ਡਾਕ ਐਤਵਾਰ ਦੀ
ਜਾਣਕਾਰੀ ਭਰਪੂਰ ਰਚਨਾ
ਐਤਵਾਰ, 9 ਜੂਨ ਨੂੰ ‘ਦਸਤਕ’ ਅੰਕ ਵਿੱਚ ਅਸ਼ਵਨੀ ਚਤਰਥ ਦਾ ਅੰਟਾਰਕਟਿਕ ਮਹਾਂਦੀਪ ਬਾਰੇ ਛਪਿਆ ਲੇਖ ਜਾਣਕਾਰੀ ਭਰਪੂਰ ਸੀ। ਲੇਖਕ ਦੁਆਰਾ ਪੇਸ਼ ਕੀਤੇ ਗਏ ਤੱਥ ਇਸ ਮਹਾਂਦੀਪ ਦੇ ਇਤਿਹਾਸ ਨੂੰ ਦਰਸਾਉਂਦੇ ਹਨ। ਇਸ ਲੇਖ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਖਣਿਜ ਪਦਾਰਥਾਂ ਨਾਲ ਭਰਪੂਰ ਹੋਣ ਕਰਕੇ ਇਹ ਸਥਾਨ ਕਿੰਨੇ ਸਾਲਾਂ ਤੋਂ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਹਰਪ੍ਰੀਤ ਕੌਰ ਪਬਰੀ, ਬਲਸੂਆਂ
ਪੰਜਵੇਂ ਪਾਤਸ਼ਾਹ ਦੀ ਸ਼ਹੀਦੀ
ਐਤਵਾਰ, 9 ਜੂਨ ਦੇ ‘ਦਸਤਕ’ ਅੰਕ ਵਿੱਚ ਆਤਮਜੀਤ ਦੁਆਰਾ ਲਿਖੀ ਰਚਨਾ ‘ਪੰਜਵੇਂ ਪਾਤਸ਼ਾਹ ਦੀ ਸ਼ਹਾਦਤ’ ਗੁਰੂ ਅਰਜਨ ਜੀ ਦੁਆਰਾ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਦਿੱਤੀ ਗਈ ਸ਼ਹਾਦਤ ਪਿੱਛੇ ਛੁਪੇ ਅਸਲ ਕਾਰਨਾਂ ਨੂੰ ਉਜਾਗਰ ਕਰਦੀ ਹੈ। ਬਹੁਤੀਆਂ ਪਾਠ ਪੁਸਤਕਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੇ ਕਾਰਨ ਚੰਦੂ ਦੀ ਗੁਰੂ ਸਾਹਿਬ ਨਾਲ ਪੁਰਾਣੀ ਖ਼ਾਰ ਹੀ ਦੱਸਿਆ ਗਿਆ ਹੈ ਪਰ ਆਤਮਜੀਤ ਦੇ ਲੇਖ ਵਿੱਚ ਇਤਿਹਾਸਕਾਰ ਗੰਡਾ ਸਿੰਘ ਦੁਆਰਾ ਕੀਤੀ ਖੋਜ ਦੇ ਦਿੱਤੇ ਹਵਾਲੇ ਅਸਲੀਅਤ ਬਿਆਨ ਕਰਦੇ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿਰਫ਼ ਸਿੱਖ ਧਰਮ ਦੀ ਰੱਖਿਆ ਲਈ ਨਹੀਂ ਸੀ ਸਗੋਂ ਹਰ ਉਸ ਹਕੂਮਤ ਦੇ ਖ਼ਿਲਾਫ਼ ਸੀ ਜੋ ਧੱਕੇਸ਼ਾਹੀ ਅਤੇ ਸ਼ਾਸਨ ਦੇ ਜ਼ੋਰ ’ਤੇ ਮਜ਼ਲੂਮ ਲੋਕਾਂ ਦੇ ਧਰਮ ਬਦਲਣ ਦੀ ਨੀਤੀ ਰੱਖਦੀ ਸੀ। ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਜੀਵਨ ਨੂੰ ਚੰਗੇ ਕੰਮਾਂ ਨਾਲ ਜੋੜਨਾ ਚਾਹੀਦਾ ਹੈ।
ਐਤਵਾਰ, 2 ਜੂਨ ਦੇ ‘ਦਸਤਕ’ ਵਿੱਚ ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਅਦਾਕਾਰੀ ਤੇ ਆਵਾਜ਼ ਦਾ ਜਾਦੂਗਰ ਤਲਤ ਹੁਸੈਨ’ ਪਾਕਿਸਤਾਨ ਸਿਨੇਮਾ ਦੇ ਨਹੀਂ ਸਗੋਂ ਪੂਰੀ ਦੁਨੀਆ ਦੇ ਸਿਨੇਮਾ ਜਗਤ ਵਿੱਚ ਬੇਮਿਸਾਲ ਅਦਾਕਾਰੀ ਲਈ ਜਾਣੇ ਜਾਂਦੇ ਤਲਤ ਹੁਸੈਨ ਵਾਰਸੀ ਦੀ ਜ਼ਿੰਦਗੀ ’ਤੇ ਸੰਖੇਪ ਝਾਤ ਪਾਉਂਦਾ ਹੈ। ਅਦਾਕਾਰ, ਲੇਖਕ ਅਤੇ ਗਾਇਕ ਸਭਨਾਂ ਦਾ ਸਾਂਝਾ ਹੁੰਦਾ ਹੈ ਕਿਉਂਕਿ ਉਸ ਦਾ ਮਕਸਦ ਵੰਡ ਦੀਆਂ ਕੰਧਾਂ ਉਸਾਰਨਾ ਨਹੀਂ ਸਗੋਂ ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹਣਾ ਹੁੰਦਾ ਹੈ। ਆਪਣੀ ਜ਼ਿੰਦਗੀ ਦੌਰਾਨ ਤਲਤ ਹੁਸੈਨ ਨੇ ਹਮੇਸ਼ਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੰਗੇ ਰਿਸ਼ਤੇ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ। ਉਹ ਸਾਂਝੀ ਵਿਰਾਸਤ ਦਾ ਸਾਂਝਾ ਕਲਾਕਾਰ ਰਿਹਾ। ਬਹੁਤ ਸਾਰੇ ਅਜਿਹੇ ਅਦਾਕਾਰ ਹੋਏ ਹਨ ਜਿਹੜੇ ਆਪਣੇ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹਰਮਨ ਪਿਆਰੇ ਰਹੇ। ਤਲਤ ਹੁਸੈਨ ਉਨ੍ਹਾਂ ਵਿੱਚੋਂ ਹੀ ਇੱਕ ਸੀ।
ਐਤਵਾਰ, 26 ਮਈ ਦੇ ‘ਦਸਤਕ’ ਅੰਕ ਵਿੱਚ ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਲੇਖ ‘ਨਿੱਕੀ ਕਹਾਣੀ ਦੇ ਬਾਦਸ਼ਾਹ ਦੀ ਵੱਡੀ ਸਲਤਨਤ’ ਵਿੱਚ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਤੇ ਨਿੱਕੀ ਕਹਾਣੀ ਦੇ ਵੱਡੇ ਲੇਖਕ ਵਜੋਂ ਜਾਣੇ ਜਾਂਦੇ ਕੁਲਵੰਤ ਸਿੰਘ ਵਿਰਕ ਦੀ ਜ਼ਿੰਦਗੀ ’ਤੇ ਸੰਖੇਪ ਝਾਤ ਪੁਆਈ ਹੈ। ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਰਾਹੀਂ ਪੰਜਾਬੀ ਸੱਭਿਆਚਾਰ, ਪੰਜਾਬੀ ਕਿਰਸਾਨੀ, ਪਿੰਡਾਂ ਦੀ ਤਸਵੀਰ ਦੇ ਨਾਲ ਨਾਲ ਪੰਜਾਬ ਦੁਆਰਾ ਸਮੇਂ ਸਮੇਂ ਹੰਢਾਏ ਦੁਖਾਂਤਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕੁਲਵੰਤ ਸਿੰਘ ਵਿਰਕ ਦੁਆਰਾ ਦੇਸ਼ ਵੰਡ ਬਾਰੇ ਲਿਖੀਆਂ ਕਹਾਣੀਆਂ ਜਿਨ੍ਹਾਂ ਵਿੱਚ ਮੈਨੂੰ ਜਾਣਨੈ, ਓਪਰੀ ਧਰਤੀ, ਮੁਰਦੇ ਦੀ ਤਾਕਤ ਤੇ ਖੱਬਲ ਬਹੁਤ ਚਰਚਿਤ ਹਨ। ਇਨ੍ਹਾਂ ਕਹਾਣੀਆਂ ਵਿੱਚ ਦੇਸ਼ਵੰਡ ਕਰਕੇ ਦੋਵੇਂ ਪੰਜਾਬਾਂ ਦੇ ਲੋਕਾਂ ਦੁਆਰਾ ਹੰਢਾਏ ਦੁੱਖ ਤਕਲੀਫ਼ਾਂ ਨੂੰ ਬਾਖ਼ੂਬੀ ਚਿਤਰਿਆ ਹੈ। ਨਵੇਂ ਉੱਭਰ ਰਹੇ ਕਹਾਣੀਕਾਰਾਂ ਲਈ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਪ੍ਰੇਰਨਾ ਅਤੇ ਸੇਧ ਦੇਣ ਵਾਲੀਆਂ ਹਨ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਸ਼ਾਇਰ ਦੀ ਯਾਦ
ਐਤਵਾਰ, 26 ਮਈ ਦੇ ਅੰਕ ਵਿੱਚ ਨਾਟਕਕਾਰ ਆਤਮਜੀਤ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਨਾਲ ਸਾਂਝੇ ਕੀਤੇ ਪਲਾਂ ਨੂੰ ਸ਼ਿੱਦਤ ਨਾਲ ਯਾਦ ਕੀਤਾ ਹੈ। ਸਾਡੇ ਕਵੀ ਸ਼ਿਵ ਤੇ ਪਾਸ਼ ਨਾਲੋਂ ਸੁਰਜੀਤ ਪਾਤਰ ਦੇ ਵਖਰੇਵੇਂ ਦਾ ਜ਼ਿਕਰ ਹੈ। ਪਾਸ਼ ਇਨਕਲਾਬੀ ਕਵੀ ਸੀ ਅਤੇ ਸ਼ਿਵ ਦੀ ਸ਼ਾਇਰੀ ਵਿੱਚ ਵਿਗੋਚਾ ਤੇ ਬਿਰਹਾ ਪ੍ਰਧਾਨ ਸੀ ਜਦੋਂਕਿ ਸੁਰਜੀਤ ਪਾਤਰ ਸਮਾਜਿਕ ਤੇ ਸਿਆਸੀ ਮਸਲਿਆਂ ਨੂੰ ਸ਼ਿੱਦਤ ਨਾਲ ਕਵਿਤਾ ਵਿੱਚ ਪੇਸ਼ ਕਰਦਾ ਰਿਹਾ। ਇਸੇ ਅੰਕ ’ਚ ਕਮਲੇਸ਼ ਉੱਪਲ, ਡਾ. ਤਰਲੋਚਨ ਕੌਰ ਪਟਿਆਲਾ, ਰਜਵਿੰਦਰ ਪਾਲ ਸ਼ਰਮਾ ਤੇ ਤਰਕਸ਼ੀਲ ਸਾਹਿਤਕਾਰ ਸੁਮੀਤ ਸਿੰਘ ਦੀਆਂ ਪਾਤਰ ਨਾਲ ਜੁੜੀਆਂ ਯਾਦਾਂ ਪੜ੍ਹੀਆਂ। ਇਸ ਅੰਕ ਵਿੱਚ ਹੀ ਅਮ੍ਰਤ ਦੇ ਲਿਖੇ ਵਿਅੰਗ ‘ਸੰਪਾਦਕ ਵਿਚਾਰਾ ਕੀ ਕਰੇ’ ਵਿੱਚ ਪੰਜਾਬੀ ਸ਼ਬਦ ਜੋੜਾਂ ਦੀ ਚਰਚਾ ਹੈ। ਇਹ ਮਸਲਾ ਹਲਕਾ ਫੁਲਕਾ ਨਹੀਂ ਸਗੋਂ ਬੇਹੱਦ ਸੰਜੀਦਾ ਹੈ ਕਿਉਂਕਿ ਇੱਕ ਮਾਮੂਲੀ ਜਿਹੀ ਗ਼ਲਤੀ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਅਖ਼ਬਾਰ ਦੇ ਸਾਰੇ ਅਮਲੇ ਦੀ ਸਾਂਝੀ ਜ਼ਿੰੰਮੇਵਾਰੀ ਹੈ; ਇਕੱਲੇ ਸੰਪਾਦਕ ਦੀ ਨਹੀਂ। ‘ਪੰਜਾਬੀ ਟ੍ਰਿਬਿਊਨ’ ਇਸ ਗੱਲੋਂ ਬਹੁਤ ਸੰਜੀਦਾ ਤੇ ਮਿਆਰੀ ਅਖ਼ਬਾਰ ਹੈ ਜੋ ਸ਼ਬਦ ਜੋੜਾਂ ਪ੍ਰਤੀ ਬਹੁਤ ਜ਼ਿੰੰਮੇਵਾਰ ਹੈ। ਗੁਲਜ਼ਾਰ ਸਿੰਘ ਸੰਧੂ ਨੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਬਾਰੇ ਲਿਖ ਕੇ ਵਿਰਕ ਨੂੰ ਯਾਦ ਕੀਤਾ ਹੈ। ਕੁਲਵੰਤ ਸਿੰਘ ਵਿਰਕ ਪੰਜਾਬੀ ਕਹਾਣੀ ਦਾ ਵੱਡਾ ਥੰਮ ਸੀ। ਉਸ ਦੀਆਂ ਕੁਝ ਕਹਾਣੀਆਂ ਵਿੱਚ ਦੇਸ਼ ਵੰਡ ਸਮੇਂ ਦਾ ਜ਼ਿਕਰ ਹੈ ਜੋ ਕਹਾਣੀਕਾਰ ਨੇ ਖ਼ੁਦ ਵੇਖਿਆ ਸੀ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਜੰਗ ਕਿਸੇ ਮਸਲੇ ਦਾ ਹੱਲ ਨਹੀਂ
ਐਤਵਾਰ, 28 ਅਪਰੈਲ ਦੇ ‘ਦਸਤਕ’ ਅੰਕ ਵਿੱਚ ਡਾ. ਕੁਲਦੀਪ ਕੌਰ ਦਾ ਲੇਖ ‘ਸੰਵੇਦਨਸ਼ੀਲ ਸਵਾਲ ਖੜ੍ਹੇ ਕਰਦੀ ਫਿਲਮ: ਦਿ ਜ਼ੋਨ ਆਫ ਇੰਟਰਸਟ’ ਬਹੁਤ ਵਧੀਆ ਲੱਗਿਆ। ਲੇਖਿਕਾ ਨੇ ਨਿਰਦੇਸ਼ਕ ਜੌਨਾਥਨ ਗਲੇਜ਼ਰ ਦੀ ਇਸ ਫਿਲਮ ਬਾਰੇ ਇੰਨੇ ਕਲਾਮਈ ਢੰਗ ਨਾਲ ਵਿਚਾਰ ਪ੍ਰਗਟਾਏ ਹਨ ਕਿ ਫਿਲਮ ਦੇ ਸਾਰੇ ਦ੍ਰਿਸ਼ ਚਲ-ਚਿੱਤਰ ਵਾਂਗ ਅੱਖਾਂ ਅੱਗੇ ਆ ਜਾਂਦੇ ਹਨ। ਲੇਖ ਵਿੱਚ ਨਾਜ਼ੀਆਂ ਦੁਆਰਾ ਯਹੂਦੀਆਂ ਉੱਤੇ ਕੀਤੇ ਗਏ ਜ਼ੁਲਮਾਂ ਦਾ ਯਥਾਰਥਕ ਅਤੇ ਕਰੁਣਾਮਈ ਵਰਣਨ ਹੈ। ਇਸ ਦੇ ਨਾਲ ਹੀ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਕੀਤੀਆਂ ਗਈਆਂ ਅਣਮਨੁੱਖੀ ਕਾਰਵਾਈਆਂ ਦੀ ਵੀ ਨਿੰਦਾ ਕੀਤੀ ਗਈ ਹੈ।
ਇਹ ਸਾਰਾ ਕੁਝ ਬਹੁਤ ਉਦਾਸ ਤੇ ਗ਼ਮਗੀਨ ਕਰਨ ਵਾਲਾ ਹੈ ਜਦੋਂਕਿ ਬਾਰਾਂ ਸਾਲਾਂ ਦੀ ਪੋਲਿਸ਼ ਕੁੜੀ ਦਾ ਭੁੱਖੇ ਮਰ ਰਹੇ ਯਹੂਦੀ ਕੈਦੀਆਂ ਲਈ ਹਰ ਰੋਜ਼ ਰਾਤ ਨੂੰ ਕੈਂਪ ਦੇ ਆਲੇ-ਦੁਆਲੇ ਲਾਈਆਂ ਵਾੜਾਂ ਅਤੇ ਖਾਲਾਂ ਵਿੱਚ ਸੇਬ ਲੁਕਾ ਕੇ ਰੱਖ ਜਾਣ ਦਾ ਵਾਕਿਆ ਪੂਰੀ ਫਿਲਮ ਵਿੱਚ ਜਾਨ ਪਾ ਗਿਆ। ਇਹ ਸੇਬ ਉਹ ਇਸ ਲਈ ਲੁਕਾ ਕੇ ਰੱਖ ਜਾਂਦੀ ਸੀ ਮਤੇ ਉਹ ਭੁੱਖੇ ਨਾ ਮਰ ਜਾਣ। ਉਸ ਨਿੱਕੀ ਜਿਹੀ ਬੱਚੀ ਦੀ ਵਿਸ਼ਾਲ ਤੇ ਸੁਹਿਰਦ ਸੋਚ ਪੂਰੇ ਸੰਸਾਰ ਲਈ ਚਾਨਣ ਦਾ ਛਿੱਟਾ ਹੈ। ਫਿਲਮ ਵਿੱਚ ਉਠਾਇਆ ਗਿਆ ਸਵਾਲ ਫਾਸ਼ੀਵਾਦੀ ਸੋਚ ਵਾਲੇ ਉਨ੍ਹਾਂ ਸਾਰੇ ਲੋਕਾਂ ਲਈ ਬਹੁਤ ਵੱਡਾ ਸਬਕ ਹੈ ਜਦੋਂ ਉਹ ਸਟੇਟ ਦਾ ਹਿੱਸਾ ਬਣ ਕੇ ਜ਼ਿੰਮੇਵਾਰ ਅਹੁਦਿਆਂ ’ਤੇ ਬੈਠ ਕੇ ਆਮ ਨਾਗਰਿਕਾਂ ਦੀ ਕਤਲੋਗਾਰਤ ਕਰਦੇ ਹਨ। ਅਜਿਹੇ ਲੋਕਾਂ ਦੀ ਜ਼ਮੀਰ ਕਿਵੇਂ ਮਰ ਜਾਂਦੀ ਹੈ, ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਰੋਕਦੇ ਕਿਉਂ ਨਹੀਂ? ਮੁਲਕ ਚਾਹੇ ਕੋਈ ਵੀ ਹੋਵੇ, ਅਣਮਨੁੱਖੀ ਸੋਚ ਕਾਰਨ ਤੀਜੀ ਜੰਗ ਦੇ ਬੱਦਲ ਸਾਰੇ ਪਾਸੇ ਛਾਏ ਹੋਏ ਹਨ। ਹੰਕਾਰ ਦੀ ਇੱਕ ਚੰਗਿਆੜੀ ਪੂਰੀ ਦੁਨੀਆ ਨੂੰ ਤਬਾਹ ਕਰ ਸਕਦੀ ਹੈ। ਸਮਾਂ ਰਹਿੰਦੇ ਇਸ ਦੇ ਖ਼ਤਰਨਾਕ ਨਤੀਜਿਆਂ ਤੋਂ ਬਚਣ ਦੀ ਲੋੜ ਹੈ। ਬਾਅਦ ਵਿੱਚ ਪਛਤਾਇਆਂ ਹੀਰੋਸ਼ੀਮਾ ਤੇ ਨਾਗਾਸਾਕੀ ਵਾਂਗ ਕੁਝ ਨਹੀਂ ਬਚਣਾ।
ਡਾ. ਤਰਲੋਚਨ ਕੌਰ, ਪਟਿਆਲਾ