ਸਿਆਸੀ ਮਿਲਣੀ: ਘੁੱਟ ਘੁੱਟ ਪਾਈਆਂ ਜੱਫੀਆਂ..!
ਚਰਨਜੀਤ ਭੁੱਲਰ
ਚੰਡੀਗੜ੍ਹ, 16 ਮਾਰਚ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੰਜ ਘੁੱਟ-ਘੁੱਟ ਕੇ ਜੱਫੀਆਂ ਪਾਈਆਂ, ਜਿਵੇਂ ਚਿਰਾਂ ਬਾਅਦ ਮਿਲੇ ਹੋਣ। ਜਦੋਂ ਅੱਜ ਦੋਵੇਂ ਆਗੂ ਮਿਲੇ ਤਾਂ ਨਿੱਘ ਵੀ ਨਜ਼ਰ ਆਇਆ ਅਤੇ ਦਿਲਾਂ ਦੀ ਖਿੱਚ ਵੀ। ਲੰਬੇ ਸਮੇਂ ਮਗਰੋਂ ਪਹਿਲਾ ਮੌਕਾ ਸੀ ਜਦੋਂ ਕੇਜਰੀਵਾਲ ਤੇ ਭਗਵੰਤ ਮਾਨ ਖੁਸ਼ੀ ਦੇ ਰੌਂਅ ਵਿੱਚ ਦਿਖੇ। ਅਹਿਮ ਸੂਤਰ ਦੱਸਦੇ ਹਨ ਕਿ ਅਰਵਿੰਦ ਕੇਜਰੀਵਾਲ ਨੇ ਲੰਘੇ ਕੱਲ੍ਹ ਹੀ ਪੰਜਾਬ ਦੀ ਜ਼ਮੀਨੀ ਰਿਪੋਰਟ ਹਾਸਲ ਕੀਤੀ ਹੈ ਜਿਸ ਮਗਰੋਂ ਅੱਜ ਨਵੇਂ ਰੰਗ ਦੇਖਣ ਨੂੰ ਮਿਲੇ ਹਨ।
ਪ੍ਰਤੱਖਦਰਸੀ ਦੱਸਦੇ ਹਨ ਕਿ ਅੱਜ ਜਦੋਂ ਕੇਜਰੀਵਾਲ ਤੇ ਮਾਨ ‘ਆਪ’ ਵਿਧਾਇਕ ਡਾ. ਅਜੇ ਗੁਪਤਾ ਦੇ ਘਰ ਨਾਸ਼ਤੇ ’ਤੇ ਮਿਲੇ ਤਾਂ ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਗੁਲਦਸਤਾ ਭੇਟ ਕੀਤਾ। ਇਸ ਮੌਕੇ ਦੋਵੇਂ ਆਗੂਆਂ ਨੇ ਜੱਫੀਆਂ ਪਾਈਆਂ ਅਤੇ ਕੇਜਰੀਵਾਲ ਨੇ ਮੁੱਖ ਮੰਤਰੀ ਕੋਲੋਂ ਉਨ੍ਹਾਂ ਦੀ ਅੱਖ ਦਾ ਹਾਲ ਪੁੱਛਿਆ। ਪਰਿਵਾਰਕ ਤੇ ਸਮਾਜਿਕ ਗੱਲਾਂ ਵੀ ਹੋਈਆਂ। ਵਿਧਾਇਕ ਇੰਦਰਵੀਰ ਸਿੰਘ ਨਿੱਝਰ ਦੇ ਘਰ ਦੁਪਹਿਰ ਦੇ ਖਾਣੇ ਮੌਕੇ ਦੋਵੇਂ ਆਗੂਆਂ ਦੀ ਲੰਬੀ ਗੱਲਬਾਤ ਹੁੰਦੀ ਰਹੀ। ਇਨ੍ਹਾਂ ਮੌਕਿਆਂ ’ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਵੀ ਹਾਜ਼ਰ ਸਨ। ਇਨ੍ਹਾਂ ਮੌਕਿਆਂ ’ਤੇ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਖੁਸ਼ਅੰਦਾਜ਼ ਵਿੱਚ ਕਾਫੀ ਮਾਮਲਿਆਂ ’ਤੇ ਚਰਚਾ ਵੀ ਕੀਤੀ। ਸੂਤਰ ਦੱਸਦੇ ਹਨ ਕਿ ਅਹਿਮ ਸਿਆਸੀ ਗੱਲਬਾਤ ਵੀ ਦੋਵੇਂ ਆਗੂਆਂ ਵਿਚਾਲੇ ਹੋਈ ਹੈ। ਦੋਵੇਂ ਆਗੂਆਂ ਨੇ ਅੰਮ੍ਰਿਤਸਰ ਵਿੱਚ ਅੱਜ ਇੱਕ ਵਿਧਾਇਕ ਦੀ ਨਿੱਜੀ ਗੱਡੀ ਵਿੱਚ ਸਫ਼ਰ ਕੀਤਾ ਅਤੇ ਉਸ ਮਗਰੋਂ ਅੰਮ੍ਰਿਤਸਰ ਤੋਂ ਦੋਵੇਂ ਆਗੂ ਇੱਕ ਹੈਲੀਕਾਪਟਰ ਰਾਹੀਂ ਲੁਧਿਆਣਾ ਪੁੱਜੇ।
ਅੱਜ ਅਹਿਮ ਤੇ ਜੋ ਵੱਡੀ ਸਿਆਸੀ ਪ੍ਰਗਤੀ ਹੋਈ ਹੈ, ਉਸ ਨੂੰ ਦੇਖੀਏ ਤਾਂ ਅੰਮ੍ਰਿਤਸਰ ਵਿੱਚ ਕੇਜਰੀਵਾਲ ਵੱਲੋਂ ਭਗਵੰਤ ਮਾਨ ਦੀ ਪਿੱਠ ਥਾਪੜੀ ਗਈ ਹੈ ਜਿਸ ਮਗਰੋਂ ਪੰਜਾਬ ਦੇ ਸਿਆਸੀ ਕਿਆਸਾਂ ਨੂੰ ਜ਼ਰੂਰ ਬਰੇਕ ਲੱਗ ਗਈ ਹੈ। ਕਰੀਬ ਛੇ ਮਹੀਨਿਆਂ ਤੋਂ ਸਿਆਸੀ ਸ਼ਗੂਫੇ ਤੇ ਅਫ਼ਵਾਹਾਂ ਸਿਖ਼ਰ ’ਤੇ ਸਨ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਜਾ ਰਿਹਾ ਹੈ। ਕੇਜਰੀਵਾਲ ਦੇ ਅੱਜ ਦੇ ਬਿਆਨ ਨੇ ਆਮ ਆਦਮੀ ਪਾਰਟੀ ਦੇ ਅੰਦਰ ਉੱਚ ਅਹੁਦਾ ਸੰਭਾਲਣ ਦੀਆਂ ਸਿਆਸੀ ਇੱਛਾਵਾਂ ਪਾਲਣ ਵਾਲੇ ਆਗੂਆਂ ਨੂੰ ਵੀ ਇੱਕ ਤਰੀਕੇ ਨਾਲ ਚੁੱਪ ਕਰਵਾ ਦਿੱਤਾ ਹੈ। ਪ੍ਰਸ਼ਾਸਨਿਕ ਹਲਕੇ ਵੀ ਭੰਬਲਭੂਸੇ ਵਿੱਚ ਸਨ, ਜਿਸ ਨੂੰ ਲੈ ਕੇ ਅੱਜ ਕੇਜਰੀਵਾਲ ਨੇ ਸਾਫ਼ ਸੰਕੇਤ ਦੇ ਦਿੱਤੇ ਹਨ। ਸਿਆਸੀ ਵਿਰੋਧੀ ਵੀ ਸਮੇਂ-ਸਮੇਂ ’ਤੇ ਚਟਕਾਰੇ ਲੈ ਰਹੇ ਸਨ, ਉਨ੍ਹਾਂ ਨੂੰ ਵੀ ਅੱਜ ਦੇ ਬਿਆਨ ਨੇ ਸ਼ਾਂਤ ਕਰ ਦਿੱਤਾ ਹੈ। ਕਰੀਬ ਛੇ ਮਹੀਨੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਮੁੱਖ ਮੰਤਰੀ ਨੂੰ ਬਦਲੇ ਜਾਣ ਦੀ ਚਰਚਾ ਸਿਖ਼ਰ ’ਤੇ ਸੀ। ਹਾਲਾਂਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ’ਤੇ ਚੁੱਪ ਧਾਰੀ ਹੋਈ ਸੀ, ਜਿਸ ਕਰ ਕੇ ਅਫਵਾਹਾਂ ਨੂੰ ਤੂਲ ਮਿਲ ਰਿਹਾ ਸੀ।
ਕੇਜਰੀਵਾਲ ਜਦੋਂ ‘ਵਿਪਾਸਨਾ’ ਮਗਰੋਂ ਅੰਮ੍ਰਿਤਸਰ ਵਿੱਚ ਪਾਰਟੀ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਦੇ ਘਰ ਪੁੱਜੇ ਤਾਂ ਸਿਆਸੀ ਹਲਕਿਆਂ ਨੇ ਕਈ ਤਰ੍ਹਾਂ ਦੇ ਮਾਇਨੇ ਕੱਢੇ। ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਤਿੰਨ ਵਰ੍ਹੇ ਮੁਕੰਮਲ ਕਰ ਲਏ ਹਨ ਅਤੇ ਐਨ ਇਸ ਮੌਕੇ ਅੱਜ ਅੰਮ੍ਰਿਤਸਰ ਵਿੱਚ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕੀਤਾ, ‘ਮਾਨ ਸਾਹਿਬ ਪੰਜ ਸਾਲ ਪੂਰੇ ਕਰਨਗੇ, ਚਿੰਤਾ ਨਾ ਕਰੋ, ਅਗਲੇ ਪੰਜ ਸਾਲ ਵੀ ਪੂਰੇ ਕਰਨਗੇ।’ ਕੇਜਰੀਵਾਲ ਵੱਲੋਂ ਕੀਤੇ ਗਏ ਇਸ ਐਲਾਨ ਦੀ ਸਿਆਸੀ ਚੀਰ-ਫਾੜ ਕਰੀਏ ਤਾਂ ਜਾਪਦਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਰਮਿਆਨ ਸਿਆਸੀ ਖੱਪੇ ਭਰ ਗਏ ਹਨ। ਸਿਆਸੀ ਮਾਹਿਰ ਆਖਦੇ ਹਨ ਕਿ ਅਰਵਿੰਦ ਕੇਜਰੀਵਾਲ ਦੇ ਤਿਹਾੜ ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਜਨਤਕ ਤੌਰ ’ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਆਪਸੀ ਤਾਲਮੇਲ ਅਤੇ ਲਹਿਜ਼ੇ ਵਿੱਚ ਖੁਸ਼ੀ ਵਾਲਾ ਰੌਂਅ ਝਲਕ ਰਿਹਾ ਸੀ। ਅੱਜ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਜਨਤਕ ਤੌਰ ’ਤੇ ਥਾਪੜਾ ਦਿੱਤੇ ਜਾਣ ਮਗਰੋਂ ਸੂਬੇ ਦੀ ਸਿਆਸਤ ਵਿੱਚ ਇੱਕ ਸਪੱਸ਼ਟ ਸੁਨੇਹਾ ਗਿਆ ਹੈ। ਪਹਿਲੀ ਵਾਰ ਉਦੋਂ ਅਫ਼ਵਾਹਾਂ ਨੇ ਜ਼ੋਰ ਫੜਿਆ ਸੀ ਜਦੋਂ ਭਗਵੰਤ ਮਾਨ 25 ਸਤੰਬਰ 2024 ਨੂੰ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਦਾਖਲ ਹੋਏ ਸਨ।
ਦੂਜੀ ਵਾਰ ਉਦੋਂ ਮੁੜ ਕਿਆਸ ਸ਼ੁਰੂ ਹੋਏ ਸਨ ਜਦੋਂ ਦਿੱਲੀ ਚੋਣਾਂ ਵਿੱਚ ਹੋਈ ਹਾਰ ਮਗਰੋਂ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨਾਲ ਦਿੱਲੀ ਵਿੱਚ 11 ਫਰਵਰੀ ਨੂੰ ਮੀਟਿੰਗ ਕੀਤੀ ਸੀ। ਸਿਆਸੀ ਸੂਤਰ ਦੱਸਦੇ ਹਨ ਕਿ ‘ਆਪ’ ਹਾਈਕਮਾਂਡ ਨੂੰ ਇਸ ਗੱਲ ਦਾ ਇਲਮ ਹੈ ਕਿ ਪੰਜਾਬ ਦੇ ਸਿਆਸੀ ਧਰਾਤਲ ’ਤੇ ਭਗਵੰਤ ਮਾਨ ਦੇ ਵਜ਼ੂੂਦ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ।
