ਸਮਾਜਿਕ ਸਰੋਕਾਰਾਂ ਦਾ ਕਾਵਿ
ਪੁਸਤਕ ਰੀਵਿਊ
ਸੁਲੱਖਣ ਸਰਹੱਦੀ
ਪ੍ਰਸਿੱਧ ਕਵੀ ਵਰਿਆਮ ਅਸਰ ਲੰਮੇ ਸਮੇਂ ਤੋਂ ਸੂਖ਼ਮ ਭਾਵੀ ਅਤੇ ਸੰਵੇਦਨਸ਼ੀਲ ਕਵਿਤਾ ਸਿਰਜ ਰਿਹਾ ਹੈ। ਅਸਰ ਨੂੰ ਉਨ੍ਹਾਂ ਕਵੀਆਂ ਦੀ ਫਹਿਰਿਸਤ ਵਿੱਚ ਗਿਣਿਆ ਜਾਂਦਾ ਹੈ ਜਿਨ੍ਹਾਂ ਨੇ ਨਵੀਨ ਅਤੇ ਜਜ਼ਬਾ ਭਰਪੂਰ ਕਵਿਤਾ ਸਿਰਜੀ। ਉਸ ਦੀ ਕਵਿਤਾ ਵਿੱਚ ਕੋਮਲਤਾ ਅਤੇ ਸੁੰਦਰਤਾ ਦਾ ਸੁਮੇਲ ਸਲਾਹੁਣਯੋਗ ਰਿਹਾ। ਕਵੀ ਅਸਰ ਨੇ ਪੰਜਾਬੀ ਕਵਿਤਾ ਦੀ ਉਹ ਪਰੰਪਰਾ ਤੋੜੀ ਹੈ ਜਿਸ ਅਨੁਸਾਰ ਕਵੀ ਆਪਣੇ ਅੰਦਰੂਨੀ ਕਲਹ-ਕਲੇਸ਼ਾਂ ਅਤੇ ਟੁੱਟ-ਭੱਜ ਜਾਂ ਨਿੱਜੀ ਪਿਆਰ ਦੀਆਂ ਰੁਦਨ ਬਿਰਤੀਆਂ ਵਿੱਚ ਗੁਆਚ ਜਾਂਦਾ ਹੈ। ਭਾਵੇਂ ਉਹ ਸਮਾਜਵਾਦੀ ਕਵੀ ਨਹੀਂ, ਪਰ ਉਹ ਸਮਾਜ ਦੇ ਦੁੱਖਾਂ ਦਰਦਾਂ ਅਤੇ ਸਰੋਕਾਰਾਂ ਨੂੰ ਪਹਿਲ ਦਿੰਦਾ ਹੈ। ਉਸ ਨੇ ਕਵਿਤਾ ਦੇ ਨਵੇਂ ਦੌਰ ਨੂੰ ਸਥਾਪਤੀ ਤੱਕ ਪਹੁੰਚਾਉਣ ਵਾਸਤੇ ਕਾਵਿ ਤਜਰਬੇ ਕੀਤੇ। ਅਸਰ ਦੀ ਕਵਿਤਾ ਵਿੱਚ ਪੁਰਅਹਿਆਸ ਜਜ਼ਬਾਤ ਨੂੰ ਸ਼ਿੱਦਤ ਨਾਲ ਪੇਸ਼ਕਾਰੀ ਮਿਲੀ ਹੈ। ਉਸ ਨੂੰ ਉਨ੍ਹਾਂ ਕਵੀਆਂ ਵਿੱਚ ਥਾਂ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਰਾਜਨੀਤੀ, ਆਰਥਿਕਤਾ, ਧਾਰਮਿਕਤਾ ਅਤੇ ਸੱਭਿਆਚਾਰਕ ਮੁਹਾਜ਼ਾਂ ਵੱਲ ਮੁਹਾਰਾਂ ਮੋੜੀਆਂ। ਅਸਰ ਰਾਜਨੀਤਕ ਧਿੰਙੋਜ਼ੋਰੀਆਂ ਅਤੇ ਆਰਥਿਕ ਤੌਰ ’ਤੇ ਕਾਣੀਆਂ ਵੰਡ-ਪ੍ਰਣਾਲੀਆਂ ਨੂੰ ਨਿੰਦਦਾ ਪ੍ਰਤੀਤ ਹੁੰਦਾ ਹੈ। ਉਸ ਦੇ ਕਾਵਿ ਵਿੱਚ ਬਿੰਬਾਵਲੀ ਅਤੇ ਚਿੰਨ੍ਹਾਵਲੀ ਉਸ ਦੇ ਅੰਦਰੂਨੀ ਜਜ਼ਬੇ ਵੱਲ ਨਹੀਂ ਸਗੋਂ ਸੰਸਕ੍ਰਿਤੀ ਤੋਂ ਪ੍ਰਕਿਰਤੀ ਵੱਲ ਦਾ ਸਹਿਜ ਸਫ਼ਰ ਹੈ। ਉਸ ਦੀਆਂ ਕਵਿਤਾਵਾਂ ਵਿੱਚ ਪਿੰਡਾਂ ਅਤੇ ਜੰਗਲਾਂ ਦਾ ਅਜੀਬ ਤਾਣਾਪੇਟਾ ਹੈ। ਜੰਗਲ, ਜੰਗਲ ਨਹੀਂ ਰਹਿੰਦੇ ਸਗੋਂ ਵਿਸ਼ਾਲ ਅਰਥ ਸੰਚਾਰ ਕਰਦੇ ਹਨ। ਡਾ. ਜਗਤਾਰ, ਪ੍ਰੋ. ਨਰਿੰਜਨ ਤਸਨੀਮ, ਹਰਿਭਜਨ ਸਿੰਘ, ਜਸਬੀਰ ਸਿੰਘ ਆਹਲੂਵਾਲੀਆ, ਦਵਿੰਦਰ ਸਤਿਆਰਥੀ, ਕੁਲਬੀਰ ਸਿੰਘ ਕਾਂਗ, ਹਰਨਾਮ, ਅਜਾਇਬ ਕਮਲ ਵਰਗੇ ਸਮਕਾਲੀ ਵਿਦਵਾਨਾਂ ਨੇ ਅਸਰ ਦੀ ਕਵਿਤਾ ਦੀ ਸਿਫ਼ਤ ਵਿੱਚ ਖੁੱਲ੍ਹ ਕੇ ਲਿਖਿਆ। ਡਾ. ਅਤਰ ਸਿੰਘ ਅਨੁਸਾਰ ‘ਵਰਿਆਮ ਅਸਰ ਦੀ ਕਵਿਤਾ ਅਸਲ ਵਿੱਚ ਵਰਤਮਾਨ ਮਨੁੱਖੀ ਸੱਭਿਅਤਾ ਵਿਰੁੱਧ ਇੱਕ ਕਾਵਿਕ ਵਿਦਰੋਹ ਹੈ ਜਿਹੜਾ ਕਿਸੇ ਵੀ ਸਮਾਜਿਕ ਜਾਂ ਸਿਆਸੀ ਨਾਅਰੇਬਾਜ਼ੀ ਨਾਲ ਬੱਝਾ ਹੋਇਆ ਨਹੀਂ’।
ਵਰਿਆਮ ਅਸਰ ਨੇ ਕਵਿਤਾ ਵਿੱਚ ਦਲੇਰੀ ਨਾਲ ਪ੍ਰਯੋਗ ਕੀਤੇ ਹਨ ਅਤੇ ਨਿੱਜਵਾਦ ਨੂੰ ਸਮਾਜਿਕ ਸਰੋਕਾਰਾਂ ਪ੍ਰਤੀ ਅਰਪਣ ਕੀਤਾ ਹੈ। ਉਸ ਨੇ ‘ਮੈਂ’ ਨੂੰ ‘ਅਸੀਂ’ ਵਿੱਚ ਤਬਦੀਲ ਕੀਤਾ। ਕਵਿਤਾ ਰਚਣ ਦੇ ਕਾਰਜ ਵਿੱਚ ਭਾਵੇਂ ਉਹ ‘ਮੈਂ’ ਹੁੰਦਾ ਹੈ ਪਰ ਅਰਥ ਸੰਚਾਰ ਵਿੱਚ ਉਹ ‘ਅਸੀਂ’ ਹੈ। ਭਾਵੇਂ ਅਸਰ ਦੀ ਕਵਿਤਾ ਬਿੰਬਾਂ ਦੇ ਖੰਭਾਂ ਨਾਲ ਉੱਡਦੀ ਹੈ ਪਰ ਐਸਾ ਵੀ ਨਹੀਂ ਕਿ ਉਸ ਵਿੱਚ ਪਾਠਕੀ ਸੰਚਾਰਨ ਦੀ ਘਾਟ ਹੈ। ਕਵਿਤਾ ਵਿੱਚ ਉਸ ਨੇ ਰੱਜ ਕੇ ਖੁੱਲ੍ਹਾਂ ਦਾ ਪ੍ਰਯੋਗ ਕੀਤਾ। ਉਸ ਨੇ ਸਨਾਤਨੀ ਕਾਵਿ ਦੀ ਡੰਡੀ ਨਹੀਂ ਫੜੀ ਸਗੋਂ ਹਰ ਕਦਮ ਉੱਤੇ ਨਵੇਂ ਰਾਹਾਂ ਦੀ ਤਲਾਸ਼ ਕੀਤੀ। ਉਹ ਆਪਣੇ ਦੌਰ ਦਾ ਆਧੁਨਿਕ ਚੇਤਨਾ ਦਾ ਵਾਹਕ ਕਵੀ ਰਿਹਾ ਹੈ ਜਿਸ ਦੀ ਕਵਿਤਾ ਅੱਜ ਵੀ ਸਮਝਦਾਰੀ ਦੀ ਕਵਿਤਾ ਹੈ:
ਇਹ ਰਾਤੋ ਰਾਤ ਕੀ ਹੋਇਆ/ ਮੇਰੇ ਅੰਗ ਕਿੱਥੇ ਗਏ ਨੇ/ - ਮੇਰੇ ਅੰਦਰ ਜੋ ਬਸਤੀ ਸੀ/ ਮੈਂ ਓਥੇ ਕੱਲ੍ਹ ਤੱਕ ਸਾਂ ਲੁੱਡੀਆਂ ਪਾਉਂਦਾ/ ਮੈਂ ਬੰਦ ਕਮਰੇ ਜਿਹਾ ਹੁਣ ਰਹਿ ਗਿਆ ਹਾਂ/ - ਆਂਡੇ ਵਰਗੇ ਬੰਦ ਕਮਰੇ ’ਚੋਂ ਬਾਹਰ ਆ ਕੇ ਵੀ/ ਕਮਰਾ ਫੇਰ ਖੜ੍ਹਾ ਸੀ ਸਾਹਮਣੇ/ - ਸ਼ੀਸ਼ੇ ਦੇ ਬਾਹਰ ਸੰਸਾਰ ਹੈ, ਬੁਝਿਆ/ ਸੰਗ-ਤਰਾਸ਼ਾਂ ਕਿੰਨੇ ਪੱਥਰ ਛਿੱਲ ਸੁੱਟੇ ਨੇ/ ਅਜੇ ਵੀ ਇਨ੍ਹਾਂ ਪੱਥਰਾਂ ਅੰਦਰ ਨ੍ਹੇਰ ਬੜਾ ਹੈ...।
ਪ੍ਰੋ. ਅਤੈ ਸਿੰਘ ਨੇ ਕਵੀ ਵਰਿਆਮ ਅਸਰ ਦੀਆਂ ਛੇ ਕਾਵਿ ਪੁਸਤਕਾਂ ਵਿਚਲੀਆਂ ਕਵਿਤਾਵਾਂ ਵਿੱਚੋਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਪੁਸਤਕ ‘ਨਾਟਕ ਤੋਂ ਬਾਹਰਲਾ ਸੂਤਰਧਾਰ’ (ਕੀਮਤ: 400 ਰੁਪਏ; ਕੇ.ਜੀ. ਗ੍ਰਾਫਿਕਸ, ਅੰਮ੍ਰਿਤਸਰ) ਪਾਠਕਾਂ ਨੂੰ ਭੇਟ ਕਰਕੇ ਵਧੀਆ ਸੰਪਾਦਨਾ ਦਾ ਕਾਰਜ ਕੀਤਾ ਹੈ। ਵਰਿਆਮ ਅਸਰ ਨੇ ਆਪਣੇ ਦੌਰ ਵਿੱਚ ਇਨ੍ਹਾਂ ਕਾਵਿ ਪੁਸਤਕਾਂ ਵਿੱਚ ਉੱਚ ਪਾਏ ਦੀਆਂ ਗ਼ਜ਼ਲਾਂ ਵੀ ਸ਼ਾਮਿਲ ਕੀਤੀਆਂ ਹਨ।
ਸੰਪਰਕ: 94174-84337