ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਰੀਆਂ ਗ਼ਜ਼ਲਾਂ ਵਿਚ ਰਾਜਨੀਤਿਕ ਰੂਪਾਂਤਰਣ

06:46 AM Sep 24, 2023 IST

ਸੁਲੱਖਣ ਸਰਹੱਦੀ

Advertisement

ਸੁਖ਼ਨ ਭੋਇੰ 28

ਕੁੱਲ ਸੰਸਾਰ ਦੇ ਸਾਹਿਤ ਵਿਚ ਸਭ ਤੋਂ ਮਹੱਤਵਪੂਰਨ ਤੱਤ ਰਾਜਨੀਤੀ ਹੈ। ਹਰ ਦੇਸ, ਕੌਮ ਅਤੇ ਸਭਿਆਚਾਰ ਨੂੰ ਉਸ ਦੀ ਸਮਕਾਲੀ ਰਾਜਨੀਤੀ ਅਤਿ ਨੇੜਿਉਂ ਪ੍ਰਭਾਵਿਤ ਕਰਦੀ ਹੈ। ਤੁਸੀਂ ਕੀ ਖਾਂਦੇ, ਪਹਿਨਦੇ ਅਤੇ ਸੋਚਦੇ ਹੋ? ਇਨ੍ਹਾਂ ਤੱਥਾਂ ਅਤੇ ਤੱਤਾਂ ਉੱਤੇ ਤੁਹਾਡੇ ਉੱਤੇ ਲਾਗੂ ਰਾਜਨੀਤੀ ਦਾ ਪ੍ਰਤੱਖ ਅਸਰ ਹੁੰਦਾ ਹੈ। ਸਾਧਾਰਨ ਮਨੁੱਖੀ ਚੇਤਨਾ ਰਾਜਨੀਤਿਕ ਸਾਣ ਉੱਤੇ ਚੜ੍ਹ ਕੇ ਹੀ ਪ੍ਰਚੰਡ ਅਥਵਾ ਪ੍ਰਗਤੀਵਾਦੀ ਧਾਰ ਪ੍ਰਾਪਤ ਕਰਦੀ ਹੈ। ਸੰਸਕ੍ਰਿਤ ਦੀ ਪ੍ਰਵਾਹਿਤਾ ਅਤੇ ਸਮਾਜਿਕ ਕਲਾ ਮੁਖੀ ਸਾਰੇ ਵਰਤਾਰੇ ਰਾਜਨੀਤੀ ਤੋਂ ਪ੍ਰਭਾਵਿਤ ਹੁੰਦੇ ਹਨ। ਕਿਸੇ ਦੇਸ਼ ਦਾ ਹਰ ਵਿਧਾ ਦਾ ਸਾਹਿਤ ਰਾਜਨੀਤੀ ਦੀ ਪਗਡੰਡੀ ਉੱਤੇ ਤੁਰ ਕੇ ਲੋਕ ਚਿਤ੍ਰਕ ਬਣਦਾ ਹੈ। ਸੰਸਾਰ ਦੀ ਕੋਈ ਵੀ ਕ੍ਰਾਂਤੀ ਰਾਜਨੀਤਕ ਸਾਹਿਤ ਸੁਹਜ ਤੋਂ ਬਿਨਾ ਸਫ਼ਲ ਨਹੀਂ ਹੋਈ। ਰੂਸ, ਫਰਾਂਸ ਜਾਂ ਅਜਿਹੀਆਂ ਹੋਰ ਅਨੇਕਾਂ ਕ੍ਰਾਂਤੀਆਂ ਵਿਚ ਰਾਜਨੀਤਕ ਸਾਹਿਤ ਦਾ ਯੋਗਦਾਨ ਗਿਣਨਯੋਗ ਰਿਹਾ। ਸੌਂਦਰਯ-ਬੋਧ ਕੁੱਲੀ ਗੁੱਲੀ ਤੇ ਜੁੱਲੀ ਦੀਆਂ ਮੁੱਢਲੀਆਂ ਲੋੜਾਂ ਤੋਂ ਬਾਅਦ ਹੀ ਪੈਦਾ ਹੁੰਦਾ ਹੈ। ਸੰਸਾਰ ਦੀ ਪ੍ਰਗਤੀਵਾਦੀ ਲਹਿਰ ਪ੍ਰਤੀ ਵਿਦਵਾਨਾਂ ਦੇ ਵੱਖ-ਵੱਖ ਵਿਚਾਰਧਾਰਾਈ ਆਧਾਰ ਹਨ। ਇਨ੍ਹਾਂ ਆਧਾਰਾਂ ਵਿਚ ਫਾਸ਼ੀਵਾਦ, ਸਾਮਰਾਜਵਾਦ, ਪੂੰਜੀਵਾਦ, ਬੁਰਜੁਆ ਮਾਨਤਾ, ਸਾਮੰਤਵਾਦ, ਕੁੱਲ ਸੰਸਾਰ ਜੰਗਾਂ, ਧਾਰਮਿਕ ਤੇ ਮਜ਼ਹਬੀ ਅੰਧਵਾਦ, ਜਾਤ-ਪਾਤ, ਛੂਤ-ਛਾਤ, ਜਮਾਤੀ ਲੁੱਟ-ਖਸੁੱਟ, ਨਸਲਵਾਦ, ਧਰਮ ਦੇ ਆਧਾਰ ਉੱਤੇ ਲੋਕਾਂ ਦੀ ਵੰਡ ਤੋਂ ਰਾਜਨੀਤਕ ਲਾਭ ਦੀ ਅਕਾਂਖਿਆ, ਵਰਗ ਵੰਡ ਆਦਿ ਦੀ ਮੂਲ ਚਾਲਕ ਰਾਜਨੀਤੀ ਹੀ ਹੁੰਦੀ ਹੈ। ਕੌਮਾਂ-ਦੇਸ਼ਾਂ ਦੀ ਬਾਹਰਮੁਖੀ ਯਥਾਰਥ ਤੇ ਦ੍ਰਿਸ਼ਟੀ ਵਿਚ ਰਾਜਨੀਤਕ ਚਿੰਤਨ ਅਤੇ ਚੇਤਨਾ ਦਾ ਹੱਥ ਹੁੰਦਾ ਹੈ। ਇਤਿਹਾਸ ਨੂੰ ਸਿਰਜਣ ਸਹਿਜ ਤਕ ਪਹੁੰਚਾਉਣ ਪਿੱਛੇ ਸਿਰਫ਼ ਰਾਜਨੀਤੀ ਦੀ ਕਲਮ ਹੁੰਦੀ ਹੈ ਜੋ ਤਲਵਾਰ ਉੱਤੇ ਲਿਖਦੀ ਹੈ।


ਰਾਜਨੀਤਕ ਸ਼ਿਅਰਕਾਰੀ ਹੀ ਅਸਲ ਸ਼ਾਇਰੀ ਹੁੰਦੀ ਹੈ ਪਰ ਇਸ ਅੱਕ ਵਰਗੇ ਸੁਆਦ ਦੇ ਰਸ ਨੂੰ ਸਿਆਣੇ ਸ਼ਾਇਰ ਰੁਮਾਂਸ ਦੀ ਮਿਸਰੀ ਨਾਲ ਹੀ ਚਟਾਉਂਦੇ ਹਨ। ਪੰਜਾਬ ਦੇ ਮਕਬੂਲ ਸ਼ਾਇਰ ਇਸੇ ਲਈ ਲੋਕਾਂ ਨੇ ਪ੍ਰਵਾਨ ਕੀਤੇ ਕਿ ਉਨ੍ਹਾਂ ਵਿਚ ਰਾਜਨੀਤੀ ਦਾ ਰੰਗ ਤੇ ਮਹਿਕ ਸੀ। ਰਾਜਨੀਤੀ ਹੀ ਪ੍ਰਗਤੀਵਾਦ ਦਾ ਧੁਰਾ ਅਤੇ ਵਰਤਮਾਨ ਤੇ ਭਵਿੱਖ ਦਾ ਦਿਲ-ਦਿਮਾਗ਼ ਹੁੰਦਾ ਹੈ। ਸੋ ਮੈਂ ਇਹ ਸਮਝਦਾ ਅਤੇ ਆਪਣੇ ਦਿਲ-ਦਿਮਾਗ਼ ਵਿਚ ਇਹ ਵਿਚਾਰ ਸਦਾ ਦ੍ਰਿੜ੍ਹਾਉਂਦਾ ਰਿਹਾ ਹਾਂ ਕਿ ਜੀਵਨ ਦੇ ਸਾਰੇ ਰੰਗ ਸ਼ਾਇਰੀ ਦਾ ਹਿੱਸਾ ਹਨ ਅਤੇ ਇਨ੍ਹਾਂ ਵਿਚ ਰਾਜਨੀਤਕ ਦ੍ਰਿਸ਼ਟੀ ਅਤੇ ਪੇਸ਼ਕਾਰੀ ਇਕ ਜ਼ਰੂਰੀ ਹਿੱਸਾ ਹੈ। ਕੋਈ ਵੀ ਰਾਜ ਤੇ ਰਾਜਾ ਆਪਣੀ ਰਾਜਨੀਤੀ ਦੀ ਪੇਸ਼ਕਾਰੀ ਨੂੰ ਹੀ ਪਸੰਦ ਕਰਦਾ ਹੈ। ਪਾਸ਼ ਤੇ ਉਦਾਸੀ ਇਸ ਦੀਆਂ ਮਿਸਾਲਾਂ ਹਨ ਕਿ ਸਮਕਾਲੀ ਰਾਜਨੀਤੀ ਕਵਿਤਾ ਵਿਚ ਤਰਕ ਨਹੀਂ ਸਗੋਂ ਆਪਣੇ ਗੁਣਗਾਨ ਪਸੰਦ ਕਰਦੀ ਹੈ। ਸ਼ਾਇਰੀ ਵਿਚ ਸ਼ਾਇਰ ਦੀ ਸਮਕਾਲੀ ਰਾਜਨੀਤੀ ਦਾ ਪਰਤੌਅ ਜ਼ਰੂਰ ਹੋਣਾ ਚਾਹੀਦਾ ਹੈ, ਪਰ ਇਹ ਪਰਤੌਅ ਗ਼ਜ਼ਲੀਅਤ ਵਿੱਚ ਹੀ ਹੋਣਾ ਚਾਹੀਦਾ ਹੈ। ਗ਼ਜ਼ਲੀਅਤ ਦਾ ਭਾਵ ਹੈ ਕਿ ਸ਼ਿਅਰਾਂ ਵਿਚ ਸਪਾਟ ਰਾਜਨੀਤਿਕ ਬਿਆਨ ਨਹੀਂ ਹੋਣੇ ਚਾਹੀਦੇ, ਪਰ ਫ਼ਾਰਸੀ ਅਰਬੀ ਦੀ ਗ਼ਜ਼ਲ ਵਾਂਗ ਰਾਜਨੀਤਕ ਬਿਆਨ ਐਨੇ ਦੁਰਾਡੇ ਵੀ ਨਹੀਂ ਹੋਣੇ ਚਾਹੀਦੇ ਕਿ ਪਾਠਕ ਤੇ ਸਰੋਤਾ ਆਪਣੀ ਸਮਝ ਉੱਤੇ ਲਾਗੂ ਹੀ ਨਾ ਕਰ ਸਕੇ। ਮਿਸਾਲ ਵਾਸਤੇ ਅਰਬ ਤੇ ਫ਼ਾਰਸ ਦੀ ਸ਼ਾਇਰੀ ਵਿਚ ਐਸੀ ਹੀ ਸ਼ਾਇਰੀ ਕੀਤੀ ਜਾਂਦੀ ਸੀ। ਉਹ ਮੈਅਖਾਨੇ ਨੂੰ ਰਾਜ ਸੱਤਾ, ਸਾਕੀ ਨੂੰ ਰਾਜਾ ਵੰਡ, ਪੈਮਾਨੇ ਨੂੰ ਵੰਡ ਨਿਯਮ ਤੇ ਵਿਤਕਰਾ, ਰਿੰਦਾਂ ਨੂੰ ਦੇਸ਼ ਭਗਤ ਆਦਿ ਨਾਲ ਤਸ਼ਬੀਹ ਕਰਦੇ ਸਨ। ਉਹ ਰਾਜਨੀਤੀ ਦੀ ਨੁਕਤਾਚੀਨੀ ਵੀ ਕਰਦੇ ਅਤੇ ਰਾਜਾ-ਕੁੱਟ ਤੋਂ ਵੀ ਡਰਦੇ ਸਨ। ਪਰ ਭਾਰਤੀ ਕਾਵਿਕਾਰੀ ਵਿਚ ਐਸਾ ਨਹੀਂ ਸੀ। ਵੱਡੇ ਸ਼ਾਇਰ ਓਹੀ ਹੁੰਦੇ ਹਨ ਜੋ ਰਾਜਨੀਤਕ ਤਰਕ ਅਤੇ ਸੱਚਾਈ ਨੂੰ ਸ਼ਿਅਰਾਂ ਵਿਚ ਦਲੇਰੀ ਨਾਲ ਕਹਿੰਦੇ ਹਨ। ਰਾਜਨੀਤਕ ਸੱਚ ਏਦਾਂ ਕਹਿਣਾ ਚਾਹੀਦਾ ਹੈ ਕਿ ਲੋਕ-ਚਿੰਤਨ ਦਾ ਹਿੱਸਾ ਬਣ ਜਾਵੇ।
Advertisement


ਮੈਂ ਆਪਣੇ ਬਚਪਨ ਤੋਂ ਰਾਜਨੀਤਕ ਬੇਇਨਸਾਫ਼ੀਆਂ ਦਾ ਸ਼ਿਕਾਰ ਰਿਹਾ ਹਾਂ। ਚੱਕ ਵੰਡ ਵਿਚ ਰਾਜਨੀਤਕ ਪਹੁੰਚ ਵਾਲੇ ਉੱਚ ਦੁਮਾਲੜਾ ਲੋਕਾਂ ਨੇ ਮੇਰੇ ਬਾਪ ਦੀ ਪੈਲੀ ਦੱਬ ਲਈ ਸੀ। ਇਸੇ ਚੱਕ ਵੰਡ ਵਿਚ ਸਾਨੂੰ ਨਹਿਰੀ ਪਾਣੀ ਦਾ ਸਿੱਧਾ ਖਾਲ ਨਾ ਮਿਲਿਆ ਤੇ ਪਿੰਡ ਦੇ ਉੱਤੇ ਦੀ ਆਡ ਦਿੱਤੀ ਜਿਸ ਨੇ ਸਾਡੀਆਂ ਕਈ ਫ਼ਸਲਾਂ ਸੁਕਾ ਦਿੱਤੀਆਂ। ਅਸੀਂ ਖੇਤ ਵਿਚ ਇੰਜਣ ਲਾਉਣਾ ਸੀ ਪਰ ਸਾਨੂੰ ਨਾ ਵੇਖ ਸਖਾਉਂਦੇ ਗੁਆਂਢੀ ਸਰਦਾਰ ਨੇ ਨਾ ਲੱਗਣ ਦਿੱਤਾ। ਸਾਡੇ ਫਿਰਨੀ ਵਾਲੇ ਪਲਾਟ ਦੀ ਨਿਸ਼ਾਨਦੇਹੀ ’ਤੇ ਸਾਨੂੰ ਥਾਣੇ ਜਾਣਾ ਪਿਆ। ਮੇਰਾ ਪਿਤਾ ਚੋਰ ਨਹੀਂ ਸੀ ਪਰ ਜਾਬਰ ਲੋਕਾਂ ਨੂੰ ਮੂੰਹ ਉੱਤੇ ਸੱਚ ਕਹਿਣਾ ਦਾ ਆਦੀ ਸੀ। ਪਿੰਡ ਦੇ ਇਕ ਰਾਜਨੀਤਕ ਪਹੁੰਚ ਵਾਲੇ ਨੇ ਥਾਣੇ ਇਹ ਰਿਪੋਰਟ ਕੀਤੀ ਕਿ ਮੇਰੇ ਬਾਪ ਨੇ ਸਾਈਕਲ ਚੋਰੀ ਕੀਤਾ ਹੈ। ਸਾਡੇ ਘਰੋਂ ਸਾਈਕਲ ਕਿੱਥੋਂ ਮਿਲਣਾ ਸੀ, ਪਰ ਪੁਲੀਸ ਨੇ ਇਕ ਢੱਠੇ ਖੂਹ ਵਿਚੋਂ ਸਾਈਕਲ ਬਰਾਮਦ ਕਰ ਕੇ ਬਾਪੂ ਨੂੰ ਹਵਾਲਾਤ ਬੰਦ ਕਰਵਾ ਦਿੱਤਾ। ਬਚਪਨ ਦੀਆਂ ਵਧੀਕੀਆਂ ਅੱਗੇ ਚੱਲ ਕੇ ਸੂਬੇ, ਭਾਰਤ ਦੇਸ਼ ਅਤੇ ਸੰਸਾਰ ਰਾਜਨੀਤੀ ਨੂੰ ਸਮਝਣ ਦੀ ਤਾਕੀ ਬਣ ਗਈਆਂ। ਮੇਰਾ ਛੋਟਾ ਭਰਾ ਮੱਖਣ ਕੁਹਾੜ ਮੁਲਾਜ਼ਮ ਜਥੇਬੰਦੀਆਂ ਦੀ ਸਰਗਰਮ ਮੈਂਬਰ ਸੀ। ਸੰਨ 1975 ਦੇ ਲਾਗੇ ਰਾਜਨੀਤਕ ਐਮਰਜੈਂਸੀ ਲੱਗ ਗਈ। ਮੈਂ ਕਮਿਊਨਿਸਟ ਬਣ ਗਿਆ। ਹਰ ਮਹੀਨੇ ਉੱਘੇ ਕਾਮਰੇਡ ਸਕੂਲਿੰਗ ਕਰਦਿਆਂ ਪੰਜਾਬ, ਭਾਰਤ ਅਤੇ ਕੁਲ ਸੰਸਾਰ ਦੀ ਰਾਜਨੀਤਕ ਦ੍ਰਿਸ਼ਾਵਲੀ ਪੇਸ਼ ਕਰਦੇ ਸਨ। ਕਮਿਊਨਿਸਟ ਸਾਥੀ ਸਥਾਨਕ ਰਾਜਨੀਤੀ ਤੋਂ ਲੈ ਕੇ ਸੰਸਾਰ ਰਾਜਨੀਤੀ ਬਾਰੇ ਗੱਲ ਬੜੀ ਡੂੰਘਾਈ ਨਾਲ ਕਰਦੇ। ਦੇਸ਼ ’ਚ ਲੱਗੀ ਐਮਰਜੈਂਸੀ ਨੇ ਮੇਰਾ ਨਾਤਾ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵਾਲੀ ਕਮਿਊਨਿਸਟ ਪਾਰਟੀ ਨਾਲ ਜੋੜਿਆ। ਕਾਰਨ ਇਹ ਕਿ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਐਮਰਜੈਂਸੀ ਦਾ ਸਮਰਥਨ ਕੀਤਾ ਸੀ। ਮੈਂ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ ਨਾਲ ਵਿਚਾਰਕ ਸਹਿਮਤੀ ਪ੍ਰਗਟਾਉਣ ਲੱਗਾ। 1974-75 ਤੋਂ ਬਾਅਦ ਮੇਰੀ ਸਾਰੀ ਸ਼ਿਅਰਕਾਰੀ ਵਿਚ ਰਾਜਨੀਤਕ ਪੁੱਠ ਹੁੰਦੀ ਸੀ। ਮੈਨੂੰ ਜਾਪਣ ਲੱਗਾ ਸੀ ਕਿ ਸਾਹਿਤ ਤਦ ਹੀ ਸ ਹਿਤ ਹੋ ਸਕਦਾ ਹੈ ਜੇਕਰ ਉਹ ਸਮਕਾਲੀ ਰਾਜਨੀਤੀ ਦੀ ਪੁਣ-ਛਾਣ ਕਰੇ। ਮੈਂ ਸਿੱਧੇ ਤੌਰ ’ਤੇ ਨਹੀਂ ਪਰ ਸਿਧਾਂਤਕ ਤੌਰ ਉੱਤੇ ਕਮਿਊਨਿਸਟ ਵਿਚਾਰਧਾਰਾ ਦਾ ਸ਼ਾਇਰ ਸਾਂ।


