ਪੁਲੀਸ ਵੱਲੋਂ ਟੌਲ ਪਲਾਜ਼ਾ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਬਠਿੰਡਾ, 13 ਅਗਸਤ
ਕਿਸਾਨ ਜਥੇਬੰਦੀਆਂ ਨਾਲ ਜੀਦਾ ਟੌਲ ਪਲਾਜ਼ਾ ਦੇ ਚੱਲ ਰਹੇ ਵਿਵਾਦ ਮਾਮਲੇ ਵਿੱਚ ਆਖ਼ਰ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਨੂੰ ਮਾਮਲਾ ਦਰਜ ਕਰਨ ਲਈ ਮਜਬੂਰ ਹੋਣਾ ਹੀ ਪਿਆ। ਜ਼ਿਕਰਯੋਗ ਹੈ ਕਿ ਬਠਿੰਡਾ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਬਣੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ’ਤੇ ਕਿਸਾਨ ਆਗੂ ਦੀ ਪੱਗ ਉਤਾਰਨ ਅਤੇ ਉਸ ਦੀ ਪਤਨੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲੱਗੇ ਸਨ। ਟੌਲ ਪਲਾਜ਼ੇ ਵਾਲਿਆਂ ਦਾ ਮਾਝੇ ਦੇ ਕਿਸਾਨਾਂ ਦੀ ਜਥੇਬੰਦੀ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਨਾਲ ਹਫ਼ਤੇ ਵਿਚ ਹੀ ਦੂਜੀ ਵਾਰ ਵਿਵਾਦ ਹੋਇਆ ਹੈ। ਇਸ ਤੋਂ ਅੱਕੇ ਕਿਸਾਨਾਂ ਵੱਲੋਂ ਬੀਤੇ ਦਿਨੀਂ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ ਗਿਆ ਸੀ। ਇਸ ਦੌਰਾਨ ਕਿਸਾਨਾਂ ਨੇ ਟੌਲ ਪਲਾਜ਼ਾ ਦੇ ਮੁਲਾਜਮਾਂ ਦੇ ਨਾਲ-ਨਾਲ ਥਾਣਾ ਨੇਹੀਆਂ ਵਾਲਾ ਥਾਣੇ ਦੀ ਮਹਿਲਾ ਇੰਚਾਰਜ ’ਤੇ ਵੀ ਪੱਖਪਾਤ ਕਰਨ ਕਰਨ ਦਾ ਦੋਸ਼ ਲਗਾਇਆ ਸੀ। ਜ਼ਿਕਰਯੋਗ ਹੈ ਕਿ 4 ਜੁਲਾਈ ਨੂੰ ਸੰਘਰਸ਼ ’ਤੇ ਜਾ ਰਹੇ ਕਿਸਾਨਾਂ ਨਾਲ ਟੌਲ ਪਲਾਜ਼ਾ ਮੁਲਾਜ਼ਮਾਂ ਦਾ ਪਰਚੀ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਮੁੜ 10 ਜੁਲਾਈ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੁਲਤਾਨੀ ਦਾ ਕਿਸਾਨ ਆਗੂ ਅਨੂਪ ਸਿੰਘ ਅਪਣੀ ਪਤਨੀ ਨਾਲ ਬਠਿੰਡਾ ਤੋਂ ਵਾਪਸ ਕਾਰ ’ਤੇ ਜਾ ਰਿਹਾ ਸੀ ਤਾਂ ਟੌਲ ਪਲਾਜ਼ਾ ’ਤੇ ਪਰਚੀ ਕਟਵਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ ਸੀ। ਇਸ ਦੌਰਾਨ ਮੌਕੇ ’ਤੇ ਪੁੱਜੇ ਡੀਐੱਸਪੀ ਭੁੱਚੋਂ ਰਛਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਮਸਲੇ ਨੂੰ ਸੁਲਝਾਉਣ ਦਾ ਯਤਨ ਕੀਤਾ। ਮਗਰੋਂ ਕਿਸਾਨ ਆਗੂ ਅਨੂਪ ਸਿੰਘ ਦੀ ਸਿਕਾਇਤ ’ਤੇ ਟੌਲ ਪਲਾਜ਼ਾ ਦੇ ਅਣਪਛਾਤੇ ਮੁਲਾਜਮਾਂ ਵਿਰੁਧ ਧਾਰਾ 355, 294 ਅਤੇ 34 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।