For the best experience, open
https://m.punjabitribuneonline.com
on your mobile browser.
Advertisement

ਹੋਂਦ ਦੀ ਜੱਦੋਜਹਿਦ

05:40 AM Nov 19, 2024 IST
ਹੋਂਦ ਦੀ ਜੱਦੋਜਹਿਦ
Advertisement

ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਸ ਸਿਆਸੀ ਘੁੰਮਣਘੇਰੀ ਵਿਚ ਘਿਰਿਆ ਹੋਇਆ ਹੈ, ਉਸ ਵਿੱਚੋਂ ਨਿਕਲਣ ਲਈ ਇਸ ਨੂੰ ਕੋਈ ਰਾਹ ਨਹੀਂ ਮਿਲ ਰਿਹਾ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰੀਬ ਦੋ ਮਹੀਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਜਿਸ ਦੀ ਸਜ਼ਾ ਦਾ ਐਲਾਨ ਹੋਣਾ ਅਜੇ ਬਾਕੀ ਹੈ। ਉਨ੍ਹਾਂ ਪੰਜਾਬ ਦੀ ਸੱਤਾ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੰਥ ਅਤੇ ਪੰਜਾਬ ਦੇ ‘ਹਿੱਤਾਂ’ ਦੇ ਉਲਟ ਕੀਤੇ ਫ਼ੈਸਲਿਆਂ ਅਤੇ ਕਾਰਵਾਈਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਖੁਦ ਅਕਾਲ ਤਖ਼ਤ ਸਾਹਮਣੇ ਪੇਸ਼ ਹੋਏ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰਨਾਂ ਜਥੇਦਾਰਾਂ ਨਾਲ ਮੁਲਾਕਾਤਾਂ ਕਰ ਕੇ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜਲਦੀ ‘ਸਜ਼ਾ’ ਲਗਾ ਕੇ ਫਾਰਗ ਕੀਤਾ ਜਾਵੇ।
ਤਿੰਨ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਦੀ ਵਰਕਿੰਗ ਕਮੇਟੀ ਨੇ ਸੋਮਵਾਰ ਨੂੰ ਸ੍ਰੀ ਬਾਦਲ ਦੇ ਅਸਤੀਫ਼ੇ ਬਾਰੇ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ। ਸੋਮਵਾਰ ਨੂੰ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦੇ ਮੁੱਖ ਦਫ਼ਤਰ ਵਿਚ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਬਾਰੇ ਕੋਈ ਵੀ ਫ਼ੈਸਲਾ ਕਰਨ ਤੋਂ ਬਿਨਾਂ ਉਠ ਗਈ। ਵਰਕਿੰਗ ਕਮੇਟੀ ਦੀ ਮੀਟਿੰਗ ਬਾਰੇ ਜੋ ਵੇਰਵੇ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਿਕ ਕਮੇਟੀ ਨੇ ਅਸਤੀਫ਼ਾ ਸਵੀਕਾਰ ਜਾਂ ਰੱਦ ਕਰਨ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ ਅਤੇ ਇਹ ਤੈਅ ਕੀਤਾ ਹੈ ਕਿ ਅਸਤੀਫ਼ੇ ਬਾਰੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ ਅਤੇ ਹੋਰ ਮੰਚਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ।
