ਪ੍ਰਦੂਸ਼ਣਕਾਰੀ ਇਕਾਈਆਂ
ਬਦਬੂਦਾਰ ਡਰੇਨਾਂ/ਨਾਲੇ, ਝੱਗਦਾਰ ਨਦੀਆਂ ਅਤੇ ਚਮੜੀ ਤੇ ਹੋਰ ਬਿਮਾਰੀਆਂ ਦੀ ਮਾਰ ਝੱਲਦੇ ਲੋਕ। ਹਰਿਆਣਾ ਭਰ ਵਿਚ ਸਨਅਤੀ ਇਕਾਈਆਂ ਵੱਲੋਂ ਗੰਦਾ ਤੇ ਜ਼ਹਿਰੀਲੇ ਰਸਾਇਣਾਂ ਕੈਮੀਕਲਾਂ ਵਾਲਾ ਪਾਣੀ ਬਾਹਰ ਵਹਾਏ ਜਾਣ ਦੇ ਇਹੋ ਜਿਹੇ ਜ਼ਾਹਰਾ ਬੁਰੇ ਪ੍ਰਭਾਵ ਸਾਹਮਣੇ ਆ ਰਹੇ ਹਨ। ਵੱਖ ਵੱਖ ਸਨਅਤੀ ਇਕਾਈਆਂ ਵੱਲੋਂ ਪ੍ਰਦੂਸ਼ਣ ਸਬੰਧੀ ਨਿਯਮਾਂ ਦਾ ਉਲੰਘਣ ਕੀਤੇ ਜਾਣ ਉੱਤੇ ਪੀੜਤਾਂ ਵੱਲੋਂ ਸਬੰਧਿਤ ਅਧਿਕਾਰੀਆਂ ਕੋਲ ਦਰਜ ਕਰਵਾਈਆਂ ਜਾਂਦੀਆਂ ਸ਼ਿਕਾਇਤਾਂ ਆਮ ਜਾਣੇ-ਪਛਾਣੇ ਅੰਦਾਜ਼ ਵਿਚ ਕਦੇ ਨਾ ਖ਼ਤਮ ਹੋਣ ਵਾਲੀ ਲਾਲ ਫ਼ੀਤਾਸ਼ਾਹੀ ਦੀ ਘੁੰਮਣਘੇਰੀ ਨੂੰ ਜ਼ਾਹਿਰ ਕਰਦੀਆਂ ਹਨ; ਇਹ ਆਮ ਵਰਤਾਰਾ ਹੈ ਕਿ ਪ੍ਰਦੂਸ਼ਣ ਰੋਕਣ ਲਈ ਕੀਤੀਆਂ ਗਈਆਂ ਸ਼ਿਕਾਇਤਾਂ ਵਿਚ ਕਾਰਵਾਈ ਕੀੜੀ ਦੀ ਤੋਰ ਨਾਲ ਹੁੰਦੀ ਹੈ। ਇਸ ਵਰਤਾਰੇ ਕਾਰਨ ਵਾਤਾਵਰਨ ਅਤੇ ਨਾਲ ਹੀ ਆਲੇ-ਦੁਆਲੇ ਦੇ ਜੀਵ-ਜੰਤੂਆਂ ਤੇ ਰੁੱਖ-ਬੂਟਿਆਂ ਨਾਲ ਤਬਾਹੀ ਦੀ ਖੇਡ ਜਾਰੀ ਰਹਿੰਦੀ ਹੈ। ਸਮੱਸਿਆ ਦਾ ਹੱਲ ਕਰਨ ਲਈ ਫਾਈਲਾਂ ਜਿਸ ਗੁੰਝਲਦਾਰ ਪ੍ਰਕਿਰਿਆ ਤਹਿਤ ਅੱਗੇ ਵਧਦੀਆਂ ਹਨ, ਉਨ੍ਹਾਂ ਵਿਚ ਕਈ ਪਲੈਟਫਾਰਮਾਂ ਅਤੇ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਜਾਂਚ ਸ਼ਾਮਲ ਹੈ: ਜਿਵੇਂ ਕਾਰਜਕਾਰੀ ਵਿਭਾਗ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਐੱਚਐੱਸਪੀਸੀਬੀ), ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਅਤੇ ਫਿਰ ਇਸ ਤੋਂ ਅਗਾਂਹ ਮਾਮਲਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਪੱਧਰਾਂ ਤੱਕ ਵੀ ਪੁੱਜ ਸਕਦਾ ਹੈ।
ਤਾਜ਼ਾ ਮਾਮਲਾ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਸੂਬੇ ਦੇ ਰਿਵਾੜੀ ਦੀਆਂ 128 ਫਰਮਾਂ ਦੀ ਉਨ੍ਹਾਂ ਵੱਲੋਂ ਆਪਣੀ ਰਹਿੰਦ-ਖੂੰਹਦ ਦੇ ਨਬਿੇੜੇ ਦੀ ਜਾਂਚ ਕਰਨ ਦੀ ਹਦਾਇਤ ਦਿੱਤੇ ਜਾਣ ਦਾ ਹੈ ਕਿਉਂਕਿ ਸੁੱਕ ਚੁੱਕੀ ਸਾਹਿਬੀ ਨਦੀ ਦੇ ਸੈਂਕੜੇ ਏਕੜ ਖੇਤਰ ਵਿਚ ਗੰਦਗੀ ਭਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਯਮੁਨਾਨਗਰ-ਜਗਾਧਰੀ ਦੀਆਂ ਸਨਅਤੀ ਇਕਾਈਆਂ ਦਾ ਜ਼ਹਿਰੀਲਾ ਪਾਣੀ ਧਨੋਰਾ ਡਰੇਨ ਵਿਚ ਵਹਾਏ ਜਾਣ ਦਾ ਮਾਮਲਾ ਬੇਪਰਦ ਹੋਇਆ ਸੀ; ਇਹ ਡਰੇਨ ਯਮੁਨਾ ਦਰਿਆ ਦਾ ਵਾਧੂ ਪਾਣੀ ਮੋੜੇ ਜਾਣ ਲਈ ਬਣਾਈ ਗਈ ਸੀ। ਇਸ ਮਾਮਲੇ ਨੇ ਸਥਾਨਕ ਲੋਕਾਂ ਤੇ ਨਾਲ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪ੍ਰੇਸ਼ਾਨੀ ਵਧਾ ਦਿੱਤੀ ਸੀ। ਇਸੇ ਤਰ੍ਹਾਂ ਅੰਬਾਲਾ ਦੀ ਮਾਰਕੰਡਾ ਨਦੀ ਵੀ ਪ੍ਰਦੂਸ਼ਣ ਦਾ ਸ਼ਿਕਾਰ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੋਰਡ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪਾਣੀਪਤ ਦੀਆਂ ਕੁਝ ਕੱਪੜਾ ਮਿੱਲਾਂ ਵੱਲੋਂ ਆਪਣੇ ਟਰੀਟਮੈਂਟ ਪਲਾਂਟ ਚਲਾਉਣ ਦੀ ਥਾਂ ਜ਼ਹਿਰੀਲਾ ਪਾਣੀ ਗ਼ੈਰ-ਕਾਨੂੰਨੀ ਢੰਗ ਨਾਲ ਬਣਾਏ ਬੋਰਵੈੱਲਾਂ ਰਾਹੀਂ ਸਿੱਧਾ ਧਰਤੀ ਵਿਚ ਸੁੱਟਿਆ ਜਾ ਰਿਹਾ ਹੈ।
ਇਸ ਸਾਰੇ ਵਰਤਾਰੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬੇ ਵਿਚ ਪ੍ਰਦੂਸ਼ਣ ਪੱਖੋਂ ਹਾਲਾਤ ਕਿੰਨੇ ਗੰਭੀਰ ਹਨ। ਇਸ ਦੌਰਾਨ ਸਭ ਤੋਂ ਵੱਡਾ ਸਵਾਲ ਇਹੋ ਹੈ ਕਿ ਅਣਸੋਧੇ ਘਰੇਲੂ ਸੀਵਰੇਜ ਅਤੇ ਨਾਲ ਹੀ ਸਨਅਤੀ ਇਕਾਈਆਂ ਦੀ ਰਹਿੰਦ-ਖੂੰਹਦ ਨੂੰ ਨਦੀਆਂ-ਨਾਲਿਆਂ ਵਿਚ ਸੁੱਟਣਾ ਕਦੋਂ ਬੰਦ ਕੀਤਾ ਜਾਵੇਗਾ ਅਤੇ ਟਰੀਟਮੈਂਟ ਪਲਾਂਟਾਂ ਨੂੰ ਕਦੋਂ ਸਹੀ ਢੰਗ ਨਾਲ ਚਲਾਇਆ ਜਾਵੇਗਾ। ਜਿੱਥੇ ਹਵਾ ਦੇ ਪ੍ਰਦੂਸ਼ਣ ਦੇ ਅਸਰ ਹੌਲੀ ਹੌਲੀ ਹੁੰਦੇ ਹਨ ਉੱਥੇ ਪਾਣੀ ਦਾ ਪ੍ਰਦੂਸ਼ਣ ਲੋਕਾਂ ਦੀ ਸਿਹਤ ’ਤੇ ਤੇਜ਼ੀ ਨਾਲ ਅਸਰ ਪਾਉਂਦਾ ਅਤੇ ਵੱਡੇ ਵਿਗਾੜ ਪੈਦਾ ਕਰਦਾ ਹੈ; ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਹ ਸਮੱਸਿਆ ਸਿਰਫ਼ ਹਰਿਆਣੇ ਦੀ ਨਹੀਂ ਸਗੋਂ ਹੋਰ ਸੂਬਿਆਂ ਵਿਚ ਵੀ ਹੈ। ਵੱਖ ਵੱਖ ਸਨਅਤਾਂ ਆਪਣੇ ਮੁਨਾਫ਼ੇ ਵਧਾਉਣ ਲਈ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਬਿਨਾ ਸੋਧੇ ਬਾਹਰ ਵਹਾਉਂਦੀਆਂ ਹਨ। ਜਿੱਥੇ ਸੂਬਾ ਸਰਕਾਰਾਂ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਉੱਥੇ ਸਥਾਨਕ ਲੋਕਾਂ ਨੂੰ ਅਜਿਹੇ ਪ੍ਰਦੂਸ਼ਣ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।