ਧਰਨਾ ਲਗਾ ਕੇ ਥਾਣੇ ਦਾ ਬਿਜਲੀ ਕੁਨੈਕਸ਼ਨ ਕੱਟਿਆ
ਨਿਰੰਜਣ ਬੋਹਾ
ਬੋਹਾ, 27 ਜੁਲਾਈ
ਇਥੇ ਮਾਸਕ ਨਾ ਪਾਉਣ ’ਤੇ ਚਲਾਨ ਕੱਟਣ ਲਈ ਬਿਜਲੀ ਕਾਮਿਆਂ ਨੂੰ ਰੋਕਣਾ ਪੁਲੀਸ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਝਗੜੇ ਤੋਂ ਬਾਅਦ ਇਕੱਠੇ ਹੋਏ ਬਿਜਲੀ ਕਾਮਿਆਂ ਨੇ ਥਾਣੇ ਦਾ ਬਿਜਲੀ ਮੀਟਰ ਹੀ ਕੱਟ ਦਿੱਤਾ।
ਜਾਣਕਾਰੀ ਅਨੁਸਾਰ ਪੁਲੀਸ ਨਾਕੇ ’ਤੇ ਚਲਾਨ ਕੱਟਣ ਨੂੰ ਲੈ ਕੇ ਸਬ ਡਿਵੀਜ਼ਨ ਬੋਹਾ ਦੇ ਬਿਜਲੀ ਕਾਮਿਆਂ ਤੇ ਪੁਲੀਸ ਵਿਚਾਲੇ ਹੋਏ ਤਕਰਾਰ ਤੋਂ ਬਾਅਦ ਬੋਹਾ ਥਾਣੇ ਦਾ ਬਿਜਲੀ ਮੀਟਰ ਇਹ ਕਹਿ ਕੇ ਕੱਟ ਦਿੱਤਾ ਗਿਆ ਕਿ ਥਾਣੇ ਵੱਲ ਬਿਜਲੀ ਬਿੱਲ ਦੇ 5.59 ਲੱਖ ਰੁਪਏ ਬਕਾਇਆ ਹਨ। ਇਸ ਮੌਕੇ ਬਿਜਲੀ ਕਾਮਿਆਂ ਨੇ ਇੰਪਲਾਈਜ਼ ਫੈਡਰੇਸ਼ਨ ਅਤੇ ਟੈਕਨੀਕਲ ਸਰਵਿਸ ਯੂਨੀਅਨ ਬੋਹਾ ਦੇ ਬੈਨਰ ਹੇਠ ਸਬ ਡਿਵੀਜ਼ਨ ਬੋਹਾ ਦੇ ਦਫਤਰ ਅੱਗੇ ਧਰਨਾ ਲਾਇਆ। ਦੁਪਹਿਰ ਸਮੇਂ ਬਿਜਲੀ ਮੁਲਾਜ਼ਮ ਥਾਣੇ ਦਾ ਮੀਟਰ ਕੱਟਣ ਗਏ ਪਰ ਥਾਣਾ ਐੱਸਐੱਚਓ ਦੀ ਗੈਰ ਮੌਜੂਦਗੀ ਵਿੱਚ ਥਾਣੇ ਦੇ ਮੁਨਸ਼ੀ ਦੀ ਅਪੀਲ ’ਤੇ ਬਨਿਾਂ ਕੁਨੈਕਸ਼ਨ ਕੱਟੇ ਮੁੜ ਗਏ। ਪਰ ਸ਼ਾਮ ਤੱਕ ਗੱਲ ਕਿਸੇ ਨਤੀਜੇ ’ਤੇ ਨਾ ਪਹੁੰਚਣ ਕਾਰਨ ਉਨ੍ਹਾਂ ਪੁਲੀਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਥਾਣੇ ਦਾ ਕੁਨੈਕਸ਼ਨ ਕੱਟ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਕਾਮਿਆਂ ਨੂੰ ਡਿਊਟੀ ਦੌਰਾਨ ਜਾਣ ਬੁਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਿਜਲੀ ਕਾਮਿਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮਸਲਾ ਹੱਲ ਨਾ ਕੀਤਾ ਗਿਆ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਡੀਐੱਸਪੀ ਵੱਲੋਂ ਵਿਸ਼ਵਾਸ ਦਿਵਾਉਣ ’ਤੇ ਧਰਨਾ ਸਮਾਪਤ
ਦੇਰ ਸ਼ਾਮ ਸਬ ਡਵੀਜ਼ਨ ਬੁਢਲਾਡਾ ਦੇ ਉੱਪ ਪੁਲੀਸ ਕਪਤਾਨ ਬਲਜਿੰਦਰ ਸਿੰਘ ਪਨੂੰ ਧਰਨੇ ਵਾਲੇ ਸਥਾਨ ’ਤੇ ਪਹੁੰਚੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਤੇ ਜੇ ਪੁਲੀਸ ਮੁਲਾਜ਼ਮ ਦੋਸ਼ੀ ਹੋਏ ਤਾਂ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ ਵੱਲੋਂ ਵਿਸ਼ਵਾਸ ਦਿਵਾਏ ਜਾਣ ’ਤੇ ਪੁਲੀਸ ਮੁਲਾਜ਼ਮਾ ਧਰਨਾ ਖਤਮ ਕਰ ਦਿੱਤਾ ਤੇ ਬਿਜਲੀ ਮੀਟਰ ਦੁਬਾਰਾ ਲਾਉਣ ਦੀ ਸਹਿਮਤੀ ਵੀ ਬਣੀ।
ਕੀ ਕਹਿੰਦੇ ਨੇ ਐੱਸਐੱਚਓ
ਇਸ ਸਬੰਧੀ ਥਾਣਾ ਬੋਹਾ ਦੇ ਐਸਐਚੳ ਇੰਸਪੈਕਟਰ ਸੰਦੀਪ ਭਾਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਕੇ ’ਤੇ ਕਿਸੇ ਵੀ ਵਾਹਨ ਨੂੰ ਰੋਕਣਾ ਤੇ ਪੁੱਛਗਿੱਛ ਕਰਨੀ ਪੁਲੀਸ ਦੀ ਜ਼ਿੰਮੇਵਾਰੀ ਹੈ ਤੇ ਕਿਸੇ ਵੀ ਪੁਲੀਸ ਮੁਲਾਜ਼ਮ ਨੇ ਬਿਜਲੀ ਮੁਲਾਜ਼ਮਾਂ ਨਾਲ ਦੁਰਵਿਹਾਰ ਨਹੀਂ ਕੀਤਾ।