ਅਕਾਲ ਤਖ਼ਤ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਫ਼ੀ ਸਮਾਂ ਗੁਜ਼ਰ ਚੁੱਕਿਆ ਹੈ ਜਿਸ ਕਰ ਕੇ ਪਾਰਟੀ ਵਲੋਂ ਜਥੇਦਾਰ ਸਾਹਿਬਾਨ ’ਤੇ ਇਹ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਕਿ ਸਜ਼ਾ ਦੇ ਮੁੱਦੇ ਨੂੰ ਜਲਦੀ ਨਿਬੇੜ ਦਿੱਤਾ ਜਾਵੇ। ਇਸ ਦੇ ਨਾਲ ਹੀ ਪਾਰਟੀ ਆਗੂਆਂ ਵਲੋਂ ਇਹ ਲਾਈਨ ਵੀ ਅਖ਼ਤਿਆਰ ਕੀਤੀ ਗਈ ਕਿ ਅਕਾਲ ਤਖ਼ਤ ਵੱਲੋਂ ਸਿਰਫ਼ ਧਾਰਮਿਕ ਸਜ਼ਾ ਹੀ ਲਾਈ ਜਾ ਸਕਦੀ ਹੈ ਅਤੇ ਜੇ ਕਿਸੇ ਤਰ੍ਹਾਂ ਦੀ ਰਾਜਨੀਤਕ ਸਜ਼ਾ ਲਾਈ ਗਈ ਤਾਂ ਇਸ ਨਾਲ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਪਾਰਟੀ ਅੰਦਰ ਲਗਾਤਾਰ ਦਵੰਦ ਦੀ ਸਥਿਤੀ ਬਣੀ ਹੋਈ ਹੈ। ਪਿਛਲੇ ਹਫ਼ਤੇ ਹੀ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਸੌਂਪ ਕੇ ਆਏ ਸਨ ਜਿਸ ਵਿਚ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਉਨ੍ਹਾਂ ਦੀ ਸਜ਼ਾ ਦਾ ਮਾਮਲਾ ਜਲਦੀ ਨਿਬੇਡਿ਼ਆ ਜਾਵੇ। ਸੁਖਬੀਰ ਸਿੰਘ ਬਾਦਲ ਵਲੋਂ ਸ਼ਨਿਚਰਵਾਰ ਨੂੰ ਅਸਤੀਫ਼ਾ ਦੇਣ ਦਾ ਕੋਈ ਕਾਰਨ ਭਾਵੇਂ ਬਿਆਨ ਨਹੀਂ ਕੀਤਾ ਗਿਆ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇ ਕੇ ਆਪਣਾ ਕੇਸ ਲੋਕਾਂ ਦੀ ਕਚਹਿਰੀ ਵਿਚ ਲਿਜਾਣਾ ਚਾਹੁੰਦੇ ਹਨ। ਸੋਮਵਾਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਰੁਖ਼ ਤੋਂ ਵੀ ਝਲਕ ਰਿਹਾ ਹੈ ਕਿ ਪਾਰਟੀ ਲੀਡਰਸ਼ਿਪ ਇਸ ਮੁੱਦੇ ਨੂੰ ਲੈ ਕੇ ਹੇਠਲੇ ਪੱਧਰ ’ਤੇ ਲਾਮਬੰਦੀ ਵਿੱਢ ਸਕਦੀ ਹੈ। ਜੇ ਪਾਰਟੀ ਇਹ ਪੈਂਤੜਾ ਅਖ਼ਤਿਆਰ ਕਰਦੀ ਹੈ ਤਾਂ ਕੀ ਇਹ ਇਸ ਸਵਾਲ ’ਤੇ ਸਿੰਘ ਸਾਹਿਬਾਨ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦਾ ਜੋਖ਼ਮ ਮੁੱਲ ਲਵੇਗੀ? ਇਸ ਤੋਂ ਪਹਿਲਾਂ ਵੀ ਪਾਰਟੀ ਲੀਡਰਸ਼ਿਪ ਦੱਬਵੀਂ ਜ਼ਬਾਨ ਵਿਚ ਇਹ ਗੱਲ ਆਖਦੀ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ਼ ਦੋਸ਼ਾਂ ਵਿਚ ਕੋਈ ਸਚਾਈ ਨਹੀਂ ਹੈ।
ਸਭ ਕਾਸੇ ਦੇ ਬਾਵਜੂਦ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਪਾਰਟੀ ਲੀਡਰਸ਼ਿਪ ਅਜੇ ਵੀ ਉਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਰ ਕੇ ਇਹ ਨੌਬਤ ਬਣੀ ਹੈ। ਪੰਜਾਬ ਵਿਚ ਵਿਧਾਨ ਸਭਾ ਦੀਆਂ ਚਾਰ ਸੀਟਾਂ- ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਤੇ ਚੱਬੇਵਾਲ ਦੀਆਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ। 