ਬੁੱਢੇ ਦਰਿਆ ਦਾ ਪ੍ਰਦੂਸ਼ਣ
ਬੁੱਢੇ ਦਰਿਆ ਦੇ ਪਾਣੀਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਪੈਦਾ ਹੋ ਰਹੀ ਸਥਿਤੀ ਜਿੱਥੇ ਗੰਭੀਰ ਚਿੰਤਨ ਦੀ ਲੋੜ ਨੂੰ ਉਜਾਗਰ ਕਰ ਰਹੀ ਹੈ ਉੱਥੇ ਸਮੱਸਿਆ ਦੇ ਹੱਲ ਲਈ ਸੰਜੀਦਾ ਅਤੇ ਠੋਸ ਕਦਮਾਂ ਦੀ ਵੀ ਮੰਗ ਕਰਦੀ ਹੈ। ਇਸ ਮਸਲੇ ਨੂੰ ਲੈ ਕੇ ਤਿੰਨ ਕੁ ਮਹੀਨੇ ਪਹਿਲਾਂ ਵੀ ਲੁਧਿਆਣਾ ਸ਼ਹਿਰ ਵਿੱਚ ‘ਕਾਲੇ ਪਾਣੀਆਂ ਦਾ ਮੋਰਚਾ’ ਦੇ ਬੈਨਰ ਹੇਠ ਲੋਕਾਂ ਦਾ ਵੱਡਾ ਇਕੱਠ ਹੋਇਆ ਸੀ ਜਿਸ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਬੁੱਢੇ ਦਰਿਆ ਦੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਠੋਸ ਕਦਮ ਪੁੱਟੇ ਜਾਣ। ਮੰਗਲਵਾਰ ਨੂੰ ਬੁੱਢੇ ਦਰਿਆ ਦੇ ਆਸ-ਪਾਸ ਖੇਤਰਾਂ ਵਿੱਚ ਲੱਗੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਦਾ ਪਾਣੀ ਬੁੱਢੇ ਦਰਿਆ ਵਿੱਚ ਪੈਣ ਤੋਂ ਰੋਕਣ ਲਈ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਲੁਧਿਆਣਾ ਪੁੱਜੇ ਸਨ ਪਰ ਪੁਲੀਸ ਨੇ ਵਿਆਪਕ ਬੰਦੋਬਸਤ ਕਰ ਕੇ ਉਨ੍ਹਾਂ ਨੂੰ ਪਲਾਂਟ ਵਾਲੀ ਥਾਂ ’ਤੇ ਜਾਣ ਤੋਂ ਰੋਕ ਦਿੱਤਾ ਅਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਦੌਰਾਨ ਲੁਧਿਆਣਾ ਦੀ ਰੰਗਾਈ ਸਨਅਤ ਦੇ ਮਾਲਕਾਂ ਤੇ ਪ੍ਰਬੰਧਕਾਂ ਵੱਲੋਂ ਵੀ ਮਜ਼ਦੂਰਾਂ ਦਾ ਵੱਡਾ ਇਕੱਠ ਕਰ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਲਿਹਾਜ਼ ਤੋਂ ਇਹ ਪੰਜਾਬ ਦੇ ਸਮਾਜਿਕ ਤੇ ਭਾਈਚਾਰਕ ਸਬੰਧਾਂ ਅਤੇ ਇਸ ਦੇ ਆਰਥਿਕ ਤੇ ਕਾਰੋਬਾਰੀ ਮਾਹੌਲ ਲਈ ਕੋਈ ਸਾਜ਼ਗਾਰ ਸੰਕੇਤ ਨਹੀਂ ਹੈ।
ਵਾਤਾਵਰਨ ਦਾ ਮਸਲਾ ਅੱਜ ਪੂਰੀ ਦੁਨੀਆ ਵਿੱਚ ਸਿਰ ਚੁੱਕ ਰਿਹਾ ਹੈ ਅਤੇ ਸਮੁੱਚੇ ਜੈਵ ਜੀਵਨ ਲਈ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਰਿਹਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਨਾ ਕੇਵਲ ਕੌਮੀ ਰਾਜਧਾਨੀ ਦਿੱਲੀ ਸਗੋਂ ਲਾਹੌਰ ਵਿੱਚ ਹਵਾ ਦਾ ਪ੍ਰਦੂਸ਼ਣ ਬੇਤਹਾਸ਼ਾ ਵਧਣ ਕਰ ਕੇ ਸਾਹ ਲੈਣਾ ਵੀ ਔਖਾ ਹੋ ਗਿਆ ਸੀ। ਦਿੱਲੀ ਵਿੱਚ ਤਾਂ ਹਾਲੇ ਵੀ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਲਾਈਆਂ ਰੋਕਾਂ (ਗਰੈਪ-4) ਜਾਰੀ ਹਨ। ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਅਤੇ ਦਰਿਆਈ ਪਾਣੀਆਂ ਦੀ ਪਲੀਤੀ ਦਾ ਸੰਕਟ ਗਹਿਰਾ ਹੋ ਗਿਆ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਮੁਤੱਲਕ ਪਿਛਲੇ ਕਈ ਸਾਲਾਂ ਤੋਂ ਅੱਖਾਂ ਮੀਟੀਆਂ ਹੋਈਆਂ ਸਨ ਪਰ ਹੁਣ ਜਦੋਂ ਪਾਣੀ ਨੱਕ ਤੱਕ ਅੱਪੜ ਗਿਆ ਹੈ ਤਾਂ ਹੁਣ ਇਸ ਛੋਟੇ ਮੋਟੇ ਨੁਸਖ਼ਿਆਂ ਨਾਲ ਇਸ ਸਮੱਸਿਆ ਨੂੰ ਸਿੱਝਣਾ ਮੁਸ਼ਕਿਲ ਹੋ ਗਿਆ ਹੈ।
ਪੰਜਾਬ ਦੀ ਹੋਂਦ ਹਸਤੀ ਪਾਣੀਆਂ ਖ਼ਾਸਕਰ ਦਰਿਆਈ ਪਾਣੀਆਂ ਨਾਲ ਜੁੜੀ ਹੋਈ ਹੈ। ਬੁੱਢਾ ਦਰਿਆ ਸਤਲੁਜ ਦਰਿਆ ਦੇ ਪ੍ਰਾਚੀਨ ਮੁਹਾਣ ਦਾ ਪ੍ਰਮਾਣ ਹੈ ਪਰ ਵਿਕਾਸ ਪ੍ਰਤੀ ਸਾਡੀ ਵਿਗੜੀ ਹੋਈ ਧਾਰਨਾ ਨੇ ਪਵਿੱਤਰ ਦਰਿਆਵਾਂ ਨੂੰ ਐਨਾ ਪਲੀਤ ਕਰ ਦਿੱਤਾ ਕਿ ਅਸੀਂ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਜਾਂ ਗੰਦਾ ਨਾਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਫ਼ ਸੁਥਰੇ ਪੌਣ ਪਾਣੀਆਂ ਪ੍ਰਤੀ ਸਾਡੀ ਜਨਤਕ ਸਮਝ ਕਿੰਨੀ ਨਿੱਘਰ ਚੁੱਕੀ ਹੈ। ਪਾਣੀ ਦਾ ਮਸਲਾ ਹੋਵੇ ਜਾਂ ਹਵਾ ਨੂੰ ਸ਼ੁੱਧ ਕਰਨ ਜਾਂ ਖੁਰਦੀ ਜਾ ਰਹੇ ਜੈਵ ਜੀਵਨ ਨੂੰ ਬਚਾਉਣ ਦਾ ਸਵਾਲ, ਵਾਤਾਵਰਨ ਦੇ ਸੰਕਟ ਨਾਲ ਸਿੱਝਣ ਅਤੇ ਇਸ ਨੂੰ ਸਵੱਛ ਰੂਪ ਵਿੱਚ ਬਹਾਲ ਕਰਨ ਲਈ ਸਾਨੂੰ ਇਸ ਪ੍ਰਤੀ ਸੰਵੇਦਨਸ਼ੀਲ ਅਤੇ ਪੁਖਤਾ ਸੋਚ ਅਤੇ ਜੀਵਨ ਜਾਂਚ ਪੈਦਾ ਕਰਨੀ ਪਵੇਗੀ ਜਿਸ ਵਿੱਚੋਂ ਅਜਿਹੇ ਸੰਕਟਾਂ ਨਾਲ ਸਿੱਝਣ ਲਈ ਜਾਗ੍ਰਿਤ, ਸੁਹਿਰਦ ਅਤੇ ਜ਼ਿੰਮੇਵਾਰ ਅਗਵਾਈ ਸਾਹਮਣੇ ਆਵੇਗੀ। ਲੁਧਿਆਣਾ ਵਿੱਚ ਬੁੱਢੇ ਦਰਿਆ ਦੇ ਮੁੱਦੇ ਨੂੰ ਜਿਵੇਂ ਕੁਝ ਲੋਕਾਂ ਵਲੋਂ ‘ਮੁਕਾਮੀ ਬਨਾਮ ਪਰਵਾਸੀ’ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਦੀ ਸਖ਼ਤ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਵਾਤਾਵਰਨ ਦਾ ਸਵਾਲ ਸਭ ਲੋਕਾਂ ਦਾ ਸਾਂਝਾ ਸਰੋਕਾਰ ਹੈ ਅਤੇ ਇਸ ਦਾ ਹੰਢਣਸਾਰ ਹੱਲ ਕੱਢਣ ਲਈ ਸਾਰੀਆਂ ਧਿਰਾਂ ਨੂੰ ਆਪਸੀ ਸੰਵਾਦ ਤੇ ਸਾਂਝੇ ਯਤਨਾਂ ਦਾ ਰਾਹ ਅਪਣਾਉਣ ਦੀ ਲੋੜ ਹੈ ਅਤੇ ਮਾਅਰਕੇਬਾਜ਼ੀ ਤੇ ਟਕਰਾਅ ਦੀ ਪਹੁੰਚ ਤੋਂ ਬਚਣਾ ਚਾਹੀਦਾ ਹੈ।