ਪਟਿਆਲਾ ਸੀਟ ਨੂੰ ਲੈ ਕੇ ਅੰਕੜਿਆਂ ਵਿੱਚ ਉਲਝੇ ਸਿਆਸੀ ਮਾਹਿਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਜੂਨ
ਪਟਿਆਲਾ ਲੋਕ ਸਭਾ ਹਲਕੇ ਵਿੱਚ ਇਸ ਵਾਰ 2014 ਤੇ 2019 ਦੀਆਂ ਚੋਣਾਂ ਤੋਂ ਵੱਖਰੇ ਤਰ੍ਹਾਂ ਦਾ ਮੁਕਾਬਲਾ ਨਜ਼ਰ ਆ ਰਿਹਾ ਹੈ। ਐਗਜ਼ਿਟ ਪੋਲ ਭਾਵੇਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਜਿੱਤਣ ਦਾ ਅਨੁਮਾਨ ਲਾ ਰਹੇ ਹਨ ਪਰ ਮਾਹਿਰਾਂ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ। ਸਾਲ 2014 ਤੇ 2019 ਤੋਂ ਪਹਿਲਾਂ ਆਮ ਤੌਰ ’ਤੇ ਪੰਜਾਬ ਵਿੱਚ ਦੋ ਪਾਰਟੀਆਂ ਵਿਚਾਲੇ ਮੁਕਾਬਲਾ ਹੁੰਦਾ ਸੀ ਪਰ ਇਸ ਵਾਰ 2019 ਤੋਂ ਵੀ ਵੱਖਰਾ ਚਾਰ ਉਮੀਦਵਾਰਾਂ ਵਿਚਾਲੇ ਮੁਕਾਬਲਾ ਨਜ਼ਰ ਆ ਰਿਹਾ ਹੈ। ਪਟਿਆਲਾ ਵਿੱਚ ਚਾਰ ਉਮੀਦਵਾਰ ਆਹਮੋ-ਸਾਹਮਣੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਐੱਨਕੇ ਸ਼ਰਮਾ ਦੇ ਰੂਪ ਵਿੱਚ ਹਿੰਦੂ ਚਿਹਰਾ ਉਮੀਦਵਾਰ ਐਲਾਨਿਆ ਹੈ ਜਿਸ ਕਰਕੇ ਪੰਥਕ ਹਲਕਿਆਂ ਵਿੱਚ ਝਿਜਕ ਨਜ਼ਰ ਆਈ। ਪਟਿਆਲਾ ਵਿੱਚ ‘ਆਪ’ ਦੀ ਲਹਿਰ ਚੱਲਣ ਦੇ ਬਾਵਜੂਦ 2014 ’ਚ ਅਕਾਲੀ ਦਲ ਨੂੰ 3 ਲੱਖ 40 ਹਜ਼ਾਰ ਵੋਟ ਪਈ ਸੀ, ਇਸ ਕਰਕੇ ਮਾਹਿਰ ਐੱਨਕੇ ਸ਼ਰਮਾ ਨੂੰ ਕਮਜ਼ੋਰ ਉਮੀਦਵਾਰ ਕਹਿਣ ਨੂੰ ਤਿਆਰ ਨਹੀਂ ਹਨ। ਦੂਜੇ ਪਾਸੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਰਾਮ ਦੇ ਮੰਦਰ ਦੇ ਨਾਮ ’ਤੇ ਵੋਟ ਪੈਣ ਦਾ ਕਾਫ਼ੀ ਰੁਝਾਨ ਦੇਖਣ ਨੂੰ ਮਿਲਿਆ। ਇਸੇ ਤਰ੍ਹਾਂ ਰਾਮ ਮੰਦਰ ਦਾ ਮੁੱਦਾ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਬੇੜੀ ਵਿੱਚ ਵੀ ਵੱਟੇ ਪਾ ਸਕਦਾ ਹੈ। ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੇ ਮੁਫ਼ਤ ਬਿਜਲੀ ਤੇ ਕਲੀਨਿਕਾਂ ਦੇ ਆਸਰੇ ਵੋਟਾਂ ਮੰਗੀਆਂ।