ਪੂਜਾ ਖੇਡਕਰ ਦਾ ਅਪੰਗਤਾ ਸਰਟੀਫਿਕੇਟ ਜਾਅਲੀ ਹੋ ਸਕਦੈ: ਪੁਲੀਸ
ਨਵੀਂ ਦਿੱਲੀ:
ਦਿੱਲੀ ਪੁਲੀਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਾਬਕਾ ਆਈਏਐੱਸ ਪ੍ਰੋਬੇਸ਼ਨਰ ਅਫਸਰ ਪੂਜਾ ਖੇਡਕਰ ਨੇ ਕਈ ਤਰ੍ਹਾਂ ਦੀ ਅਪੰਗਤਾ ਦਿਖਾਉਣ ਵਾਲੇ ਦੋ ਸਰਟੀਫਿਕੇਟ ਜਮ੍ਹਾਂ ਕਰਵਾਏ ਸਨ ਅਤੇ ਇਨ੍ਹਾਂ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ’ਚੋਂ ਇੱਕ ‘ਜਾਅਲੀ’ ਅਤੇ ‘ਫਰਜ਼ੀ’ ਹੋ ਸਕਦਾ ਹੈ। ਦਿੱਲੀ ਪੁਲੀਸ ਨੇ ਇਹ ਦਲੀਲ ਖੇਡਕਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਦੇ ਜਵਾਬ ਵਿੱਚ ਦਿੱਤੀ ਹੈ। ਖੇਡਕਰ ’ਤੇ ਧੋਖਾਧੜੀ ਅਤੇ ਗਲਤ ਢੰਗ ਨਾਲ ਓਬੀਸੀ ਅਤੇ ਅਪੰਗਤਾ ਕੋਟੇ ਦਾ ਲਾਭ ਲੈਣ ਦਾ ਦੋਸ਼ ਹੈ। ਏਜੰਸੀ ਨੇ ਕਿਹਾ ਕਿ ਖੇਡਕਰ ਨੇ ਸਿਵਲ ਸੇਵਾਵਾਂ ਪ੍ਰੀਖਿਆ-2022 ਅਤੇ 2023 ਲਈ ਦੋ ਅਪੰਗਤਾ ਸਰਟੀਫਿਕੇਟ ਜਮ੍ਹਾਂ ਕਰਵਾਏ ਹਨ। ਸਥਿਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਸਦੀਕ ਤੋਂ ਬਾਅਦ, ‘ਸਰਟੀਫਿਕੇਟ ਜਾਰੀ ਕਰਨ ਵਾਲੀ ਮੈਡੀਕਲ ਅਥਾਰਟੀ’ ਨੇ ਦਾਅਵਾ ਕੀਤਾ ਹੈ ਕਿ ਲੋਕੋਮੋਟਰ ਅਪੰਗਤਾ, ਸੁਣਨ ਦੀ ਕਮਜ਼ੋਰੀ ਅਤੇ ਘੱਟ ਨਜ਼ਰ ਸਬੰਧੀ ਸਰਟੀਫਿਕੇਟ ‘ਸਿਵਲ ਸਰਜਨ ਦਫ਼ਤਰ ਦੇ ਰਿਕਾਰਡ’ ਅਨੁਸਾਰ ਜਾਰੀ ਨਹੀਂ ਕੀਤਾ ਗਿਆ ਸੀ ਅਤੇ ਅਪੰਗਤਾ ਸਰਟੀਫਿਕੇਟ ਜਾਅਲੀ ਹੋਣ ਦੀ ਕਾਫੀ ਸੰਭਾਵਨਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ। ਖੇਡਕਰ ’ਤੇ ਕੋਟੇ ਦਾ ਲਾਭ ਲੈਣ ਲਈ ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ 2022 ਲਈ ਆਪਣੀ ਅਰਜ਼ੀ ਵਿੱਚ ਕਥਿਤ ਤੌਰ ’ਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ। ਯੂਪੀਐੱਸਸੀ ਨੇ 31 ਜੁਲਾਈ ਨੂੰ ਉਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਸੀ ਅਤੇ ਭਵਿੱਖ ਦੀਆਂ ਪ੍ਰੀਖਿਆਵਾਂ ਵਿੱਚ ਬੈਠਣ ’ਤੇ ਵੀ ਰੋਕ ਲਾ ਦਿੱਤੀ ਸੀ। -ਪੀਟੀਆਈ