For the best experience, open
https://m.punjabitribuneonline.com
on your mobile browser.
Advertisement

ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਦੀ ਮਾੜੀ ਹਾਲਤ

07:40 AM Jul 09, 2024 IST
ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਦੀ ਮਾੜੀ ਹਾਲਤ
ਅੰਮ੍ਰਿਤ ਆਨੰਦ ਪਾਰਕ ’ਚ ਜੱਲ੍ਹਿਆਂਵਾਲਾ ਬਾਗ ਮੈਮੋਰੀਅਲ ਦੀਆਂ ਉਖੜੀਆਂ ਟਾਈਲਾਂ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਜੁਲਾਈ
ਸਥਾਨਕ ਰਣਜੀਤ ਐਵਨਿਊ ਸਥਿਤ ਆਨੰਦ ਅੰਮ੍ਰਿਤ ਪਾਰਕ ਵਿੱਚ ਸਥਾਪਿਤ ਕੀਤੀ ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਇਸ ਵੇਲੇ ਮਾੜੀ ਹਾਲਤ ਵਿੱਚ ਹੈ। ਪਾਰਕ ਦੀ ਕੋਈ ਸਾਂਭ ਸੰਭਾਲ ਨਾ ਹੋਣ ਕਾਰਨ ਟਾਈਲਾਂ ਡਿੱਗ ਰਹੀਆਂ ਹਨ, ਲਾਈਟਾਂ ਗਾਇਬ ਹਨ ਅਤੇ ਪਾਰਕ ਵਿੱਚ ਬੂਟਿਆਂ ਦਾ ਰੱਖ ਰਖਾਅ ਵੀ ਠੀਕ ਢੰਗ ਨਾਲ ਨਹੀਂ ਹੋ ਰਿਹਾ ਹੈ। ਇਹ ਯਾਦਗਾਰ ਅਗਸਤ 2021 ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀ ਗਈ ਸੀ। ਇਹ ਯਾਦਗਾਰ ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਕਰਦਿਆ ਉਸਾਰੀ ਗਈ ਸੀ।
ਜੱਲ੍ਹਿਆਂਵਾਲਾ ਬਾਗ ਯਾਦਗਾਰ ਹੋਣ ਦੇ ਬਾਵਜੂਦ ਸ਼ਤਾਬਦੀ ਨੂੰ ਸਮਰਪਿਤ ਇਹ ਇੱਕ ਨਵੀਂ ਯਾਦਗਾਰ ਸ਼ਹਿਰ ਦੇ ਬਾਹਰ ਰਣਜੀਤ ਐਵਨਿਊ ਇਲਾਕੇ ਵਿੱਚ ਬਾਈਪਾਸ ਨੇੜੇ ਉਸਾਰੀ ਗਈ ਸੀ। ਇਸ ਦੇ ਉਦਘਾਟਨ ਵੇਲੇ ਜੱਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸੱਦਿਆ ਗਿਆ ਸੀ ਅਤੇ ਸਨਮਾਨਿਤ ਕੀਤਾ ਗਿਆ। ਇਹ ਯਾਦਗਾਰ ਲਗਪਗ 3.5 ਕਰੋੜ ਰੁਪਏ ਦੀ ਲਾਗਤ ਨਾਲ ਡੇਢ ਏਕੜ ਰਕਬੇ ਵਿੱਚ ਸਥਾਪਿਤ ਕੀਤੀ ਗਈ ਸੀ । ਸ਼ਹੀਦਾਂ ਨੂੰ ਸਮਰਪਿਤ ਸਤੰਭ ਬਣਾਏ ਗਏ ਸਨ ਅਤੇ ਸ਼ਹੀਦਾਂ ਦੀ ਇੱਕ ਸੂਚੀ ਵੀ ਇੱਥੇ ਅੰਕਿਤ ਕੀਤੀ ਗਈ ਸੀ। ਇਸ ਵੇਲੇ ਯਾਦਗਾਰ ਦੀ ਹਾਲਤ ਮਾੜੀ ਹੈ ਅਤੇ ਰੱਖ ਰਖਾਓ ਨਾ ਹੋਣ ਕਾਰਨ ਇਹ ਹਾਲਤ ਹੋਰ ਬਦਤਰ ਹੁੰਦੀ ਜਾ ਰਹੀ ਹੈ। ਯਾਦਗਾਰ ਨੂੰ ਜਾਣ ਵਾਲੇ ਰਸਤੇ ਦੀਆਂ ਟਾਈਲਾਂ ਉੱਖੜ ਚੁੱਕੀਆਂ ਹਨ, ਪਾਰਕ ਵਿੱਚ ਸੀਵਰੇਜ ਦਾ ਪਾਣੀ ਭਰਿਆ ਰਹਿੰਦਾ ਹੈ। ਅਤੇ ਸ਼ਹੀਦਾਂ ਦੀ ਸੂਚੀ ਨੇੜੇ ਲੱਗੀਆਂ ਟਾਈਲਾਂ ਵੀ ਉੱਖੜ ਰਹੀਆਂ ਹਨ ।
ਨੇੜੇ ਰਹਿੰਦੇ ਲੋਕਾਂ ਨੇ ਆਖਿਆ ਕਿ ਇਥੇ ਯਾਦਗਾਰ ਵਾਲੇ ਪਾਰਕ ਦੀ ਮਾੜੀ ਹਾਲਤ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਜਾਂ ਇਸ ਦੀ ਸਾਂਭ ਸੰਭਾਲ ਲਈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੇ ਨੇੜੇ ਹੀ ਕੂੜੇ ਦਾ ਡੰਪ ਵੀ ਬਣਾ ਦਿੱਤਾ ਗਿਆ ਹੈ , ਜਿੱਥੇ ਅਕਸਰ ਕੂੜੇ ਨੂੰ ਅੱਗ ਲੱਗ ਜਾਂਦੀ ਹੈ। ਸਮਾਜ ਸੇਵਕ ਪਵਨ ਕੁਮਾਰ ਨੇ ਆਖਿਆ ਕਿ ਇਸ ਯਾਦਗਾਰ ਵਿਖੇ ਇਤਿਹਾਸ ਨੂੰ ਅੰਕਿਤ ਕੀਤਾ ਗਿਆ ਸੀ ਅਤੇ ਇੱਥੇ ਆਉਣ ਵਾਲੇ ਲੋਕ ਇਸ ਨੂੰ ਦੇਖ ਇਤਿਹਾਸ ਤੋਂ ਜਾਣੂ ਹੁੰਦੇ ਸਨ ਪਰ ਹੁਣ ਗੰਦਗੀ ਤੇ ਸਾਂਭ ਸੰਭਾਲ ਨਾ ਹੋਣ ਕਾਰਨ ਲੋਕ ਇੱਥੇ ਆਉਣ ਤੋਂ ਕਤਰਾ ਰਹੇ ਹਨ। ਰਾਜਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਇਥੇ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਸਨ ਪਰ ਹੁਣ ਲੋਕ ਸੰਕੋਚ ਕਰਦੇ ਹਨ, ਹੁਣ ਇੱਥੇ ਯਾਦਗਾਰ ਵਿਖੇ ਕਦੇ ਕੋਈ ਸੈਲਾਨੀ ਵੀ ਨਹੀਂ ਦੇਖਿਆ।

Advertisement

Advertisement
Advertisement
Author Image

joginder kumar

View all posts

Advertisement