For the best experience, open
https://m.punjabitribuneonline.com
on your mobile browser.
Advertisement

ਮਾਂਹ ਕਿਸੇ ਲਈ ਵਾਦੀ, ਕਿਸੇ ਲਈ ਸਵਾਦੀ

08:05 AM Oct 23, 2024 IST
ਮਾਂਹ ਕਿਸੇ ਲਈ ਵਾਦੀ  ਕਿਸੇ ਲਈ ਸਵਾਦੀ
Advertisement

ਅਜੀਤ ਖੰਨਾ

Advertisement

ਕੈਨੇਡਾ ਵੱਲੋਂ ਸਟੱਡੀ ਵੀਜ਼ੇ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਲੈ ਕੇ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਦਾ ਅਸਰ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ’ਤੇ ਤਾਂ ਪੈਣਾ ਹੀ ਸੀ, ਬਲਕਿ ਇਸ ਨਾਲ ਜੁੜੇ ਕਈ ਕਾਰੋਬਾਰਾਂ ’ਤੇ ਵੀ ਪੈ ਰਿਹਾ ਹੈ। ਇਸ ਨਾਲ ਕਈਆਂ ਦੇ ਕਾਰੋਬਾਰ ਠੱਪ ਹੋ ਗਏ ਹਨ ਅਤੇ ਕਈਆਂ ਨੂੰ ਫਾਇਦਾ ਮਿਲ ਰਿਹਾ ਹੈ ਕਿਉਂਕਿ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿੱਚ ਇਸ ਵਾਰ ਵੱਡੀ ਪੱਧਰ ’ਤੇ ਵਿਦਿਆਰਥੀਆਂ ਦੇ ਦਾਖਲੇ ਹੋਏ ਹਨ। ਇਸ ਤੋਂ ਪਹਿਲਾਂ ਤੱਕ ਇਨ੍ਹਾਂ ਕਾਲਜਾਂ ਨੂੰ ਬੰਦ ਕਰਨ ਤੱਕ ਦੀ ਸਥਿਤੀ ਬਣੀ ਹੋਈ ਸੀ।
ਦੂਜੇ ਪਾਸੇ ਇਸ ਦਾ ਬੁਰਾ ਅਸਰ ਆਈਲੈਟਸ ਸੈਂਟਰਾਂ ’ਤੇ ਪਿਆ ਹੋਇਆ ਵਿਖਾਈ ਦੇਣ ਲੱਗਾ ਹੈ। ਸਮੁੱਚੇ ਪੰਜਾਬ ਵਿੱਚ 6000 ਤੋਂ ਵਧੇਰੇ ਆਈਲੈਟਸ ਸੈਂਟਰ ਖੁੱਲ੍ਹੇ ਹੋਏ ਸਨ ਜਿੱਥੋਂ ਕੋਚਿੰਗ ਲੈ ਕੇ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਂਦੇ ਸਨ ਤਾਂ ਜੋ ਉੱਥੇ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ ਹਾਸਲ ਕਰਕੇ ਪੀਆਰ ਲੈ ਸਕਣ। ਸਟੱਡੀ ਵੀਜ਼ੇ ’ਤੇ ਗਏ ਵਿਦਿਆਰਥੀਆਂ ਦੇ ਮਾਪੇ ਵੀ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਚਲੇ ਜਾਂਦੇ ਸਨ। ਬਹੁਤੇ ਮਾਪੇ ਤਾਂ ਉੱਥੇ ਥੋੜ੍ਹਾ ਬਹੁਤਾ ਕੰਮਕਾਰ ਕਰਕੇ ਦੋ-ਚਾਰ ਪੈਸੇ ਵੀ ਕਮਾ ਲੈਂਦੇ ਸਨ। ਬੇਸ਼ੱਕ ਉਹ ਟੂਰਿਸਟ ਵੀਜ਼ੇ ’ਤੇ ਉੱਥੇ ਛੇ ਮਹੀਨੇ ਹੀ ਰਹਿ ਸਕਦੇ ਸਨ, ਪਰ ਹੌਲੀ ਹੌਲੀ ਸਮਾਂ ਪਾ ਕੇ ਆਪਣੇ ਬੱਚਿਆਂ ਦੇ ਪੱਕੇ ਹੋਣ ਪਿੱਛੋਂ ਉਹ ਵੀ ਉੱਥੇ ਪੱਕੇ ਹੋ ਜਾਂਦੇ ਸਨ। ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਤੋਂ ਵੱਡੀ ਪੱਧਰ ’ਤੇ ਮੁੰਡੇ-ਕੁੜੀਆਂ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਗਏ ਤੇ ਪੱਕੇ ਹੋਏ ਹਨ। ਪਿਛਲੇ ਸਮੇਂ ਵਿੱਚ ਉੱਥੋਂ ਦੀ ਟਰੂਡੋ ਸਰਕਾਰ ਨੇ ਖੁੱਲ੍ਹ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਤੇ ਪੀਆਰ ਦਿੱਤੀ ਕਿਉਂਕਿ ਇਹ ਉੱਥੋਂ ਦੀ ਆਰਥਿਕਤਾ ਦਾ ਮੁੱਖ ਸਰੋਤ ਹੈ। ਇਸ ਤੋਂ ਇਲਾਵਾ ਰੂਸ ਤੇ ਯੂਕਰੇਨ ਵਿੱਚ ਜੰਗ ਛਿੜਨ ’ਤੇ ਵੀ ਕੈਨੇਡਾ ਸਰਕਾਰ ਨੇ ਖੁੱਲ੍ਹ ਕੇ ਉੱਥੋਂ ਦੇ ਲੋਕਾਂ ਨੂੰ ਆਪਣੇ ਦੇਸ਼ ਸੱਦ ਕੇ ਪੀਆਰ ਦਿੱਤੀ ਸੀ। ਉਨ੍ਹਾਂ ਲੋਕਾਂ ਦੀ ਆਰਥਿਕ ਮਦਦ ਵੀ ਕੀਤੀ ਸੀ ਜਿਸ ਨਾਲ ਕੈਨੇਡਾ ਦੇ ਪੱਕੇ ਵਸਨੀਕਾਂ ਵਿੱਚ ਰੋਸ ਪੈਦਾ ਹੋਣ ਲੱਗਾ।
ਅੰਤਰਰਾਸ਼ਟਰੀ ਵਿਦਿਆਰਥੀ ਵੱਡੇ ਪੱਧਰ ’ਤੇ ਆਉਣ ਕਾਰਨ ਉੱਥੇ ਰਹਿਣ ਅਤੇ ਕੰਮਕਾਰ ਵਿੱਚ ਮੁਸ਼ਕਿਲ ਆਉਣ ਲੱਗੀ। ਬਾਹਰਲੇ ਦੇਸ਼ਾਂ ਤੋਂ ਆਏ ਲੋਕ ਘੱਟ ਪੈਸਿਆਂ ਵਿੱਚ ਕੰਮ ਕਰਨ ਲਈ ਰਾਜ਼ੀ ਹੋ ਜਾਂਦੇ ਹਨ, ਜਿਸ ਨਾਲ ਉੱਥੋਂ ਦੇ ਪੱਕੇ ਵਸਨੀਕਾਂ ਨੂੰ ਵੱਡੀ ਸਮੱਸਿਆ ਆਉਣ ਲੱਗੀ। ਸਿੱਟੇ ਵਜੋਂ ਟਰੂਡੋ ਸਰਕਾਰ ਨੂੰ ਆਪਣੇ ਸਿਆਸੀ ਵਿਰੋਧੀਆਂ ਦੇ ਦਬਾਅ ਥੱਲੇ ਇਸ ਸਬੰਧੀ ਆਪਣੇ ਨਿਯਮਾਂ ਵਿੱਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ। ਅਗਲੇ ਸਾਲ ਕੈਨੇਡਾ ਵਿੱਚ ਚੋਣਾਂ ਆ ਰਹੀਆਂ ਹਨ ਜਿਸ ਨੂੰ ਲੈ ਕੇ ਜਿੱਥੇ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਟਰੂਡੋ ’ਤੇ ਹਮਲਾਵਰ ਦਿਸ ਰਹੀਆਂ ਹਨ, ਉੱਥੇ ਟਰੂਡੋ ਮੁੜ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖ ਰਿਹਾ ਹੈ, ਇਸ ਲਈ ਉਸ ਨੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਨਵੇਂ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋ ਰਹੇ ਹਨ ਜਿਸ ਤਹਿਤ ਸਿਰਫ਼ ਗ੍ਰੈਜੂਏਸ਼ਨ ਕਰਕੇ ਕੈਨੇਡਾ ਜਾਣ ਵਾਲੇ ਵਿਦਿਆਰਥੀ ਨੂੰ ਹੀ ਚੋਣਵੇਂ ਕੋਰਸਾਂ ਵਿੱਚ ਪੀਆਰ ਮਿਲ ਸਕੇਗੀ। ਜਦੋਂਕਿ ਪਹਿਲਾਂ ਬਾਰ੍ਹਵੀਂ ਪਾਸ ਕਰਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਪੀਆਰ ਮਿਲ ਜਾਂਦੀ ਸੀ। ਪਹਿਲਾਂ ਕੈਨੇਡਾ ਦੇ ਸਟੱਡੀ ਵੀਜ਼ੇ ’ਤੇ ਜਾਣ ਵਾਲੇ ਲਗਭਗ 90 ਫੀਸਦੀ ਵਿਦਿਆਰਥੀ ਬਾਰ੍ਹਵੀਂ ਪਾਸ ਕਰਨ ਉਪਰੰਤ ਹੀ ਆਈਲੈਟਸ ਕਰਕੇ ਸਟੱਡੀ ਵੀਜ਼ਾ ਅਪਲਾਈ ਕਰ ਦਿੰਦੇ ਸਨ, ਪਰ ਹੁਣ ਨਿਯਮਾਂ ਵਿੱਚ ਤਬਦੀਲੀ ਕਾਰਨ ਗ੍ਰੈਜੂਏਸ਼ਨ ਕਰਕੇ ਹੀ ਵਿਦਿਆਰਥੀ ਆਈਲੈਟਸ ਕਰਨਗੇ। ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਫਿਲਹਾਲ ਆਈਲੈਟਸ ਕਰਨ ਦਾ ਕੋਈ ਲਾਭ ਨਹੀਂ ਹੈ। ਆਈਲੈਟਸ ਸਿਰਫ਼ ਦੋ ਸਾਲ ਵਾਸਤੇ ਹੀ ਵੈਧ ਹੁੰਦੀ ਹੈ। ਪੰਜਾਬ ਵਿੱਚ ਇਸ ਦਾ ਅਸਰ ਇਹ ਹੋਇਆ ਕਿ ਲਗਭਗ ਤਿੰਨ ਵਰ੍ਹਿਆਂ ਤੱਕ ਆਈਲੈਟਸ ਸੈਂਟਰਾਂ ਵਿੱਚ ਵਿਦਿਆਰਥੀਆਂ ਦੇ ਕੋਚਿੰਗ ਲੈਣ ਆਉਣ ਦੀ ਸੰਭਾਵਨਾ ਨਾਂ ਦੇ ਬਰਾਬਰ ਲੱਗਦੀ ਹੈ।

Advertisement