ਦੇਸ਼ ਅਤੇ ਪੰਜਾਬ ਦੀ 1947 ਦੀ ਵੰਡ ਨੇ ਮੇਰੇ ਦਿਲ ਉੱਤੇ ਜ਼ਖ਼ਮ ਕੀਤੇ ਸਨ। ਮੇਰਾ ਪਿੰਡ ਸਰਹੱਦ ਨੇੜੇ ਸੀ। ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਗੁਰਦਾਸਪੁਰ ਕਦੇ ਭਾਰਤ ਅਤੇ ਕਦੇ ਪਾਕਿਸਤਾਨ ਵਿਚ ਹੋਣ ਦਾ ਰੌਲਾ ਪੈਂਦਾ। ਅਸੀਂ ਨਿੱਕੇ-ਨਿੱਕੇ ਭੈਣ ਭਰਾ ਤੇ ਮਾਪੇ ਕਈ ਦਿਨ ਕਮਾਦਾਂ ਵਿਚ ਰਹੇ। ਸਾਡੇ ਨੇੜੇ ਕਾਦੀਆਂ ਰਾਜਨੀਤਕ ਵਿਧਾਇਕ ਨਿੱਤ ਗੋਲੀਬਾਰੀ ਕਰਦੇ ਸਨ। ਕਈ ਮਰ ਜਾਂਦੇ ਪਰ ਨੇਤਾਵਾਂ ਨੂੰ ਕਦੇ ਜੇਲ੍ਹ ਨਾ ਹੁੰਦੀ। ਪਿੰਡ ਵਿਚ ਰਾਜਨੇਤਾ ਦੇ ਨੇੜਲੇ ਵਿਅਕਤੀ ਡਰੰਮਾਂ ਨਾਲ ਸ਼ਰਾਬ ਕੱਢਦੇ ਵੇਚਦੇ ਕਦੇ ਫੜੇ ਨਾ ਜਾਂਦੇ, ਪਰ ਆਮ ਬੰਦੇ ਦੇ ਘਰੋਂ ਹਰ ਵੇਰ ਕੁਝ ਨਾ ਕੁਝ ਫੜਿਆ ਹੀ ਜਾਂਦਾ ਤੇ ਕਚਹਿਰੀਆਂ ’ਚ ਕਈ ਸਾਲ ਲੰਘਦੇ।
ਮੈਨੂੰ ਇਕ ਪਾਰਟੀ ਦੇ ਇਕ ਮੰਤਰੀ ਦੇ ਚਮਚੇ ਨੇ ਜੇਲ੍ਹ ਦੇ ਦਰਸ਼ਨ ਕਰਵਾ ਦਿੱਤੇ। ਮੰਤਰੀ ਦੇ ਬਣਾਏ ਡਿਪਟੀ ਨੇ ਮੇਰੇ ਉੱਤੇ ਗ਼ਲਤ ਕੇਸ ਪਾ ਦਿੱਤਾ। ਲੇਖਕ ਤੇ ਅਧਿਆਪਕ ਸਾਥੀ ਮੇਰੇ ਹੱਕ ਵਿਚ ਤੁਰ ਸਕਦੇ ਸਨ ਪਰ ਮੈਂ ਭਿਣਕ ਨਾ ਕੱਢੀ ਤੇ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ। ਉੱਥੇ ਮੈਂ ਪੰਦਰਾਂ ਦਿਨ ਰਿਹਾ ਤੇ ਸੈਂਕੜੇ ਦੋਸ਼ੀਆਂ ਨੂੰ ਮਿਲਿਆ। ਮੈਂ ਚੋਰੀ ਛਿਪੇ ਨੋਟ ਲੈਂਦਾ ਰਿਹਾ। ਇਰਾਦਾ ਸੀ ਕਿ ‘ਮੈਜਿਸਟ੍ਰੇਟ ਮੁਜਰਿਮ’ ਵਾਲੇ ਰਾਮ ਸਿੰਘ ਦੀ ਤਰਜ਼ ਉੱਤੇ ਜੇਲ੍ਹ ਡਾਇਰੀ ਲਿਖਾਂਗਾ। ਹੌਲੀ-ਹੌਲੀ ਜੇਲ੍ਹ ਵਿਚ ਰੌਲਾ ਜਿਹਾ ਪੈ ਗਿਆ ਕਿ ਨਾਵਲਕਾਰ ਸਰਹੱਦੀ ਜੇਲ੍ਹ ਦੇ ਹਾਲਾਤ ਦੀ ਕਿਤਾਬ ਲਿਖਣ ਵਾਲਾ ਹੈ। ਚਕਰੀ ਹੌਲਦਾਰ ਗੁਰਦਾਸਪੁਰ ਜੇਲ੍ਹ ਨੇ ਬੇਨਤੀ ਕੀਤੀ ਕਿ ਕੁਝ ਨਾ ਲਿਖਿਉ। ਜੇਕਰ ਮੈਂ ਜੇਲ੍ਹ ਦੇ ਕਿੱਸੇ ਲਿਖਦਾ ਤਾਂ ਮਸ਼ਹੂਰ ਹੋ ਜਾਂਦਾ।
ਮੇਰੇ ਦਿਲ ਦਿਮਾਗ਼ ’ਚ ਇਹ ਗੱਲ ਘਰ ਕਰ ਗਈ ਹੈ ਕਿ ਜਦ ਤਕ ਰਾਜਨੀਤੀ ਸਹੀ ਲੋਕਾਂ ਦੇ ਹੱਥਾਂ ਵਿਚ ਨਹੀਂ ਚਲਦੀ ਤਦ ਤਕ ਸਮਾਜ ਇਸੇ ਤਰ੍ਹਾਂ ਹੀ ਘੁੱਗੂ ਬਣਿਆ ਰਹੇਗਾ। ਪਰ ਅਸੀਂ ਲੇਖਕ ਝੱਟ ਠੱਗੇ ਵੀ ਜਾਂਦੇ ਹਾਂ। ਦਸ ਲੱਖ ਦੇ ਇਨਾਮ ਉੱਤੇ ਸਾਡੀਆਂ ਲਾਲਾਂ ਹਮੇਸ਼ਾ ਕਿਰਦੀਆਂ ਰਹਿੰਦੀਆਂ ਨੇ। ਹਰ ਸਾਹਿਤਕ ਸੰਸਥਾ ਉੱਤੇ ਸਰਕਾਰੀ ਖੜਪੈਂਚ ਲੇਖਕ ਨਿਯਤ ਕੀਤੇ ਜਾਂਦੇ ਹਨ ਜੋ ਰਾਜਨੀਤਕ ਸੱਚ ਲਿਖਣ ਵਾਲੇ ਲੇਖਕਾਂ ਨੂੰ ਕੁਝ ਇਸ ਤਰ੍ਹਾਂ ਪਤਿਆ ਲੈਂਦੇ ਨੇ। ਮੈਂ ਗੱਲ ਨੂੰ ਵੱਡੀ ਨਾ ਕਰਦਿਆਂ ਆਪਣੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਪਾਠਕਾਂ ਲਈ ਪੇਸ਼ ਕਰਨਾ ਚਾਹੁੰਦਾ ਹਾਂ:
ਚੰਗਾ ਭਲਾ ਹੁੰਦਾ ਹੈ ਬੰਦਾ ਕੁਰਸੀ ਉੱਤੇ ਬਹਿਣ ਤੋਂ ਪਹਿਲਾਂ
ਕੁਰਸੀ ਦਾ ਝੱਲ ਹਰ ਨੇਤਾ ਨੂੰ ਔਰੰਗਜ਼ੇਬ ਬਣਾ ਦੇਂਦਾ ਹੈ...
