ਈਵੀਐੱਮਜ਼ ਬਾਰੇ ਮਸਕ ਦੇ ਬਿਆਨ ਨਾਲ ਭਾਰਤ ’ਚ ਸਿਆਸੀ ਤੂਫ਼ਾਨ
ਨੀਰਜ ਮੋਹਨ
ਨਵੀਂ ਦਿੱਲੀ, 16 ਜੂਨ
ਹੈਕਿੰਗ ਦੇ ਜੋਖਮ ਦੇ ਹਵਾਲੇ ਨਾਲ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨੂੰ ਖ਼ਤਮ ਕਰਨ ਦੇ ‘ਸਪੇਸਐਕਸ’ ਅਤੇ ਟੈਸਲਾ ਦੇ ਸੀਈਓ ਐਲਨ ਮਸਕ ਦੇ ਸੱਦੇ ਮਗਰੋਂ ਭਾਰਤ ਵਿੱਚ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਲੰਮੇ ਸਮੇਂ ਤੋਂ ਈਵੀਐੱਮ ਦੀ ਭਰੋਸੇਯੋਗਤਾ ’ਤੇ ਸਵਾਲ ਉਠਾ ਰਹੀਆਂ ਵਿਰੋਧੀ ਧਿਰਾਂ ਨੇ ਮਸਕ ਦੀ ਇਸ ਟਿੱਪਣੀ ਦਾ ਸਮਰਥਨ ਕੀਤਾ ਹੈ। ਵਿਰੋਧੀ ਧਿਰਾਂ ਪਿਛਲੇ ਕੁਝ ਸਮੇਂ ਤੋਂ ਈਵੀਐੱਮ ਨੂੰ ਲੈ ਕੇ ਫ਼ਿਕਰ ਜ਼ਾਹਰ ਕਰ ਰਹੀਆਂ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਵੀਵੀਪੈਟ ਪਰਚੀਆਂ ਦੇ 100 ਫੀਸਦੀ ਮਿਲਾਨ ਦੀ ਮੰਗ ਕੀਤੀ ਸੀ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਮਸਕ ਦਾ ਇਹ ਪ੍ਰਤੀਕਰਮ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਰਾਬਰਟ ਐੱਫ. ਕੈਨੇਡੀ ਜੂਨੀਅਰ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਮਗਰੋਂ ਆਇਆ ਹੈ। ਉਨ੍ਹਾਂ ਨੇ ਪਿਊਰਟੋ ਰੀਕੋ ਦੀਆਂ ਮੁੱਢਲੀਆਂ ਚੋਣਾਂ ਵਿੱਚ ਵਰਤੀਆਂ ਗਈਆਂ ਈਵੀਐੱਮ ਨਾਲ ਸਬੰਧਤ ਬੇਨੇਮੀਆਂ ਦਾ ਜ਼ਿਕਰ ਕੀਤਾ ਸੀ। ਮਸਕ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਇਕ ਪੋਸਟ ਵਿੱਚ ਕਿਹਾ, ‘‘ਸਾਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਹਟਾ ਦੇਣੀਆਂ ਚਾਹੀਦੀਆਂ ਹਨ। ਇਨਸਾਨਾਂ ਜਾਂ ਮਸਨੂਈ ਬੌਧਿਕਤਾ (ਏਆਈ) ਵੱਲੋਂ ਹੈਕ ਕਰਨ ਦਾ ਜੋਖਮ ਹਾਲਾਂਕਿ, ਘੱਟ ਹੈ, ਪਰ ਫਿਰ ਵੀ ਬਹੁਤ ਜ਼ਿਆਦਾ ਹੈ।’’