ਜ਼ਿਮਨੀ ਚੋਣ ਦੇ ਪ੍ਰਚਾਰ ਦਾ ਆਗਾਜ਼ ਭਲਕ ਤੋਂ
ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ (ਪੱਛਮੀ) ਦੀ ਜ਼ਿਮਨੀ ਚੋਣ ਲਈ 18 ਮਾਰਚ ਤੋਂ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਜਾਵੇਗਾ। ਅੱਜ ਕੇਜਰੀਵਾਲ ਅਤੇ ਭਗਵੰਤ ਮਾਨ ਲੁਧਿਆਣਾ ਪੁੱਜ ਗਏ ਹਨ ਅਤੇ ਭਲਕੇ ਦੋਵੇਂ ਆਗੂ ਸਨਅਤਕਾਰਾਂ ਤੇ ਹੋਰਨਾਂ ਵਰਗਾਂ ਨਾਲ ਮੀਟਿੰਗ ਕਰਨਗੇ। ਉਹ 18 ਮਾਰਚ ਨੂੰ ਇਕੱਠ ਨੂੰ ਸੰਬੋਧਨ ਕਰਨਗੇ ਅਤੇ ਉਸ ਮਗਰੋਂ ਕੇਜਰੀਵਾਲ ਦਿੱਲੀ ਲਈ ਰਵਾਨਾ ਹੋ ਜਾਣਗੇ, ਜਦੋਂ ਕਿ ਮੁੱਖ ਮੰਤਰੀ 19 ਮਾਰਚ ਨੂੰ ਲੁਧਿਆਣਾ ’ਚ 900 ਨਵ ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡਣਗੇ।
ਮੰਤਰੀ ਮੰਡਲ ਵਿੱਚ ਫੇਰਬਦਲ ਦੇ ਮੁੜ ਚਰਚੇ
ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਨੂੰ ਲੈ ਕੇ ਮੁੜ ਚਰਚੇ ਤੇਜ਼ ਹੋ ਗਏ ਹਨ। ਸੂਤਰ ਦੱਸਦੇ ਹਨ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਗੈਰ-ਰਸਮੀ ਤੌਰ ’ਤੇ ਇਸ ਬਾਰੇ ਚਰਚਾ ਵੀ ਕੀਤੀ ਹੈ। ਸੂਤਰਾਂ ਅਨੁਸਾਰ ਲੁਧਿਆਣਾ (ਪੱਛਮੀ) ਤੋਂ ਉਮੀਦਵਾਰ ਐਲਾਨੇ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਇੱਕ-ਦੋ ਵਜ਼ੀਰਾਂ ਦੀ ਛੁੱਟੀ ਹੋ ਸਕਦੀ ਹੈ। ਪਾਰਟੀ ਉਨ੍ਹਾਂ ਨੂੰ ਹੀ ਮੰਤਰੀ ਮੰਡਲ ਵਿੱਚ ਸ਼ਾਮਲ ਕਰੇਗੀ, ਜਿਨ੍ਹਾਂ ਦਾ ਜਨਤਕ ਅਕਸ ਸਾਫ਼ ਹੋਵੇਗਾ, ਕਿਉਂਕਿ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸਖ਼ਤ ਸੁਨੇਹਾ ਦੇਣ ਦੇ ਰੌਂਅ ਵਿੱਚ ਹੈ।