ਪੁਲੀਸ ਮੁਕਾਬਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਦਿੱਲੀ ਪੁਲੀਸ ਵੱਲੋਂ ਇਕ ਮੁਲਜ਼ਮ ਅਸ਼ੀਸ਼ ਬੱਖਰਵਾਲਾ (19) ਨੂੰ ਸੰਖੇਪ ਮੁਕਬਾਲੇ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਗੈਂਗਸਟਰ ਮਨੋਜ ਬੱਖਰਵਾਲਾ ਦਾ ਪੁੱਤਰ ਹੈ ਤੇ ਉਹ ਜਬਰੀ ਵਸੂਲੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਮੁਕਾਬਲਾ ਪ੍ਰਹਿਲਾਦਪੁਰ ਨੇੜੇ ਸ਼ਾਹਬਾਦ ਡੇਅਰੀ ਇਲਾਕੇ ਵਿੱਚ ਸਵੇਰੇ ਤੜਕੇ ਹੋਇਆ ਸੀ। ਦੱਸਣਯੋਗ ਹੈ ਕਿ ਕਤਲ ਦੇ ਮੁਕੱਦਮੇ ਵਿੱਚ ਬੰਦ ਮਨੋਜ ਬੱਖਰਵਾਲਾ ਨੂੰ ਦਿੱਲੀ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਕਾਰਨ ਜੇਲ੍ਹਾਂ ਵਿੱਚੋਂ ਕੈਦੀਆਂ ਦੀ ਭੀੜ ਘਟਾਉਣ ਕਾਰਨ ਪਰੋਲ ’ਤੇ ਭੇਜਿਆ ਹੋਇਆ ਹੈ। ਇਸ ਦੌਰਾਨ ਪੁਲੀਸ ਨੇ ਦੱਸਿਆ ਕਿ 5 ਗੋਲੀਆਂ ਚਲੀਆਂ, ਜਿਨ੍ਹਾਂ ਵਿੱਚ ਇਕ ਗੋਲੀ ਅਸ਼ੀਸ਼ ਦੀ ਸੱਜੀ ਲੱਤ ਵਿੱਚ ਲੱਗੀ, ਜਿਸ ਮਗਰੋਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਸ਼ੀਸ਼ ਨੇ 3 ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇਕ ਮੁਕਾਬਲੇ ਵਿੱਚ ਸ਼ਾਮਲ ਪੁਲੀਸ ਵਾਲੇ ਦੀ ਜੈਕੇਟ ਨੂੰ ਛੂਹ ਗਈ । ਡੀਸੀਪੀ ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਅਸ਼ੀਸ਼ ਵੱਲੋਂ 17 ਮਈ ਨੂੰ ਬੱਖਰਵਾਲਾ ਦੇ ਇਕ ਜਾਇਦਾਦ ਕਾਰੋਬਾਰੀ ਨੂੰ ਧਮਕੀ ਦਿੱਤੀ ਗਈ ਅਤੇ ਤੇ ਘਰ ਨੇੜੇ ਗੋਲੀਆਂ ਚਲਾ ਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰ ਉਹ ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਵਿੱਚ ਗਿਆ ਤੇ ਉੱਥੇ ਤਾਇਨਾਤ ਗਾਰਡ ‘ਤੇ ਪਿਸਤੌਲ ਤਾਣ ਕੇ ਇਮਾਰਤ ਦੇ ਮਾਲਕ ਨੂੰ 1 ਕਰੋੜ ਰੁਪਏ ਦੇਣ ਦਾ ਸੁਨੇਹਾ ਦੇਣ ਲਈ ਕਿਹਾ। ਦੋਨੋਂ ਹੀ ਮਾਮਲੇ ਮੁੰਡਕਾ ਥਾਣੇ ਵਿੱਚ ਦਰਜ ਕੀਤੇ ਗਏ ਸਨ। ਪੁਲੀਸ ਨੂੰ ਅਸ਼ੀਸ਼ ਦੇ ਪ੍ਰਹਿਲਾਦਪੁਰ ਇਲਾਕੇ ਵਿੱਚ ਸਕੂਟਰ ’ਤੇ ਆਉਣ ਦੀ ਭਿਣਕ ਲੱਗੀ ਤੇ ਨਾਕਾਬੰਦੀ ਕਰ ਕੇ ਉਸ ਨੂੰ ਰੋਕ ਲਿਆ। ਇਸ ਦੌਰਾਨ ਉਸ ਨੇ ਪੁਲੀਸ ’ਤੇ ਫਾਇਰਿੰਗ ਕੀਤੀ, ਜਿਸ ਮਗਰੋਂ ਪੁਲੀਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕਰ ਦਿੱਤੀ।