ਰਾਹੁਲ ਵੱਲੋਂ ਈਵੀਐੱਮ ‘ਬਲੈਕ ਬਾਕਸ’ ਕਰਾਰ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ‘ਬਲੈਕ ਬਾਕਸ’ ਹਨ, ਜਿਨ੍ਹਾਂ ਦੀ ਜਾਂਚ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਚੋਣ ਪ੍ਰਕਿਰਿਆ ਨੂੰ ਲੈ ਕੇ ‘ਗੰਭੀਰ ਚਿੰਤਾਵਾਂ’ ਜਤਾਈਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਦੀ ਇਹ ਪ੍ਰਤੀਕਿਰਿਆ ਤਕਨੀਕੀ ਦਿੱਗਜ ਐਲਨ ਮਸਕ ਦੀ ਉਸ ਟਿੱਪਣੀ ’ਤੇ ਆਈ ਹੈ ਜਿਸ ਵਿੱਚ ਉਨ੍ਹਾਂ ਨੇ ਈਵੀਐੱਮ ਦੀ ‘ਦੁਰਵਰਤੋਂ’ ’ਤੇ ਸਵਾਲ ਉਠਾਇਆ ਸੀ।
ਰਾਹੁਲ ਨੇ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਜਦੋਂ ਅਦਾਰਿਆਂ ਦੀ ਜਵਾਬਦੇਹੀ ਹੀ ਨਹੀਂ ਹੁੰਦੀ ਤਾਂ ਜਮਹੂਰੀਅਤ ਸਿਰਫ਼ ਇੱਕ ਦਿਖਾਵਾ ਬਣ ਕੇ ਰਹਿ ਜਾਂਦੀ ਹੈ ਅਤੇ ਹੇਰਾਫੇਰੀ ਦਾ ਖ਼ਦਸ਼ਾ ਵਧ ਜਾਂਦਾ ਹੈ।’’ ਇਸ ਪੋਸਟ ਨਾਲ ਰਾਹੁਲ ਨੇ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੇ ਉੱਤਰ-ਪੱਛਮ ਤੋਂ 48 ਵੋਟਾਂ ਨਾਲ ਜੇਤੂ ਰਹੇ ਸ਼ਿਵ ਸੈਨਾ ਦੇ ਇੱਕ ਉਮੀਦਵਾਰ ਦੇ ਰਿਸ਼ਤੇਦਾਰ ਕੋਲ ਇੱਕ ਫੋਨ ਅਜਿਹਾ ਹੈ ਜਿਸ ਨਾਲ ਈਵੀਐੱਮ ਨੂੰ ਖੋਲ੍ਹਿਆ ਜਾ ਸਕਦਾ ਸੀ। -ਪੀਟੀਆਈ
ਮਸਕ ਦੇ ਵਿਚਾਰ ਅਮਰੀਕਾ ’ਚ ਲਾਗੂ ਹੋ ਸਕਦੇ ਨੇ ਭਾਰਤ ’ਚ ਨਹੀਂ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅੱਜ ਕਿਹਾ ਕਿ ਅਰਬਪਤੀ ਉੱਦਮੀ ਐਲਨ ਮਸਕ ਵੱਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਖ਼ਤਮ ਕੀਤੇ ਜਾਣ ਸਬੰਧੀ ਵਿਚਾਰ/ਸੱਦਾ ਅਮਰੀਕਾ ਵਿਚ ਤਾਂ ਅਮਲ ਵਿਚ ਆ ਸਕਦਾ ਹੈ, ਪਰ ਭਾਰਤ ਵਿਚ ਨਹੀਂ। ਪਾਰਟੀ ਨੇ ਦੋਸ਼ ਲਾਇਆ ਕਿ ਮਸਕ ਅਜਿਹੀ ਮੰਗ ਕਰਕੇ ‘ਵਿਸ਼ਾਲ ਵਿਆਪਕ ਰਾਇ’ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਭਾਜਪਾ ਆਗੂ ਰਾਜੀਵ ਚੰਦਰਸ਼ੇਖਰ ਨੇ ਟੈਸਲਾ ਦੇ ਸੀਈਓ ਵੱਲੋਂ ਈਵੀਐੱਮਜ਼ ਦੀ ਕੀਤੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਕਿਹਾ, ‘‘ਇਹ ਇਕ ਬਹੁਤ ਵੱਡਾ ਸਾਧਾਰਨ ਬਿਆਨ ਹੈ ਜਿਸ ਦਾ ਮਤਲਬ ਹੈ ਕਿ ਕੋਈ ਵੀ ਸੁਰੱਖਿਅਤ ਡਿਜੀਟਲ ਹਾਰਡਵੇਅਰ ਨਹੀਂ ਬਣਾ ਸਕਦਾ। ਇਹ ਗ਼ਲਤ ਹੈ। ਐਲਨ ਮਸਕ ਦਾ ਇਹ ਵਿਚਾਰ ਅਮਰੀਕਾ ਵਿਚ ਅਤੇ ਹੋਰਨਾਂ ਥਾਵਾਂ ’ਤੇ ਅਮਲ ਵਿਚ ਆ ਸਕਦਾ ਹੈ, ਜਿੱਥੇ ਉਹ ਇੰਟਰਨੈੱਟ ਨਾਲ ਜੁੜੀਆਂ ਵੋਟਿੰਗ ਮਸ਼ੀਨਾਂ ਦੇ ਨਿਰਮਾਣ ਲਈ ਨਿਯਮਤ ਕੰਪਿਊਟਰ ਪਲੈਟਫਾਰਮਾਂ ਦਾ ਇਸਤੇਮਾਲ ਕਰਦੇ ਹਨ।’’