1992 ਦੀਆਂ ਵਿਧਾਨ ਸਭਾ ਚੋਣਾਂ ਜਦੋਂ ਪੰਜਾਬ ਵਿਚ ਅਸ਼ਾਂਤੀ ਦਾ ਮਾਹੌਲ ਚੱਲ ਰਿਹਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਅਤੇ ਉਮੀਦਵਾਰਾਂ ਦੀ ਹੱਤਿਆਵਾਂ ਹੋਣ ਕਰ ਕੇ ਇਸ ਨੂੰ ਚੋਣਾਂ ਦਾ ਬਾਈਕਾਟ ਕਰਨਾ ਪਿਆ ਸੀ। ਇਸ ਤੋਂ ਕਰੀਬ 32 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਕਿਸੇ ਚੋਣ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਲੀਲ ਦਿੱਤੀ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਕਰ ਕੇ ਉਹ ਕੋਈ ਜਨਤਕ ਸਰਗਰਮੀ ਨਹੀਂ ਕਰ ਸਕਦੇ ਜਿਸ ਕਰ ਕੇ ਪਾਰਟੀ ‘ਜਰਨੈਲ’ ਬਾਝੋਂ ਚੋਣ ਮੈਦਾਨ ਵਿਚ ਉਤਰਨ ਦੇ ਅਸਮਰੱਥ ਹੈ। ਇਉਂ ਇਹ ਚੁਣਾਵੀ ਮੈਦਾਨ ਛੱਡ ਦਿੱਤਾ ਗਿਆ। ਆਮ ਰਾਏ ਇਹੀ ਬਣ ਰਹੀ ਸੀ ਕਿ ਅਕਾਲੀ ਦਲ ਨੂੰ ਇਉਂ ਮੈਦਾਨ ਛੱਡਣ ਦੀ ਥਾਂ ਆਪਣੀ ਹੋਂਦ ਜ਼ਾਹਿਰ ਕਰਨੀ ਚਾਹੀਦੀ ਸੀ। ਇੱਕ ਹੋਰ ਰਾਏ ਇਹ ਵੀ ਸੀ ਕਿ ਪਾਰਟੀ ਆਗੂਆਂ ਨੂੰ ਆਪਣੀ ਮਾੜੀ ਕਾਰਗੁਜ਼ਾਰੀ ਦੇ ਖ਼ੌਫ਼ ਨੇ ਵੀ ਚੋਣ ਮੈਦਾਨ ਤੋਂ ਦੂਰ ਰਹਿਣ ਲਈ ਮਜਬੂਰ ਕੀਤਾ। ਪਾਰਟੀ ਦੀ ਭਾਈਵਾਲ ਰਹੀ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਵਿਚ ਵੋਟ ਫ਼ੀਸਦ ਦੇ ਹਿਸਾਬ ਨਾਲ ਸੂਬੇ ਦੀ ਤੀਜੀ ਵੱਡੀ ਦਿਰ ਬਣ ਗਈ।
ਸ਼੍ਰੋਮਣੀ ਅਕਾਲੀ ਦਲ ਜਾਂ ਇਸ ਤੋਂ ਵੱਖ ਹੋਏ ਧਡਿ਼ਆਂ ਸਾਹਮਣੇ ਹੁਣ ਟਾਲਾ ਵੱਟਣ ਦੀ ਗੁੰਜਾਇਸ਼ ਨਹੀਂ ਬਚੀ। ਜੇ ਇਨ੍ਹਾਂ ਨੇ ਪੰਜਾਬ ਵਿਚ ਆਪਣੀ ਗੁਆਈ ਸਿਆਸੀ ਜ਼ਮੀਨ ਮੁੜ ਪ੍ਰਾਪਤ ਕਰਨੀ ਹੈ ਅਤੇ ਪੰਥਕ ਹਲਕਿਆਂ ਵਿਚ ਆਪਣੀ ਸ਼ਾਨ ਬਹਾਲ ਕਰਨੀ ਹੈ ਤਾਂ ਇਨ੍ਹਾਂ ਨੂੰ ਉਨ੍ਹਾਂ ਸਾਰੇ ਮੁੱਦਿਆਂ ਨੂੰ ਮੁਖਾਤਿਬ ਹੋਣਾ ਪਵੇਗਾ ਜਿਨ੍ਹਾਂ ਨੂੰ ਲੈ ਕੇ ਇਸ ਦੀ ਪਹੁੰਚ ਅਤੇ ਸਮੁੱਚੀ ਕਾਰਗੁਜ਼ਾਰੀ ’ਤੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਇਸ ਨਾਲ ਜੁੜੇ ਮੁੱਦੇ ਐਨੇ ਗੰਭੀਰ ਹਨ ਕਿ ਇਨ੍ਹਾਂ ਨੂੰ ਨਿੱਠ ਕੇ ਚਰਚਾ ਕਰਨ ਲਈ ਹੀ ਲੰਮਾ ਸਮਾਂ ਲੱਗੇਗਾ ਅਤੇ ਇਨ੍ਹਾਂ ਉਪਰ ਦਰੁਸਤੀ ਕਦਮ ਪੁੱਟਣ ਦਾ ਰਾਹ ਹੋਰ ਵੀ ਲੰਮੇਰਾ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥ, ਪੰਜਾਬ ਅਤੇ ਸਮੁੱਚੇ ਭਾਈਚਾਰੇ ਦੇ ਹਿੱਤਾਂ ਤੇ ਸਰੋਕਾਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਣਾ ਅਤੇ ਦ੍ਰਿੜਾਉਣਾ ਪਵੇਗਾ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਲੀਡਰਸ਼ਿਪ ਇਸ ਔਖੀ ਘੜੀ ਦਾ ਸਾਹਮਣਾ ਕਰਨ ਲਈ ਨਵੀਂ ਪਹੁੰਚ ਅਤੇ ਪਹਿਲ ਕਰਦੀ ਹੈ ਜਾਂ ਫਿਰ ਵੇਲਾ ਵਿਹਾਅ ਚੁੱਕੇ ਨੁਸਖਿਆਂ ’ਤੇ ਹੀ ਟੇਕ ਰੱਖ ਕੇ ਚਲਦੀ ਹੈ।

Advertisement

Advertisement
Advertisement
Author Image

joginder kumar

View all posts

Advertisement