ਭਾਜਪਾ ਦੇ ਰਾਜ ’ਚ ਗਰੀਬ ਝੱਲ ਰਹੇ ਨੇ ਮਨੂਵਾਦ ਦਾ ਸੰਤਾਪ: ਖੜਗੇ
ਨਵੀਂ ਦਿੱਲੀ, 31 ਦਸੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਭਾਜਪਾ ਦੀ ਕੇਂਦਰ ਤੇ ਸੂਬਾ ਸਰਕਾਰਾਂ ’ਤੇ ਗਰੀਬਾਂ ਅਤੇ ਸਮਾਜ ਦੇ ਵਾਂਝੇ ਵਰਗਾਂ ਵਿਰੋਧੀ ਮਾਨਸਿਕਤਾ ਰੱਖਣ ਦਾ ਦੋਸ਼ ਲਾਇਆ, ਜੋ ‘ਮਨੂਵਾਦ’ ਦਾ ਸੰਤਾਪ ਭੋਗ ਰਹੇ ਹਨ।
ਖੜਗੇ ਨੇ ਐਕਸ ’ਤੇ ਪੋਸਟ ’ਚ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦਾ ਸੰਸਦ ’ਚ ਅਪਮਾਨ ਕੀਤਾ ਅਤੇ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ’ਚ ਦਲਿਤ ਵਿਰੋਧੀ ਮਾਨਸਿਕਤਾ ਦੁਹਰਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੰਘੇ ਦੋ ਦਿਨਾਂ ਦੌਰਾਨ ਮੱਧ ਪ੍ਰਦੇਸ਼ ਦੇ ਦੇਵਾਸ ’ਚ ਦਲਿਤ ਨੌਜਵਾਨ ਦੀ ਪੁਲੀਸ ਹਿਰਾਸਤ ’ਚ ਕਥਿਤ ਹੱਤਿਆ ਅਤੇ ਉੜੀਸਾ ਦੇ ਬਾਲਾਸੋਰ ਵਿੱਚ ਕਬਾਇਲੀ ਔਰਤ ਦੀ ਰੁੱਖ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਖੜਗੇ ਨੇ ਦਾਅਵਾ ਕੀਤਾ, ‘‘ਹਰਿਆਣਾ ਦੇ ਭਿਵਾਨੀ ’ਚ ਦਲਿਤ ਵਿਦਿਆਰਥਣ ਨੂੰ ਬੀਏ ਪ੍ਰੀਖਿਆ ਦੀ ਫ਼ੀਸ ਨਾ ਭਰਨ ’ਤੇ ਖ਼ੁਦਕੁਸ਼ੀ ਲਈ ਮਜਬੂਰ ਹੋਣਾ ਪੈਂਦਾ ਹੈ। ਮਹਾਰਾਸ਼ਟਰ ਦੇ ਪਾਲਘਰ ’ਚ ਆਦਿਵਾਸੀ ਗਰਭਵਤੀ ਔਰਤ ਨੂੰ ਆਈਸੀਯੂ ਦੀ ਭਾਲ ’ਚ 100 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਤਿੰਨ ਦਲਿਤ ਪਰਿਵਾਰ ਹਿਜਰਤ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ’ਤੇ ਜਾਤੀ ਕਾਰਨ ਹਮਲੇ ਹੁੰਦੇ ਹਨ ਅਤੇ ਪੁਲੀਸ ਚੁੱਪ ਰਹਿੰਦੀ ਹੈ।’’ -ਪੀਟੀਆਈ
ਦਲਿਤ-ਆਦਿਵਾਸੀ ਔਰਤਾਂ ਤੇ ਬੱਚਿਆਂ ਖ਼ਿਲਾਫ਼ ਅਪਰਾਧ ਦੁੱਗਣੇ ਹੋਣ ਦਾ ਦਾਅਵਾ
ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਦਲਿਤ-ਆਦਿਵਾਸੀ ਔਰਤਾਂ ਤੇ ਬੱਚਿਆਂ ਖ਼ਿਲਾਫ਼ ਹਰ ਘੰਟੇ ਅਪਰਾਧ ਹੁੰਦਾ ਹੈ ਤੇ ਐੱਨਸੀਆਰਬੀ ਦੇ ਰਿਕਾਰਡ ਮੁਤਾਬਕ ਇਹ ਅੰਕੜੇ 2014 ਤੋਂ ਦੁੱਗਣੇ ਹੋ ਗਏ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ 140 ਕਰੋੜ ਭਾਰਤੀਆਂ ਦੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਨਹੀਂ ਹੋਣ ਦੇਵੇਗੀ ਅਤੇ ਭਾਜਪਾ-ਆਰਐੱਸਐੱਸ ਦੀ ਸੰਵਿਧਾਨ-ਵਿਰੋਧੀ ਸੋਚ ਦਾ ਟਾਕਰਾ ਕਰਦੀ ਰਹੇਗੀ।