ਸੂਚਨਾ ਤਕਨਾਲੋਜੀ ਵਿਭਾਗ ’ਚ ਸਾਬਕਾ ਰਾਜ ਮੰਤਰੀ ਨੇ ਐਕਸ ’ਤੇ ਕਿਹਾ, ‘‘ਭਾਰਤੀ ਈਵੀਐੱਮਜ਼ ਕਸਟਮ ਡਿਜ਼ਾਈਨਡ, ਸੁਰੱਖਿਅਤ ਅਤੇ ਕਿਸੇ ਨੈੱਟਵਰਕ ਜਾਂ ਮੀਡੀਆ ਤੋਂ ਨਿਖੇੜਵੀਆਂ...ਕੋਈ ਕੁਨੈਕਟੀਵਿਟੀ ਨਹੀਂ, ਕੋਈ ਬਲੂਟੁੱਥ, ਵਾਈਫਾਈ, ਇੰਟਰਨੈੱਟ ਨਹੀਂ..ਫੈਕਟਰੀ ਪ੍ਰੋਗਰਾਮਡ ਕੰਟਰੋਲਰ ਹਨ ਜਿਨ੍ਹਾਂ ਨੂੰ ਰੀਪ੍ਰੋਗਰਾਮ ਨਹੀਂ ਕੀਤਾ ਜਾ ਸਕਦਾ।’’ ਚੰਦਰਸ਼ੇਖਰ ਨੇ ਕਿਹਾ ਕਿ ਈਵੀਐੱਮਜ਼ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਤੇ ਇਨ੍ਹਾਂ ਨੂੰ ਸਹੀ ਬਣਾਇਆ ਜਾ ਸਕਦਾ ਹੈ, ਜਿਵੇਂ ਭਾਰਤ ਨੇ ਕੀਤਾ ਹੈ। ਭਾਜਪਾ ਆਗੂ ਨੇ ਕਿਹਾ, ‘‘ਐਲਨ ਜੇਕਰ ਚਾਹੁਣ ਤਾਂ ਸਾਨੂੰ ਉਨ੍ਹਾਂ ਨੂੰ ਈਵੀਐੱਮਜ਼ ਸਬੰਧੀ ਜਾਣਕਾਰੀ ਦੇਣ ਲਈ ਟਿਊਸ਼ਨ ਦੇਣ ’ਚ ਖੁਸ਼ੀ ਹੋਵੇਗੀ।’’
ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਮਸਕ ਜਾਂ ਹੋਰ ਕਿਸੇ ਨੂੰ ਜੇਕਰ ਲੱਗਦਾ ਹੈ ਕਿ ਈਵੀਐੱਮ ਹੈਕ ਕੀਤੀ ਜਾ ਸਕਦੀ ਹੈ ਤਾਂ ਉਨ੍ਹਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਤੱਕ ਪਹੁੰਚ ਕਰਨੀ ਚਾਹੀਦੀ ਹੈ। ਮਾਲਵੀਆ ਨੇ ਮਸਕ ਵੱਲੋਂ ਜਤਾਏ ਫਿਕਰਾਂ ਦੇ ਹਵਾਲੇ ਨਾਲ ਕੀਤੀਆਂ ਟਿੱਪਣੀਆਂ ਲਈ ਰਾਹੁਲ ਗਾਂਧੀ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਰਾਹੁਲ ਗਾਂਧੀ ਭਾਰਤੀ ਜਮਹੂਰੀਅਤ ਨੂੰ ਲੈ ਕੇ ਮਸਕ ਨੂੰ ਸ਼ਿਕਾਇਤਾਂ ਕਿਉਂ ਕਰ ਰਹੇ ਹਨ? ਮਸਕ ਕੀ ਕਰ ਸਕਦੇ ਹਨ? ਜਾਂ ਫਿਰ ਕੁੱਲ ਆਲਮ ਅੱਗੇ ਰੋਣਾ ਤੇ ਭਾਰਤ ਨੂੰ ਨੀਵਾਂ ਦਿਖਾਉਣ ਕਾਂਗਰਸ ਦੇ ਡੀਐੱਨਏ ਦਾ ਹਿੱਸਾ ਹੈ? ਸਾਡੇ ਦੇਸ਼ ਵਿਚ ਹੁਣੇ ਜਿਹੇ ਚੋਣਾਂ ਹੋਈਆਂ ਹਨ ਤੇ ਭਾਰਤ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਪਰਿਵਾਰਵਾਦ ਨੂੰ ਰੱਦ ਕੀਤਾ ਹੈ। ਪਰ ਉਸ(ਰਾਹੁਲ) ਨੂੰ ਅਜੇ ਵੀ ਸਮਝ ਨਹੀਂ ਆ ਰਹੀ।’’ -ਪੀਟੀਆਈ