For the best experience, open
https://m.punjabitribuneonline.com
on your mobile browser.
Advertisement

ਵਿਜੀਲੈਂਸ ਵੱਲੋਂ 70 ਹਜ਼ਾਰ ਰੁਪਏ ‘ਵੱਢੀ’ ਲੈਂਦਾ ਹੌਲਦਾਰ ਕਾਬੂ

07:12 AM Jan 03, 2025 IST
ਵਿਜੀਲੈਂਸ ਵੱਲੋਂ 70 ਹਜ਼ਾਰ ਰੁਪਏ ‘ਵੱਢੀ’ ਲੈਂਦਾ ਹੌਲਦਾਰ ਕਾਬੂ
ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਹੌਲਦਾਰ ਕੁਲਦੀਪ ਸਿੰਘ।
Advertisement

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 2 ਜਨਵਰੀ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਥਾਣਾ ਸੰਗਤ ਵਿੱਚ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਨੂੰ 70 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਲਾਏ ਟਰੈਪ ’ਚ ਫਸਣ ਤੋਂ ਤੁਰੰਤ ਬਾਅਦ ਪੁਲੀਸ ਕਰਮਚਾਰੀ ਚਕਮਾ ਦੇ ਕੇ ਗੱਡੀ ’ਤੇ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਵਿਜੀਲੈਂਸ ਨੇ ਗੱਡੀ ਦਾ ਪਿੱਛਾ ਕੀਤਾ। ਕਰੀਬ 35 ਕਿਲੋਮੀਟਰ ਦੂਰ ਬਠਿੰਡਾ-ਚੰਡੀਗੜ੍ਹ ਰੋਡ ’ਤੇ ਸਥਿਤ ਫੌਜੀ ਛਾਉਣੀ ਕੋਲ ਜਾ ਕੇ ਵਿਜੀਲੈਂਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਰਸਤੇ ’ਚ ਉਹ ਕਈ ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਜਦੋਂ ਅੱਗੇ ਵਧ ਰਿਹਾ ਸੀ ਤਾਂ ਉਸ ਦੀ ਗੱਡੀ ਦਾ ਟਾਇਰ ਫਟ ਗਿਆ, ਜਿਸ ਕਾਰਨ ਉਹ ਵਿਜੀਲੈਂਸ ਦੀ ਗ੍ਰਿਫ਼ਤ ਵਿੱਚ ਆ ਗਿਆ। ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ, ਐੱਸਐੱਚਓ ਦਾ ‘ਰੀਡਰ’ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ਵਾਸੀ ਜਗਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦਾ ਦੋਸਤ ਇੱਕ ਕੇਸ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਅਤੇ ਸਬੰਧਤ ਪੁਲੀਸ ਮੁਲਾਜ਼ਮ ਨੇ ਉਸ ਦੀ ਪਤਨੀ ਦਾ ਨਾਮ ਵੀ ਕੇਸ ਵਿੱਚ ਸ਼ਾਮਲ ਕਰਨ ਦੀ ਧਮਕੀ ਦਿੱਤੀ ਸੀ। ਮਹਿਲਾ ਨੂੰ ਕੇਸ ਵਿੱਚ ਨਾਮਜ਼ਦ ‘ਨਾ ਕਰਨ’ ਲਈ ਪੁਲੀਸ ਮੁਲਾਜ਼ਮ ਨੇ ਡੇਢ ਲੱਖ ਰੁਪਏ ਦੀ ਮੰਗ ਕੀਤੀ ਸੀ, ਪਰ ਸੌਦਾ 70 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਜਾਂਚ ਮਗਰੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੁਲੀਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।

Advertisement

Advertisement
Advertisement
Author Image

Sukhjit Kaur

View all posts

Advertisement