For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੁਆਧੀ ਲੇਖਕਾਂ ਦਾ ਸਨਮਾਨ

07:01 AM Jan 14, 2024 IST
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੁਆਧੀ ਲੇਖਕਾਂ ਦਾ ਸਨਮਾਨ
ਪੁਆਧੀ ਲੇਖਕਾਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਡਾ. ਦਲਬੀਰ ਸਿੰਘ ਕਥੂਰੀਆ ਤੇ ਹੋਰ। -ਫੋਟੋ: ਚਿੱਲਾ
Advertisement

ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ (ਮੁਹਾਲੀ), 13 ਜਨਵਰੀ
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਮੁਹਾਲੀ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਕਰਾਏ ਸਨਮਾਨ ਸਮਾਰੋਹ ਦੌਰਾਨ ਪੁਆਧੀ ਲੇਖਕਾਂ ਦਾ ਸਨਮਾਨ ਕੀਤਾ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਬੋਹਾ ਤੇ ਨਾਵਲਕਾਰ ਜਸਬੀਰ ਮੰਡ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਡਾ. ਕਥੂਰੀਆ ਨੇ ਕਿਹਾ ਕਿ ਕੈਨੇਡਾ ਤੇ ਹੋਰ ਬਾਹਰਲੇ ਮੁਲਕਾਂ ਦੀ ਵੱਡੀ ਤਰੱਕੀ ਪਿੱਛੇ ਉਹਨਾਂ ਦੇਸ਼ਾਂ ਦੀ ਭਾਸ਼ਾ ਦਾ ਯੋਗਦਾਨ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਜ਼ਿਆਦਾਤਰ ਉਥੋਂ ਦੀਆਂ ਆਪਣੀਆਂ ਭਾਸ਼ਾਵਾਂ ਵਿਚ ਹੀ ਸਾਰਾ ਕੰਮ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਭਾਸ਼ਾ ਤਦ ਹੀ ਜਿਊਂਦੀ ਰਹਿ ਸਕਦੀ ਹੈ ਜੇਕਰ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਪੁਆਧੀ ਵਾਂਗ ਹੋਰ ਉਪ ਭਾਸ਼ਾਵਾਂ ਦੁਆਬੀ, ਮਲਵਈ, ਮਾਝੀ, ਪੋਠੋਹਾਰੀ ਲਈ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕੈਨੇਡਾ ਵਿਖੇ ਜੂਨ 2024 ਵਿਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਉਪ ਭਾਸ਼ਾ ਪੁਆਧੀ ਦਾ ਪਰਚਾ ਪੇਸ਼ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਪੁਆਧੀ ਭਾਸ਼ਾ ਦੇ ਨਾਮਵਰ ਲੇਖਕਾਂ/ਕਵੀਆਂ ਡਾ. ਗੁਰਮੀਤ ਸਿੰਘ ਬੈਦਵਾਣ, ਨਾਵਲਕਾਰ ਜਸਵੀਰ ਮੰਡ, ਸ਼੍ਰੋਮਣੀ ਕਵੀ ਮਨਮੋਹਨ ਸਿੰਘ ਦਾਊਂਂ, ਫ਼ਿਲਮੀ ਅਦਾਕਾਰਾ ਮੋਹਣੀ ਤੂਰ, ਲੇਖਕ ਸਤੀਸ਼ ਵਿਦਰੋਹੀ, ਚਰਨ ਪੁਆਧੀ, ਪ੍ਰਿੰਸੀਪਲ ਲਵਲੀ ਸਲੂਜਾ ਅਤੇ ਗੀਤਕਾਰ ਤੇ ਲੇਖਕ ਭੁਪਿੰਦਰ ਮਟੌਰੀਆ, ਨੂੰ ਪੁਆਧੀ ਭਾਸ਼ਾ ਦੇ ਪ੍ਰਚਾਰ-ਪਸਾਰ ਲਈ 3100-3100 ਰੁਪਏ ਨਗਦ, ਫੁਲਕਾਰੀ, ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਗੁਰਮੀਤ ਬੈਦਵਾਣ ਨੇ ਪੁਆਧੀ ਬੋਲੀ ਦੀ ਪੰਜਾਬੀ ਸਾਹਿਤ ਨੂੰ ਦੇਣ ਤੇ ਸੰਭਾਵਨਾਵਾਂ ਵਿਸ਼ੇ ਸਬੰਧੀ ਅਤੇ ਪ੍ਰਿੰਸੀਪਲ ਲਵਲੀ ਸਲੂਜਾ ਨੇ ਪੁਆਧੀ ਭਾਸ਼ਾ ਬਾਰੇ ਪਰਚੇ ਪੜ੍ਹੇ। ਵਿਸ਼ਵ ਪੰਜਾਬੀ ਸਭਾ ਭਾਰਤ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਸਭਾ ਦੇ ਬਰੈਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਸਤਵਿੰਦਰ ਸਿੰਘ ਧੜਾਕ ਨੇ ਕੀਤਾ। ਗਾਇਕਾ ਸੁੱਖੀ ਬਰਾੜ ਨੇ ਪੰਜਾਬੀ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਡਾ. ਦਵਿੰਦਰ ਸਿੰਘ ਬੋਹਾ ਨੇ ਧੰਨਵਾਦ ਕੀਤਾ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਟੀਮ ਦੇ ਮੈਂਬਰ ਕੰਵਲਜੀਤ ਸਿੰਘ ਲੱਕੀ, ਗਿਆਨ ਸਿੰਘ ਸਾਬਕਾ ਡੀਪੀਆਰਓ, ਅਜੀਤ ਕਮਲ ਸਿੰਘ, ਐਡਵੋਕੇਟ ਸੰਦੀਪ ਸ਼ਰਮਾ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ, ਭਗਤ ਰਾਮ ਰੰਗਾੜਾ, ਮਨਜੀਤਪਾਲ ਸਿੰਘ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×