ ਲਈ ਤਰਸ ਰਿਹਾ ਸੀ ਪਰ ਡਾਕਟਰ ਦੇ ਮਨ੍ਹਾ ਕਰਨ ਕਾਰਨ ਪਾਣੀ ਨਹੀਂ ਪਿਲਾ ਸਕਦੇ। ਦਰਦ ਦੀ ਇੰਤਹਾ ਦੇਖੋ ਕਿ ਮਾਂ ਹੁਣ ਹਰ ਫਕੀਰ, ਰਾਹੀ ਨੂੰ ਪਾਣੀ ਪਿਲਾਉਂਦੀ ਹੈ ਤਾਂ ਕਿ ਉਨ੍ਹਾਂ ਦੇ ਪੁੱਤਰ ਦੀ ਰੂਹ ਨੂੰ ਸ਼ਾਂਤੀ ਮਿਲੇ।
ਜਸਦੀਪ ਕੌਰ, ਪਿੰਡ ਜੌਹਲਾਂ (ਲੁਧਿਆਣਾ)
(2)
7 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਲੇਖ ‘ਕਾਲਜੇ ਠੰਢ’ ਬਹੁਤ ਭਾਵੁਕ ਸੀ ਜਿਸ ਵਿਚ ਲੇਖਕਾ ਨੇ ਪਾਣੀ ਦੀ ਮਹੱਤਤਾ ਬਿਆਨ ਕੀਤੀ ਹੈ। ਪਾਣੀ ਕੁਦਰਤ ਦੀ ਅਣਮੁੱਲੀ ਦੇਣ ਹੈ ਪਰ ਅੱਜ ਪਾਣੀ ਦੀ ਬੇਕਦਰੀ ਹੋ ਰਹੀ ਹੈ। 3 ਅਕਤੂਬਰ ਵਾਲੇ ਲੇਖ ‘ਸਰਕਾਰੀ ਸਕੂਲਾਂ ’ਚ ਅੰਗਰੇਜ਼ੀ ਹਾਲੋਂ-ਬੇਹਾਲ’ ਵਿਚ ਸੁੱਚਾ ਸਿੰਘ ਖਟੜਾ ਨੇ ਸਰਕਾਰੀ ਸਕੂਲਾਂ ਦੀ ਹਾਲਤ ਬਾਰੇ ਚਰਚਾ ਕੀਤੀ ਹੈ। ਅੰਗਰੇਜ਼ੀ ਸਿੱਖਣੀ ਵੀ ਜ਼ਰੂਰੀ ਹੈ ਕਿਉਂਕਿ ਹਰ ਕਿੱਤੇ ਵਿਚ ਅੰਗਰੇਜ਼ੀ ਕੰਮ ਆਉਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ’ਚ ਅੰਗਰੇਜ਼ੀ ਸਿਖਾਉਣ ਲਈ ਵਧੀਆ ਅਧਿਆਪਕਾਂ ਦਾ ਪ੍ਰਬੰਧ ਕੀਤਾ ਜਾਵੇ। 3 ਅਕਤੂਬਰ ਨੂੰ ਹੀ ਨਜ਼ਰੀਆ ਪੰਨੇ ’ਤੇ ਛਪੇ ਮੋਹਨ ਸ਼ਰਮਾ ਦੇ ਮਿਡਲ ‘ਹੰਝੂਆਂ ਦੀ ਭਾਸ਼ਾ’ ਵਿਚ ਨਸ਼ਿਆਂ ਨਾਲ ਹੋ ਰਹੀ ਬਰਬਾਦੀ ਦਰਸਾਈ ਗਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿੰਨੇ ਘਰ ਨਸ਼ਿਆਂ ਕਾਰਨ ਬਰਬਾਦ ਹੋ ਚੁੱਕੇ ਹਨ। ਇਸ ਲਈ ਲੋਕਾਂ ਖਾਸ ਕਰ ਵਿਦਿਆਰਥੀ ਵਰਗ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨਾ ਜ਼ਰੂਰੀ ਹੈ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਕਮਲਜੀਤ ਸਿੰਘ ਬਨਵੈਤ ਦੇ ਲੇਖ ‘ਬੇਹੀ ਰੋਟੀ ਦਾ ਟੁੱਕ’ ਪੜ੍ਹਿਆ। ਇਸ ਵਿਚ ਬੱਚਿਆਂ ਦੇ ਮਾਪਿਆਂ ਬਾਰੇ ਰਵੱਈਏ ਦਾ ਮਾਰਮਿਕ ਚਿਤਰਨ ਹੈ।
ਨਵਪ੍ਰੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)

ਦਿਲ ਵਲੂੰਧਰਿਆ ਗਿਆ...

5 ਅਕਤੂਬਰ ਦੇ ਅੰਕ ਦੇ ਪਹਿਲੇ ਸਫ਼ੇ ’ਤੇ ਛਪੀ ਖ਼ਬਰ ‘ਕੈਨੇਡਾ ’ਚ ਬੇਰੁਜ਼ਗਾਰੀ ਦੀ ਮਾਰ’ ਪੜ੍ਹ ਕੇ ਦਿਲ ਵਲੂੰਧਰਿਆ ਗਿਆ ਕਿ ਉਥੋਂ ਦੇ ਭਾਰਤੀ ਰੈਸਟੋਰੈਂਟ ਵਿਚ ਵੇਟਰ ਦੀਆਂ 60 ਪੋਸਟਾਂ ਲਈ ਪੰਜਾਬ ਅਤੇ ਹਰਿਆਣਾ ਤੋਂ ਪੜ੍ਹਾਈ ਵਾਲੇ ਵੀਜ਼ੇ ’ਤੇ ਗਏ ਤਿੰਨ ਹਜ਼ਾਰ ਐਸੇ ਬੇਰੁਜ਼ਗਾਰ ਵਿਦਿਆਰਥੀਆਂ ਨੇ ਅਪਲਾਈ ਕੀਤਾ ਜੋ ਆਪਣੇ ਦੋਵਾਂ ਸਟੇਟਾਂ ਵਿਚ ਕਿਸੇ ਭਿਆਨਕ ਬਿਮਾਰੀ ਵਾਂਗ ਫੈਲ ਰਹੀ ਬੇਰੁਜ਼ਗਾਰੀ ਦੀ ਮਾਰ ਤੋਂ ਡਰਦੇ ਆਪਣੇ ਘਰਾਂ ਦੀ ਪੂੰਜੀ ਅਤੇ ਜ਼ਮੀਨ ਦਾਅ ’ਤੇ ਲਾ ਕੇ ਕੈਨੇਡਾ ਦੀ ਚਕਾਚੌਂਧ ਵਿਚ ਜਾ ਫਸੇ ਹਨ। ਵੱਖ-ਵੱਖ ਕੋਰਸਾਂ ਲਈ ਚੁਣੇ ਗਏ ਬਹੁਤੇ ਵਿਦਿਆਰਥੀ ਉਹ ਹੋਣਗੇ ਜਿਨ੍ਹਾਂ ਨੇ ਇੰਡੀਆ ਵਿਚ ਆਪਣੀ ਪੜ੍ਹਾਈ ਦੌਰਾਨ ਕਦੀ ਕੋਈ ਵੀ ਕੰਮ ਨਹੀਂ ਕੀਤਾ ਹੋਵੇਗਾ। ਉਹ ਜਦੋਂ ਵੇਟਰ ਬਣ ਕੇ ਖਾਣੇ ਪਰੋਸਣਗੇ, ਬਰਤਨ ਸਾਫ਼ ਕਰਨਗੇ ਤੇ ਬੇਦਰਦ ਮਾਲਕਾਂ ਦੀਆਂ ਝਿੜਕਾਂ ਸਹਿਣਗੇ ਤਾਂ ਆਪਣੇ-ਆਪ ਨੂੰ ਉਸ ਨਮੋਸ਼ੀ ਭਰੀ ਮਾਹੌਲ ਵਿਚ ਕਿਵੇਂ ਢਾਲਣਗੇ? ਡਿਪਰੈਸ਼ਨ ਵਿਚ ਆਏ ਅਜਿਹੇ ਬੱਚਿਆਂ ਦੀਆਂ ਦੁਖਦਾਈ ਖ਼ਬਰਾਂ ਨਿੱਤ ਪੜ੍ਹਦੇ ਹਾਂ। ਬੱਚੇ ਵਾਪਸ ਆਉਣ ਵਿਚ ਬੇਇਜ਼ਤੀ ਮਹਿਸੂਸ ਕਰਦੇ ਹਨ ਤੇ ਉਥੇ ਰਹਿਣ ਵਿਚ ਉਨ੍ਹਾਂ ਨੂੰ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੂੰ ਗਾਇਬ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ। ਉਥੇ ਕਾਲਜਾਂ, ਯੂਨੀਵਰਸਿਟੀਆਂ ਨੇ ਫੀਸਾਂ ਵੀ ਕਈ ਗੁਣਾ ਵਧਾ ਦਿੱਤੀਆਂ ਹਨ। ਅਣਭੋਲ ਬੱਚਿਆਂ ਨੂੰ ਹੜੱਪ ਲੈਣ ਵਾਲਾ ਡਰੈਗਨ ਹੁਣ ਹਰ ਦੇਸ਼ ਵਿਚ ਮੂੰਹ ਅੱਡੀ ਬੈਠਾ ਹੈ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)

