ਪੁਲੀਸ਼ ਤਸ਼ੱਦਦ ਮਾਮਲਾ: ਜਨਤਕ ਜਥੇਬੰਦੀਆਂ ਦੀ ਇਕੱਤਰਤਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਜੁਲਾਈ
ਜਨਤਕ ਜਥੇਬੰਦੀਆਂ ਵੱਲੋਂ ਕੁਲਵੰਤ ਕੌਰ ਰਸੂਲਪੁਰ ਮਾਮਲੇ ਵਿੱਚ 21 ਜੁਲਾਈ ਨੂੰ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਅੱਗੇ ਰੱਖੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਪਿੰਡਾਂ ਵਿੱਚ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅੱਜ ਪਿੰਡ ਤਲਵੰਡੀ ਕਲਾਂ ਵਿੱਚ ਲਾਮਬੰਦੀ ਲਈ ਇਕੱਤਰਤਾ ਕੀਤੀ ਗਈ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਇਨਸਾਫ਼ ਲਈ ਲੜੀ ਜਾ ਰਹੀ ਲੜਾਈ ਬਾਰੇ ਚਰਚਾ ਹੋਈ। ਆਮ ਸਹਿਮਤੀ ਨਾਲ ਫ਼ੈਸਲਾ ਹੋਇਆ ਕਿ 21 ਜੁਲਾਈ ਨੂੰ ਇਲਾਕੇ ਭਰ ’ਚੋਂ ਵੱਡਾ ਕਾਫਲਾ ਲੈ ਕੇ ਇਸ ਪ੍ਰਦਰਸ਼ਨ ’ਚ ਸ਼ਾਮਲ ਹੋਇਆ ਜਾਵੇਗਾ। ਮੀਟਿੰਗ ਨੂੰ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ ਤੇ ਅਵਤਾਰ ਸਿੰਘ ਬਿੱਲੂ ਨੇ ਸੰਬੋਧਨ ਕੀਤਾ।
ਇਸੇ ਦੌਰਾਨ ਨਸ਼ਾ ਵਿਰੋਧੀ ਘੋਲ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਕਥਿਤ ਝੂਠੇ ਕੇਸ ਪਾ ਕੇ ਮਾਨਸਾ ਪੁਲੀਸ ਵੱਲੋਂ ਕੀਤੀ ਗ੍ਰਿਫ਼ਤਾਰੀ ਬਦਲੇ ਨਾਅਰੇਬਾਜ਼ੀ ਕਰਦੇ ਹੋਏ ਭਗਵੰਤ ਮਾਨ ਸਰਕਾਰ ਦੀ ਨਿਖੇਧੀ ਕੀਤੀ ਗਈ। ਕਿਸਾਨ ਆਗੂਆਂ ਨੇ ਹਿਰਾਸਤ ‘ਚ ਲਏ ਨੌਜਵਾਨਾਂ ਨੂੰ ਫੌਰੀ ਰਿਹਾਅ ਕਰਨ ਤੇ ਕੇਸ ਰੱਦ ਕਰਨ ਦੀ ਮੰਗ ਕੀਤੀ।