ਸਿਆਸੀ ਬਹਿਸ: ਸੁਰੱਖਿਆ ਪ੍ਰਬੰਧਾਂ ’ਚ ਜੁਟੇ ਪੁਲੀਸ ਅਧਿਕਾਰੀ
ਗਗਨਦੀਪ ਅਰੋੜਾ
ਲੁਧਿਆਣਾ, 30 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੀ ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਸੱਦੀ ਗਈ ਸਿਆਸੀ ਬਹਿਸ ਦੇ ਮੱਦੇਨਜ਼ਰ ਉਚ ਅਧਿਕਾਰੀਆਂ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕਰਨ ਲਈ ਤਿਆਰੀ ਵਿੱਢ ਲਈ ਹੈ।
ਡਬਿੇਟ ਹਾਲ ਤੋਂ ਲੈ ਕੇ ਯੂਨੀਰਵਰਸਿਟੀ ਦੇ ਅੰਦਰ ਤੇ ਬਾਹਰ ਸੁਰੱਖਿਆ ਪ੍ਰਬੰਧ ਕਰਨਾ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਲਈ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਇਸ ਦੇ ਨਾਲ ਨਾਲ ਸਾਰੇ ਪੰਜਾਬੀਆਂ ਨੂੰ ਵੀ ਇਸ ਬਹਿਸ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਜਿਸ ਲਈ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਆਵਾਜਾਈ ਪ੍ਰਬੰਧ ਸੁਚਾਰੂ ਰੱਖਣ ਲਈ ਵੀ ਪੂਰੀ ਯੋਜਨਾ ਉਲੀਕੀ ਜਾ ਰਹੀ ਹੈ। ਇੰਟੈਲੀਜੈਂਸ ਵਿਭਾਗ ਦੀਆਂ ਟੀਮਾਂ ਵੀ ਪੁੱਜ ਗਈਆਂ ਹਨ। ਸੋਮਵਾਰ ਨੂੰ ਡੀਜੀਪੀ ਅਰਪਤਿ ਸ਼ੁਕਲਾ, ਏਡੀਜੀਪੀ ਏਐੱਸ ਰਾਏ ਅਤੇ ਏਡੀਜੀਪੀ ਇਟੈਂਲੀਜੈਂਸ ਜਸਕਰਨ ਸਿੰਘ ਤੇ ਆਈਜੀ ਲੁਧਿਆਣਾ ਰੇਂਜ, ਪੁਲੀਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਸਮੇਤ ਕਈ ਸੀਨੀਅਰ ਅਧਿਕਾਰੀ ਪੁੱਜੇ। ਬਹਿਸ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਮੀਟਿੰਗ ਕੀਤੀ ਜਿਸ ’ਚ ਕਈ ਮੁੱਦਿਆਂ ’ਤੇ ਚਰਚਾ ਹੋਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੀ ਨਵੰਬਰ ਨੂੰ ਸ਼ਹਿਰ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਸਾਰੀਆਂ ਪਾਰਟੀਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਅਤੇ ਆਹਮੋ-ਸਾਹਮਣੇ ਬਹਿਸ ਲਈ ਸੱਦਿਆ ਸੀ। ਸਮਾਗਮ ਦੇ ਸੁਰੱਖਿਆ ਪ੍ਰਬੰਧਾਂ ’ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖੁਦ ਨਿਗ੍ਹਾ ਰੱਖ ਰਹੇ ਹਨ। ਇਸ ਸਬੰਧੀ ਉਨ੍ਹਾਂ ਡੀਜੀਪੀ ਅਰਪਤਿ ਸ਼ੁਕਲਾ ਦੀ ਅਗਵਾਈ ’ਚ ਟੀਮ ਤਿਆਰ ਕੀਤੀ ਹੈ। ਸੋਮਵਾਰ ਨੂੰ ਡੀਜੀਪੀ ਅਰਪਤਿ ਸ਼ੁਕਲਾ ਸਮੇਤ ਸਾਰੇ ਅਧਿਕਾਰੀ ਬਹਿਸ ਵਾਲੇ ਸਥਾਨ ’ਤੇ ਪੁੱਜੇ।