For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਲਈ ਸਵਾਲ

05:19 AM Dec 04, 2024 IST
ਅਕਾਲੀ ਦਲ ਲਈ ਸਵਾਲ
Advertisement

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਰਹੀਆਂ ਸਰਕਾਰਾਂ ਦੌਰਾਨ ਪੰਥ ਅਤੇ ਪੰਜਾਬ ਦੇ ਹਿੱਤਾਂ ਕੀਤੇ ਬੱਜਰ ਗੁਨਾਹਾਂ ਬਦਲੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਅਰਸੇ ਦੌਰਾਨ ਰਹੇ ਉਪ ਮੁੱਖ ਮੰਤਰੀ ਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਛੇ ਹੋਰਨਾਂ ਸੀਨੀਅਰ ਆਗੂਆਂ ਨੂੰ ਸੁਣਾਈ ਗਈ ਸਜ਼ਾ ਨੂੰ ਇਤਿਹਾਸਕ ਫ਼ੈਸਲੇ ਦੇ ਸੰਗਿਆ ਦਿੱਤੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਇਨ੍ਹਾਂ ਗੁਨਾਹਾਂ ਬਦਲੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਸੀ ਪਰ ਪੰਜ ਸਿੰਘ ਸਾਹਿਬਾਨ ਸਾਹਮਣੇ ਆਇਆ ਇਹ ਮਸਲਾ ਕੇਵਲ ਇੱਕ ਕਿਸੇ ਵਿਅਕਤੀ ਜਾਂ ਆਗੂ ਤੱਕ ਸੀਮਤ ਨਹੀਂ ਸੀ ਸਗੋਂ ਜਿਸ ਪੰਥਕ ਸੰਕਟ ਦਾ ਜ਼ਿਕਰ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਸੀ, ਉਸ ਦਾ ਅਸਰ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਸਗੋਂ ਕਈ ਸਿੱਖ ਸੰਸਥਾਵਾਂ ਤੱਕ ਫੈਲ ਗਿਆ ਸੀ। ਇਸ ਲਈ ਸਿੰਘ ਸਾਹਿਬਾਨ ਦਾ ਇਸ ਸੱਜਰੇ ਹੁਕਮਨਾਮੇ ਦੀ ਵਿਆਖਿਆ ਅਤੇ ਇਸ ਦੀ ਨਿਰਖ-ਪਰਖ ਇਸ ਜ਼ਾਵੀਏ ਤੋਂ ਕੀਤੀ ਜਾ ਰਹੀ ਹੈ ਕਿ ਇਹ ਪੰਥਕ ਸੰਕਟ ਨੂੰ ਮੁਖ਼ਾਤਿਬ ਹੋਣ ਲਈ ਕਿਵੇਂ ਅਤੇ ਕਿੰਨਾ ਸਾਜ਼ਗਾਰ ਹੋ ਸਕੇਗਾ।
ਗੁਨਾਹਾਂ ਦੀ ਸੰਗੀਨਤਾ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਨੂੰ ਪੰਥ ’ਚੋਂ ਛੇਕਣ ਜਿਹੇ ਬੇਹੱਦ ਸਖ਼ਤ ਕਦਮ ਦੀ ਤਵੱਕੋ ਕੀਤੀ ਜਾ ਰਹੀ ਸੀ ਪਰ ਬਿਨਾਂ ਕੋਈ ਹੀਲ ਹੁੱਜਤ ਕੀਤਿਆਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਤਮਸਤਕ ਹੋ ਕੇ ਹਰ ਸਜ਼ਾ ਭੁਗਤਣ ਦਾ ਰਵੱਈਆ ਅਪਣਾ ਲਿਆ। ਸਿੰਘ ਸਾਹਿਬਾਨ ਦੇ ਹੁਕਮਨਾਮੇ ਨਾਲ ਨਾ ਕੇਵਲ ਸ੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਮੁੜ ਸਥਾਪਿਤ ਹੋਈ ਹੈ ਜਿਸ ਬਾਰੇ ਪਿਛਲੇ ਕੁਝ ਸਾਲਾਂ ਵਿੱਚ ਸਵਾਲ ਉੱਠ ਖੜ੍ਹੇ ਹੋਏ ਸਨ ਸਗੋਂ ਇਸ ਨੇ ਅਕਾਲੀ ਦਲ ਦੇ ਖਿੰਡਾਓ ਨੂੰ ਬੰਨ੍ਹ ਮਾਰਨ ਦੀ ਭਰਵੀਂ ਚਾਰਾਜੋਈ ਕਰਨ ਦਾ ਆਧਾਰ ਮੁਹੱਈਆ ਕਰਵਾਇਆ ਹੈ। ਸਿੰਘ ਸਾਹਿਬਾਨ ਨੇ ਸ਼੍ਰ੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਸਾਲਾਂ ਦੌਰਾਨ ਆਏ ਨਿਘਾਰਾਂ ਦੀ ਵਾਜਿਬ ਅਤੇ ਵਡੇਰੀ ਨਿਸ਼ਾਨਦੇਹੀ ਕੀਤੀ ਹੈ ਅਤੇ ਇਹ ਵੀ ਆਖਿਆ ਹੈ ਕਿ ਦਲ ਦੀ ਸਮੁੱਚੀ ਲੀਡਰਸ਼ਿਪ ਇਸ ਬਾਬਤ ਦਰੁਸਤੀ ਕਦਮ ਚੁੱਕਣ ਵਿੱਚ ਅਸਫ਼ਲ ਰਹੀ ਸੀ ਜਿਸ ਕਰ ਕੇ ਹੁਣ ਸ੍ਰੀ ਅਕਾਲ ਤਖਤ ਤੋਂ ਇਹ ਸੇਧ ਦੇਣ ਦੀ ਲੋੜ ਪਈ ਹੈ। ਸ਼੍ਰੋਮਣੀ ਅਕਾਲੀ ਦਲ ਪੰਥ ਦਾ ਮੁਹਰੈਲ ਦਸਤਾ ਹੈ ਅਤੇ ਇਸ ਨੇ ਨਾ ਕੇਵਲ ਸਿੱਖ ਪੰਥ ਤੇ ਪੰਜਾਬ ਸਗੋਂ ਦੇਸ਼ ਲਈ ਵੱਡੀਆਂ ਲੜਾਈਆਂ ਲੜੀਆਂ ਹਨ ਜਿਸ ਕਰ ਕੇ ਇਹ ਆਮ ਮੰਨਿਆ ਜਾਂਦਾ ਹੈ ਕਿ ਆਪਣੀਆਂ ਪੰਥਕ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦਾ ਜ਼ਾਮਨ ਹੈ। ਸਵਾਲ ਇਹ ਹੈ ਕਿ ਕੀ ਦਲ ਦੀ ਮੌਜੂਦਾ ਲੀਡਰਸ਼ਿਪ ਇਸ ਤੋਂ ਸਹੀ ਸਬਕ ਸਿੱਖੇਗੀ ਅਤੇ ਪਾਰਟੀ ਨੂੰ ਮੁੜ ਖੜ੍ਹਾ ਕਰਨ ਲਈ ਜਿਨ੍ਹਾਂ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਇਸ ਕਾਰਜ ਨੂੰ ਇਸੇ ਆਸ਼ੇ ਨਾਲ ਅੰਜਾਮ ਦੇ ਸਕਣਗੇ।

Advertisement

Advertisement
Advertisement
Author Image

joginder kumar

View all posts

Advertisement