ਭਾਰਤ ਦੀ ਵਰਤਮਾਨ ਰਾਜਨੀਤੀ ਉਲਾਰਵਾਦੀ ਲੀਹਾਂ ਉੱਤੇ ਚੱਲਦੀ ਹੈ। ਮਜ਼ਹਬੀ ਵਖਰੇਵਾਂ ਹਿਟਲਰੀ ਲੀਹਾਂ ਉੱਤੇ ਹੈ। ਰਾਜਨੀਤਕ ਸਭਿਆਚਾਰ ਨੂੰ ਕੁੰਠਿਤ ਕੀਤਾ ਜਾ ਰਿਹਾ ਹੈ। ਮੇਰਾ ਸ਼ਿਅਰ ਹੈ:
ਬਿਜੜੇ ਦਾ ਘਰ ਢਾਹ ਕੇ ਉਸ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ,
ਬਾਂਦਰ ਆਪਣੀ ਬੇ-ਹੁਨਰੀ ਦਾ ਹੁਨਰ ਵਿਖਾਉਣਾ ਚਾਹੁੰਦਾ ਹੈ।
ਅੱਜ ਧਰਮ ਦੇ ਨਾਮ ਉੱਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ:
ਅੱਜ ਦਾ ਤੇਰਾ ਨਾਮ ਕੀ ਐ ਪੋਰਸੀ ਹਿੰਦੁਸਤਾਨ!
ਬਾਬਰੀ ਮਸਜਿਦ ਲਿਖਾਂ ਕਿ ਰਾਮ ਦਾ ਮੰਦਰ ਲਿਖਾਂ।
ਅੱਜ ਭਾਰਤ ਦੀ ਰਾਜਨੀਤੀ ਦਾ ਚਾਰੇ ਪਾਸਿਉਂ ਵਿਰੋਧ ਹੋ ਰਿਹਾ ਹੈ ਪਰ ਇਸ ਰਾਜਨੀਤੀ ਦਾ ਮੁੱਢ ਬੱਝਣ ਵੇਲੇ ਲੋਕ ਖ਼ਬਰੇ ਕਿਸ ਨਸ਼ੇ ਵਿਚ ਸਨ। ਮੈਨੂੰ ਲੱਗਦਾ ਸੀ ਕਿ ਅਸੀਂ ਇਸ ਦਾ ਬਣਦਾ ਵਿਰੋਧ ਨਾ ਕਰ ਸਕੇ:
ਮੇਰੇ ਮੋਢੀਂ ਚੜ੍ਹ ਕੇ ਖੰਜਰ ਵੰਡ ਰਿਹਾ ਸ਼ੈਤਾਨ
ਅਜ ਕੱਲ੍ਹ ਮੇਰੇ ਅੰਦਰਲਾ ਹੈ ਫੱਕਰ ਬਹੁਤ ਹੈਰਾਨ।
ਮੇਰੇ ਇਨ੍ਹਾਂ ਸ਼ਿਅਰਾਂ ਦੇ ਵੀ ਰਾਜਨੀਤਕ ਅਰਥ ਹਨ:

ਮੈਂ ਸੱਤ ਗ਼ਜ਼ਲ ਸੰਗ੍ਰਹਿ ਲਿਖੇ ਹਨ। ਇਹ ਸਾਰੇ ਇਕ ਵਾਲਿਅਮ ਵਿਚ ਵੀ ਮਿਲਦੇ ਹਨ। 4000 ਤੋਂ ਵੱਧ ਦੋਹੇ ਲਿਖੇ ਹਨ। ਖਾੜਕੂਵਾਦ ਉੱਤੇ ਸ਼ਾਇਰੀ ਦੀਆਂ ਦੋ ਕਿਤਾਬਾਂ ਦਿੱਤੀਆਂ ਹਨ। ਮੇਰਾ ਅਕੀਦਾ ਹੈ ਕਿ ਜੇਕਰ ਸ਼ਾਇਰ ਸਮਕਾਲੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਤਾਂ ਇਸ ਬਾਰੇ ਸ਼ਿਅਰ ਕਹਿਣ। ਵਰਨਾ ਲਿਖਣ ਦਾ ਕੀ ਫ਼ਾਇਦਾ? ਗ਼ਜ਼ਲ ਬਾਰੇ ਸ਼ਿਅਰ ਦੇ ਕੇ ਵਿਰਾਮ ਲੈਂਦਾ ਹਾਂ:
ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ
ਗ਼ਜ਼ਲ ਵਿਚ ਬਹੁਤ ਕੁਝ ਹੁੰਦੈ ਤੂੰ ਕੇਵਲ ਕਾਫੀਆ ਨਾ ਦੇਹ।
ਸੰਪਰਕ: 94174-84337

Advertisement