ਸੁਨਹਿਰਾ ਭਵਿੱਖ

ਰਾਮ ਸਵਰਨ ਲੱਖੇਵਾਲੀ ਦੀ ਰਚਨਾ ‘ਵਿਰਾਸਤ’ ਪੜ੍ਹੀ ਜੋ ਚਾਰ ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਛਪੀ ਸੀ। ਇਸ ਵਿਚ ਚਰਚਾ ਭਗਤ ਸਿੰਘ ਦੀ ਸੋਚ ’ਚੋਂ ਉਸ ਦੁਆਰਾ ਮੋੜੇ ਹੋਏ ਪੰਨੇ ਤੋਂ ਅੱਗੇ ਤੁਰਦੀ ਹੋਈ 9 ਸਤੰਬਰ ਨੂੰ ਪਾਸ਼ ਦੇ ਜਨਮ ਦਿਨ ਮੌਕੇ ਕਵਿਤਾ ਦਿਵਸ ਵੱਲ ਅੱਗੇ ਵਧਦੀ ਹੈ। ਸਤੰਬਰ ਮਹੀਨੇ ਵਿਚ 27 ਤਾਰੀਖ ਨੂੰ ਉੱਘੇ ਰੰਗਕਰਮੀ ਗੁਰਸ਼ਰਨ ਸਿੰਘ ਭਾਜੀ ਕਲਾ ਰਾਹੀਂ ਸਮਾਜ ਨੂੰ ਜਗਾਉਣ ਦੀਆਂ ਬਾਤਾਂ ਪਾਉਂਦੇ ਸਾਡੇ ਕੋਲੋਂ ਚਲੇ ਗਏ ਸਨ। ਲੇਖਕ ਨੇ ਸ਼ਹੀਦਾਂ ਵੱਲੋਂ ਬਾਲੀ ਮਸ਼ਾਲ ਨੂੰ ਜਗਦਾ ਰੱਖਣ ਦੀ ਗੱਲ ਕੀਤੀ ਹੈ। ਪਾਸ਼ ਦੀ ਕਵਿਤਾ ‘ਅਸੀਂ ਲੜਾਂਗੇ ਸਾਥੀ’ ਇਸ ਮਾਮਲੇ ਵਿਚ ਰਾਹ ਦਸੇਰੇ ਵਜੋਂ ਕੰਮ ਕਰਦੀ ਹੈ।
ਵਰਿੰਦਰ ਕੌਰ, ਲੁਧਿਆਣਾ

