ਡਾਕ ਐਤਵਾਰ ਦੀ
ਜਾਣਕਾਰੀ ਭਰਪੂਰ ਅੰਕ
ਐਤਵਾਰ, 25 ਅਗਸਤ ਦੇ ‘ਦਸਤਕ’ ਅੰਕ ਵਿੱਚ ਸਿੱਧੂ ਦਮਦਮੀ ਦਾ ਲੇਖ ‘ਫਲੈਸ਼’ ਪੜ੍ਹਿਆ, ਬਹੁਤ ਹੀ ਜਾਣਕਾਰੀ ਭਰਪੂਰ ਸੀ। ਇਸ ਵਿੱਚ ਉਨ੍ਹਾਂ ਨੇ ਸਾਬਕਾ (ਮਰਹੂਮ) ਮੁੱਖ ਮੰਤਰੀ ਬੇਅੰਤ ਸਿੰਘ ਬਾਰੇ ਦੱਸਿਆ ਜੋ ਕਿ ਸਾਰੇ ਭਰਮ ਭੁਲੇਖੇ ਦੂਰ ਕਰ ਗਿਆ। ਸਿੱਧੂ ਹੋਰਾਂ ਨੇ ਆਪਣੇ ਕੰਮ ਕਰਨ ਦੇ ਢੰਗ ਬਾਰੇ ਵੀ ਦੱਸਿਆ ਹੈ ਜੋ ਕਿ ਕਾਬਲੇ ਤਾਰੀਫ਼ ਸੀ। ਜਸਬੀਰ ਭੁੱਲਰ ਦਾ ‘ਤੇਹ ਦਾ ਸਿਰਨਾਵਾਂ’ ਵੀ ਬਹੁਤ ਵਧੀਆ ਲੱਗਿਆ ਜੋ ਸੁਰਜੀਤ ਪਾਤਰ ਦੀ ਯਾਦ ਤਾਜ਼ਾ ਕਰਵਾ ਗਿਆ। ਪਾਤਰ ਹੋਰਾਂ ਨੂੰ ਉਨ੍ਹਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਮਿਲਣ ਦਾ ਮੌਕਾ ਮਿਲਿਆ ਸੀ। ਉਹ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ। ਅਰਵਿੰਦਰ ਜੌਹਲ ਦਾ ਲੇਖ ‘ਸਿਆਸਤ ਦਾ ਸੰਵੇਦਨਹੀਣ ਅਕਸ’ ਸਿਆਸਤਦਾਨਾਂ ਦੀਆਂ ਦੋਗਲੀਆਂ ਗੱਲਾਂ ਦੀ ਪਰਤ ਖੋਲ੍ਹ ਗਿਆ। ਸਮੁੱਚਾ ਅੰਕ ਪ੍ਰਭਾਵਸ਼ਾਲੀ ਸੀ।
ਗੁਰਚਰਨ ਸਿੰਘ, ਘੰਗਰੋਲੀ (ਪਟਿਆਲਾ)
ਨੀਵੇਂ ਪੱਧਰ ਦੀ ਸਿਆਸਤ
ਐਤਵਾਰ, 18 ਅਗਸਤ ਨੂੰ ਅਰਵਿੰਦਰ ਜੌਹਲ ਨੇ ਆਪਣੇ ਲੇਖ ‘ਉਹ ਜਿੱਤ ਹੀ ਗਈ ਸੰਘਰਸ਼ ਦੀ ਬਾਜ਼ੀ’ ਰਾਹੀਂ ਭਾਰਤ ਦੀ ਧੀ ਵਿਨੇਸ਼ ਫੋਗਾਟ ਦੀ ਪੈਰਿਸ ਓਲੰਪਿਕ ਦੇ ਮਹਿਲਾ ਕੁਸ਼ਤੀ ਮੁਕਾਬਲਿਆਂ ਦੌਰਾਨ ਦਿੱਖ ਅਤੇ ਅਦਿੱਖ ਵਿਰੋਧੀਆਂ ਨਾਲ ਲੜਨ ਦੀ ਮਾਰਮਿਕ ਗਾਥਾ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਕਰੋੜਾਂ ਭਾਰਤੀਆਂ ਦੇ ਦਿਲਾਂ ਵਿੱਚੋਂ ਉਸ ਲਈ ਉੱਠੀਆਂ ਦੁਆਵਾਂ ਸਦਕਾ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਜਿੱਤ ਕੇ ਓਲੰਪਿਕ ਪਿੜ ਦੇ ਜੇਤੂ ਮੰਚ ’ਤੇ ਚੜ੍ਹਨ ਦਾ ਸੁਪਨਾ ਸਜਾਉਣ ਵਾਲੀ ਵਿਨੇਸ਼ ਨੀਵੇਂ ਪੱਧਰ ਦੀ ਸਿਆਸਤ ਅਤੇ ਸਾਜ਼ਿਸ਼ੀ ਖੇਡ ਤੰਤਰ ਦੁਆਰਾ ਰਚੇ ਗਏ ਘਟਨਾਕ੍ਰਮ ਵਿੱਚ ਹਾਰ ਦੀ ਸ਼ਿਕਾਰ ਹੋ ਗਈ ਜਾਪਦੀ ਹੈ। ਵੱਖ-ਵੱਖ ਖੇਡ ਫੈਡਰੇਸ਼ਨਾਂ ਦੁਆਰਾ ਭਾਰਤੀ ਸਟਾਰ ਖਿਡਾਰੀਆਂ ਦੀ ਬਲੀ ਲੈਣ ਦਾ ਇਹ ਪਹਿਲਾ ਮਾਮਲਾ ਨਹੀਂ ਸੀ। ਸਾਲ 1978 ਵਿੱਚ ਬਿਊਨਸ ਆਇਰਸ ਦੇ ਵਿਸ਼ਵ ਹਾਕੀ ਕੱਪ ਟੀਮ ਵਿੱਚੋਂ ਉਸ ਸਮੇਂ ਦੇ ਚੋਟੀ ਦੇ ਖਿਡਾਰੀਆਂ ਸੁਰਜੀਤ ਸਿੰਘ ਅਤੇ ਬਲਦੇਵ ਸਿੰਘ ਨੂੰ ਅਜਿਹੀ ਹੀ ਸਾਜ਼ਿਸ਼ ਤਹਿਤ ਬਾਹਰ ਕਰ ਦਿੱਤਾ ਗਿਆ ਸੀ ਜਿਸ ਕਾਰਨ 1975 ਵਿੱਚ ਕੁਆਲਾਲੰਪੁਰ ਵਿਖੇ ਹੋਏ ਹਾਕੀ ਵਿਸ਼ਵ ਕੱਪ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਸੱਤਵੇਂ ਸਥਾਨ ’ਤੇ ਪਹੁੰਚ ਗਈ। ਇਸੇ ਤਰ੍ਹਾਂ ਨਵੀਂ ਦਿੱਲੀ ਵਿਖੇ 1982 ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵਿੱਚੋਂ ਸੁਰਿੰਦਰ ਸਿੰਘ ਸੋਢੀ ਨੂੰ ਸਾਜ਼ਿਸ਼ੀ ਤਰੀਕੇ ਨਾਲ ਕੱਢਣ ਕਾਰਨ ਟੀਮ ਨੂੰ ਫਾਈਨਲ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਵੇਲਾ ਹੈ ਕਿ ਭਾਰਤੀ ਖੇਡ ਤੰਤਰ ਵਿੱਚੋਂ ਸਿਆਸਤ ਨੂੰ ਖ਼ਤਮ ਕਰਕੇ ਖਿਡਾਰੀਆਂ ਦੇ ਸਵੈ-ਮਾਣ ਅਤੇ ਸਨਮਾਨ ਨੂੰ ਬਹਾਲ ਕਰਕੇ ਉਨ੍ਹਾਂ ਨੂੰ ਸੰਸਾਰ ਪੱਧਰ ਦੇ ਖੇਡ ਮੁਕਾਬਲਿਆਂ ਦੇ ਹਾਣੀ ਬਣਾਇਆ ਜਾ ਸਕੇ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
ਦੇਸ਼ ਵੰਡ ਦੇ 77 ਵਰ੍ਹੇ ਤੇ ਵਹਿਸ਼ੀਪੁਣਾ
ਐਤਵਾਰ, 11 ਅਗਸਤ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਸਫ਼ਾ 8 ਉੱਪਰ ਸਾਂਝੀ ਧਰਤ ’ਤੇ ਲਹੂ ਭਿੱਜੀ ਲਕੀਰ ਹੇਠ ਕ੍ਰਿਸ਼ਨ ਚੰਦਰ ਦੀ ਕਹਾਣੀ
‘ਪਿਸ਼ਾਵਰ ਐਕਸਪ੍ਰੈਸ’ ਪੜ੍ਹ ਕੇ ਦਿਲ ਦਹਿਲਾ ਦੇਣ ਵਾਲੀ ਉਸ ਹਕੀਕਤ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਜਿਸ ਬਾਰੇ ਅਸੀਂ ਆਪਣੇ ਮਾਂ-ਬਾਪ ਅਤੇ ਦਾਦਾ-ਦਾਦੀ ਵੱਲੋਂ ਪਿੰਡੇ ਉੱਪਰ ਹੰਢਾਇਆ ਹੋਇਆ ਮਨੁੱਖੀ ਘਾਣ ਅਤੇ ਵਹਿਸ਼ੀਪੁਣੇ ਦਾ ਸੱਚ ਉਨ੍ਹਾਂ ਦੀ ਜ਼ੁਬਾਨੀ ਸੁਣ ਕੇ ਸੁੰਨ ਜਿਹੇ ਹੋ ਜਾਇਆ ਕਰਦੇ ਸੀ। ਉਪਰੰਤ ਉਹ ਖ਼ੁਦ ਵੀ ਗੱਲ ਕਰਦਿਆਂ ਕਰਦਿਆਂ ਭਾਵੁਕ ਹੋ ਜਾਇਆ ਕਰਦੇ ਸਨ। ਇਸ ਗਾਥਾ ਨੇ ਬਹੁਤ ਸਾਰੀਆਂ ਲੁਕੀਆਂ ਹਕੀਕਤਾਂ ਨੂੰ ਜ਼ਾਹਿਰ ਕੀਤਾ ਹੈ ਜਿਨ੍ਹਾਂ ਦਾ ਵਰਤਮਾਨ ਰਾਜਸੀ ਸੰਦਰਭ ਵਿੱਚ ਵਿਸ਼ਲੇਸ਼ਣ ਕਰਨਾ ਬਣਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ‘ਪੰਜਾਬੀ ਟ੍ਰਿਬਿਊਨ’ ਦਾ 11 ਅਗਸਤ 2024 ਦਾ ਇਹ ਸਮੁੱਚਾ ਅੰਕ ਸਾਂਭਣ ਯੋਗ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਕਸ਼ਮੀਰ ਘੇਸਲ, ਚੰਡੀਗੜ੍ਹ