For the best experience, open
https://m.punjabitribuneonline.com
on your mobile browser.
Advertisement

ਸ਼ਾਇਰ ਜਸਵਿੰਦਰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ

11:32 AM Jun 26, 2024 IST
ਸ਼ਾਇਰ ਜਸਵਿੰਦਰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ
ਸ਼ਾਇਰ ਜਸਵਿੰਦਰ ਦਾ ਸਨਮਾਨ ਕਰਦੇ ਹੋਏ ਅਰਪਨ ਲਿਖਾਰੀ ਸਭਾ ਦੇ ਪਤਵੰਤੇ
Advertisement

ਸਤਨਾਮ ਸਿੰਘ ਢਾਅ
ਕੈਲਗਰੀ: ਅਰਪਨ ਲਿਖਾਰੀ ਸਭਾ ਦਾ ਸਾਲਾਨਾ ਸਮਾਗਮ ਇੱਥੇ ਟੈਂਪਲ ਕਮਿਊਨਿਟੀ ਹਾਲ ਵਿੱਚ ਹੋਇਆ। ਸਮਾਗਮ ਮੁੱਖ ਮਹਿਮਾਨ ਜਸਵਿੰਦਰ, ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਹੋਇਆ। ਇਸ ਸਮਾਗਮ ਦੌਰਾਨ ਜਸਵਿੰਦਰ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੰਜਾਬੀ ਕੈਨੇਡੀਅਨ ਬੱਚਿਆਂ ਨੇ ਪੰਜਾਬੀ ਬੋਲੀ ਵਿੱਚ ਆਪੋ ਆਪਣੀਆਂ ਕਵਿਤਾਵਾਂ, ਪੰਜਾਬੀ ਗੀਤ ਤੇ ਤਿੰਨ ਬੱਚੀਆਂ ਨੇ ਨਾਚ ਅਤੇ ਭੰਗੜਾ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸੁਖਬੀਰ ਸਿੰਘ ਗਰੇਵਾਲ ਨੇ ਯੰਗਸਤਾਨ ਸੰਸਥਾ ਰਾਹੀਂ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸ਼ਾਇਰ ਕੇਸਰ ਸਿੰਘ ਨੀਰ ਨੇ ਗ਼ਜ਼ਲਗੋ ਜਸਵਿੰਦਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗ਼ਜ਼ਲ ਦੇ ਜਨਮ ਅਤੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ ਹੁਣ ਤੱਕ ਪੰਜਾਬੀ ਦੀਆਂ ਦੋ ਗ਼ਜ਼ਲ ਪੁਸਤਕਾਂ ਨੂੰ ਹੀ ਮਿਲਿਆ ਹੈ – ਡਾ. ਜਗਤਾਰ ਦੀ ਪੁਸਤਕ ‘ਜੁਗਨੂੰ, ਦੀਵਾ ਤੇ ਦਰਿਆ’ ਅਤੇ ਜਸਵਿੰਦਰ ਦੇ ਗ਼ਜ਼ਲ ਸੰਗ੍ਰਹਿ ‘ਅਗਰਬੱਤੀ’ ਨੂੰ। ਜਸਵਿੰਦਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2012 ਲਈ ‘ਸ਼੍ਰੋਮਣੀ ਕਵੀ ਐਵਾਰਡ’ ਵੀ ਮਿਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਰਪਨ ਲਿਖਾਰੀ ਸਭਾ ਨਾਮਵਰ ਸ਼ਾਇਰ ਜਸਵਿੰਦਰ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕਰ ਕੇ ਬੇਹੱਦ ਫ਼ਖ਼ਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਦੀ ਸ਼ਾਇਰੀ ਸਰਲ ਹੋਣ ਦੇ ਨਾਲ ਨਾਲ ਗਹਿਰੀ ਵੀ ਹੈ ਜੋ ਬਹੁਤ ਸੰਵੇਦਨਾ ਭਰਪੂਰ ਹੈ। ਨਵੀਂ ਪੰਜਾਬੀ ਗਜ਼ਲ ਵਿੱਚ ਉਸ ਦੀ ਸ਼ਾਇਰੀ ਵਿਸ਼ੇਸ਼ ਮੁਕਾਮ ਰੱਖਦੀ ਹੈ। ਨੀਰ ਨੇ ਆਖਿਆ ਕਿ ਜਸਵਿੰਦਰ ਨਵੀਂ ਗੱਲ ਵੀ ਕਹਿੰਦਾ ਹੈ ਅਤੇ ਵਿਲੱਖਣ ਅੰਦਾਜ਼ ਵਿੱਚ ਵੀ ਕਹਿੰਦਾ ਹੈ। ਡਾ. ਜੋਗਾ ਸਿੰਘ ਨੇ ਅਰਪਨ ਲਿਖਾਰੀ ਸਭਾ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਖੁੱਲ੍ਹ-ਦਿਲੀ ਨਾਲ ਕੀਤੀ ਮਾਇਕ ਸਹਾਇਤਾ ਨਾਲ ਇਹ ਸਮਾਗਮ ਕੀਤਾ ਜਾਂਦਾ ਹੈ।
ਡਾ. ਜੋਗਾ ਸਿੰਘ ਸਹੋਤਾ ਨੇ ਜਸਵਿੰਦਰ ਦੀ ਗ਼ਜ਼ਲ ‘ਸੁਣੀਆਂ ਖ਼ੁਦੀ ਤੋਂ ਬੇਖ਼ੁਦੀ ਤੀਕਰ ਕਹਾਣੀਆਂ ਫੇਰ ਵੀ ਮੈਂ ਜ਼ਿੰਦਗੀ ਦੀਆਂ ਰਮਜ਼ਾਂ ਨਾ ਜਾਣੀਆਂ’ ਸੁਣਾ ਕੇ ਰੰਗ ਬੰਨ੍ਹਿਆ। ਜਰਨੈਲ ਤੱਗੜ ਨੇ ਵੀ ਇੱਕ ਗ਼ਜ਼ਲ ਸੁਣਾਈ। ਗੁਰਦੀਸ਼ ਗਰੇਵਾਲ ਨੇ ਆਪਣੀ ਪੁਸਤਕ ਜਸਵਿੰਦਰ ਸਿੰਘ ਨੂੰ ਭੇਟ ਕੀਤੀ। ਪਾਲ ਢਿੱਲੋਂ ਨੇ ਆਪਣੀਆਂ ਗ਼ਜ਼ਲਾਂ ਦੇ ਚੋਣਵੇਂ ਸ਼ਿਅਰ ਪੇਸ਼ ਕੀਤੇ। ਸੁਰਿੰਦਰ ਗੀਤ ਨੇ ਵੀ ਕਵਿਤਾ ਰਾਹੀਂ ਸਾਂਝ ਪਾਈ।
ਉਪਰੰਤ ਅਰਪਨ ਲਿਖਾਰੀ ਸਭਾ ਦੇ ਕਾਰਜਕਾਰਨੀ ਮੈਂਬਰਾਂ ਵੱਲੋਂ ਜਸਵਿੰਦਰ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ ਗਿਆ। ਜਸਵਿੰਦਰ ਨੇ ਸਭਾ ਦੇ ਸੁਹਿਰਦ ਅਤੇ ਮੋਢੀ ਮੈਂਬਰ ਇਕਬਾਲ ਖ਼ਾਨ ਨੂੰ ਅਤੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੂੰ ਯਾਦ ਕੀਤਾ। ਉਨ੍ਹਾਂ ਆਖਿਆ ਕਿ ਸਾਡੇ ਕੋਲੋਂ ਇਨ੍ਹਾਂ ਸ਼ਖ਼ਸੀਅਤਾਂ ਦੇ ਵਿੱਛੜਨ ਨਾਲ ਪੰਜਾਬੀ ਸ਼ਾਇਰੀ/ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਰਹਿਣਗੇ। ਜਸਵਿੰਦਰ ਨੇ ਛੋਟੇ ਬੱਚਿਆਂ ਵੱਲੋਂ ਪੰਜਾਬੀ ਉਚਾਰਣ ਦੀ ਮੁਹਾਰਤ ਬਾਰੇ ਗੱਲ ਕਰਦਿਆਂ ਅਰਪਨ ਲਿਖਾਰੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜੋ ਨਵੀਂ ਪੀੜ੍ਹੀ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਆਖਿਆ ਕਿ ਇਕਬਾਲ ਅਰਪਨ ਆਪ ਉੱਘੇ ਸਾਹਿਤਕਾਰ, ਸਮਾਜ ਸੇਵੀ ਅਤੇ ਪੰਜਾਬੀ ਬੋਲੀ ਦੇ ਉਪਾਸ਼ਕ ਸਨ। ਇਸ ਸਭਾ ਨੇ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਦਿਆਂ ਉਨ੍ਹਾਂ ਦੇ ਨਾਂ ’ਤੇ ਸਭਾ ਬਣਾ ਕੇ ਨਾਲ ਹੀ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਸ਼ੁਰੂ ਕਰਕੇ ਵਧੀਆ ਉਪਰਾਲਾ ਕੀਤਾ ਹੈ। ਇਸ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਲੇਖਕਾਂ ਨੂੰ ਹੋਰ ਵਧੀਆ ਸਾਹਿਤ ਸਿਰਜਣ ਲਈ ਉਤਸ਼ਾਹਿਤ ਕੀਤਾ ਹੈ। ਉਪਰੰਤ ਜਸਵਿੰਦਰ ਨੇ ਆਪਣੀਆਂ ਦੋ ਮਕਬੂਲ ਗ਼ਜ਼ਲਾਂ ਸਰੋਤਿਆਂ ਅੱਗੇ ਪੇਸ਼ ਕੀਤੀਆਂ ‘ਸੁਣੇ ਕੋਈ ਤਾਂ ਮੇਰੀ ਹੂਕ ਹੈ, ਇਹ ਪੜ੍ਹੇ ਕੋਈ ਤਾਂ ਮੇਰੀ ਆਰਜ਼ੂ ਹੈ ਕਿ ਗੂੜ੍ਹੀ ਰਾਤ ਦੇ ਗਲਿਆਰਿਆਂ ਵਿੱਚ ਕੋਈ ਤਾਂ ਜਗਮਗਾਉਂਦੀ ਲਹਿਰ ਹੋਵੇ’ ਅਤੇ ‘ਨਹੀਂ ਸਰਨਾ ਖਲਾਰਾ ਹੂੰਝ ਕੇ ਬੇਕਾਰ ਸੋਚਾਂ ਦਾ, ਸਿਰਾਂ ਵਿੱਚ ਉਸਰੇ ਬੁੱਤਾਂ ਦਾ ਢਹਿਣਾ ਜ਼ਰੂਰੀ ਹੈ।’
ਦੂਸਰੇ ਦੌਰ ਵਿੱਚ ਬਾਣੀ ਕੌਰ ਘਟੌੜਾ ਅਤੇ ਗੁਰਨੂਰ ਕੌਰ ਖੁਣਖੁਣ ਨੇ ਪੰਜਾਬੀ ਗੀਤਾਂ ’ਤੇ ਨੱਚ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਸੁਖਵਿੰਦਰ ਤੂਰ ਨੇ ਜਸਵਿੰਦਰ ਦੀ ਹੀ ਗ਼ਜ਼ਲ ‘ਪਿੰਡ ਦੀਆਂ ਮੰਜ਼ਲਾਂ ਉਦਾਸ ਕਰ ਜਾਂਦੀਆਂ ਲੰਘਾਂ ਸਰਹਿੰਦ ’ਚੋਂ ਤਾਂ ਅੱਖਾਂ ਭਰ ਜਾਂਦੀਆਂ’ ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਹਰਦਮ ਸਿੰਘ ਮਾਨ ਨੇ ਆਪਣੀ ਗ਼ਜ਼ਲ ਦੀ ਪੇਸ਼ਕਾਰੀ ਬਹੁਤ ਹੀ ਨਿਵੇਕਲੇ ਅੰਦਾਜ਼ ’ਚ ਕੀਤੀ। ਸ਼ਾਇਰ ਕ੍ਰਿਸ਼ਨ ਭਨੋਟ ਨੇ ‘ਸਮਾਂ ਕਦੇ ਨਾ ਬੀਤਿਆਂ ਹੱਥ ਆਵੇ’ ਸੁਣਾ ਕੇ ਗ਼ਜ਼ਲ ਕਹਿਣ ਦੀ ਮੁਹਾਰਤ ਦਾ ਸਬੂਤ ਪੇਸ਼ ਕੀਤਾ। ਸ਼ਾਇਰ ਮਨਪ੍ਰੀਤ ਪ੍ਰੀਤ ਨੇ ਆਪਣੇ ਫਨ ਦਾ ਨਿਵੇਕਲਾ ਮੁਜ਼ਾਹਰਾ ਕੀਤਾ। ਡਾ. ਜੋਗਾ ਸਿੰਘ ਸਹੋਤਾ ਨੇ ਕੇਸਰ ਸਿੰਘ ਨੀਰ ਦੀ ਇੱਕ ਗ਼ਜ਼ਲ ਪੇਸ਼ ਕਰਕੇ ਰੰਗ ਬੰਨ੍ਹਿਆ। ਡਾ. ਕੇਵਲ ਸਿੰਘ ਪਰਵਾਨਾ ਨੇ ‘ਕਿਤੇ ਪਹੁੰਚਣ ਲਈ ਦੋ ਰਸਤੇ ਫੜੇ ਸਨ’ ਗ਼ਜ਼ਲ ਪੇਸ਼ ਕੀਤੀ। ਬਚਨ ਸਿੰਘ ਗੁਰਮ, ਜਸ ਚਾਹਲ, ਸੁਰਿੰਦਰ ਕੈਂਥ ਅਤੇ ਸਰਦੂਲ ਸਿੰਘ ਲੱਖਾ ਨੇ ਆਪੋ ਆਪਣੇ ਕਲਾਮ ਸੁਣਾ ਕੇ ਸਮਾਂ ਬੰਨ੍ਹਿਆ। ਕੈਲਗਿਰੀ ਵਿੱਚ ਕਵੀਸ਼ਰੀ ਪਰੰਪਰਾ ਨੂੰ ਜਿਊਂਦੀ ਰੱਖਣ ਵਾਲੇ ਕਵੀਸ਼ਰਾਂ ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਦੀ ਜੋੜੀ ਨੇ ਕਵੀਸ਼ਰੀ ਰੰਗ ਵਿੱਚ ‘ਕਲੀ’ ਪੇਸ਼ ਕੀਤੀ। ਪਰਮਜੀਤ ਭੰਗੂ ਨੇ ਆਪਣੀ ਕਵਿਤਾ ਨਾਲ ਹਾਜ਼ਰੀ ਲਗਵਾਈ।

Advertisement

Advertisement
Author Image

Advertisement
Advertisement
×