ਨਸ਼ਿਆਂ ਦੀ ਮਾਰ

3 ਅਕਤੂਬਰ ਨੂੰ ਮੋਹਨ ਸ਼ਰਮਾ ਦਾ ਮਿਡਲ ‘ਹੰਝੂਆਂ ਦੀ ਭਾਸ਼ਾ’ ਪੜ੍ਹਿਆ। ਮਿਡਲ ਪੜ੍ਹਦਿਆਂ ਕਈ ਵਾਰ ਦਿਲ ਉਦਾਸ ਹੋਇਆ ਕਿ ਕਿਹੋ ਜਿਹੇ ਲੋਕ ਨੇ ਜੋ ਨਸ਼ਿਆਂ ਪਿੱਛੇ ਆਪਣੇ ਹੋਣਹਾਰ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਭਲਾ ਹੋਵੇ ਲੇਖਕ ਦਾ ਜਿਨ੍ਹਾਂ ਦੀ ਪਹਿਲਕਦਮੀ ਨਾਲ ਹੋਣਹਾਰ ਲੜਕੀ ਦੇ ਪਿਤਾ ਨੇ ਸ਼ਰਾਬ ਛੱਡੀ ਅਤੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਸਿਰਜਿਆ ਗਿਆ। ਜਿਹੜਾ ਕੰਮ ਸਾਡੀਆਂ ਸਰਕਾਰਾਂ ਨਹੀਂ ਕਰ ਸਕਦੀਆਂ, ਉਹ ਕੰਮ ਲੇਖਕ ਅਤੇ ਉਨ੍ਹਾਂ ਦੇ ਦੋਸਤਾਂ ਨੇ ਕਰ ਦਿਖਾਇਆ ਹੈ।
ਸ ਸ ਰਮਲਾ, ਸੰਗਰੂਰ

ਉਲਟ ਫ਼ਤਵਾ

2 ਅਕਤੂਬਰ ਨੂੰ ਜਗਦੀਪ ਐੱਸ ਛੋਕਰ ਦਾ ਲੇਖ ‘ਇਕ ਦੇਸ਼ ਇਕ ਚੋਣ ਦਾ ਭਰਮਜਾਲ’ ਪਡਿ਼੍ਹਆ। ਚੰਗਾ ਵਿਸ਼ਲੇਸ਼ਣ ਹੈ। ਚੋਣਾਂ ’ਤੇ ਖ਼ਰਚੇ ਦੀ ਗੱਲ ਕਰਨਾ ਤਾਂ ਇਵੇਂ ਹੈ ਜਿਵੇਂ ਅਸੀਂ ਕੋਈ ਵਸਤੂ ਖਰੀਦਣੀ ਹੋਵੇ। ਚੋਣਾਂ ਲੋਕਤੰਤਰ ਦੀ ਜਿੰਦ ਜਾਨ ਹਨ ਜਿਹੜੀਆਂ ਲੋਕਤੰਤਰ ਦੇ ਖ਼ਾਸੇ ਨੂੰ ਜਨਮ ਦਿੰਦੀਆਂ ਹਨ ਅਤੇ ਖ਼ਾਸਾ ਕੋਈ ਵਸਤੂ ਨਹੀਂ ਹੰੁਦਾ ਜਿਹੜੀ ਖਰੀਦੀ ਜਾ ਸਕੇ। ਇਸ ਦੀ ਗੁਣਵੱਤਾ ਲਈ ਮਹਿੰਗੇ ਤੋਂ ਮਹਿੰਗਾ ਮੁੱਲ ਤਾਰਨਾ ਵੀ ਸਸਤਾ ਪਵੇਗਾ। ਪ੍ਰਭਾਵ ਇਹ ਜਾ ਰਿਹਾ ਹੈ ਕਿ ਮੌਜੂਦਾ ਸਰਕਾਰ ਵਪਾਰੀ ਬਿਰਤੀ ਦੀ ਸਰਕਾਰ ਹੈ ਪਰ ਵਪਾਰੀ ਕਦੇ ਵੀ ਨਿੱਜੀ ਹਿੱਤ ਤੋਂ ਉੱਪਰ ਨਹੀਂ ਉੱਠ ਸਕਿਆ। ਇਕ ਦੇਸ਼ ਇਕ ਚੋਣ ਦਾ ਪ੍ਰਬੰਧ ਅਜ਼ਮਾਇਆ ਜਾ ਚੁੱਕਿਆ ਹੈ ਅਤੇ ਧਰਾਤਲੀ ਹਕੀਕਤ ਨੇ ਇਸ ਦੇ ਉਲਟ ਫਤਵਾ ਦਿੱਤਾ ਹੈ। ਹਕੀਕਤ ਤੋਂ ਸਬਕ ਸਿੱਖਣਾ ਹੀ ਸਮਝਦਾਰੀ ਹੈ।
ਜਗਰੂਪ ਸਿੰਘ, ਉਭਾਵਾਲ

Advertisement
Author Image

Advertisement