ਕੈਨੇਡਾ ਵੱਲੋਂ ਨਿਯਮ ਬਦਲੇ ਜਾਣ ਦਾ ਸਭ ਤੋਂ ਜ਼ਿਆਦਾ ਫਾਇਦਾ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਹੋਇਆ ਹੈ। ਇਸ ਘੜੀ ਸਾਰੇ ਕਾਲਜ ਤੇ ਯੂਨੀਵਰਸਿਟੀਆਂ ਗਿਣਤੀ ਵਜੋਂ ਵਿਦਿਆਰਥੀਆਂ ਨਾਲ ਫੁੱਲ ਹੋ ਗਏ ਹਨ। ਜਦੋਂਕਿ ਪਹਿਲਾਂ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਦਾਖਲ ਕਰਨ ਵਾਸਤੇ ਸਕੂਲਾਂ ਵਿੱਚ ਜਾ ਕੇ ਪ੍ਰਬੰਧਕਾਂ ਦੀਆਂ ਦਾਖਲਿਆਂ ਲਈ ਮਿੰਨਤਾਂ ਤੱਕ ਕਰਨੀਆਂ ਪੈਂਦੀਆਂ ਸਨ। ਅੱਜਕੱਲ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਦੇ ਚਿਹਰੇ ਖਿੜੇ ਨਜ਼ਰ ਆ ਰਹੇ ਹਨ। ਇਸ ਵਰ੍ਹੇ ਤੋਂ ਪਹਿਲਾਂ ਜ਼ਿਆਦਤਰ ਵਿਦਿਆਰਥੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਵਧਣ ਕਰਕੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸੀਟਾਂ ਪੂਰੀਆਂ ਨਹੀਂ ਹੁੰਦੀਆਂ ਸਨ ਜਿਸ ਕਰਕੇ ਕਰੋੜਾਂ ਦੇ ਕਰਜ਼ੇ ਨਾਲ ਉਸਾਰੀਆਂ ਇਮਾਰਤਾਂ ਦੀਆਂ ਕਿਸ਼ਤਾਂ ਭਰਨੀਆਂ ਤੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਦੂਸਰੇ ਪ੍ਰਬੰਧਕੀ ਖ਼ਰਚੇ ਕਰਨੇ ਵੀ ਮੁਸ਼ਕਿਲ ਹੋ ਗਏ ਸਨ।
ਦੂਜੇ ਪਾਸੇ ਪੰਜਾਬ ਵਿੱਚ ਚੱਲਦੇ 80 ਫੀਸਦ ਆਈਲੈਟਸ ਸੈਂਟਰ ਹੁਣ ਬੰਦ ਹੋ ਚੁੱਕੇ ਹਨ ਜਾਂ ਬੰਦ ਹੋਣ ਦੀ ਕਗਾਰ ’ਤੇ ਹਨ। ਇਸ ਨਾਲ ਇਨ੍ਹਾਂ ਸੈਂਟਰ ਮਾਲਕਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ। ਸੈਂਟਰਾਂ ਨਾਲ ਜੁੜੇ ਕਰਮਚਾਰੀਆਂ ਤੇ ਹੋਰ ਕਾਰੋਬਾਰੀਆਂ ਨੂੰ ਵੀ ਨਿਯਮਾਂ ਵਿੱਚ ਤਬਦੀਲੀ ਨਾਲ ਬਹੁਤ ਨੁਕਸਾਨ ਹੋਇਆ ਹੈ। ਆਈਲੈਟਸ ਸੈਂਟਰਾਂ ਵਿੱਚ ਕੰਮ ਕਰਦੇ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਸੈਂਟਰ ਬੰਦ ਹੋਣ ਕਾਰਨ ਬੇਰੁਜ਼ਗਾਰ ਹੋ ਗਏ ਹਨ। ਨਿਯਮਾਂ ਵਿੱਚ ਤਬਦੀਲੀ ਦਾ ਅਸਰ ਟੈਕਸੀ ਮਾਲਕਾਂ ’ਤੇ ਵੀ ਪਿਆ ਹੈ ਕਿਉਂਕਿ ਸਟੱਡੀ ਵੀਜ਼ੇ ਵਿੱਚ ਆਈ ਗਿਰਾਵਟ ਦਾ ਟੈਕਸੀ ਚਾਲਕਾਂ ’ਤੇ ਅਸਰ ਪੈਣਾ ਸੁਭਾਵਿਕ ਹੈ। ਜੇ ਸਟੱਡੀ ਵੀਜ਼ਾ ਲੱਗੇਗਾ ਤਾਂ ਹੀ ਲੋਕ ਦਿੱਲੀ ਏਅਰਪੋਰਟ ’ਤੇ ਜਾਣਗੇ। ਇੱਕ ਅੰਦਾਜ਼ੇ ਮੁਤਾਬਕ ਪੰਜਾਬ ਤੋਂ ਰੋਜ਼ਾਨਾ 70000 ਟੈਕਸੀ ਦਿੱਲੀ ਆਉਣ ਜਾਣ ਕਰਦੀ ਸੀ ਜਿਸ ਦਾ ਹੁਣ ਸਿੱਧਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਤੋਂ ਦਿੱਲੀ ਜਾਂਦੇ ਰਾਹ ਵਿੱਚ ਪੈਂਦੇ ਖਾਣ ਪੀਣ ਵਾਲੇ ਢਾਬਿਆਂ ’ਤੇ ਵੀ ਨਿਯਮਾਂ ਦੇ ਬਦਲਾਅ ਦੀ ਮਾਰ ਪਈ ਹੈ ਕਿਉਂਕਿ ਦਿੱਲੀ ਏਅਰਪੋਰਟ ’ਤੇ ਆਉਣ ਜਾਣ ਵਾਲੇ ਯਾਤਰੀ ਇਨ੍ਹਾਂ ਢਾਬਿਆਂ ’ਤੇ ਰੁਕ ਕੇ ਬ੍ਰੇਕ ਫਾਸਟ, ਲੰਚ ਤੇ ਡਿਨਰ ਵਗੈਰਾ ਕਰਦੇ ਸਨ। ਇਸ ਨਾਲ ਇਨ੍ਹਾਂ ਢਾਬਿਆਂ ਦੀ ਮੋਟੀ ਕਮਾਈ ਹੁੰਦੀ ਸੀ। ਇਸੇ ਤਰ੍ਹਾਂ ਟੈਕਸੀਆਂ ਵਿੱਚ ਪੈਣ ਵਾਲੇ ਡੀਜ਼ਲ ਤੇ ਪੈਟਰੋਲ ਦੀ ਖਪਤ ਵੀ ਘਟੀ ਹੈ ਜਿਸ ਦੀ ਬਦੌਲਤ ਪੰਪ ਮਾਲਕਾਂ ਦੀ ਕਮਾਈ ’ਤੇ ਵੀ ਅਸਰ ਪਿਆ ਹੈ। ਇਸ ਤੋਂ ਬਿਨਾਂ ਵਿਦੇਸ਼ ਜਾਣ ਵਾਲੇ ਵਿਦਿਆਰਥੀ ਲੱਖਾਂ ਰੁਪਏ ਦੇ ਕੱਪੜੇ ਅਤੇ ਅਟੈਚੀ/ਬੈਗ ਆਦਿ ਦੀ ਖ਼ਰੀਦੋ ਫ਼ਰੋਖ਼ਤ ’ਤੇ ਖਰਚਦੇ ਸਨ। ਨਿਯਮਾਂ ਦੇ ਬਦਲਣ ਦਾ ਅਸਰ ਇਨ੍ਹਾਂ ਧੰਦਿਆਂ ’ਤੇ ਪੈਣਾ ਵੀ ਲਾਜ਼ਮੀ ਹੈ।
ਇੱਥੇ ਮੈਂ ਆਪਣੇ ਸ਼ਹਿਰ ਵਿੱਚ ਖੁੱਲ੍ਹੇ ਕੁਝ ਸ਼ੋਅ ਰੂਮਾਂ ਦੀ ਮਿਸਾਲ ਦੇਣਾ ਚਾਹੁੰਦਾ ਹਾਂ ਜਿੱਥੇ ਨਿਯਮਾਂ ਵਿੱਚ ਤਬਦੀਲੀ ਮਗਰੋਂ ਕਾਂ ਬੋਲਦੇ ਵਿਖਾਈ ਦਿੰਦੇ ਹਨ। ਇੱਥੋਂ ਦੀ ਮੁੱਖ ਜੀਟੀਬੀ ਮਾਰਕੀਟ ਆਈਲੈਟਸ ਸੈਂਟਰਾਂ ਦਾ ਹੱਬ ਮੰਨੀ ਜਾਂਦੀ ਸੀ ਜਿੱਥੇ ਰੋਜ਼ਾਨਾ ਹਜ਼ਾਰਾਂ ਵਿਦਿਆਰਥੀ ਆਈਲੈਟਸ ਦੀ ਕੋਚਿੰਗ ਲੈਣ ਆਉਂਦੇ ਸਨ। ਉੱਥੇ ਅੱਜ ਸੁੰਨ ਪਸਰੀ ਹੋਈ ਹੈ। ਵਿਦਿਆਰਥੀਆਂ ਨਾਲ ਚਹਿਕਦੀ ਇਸ ਮਾਰਕੀਟ ਵਿੱਚ ਹੁਣ ਟਾਵਾਂ-ਟਾਵਾਂ ਵਿਦਿਆਰਥੀ ਹੀ ਨਜ਼ਰ ਆਉਂਦਾ ਹੈ ਕਿਉਂਕਿ ਨਿਯਮਾਂ ਵਿੱਚ ਬਦਲਾਅ ਆਉਣ ਕਰਕੇ ਜ਼ਿਆਦਾਤਰ ਸੈਂਟਰ ਬੰਦ ਹੋ ਚੁੱਕੇ ਹਨ। ਉਸ ਮਾਰਕੀਟ ਵਿੱਚ ਜੋ ਖਾਣ ਪੀਣ ਦਾ ਕਾਰੋਬਾਰ ਸੀ, ਉਹ ਵੀ ਠੱਪ ਹੋ ਚੁੱਕਾ ਹੈ ਜਾਂ ਫਿਰ ਨਾਂਮਾਤਰ ਹੀ ਰਹਿ ਗਿਆ ਹੈ। ਆਈਲੈਟਸ ਸੈਂਟਰਾਂ ਵਾਲੀਆਂ ਇਮਾਰਤਾਂ ਜੋ ਲਗਭਗ 50 ਤੋਂ 60-70 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਸਨ, ਹੁਣ ਉਨ੍ਹਾਂ ਨੂੰ ਕਿਰਾਏ ’ਤੇ ਲੈਣ ਨੂੰ ਕੋਈ ਤਿਆਰ ਨਹੀਂ। ਇਸ ਨਾਲ ਇਨ੍ਹਾਂ ਇਮਾਰਤਾਂ ਦੇ ਮਾਲਕਾਂ ਦੀ ਆਰਥਿਕਤਾ ਉੱਤੇ ਵੀ ਜ਼ਰੂਰ ਅਸਰ ਪਿਆ ਹੈ। ਭਾਵ ਕਿ ਨਿਯਮ ਬਦਲੇ ਜਾਣ ਦਾ ਪ੍ਰਭਾਵ ਕੇਵਲ ਵਿਦਿਆਰਥੀਆਂ ਉੱਤੇ ਹੀ ਨਹੀਂ ਪਿਆ, ਬਲਕਿ ਇਸ ਨਾਲ ਜੁੜੇ ਹਰ ਛੋਟੇ ਮੋਟੇ ਕਾਰੋਬਾਰ ’ਤੇ ਸਿੱਧੇ ਤੇ ਅਸਿੱਧੇ ਰੂਪ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
ਕਹਿੰਦੇ ਹਨ ਕਿ ‘ਮਾਂਹ ਕਿਸੇ ਲਈ ਵਾਦੀ ਕਿਸੇ ਲਈ ਸਵਾਦੀ।’ ਸਥਾਨਕ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਨਿਯਮਾਂ ਵਿੱਚ ਤਬਦੀਲੀ ਨਾਲ ਪੌਂ ਬਾਰਾਂ ਹੋ ਗਈਆਂ ਹਨ, ਪਰ ਆਈਲੈਟਸ ਸੈਂਟਰ ਬੰਦ ਹੋ ਗਏ ਹਨ। ਇਸ ਲਈ ਕਾਲਜਾਂ ਲਈ ਮਾਂਹ (ਨਿਯਮ) ਸਵਾਦੀ ਤੇ ਹੋਰਾਂ ਲਈ ਵਾਦੀ ਸਾਬਤ ਹੋਏ ਹਨ। ਹਾਂ! ਹੋਰ ਦੇਸ਼ਾਂ ਲਈ ਵੀਜ਼ਾ ਪਹਿਲਾਂ ਵਾਂਗ ਜਾਰੀ ਹੈ, ਪਰ ਹੋਰ ਥਾਵਾਂ ’ਤੇ ਘੱਟ ਹੀ ਵੀਜ਼ਾ ਲੱਗਦਾ ਹੈ। ਜਦੋਂਕਿ ਆਸਟਰੇਲੀਆ, ਨਿਊਜ਼ੀਲੈਂਡ ਤੇ ਇੰਗਲੈਂਡ ਵੱਲੋਂ ਸਖ਼ਤ ਨਿਯਮਾਂ ਦੇ ਚੱਲਦਿਆਂ ਪਹਿਲਾਂ ਹੀ ਬਹੁਤ ਥੋੜ੍ਹੀਆਂ ਫਾਈਲਾਂ ਪਾਸ ਹੁੰਦੀਆਂ ਹਨ।
ਸੰਪਰਕ: 85448-54669

Advertisement
Author Image

Advertisement