For the best experience, open
https://m.punjabitribuneonline.com
on your mobile browser.
Advertisement

ਕਵਿਤਾਵਾਂ

06:26 AM Oct 31, 2024 IST
ਕਵਿਤਾਵਾਂ
Advertisement

ਸਾਂਝੀ ਦੀਵਾਲੀਏ

ਜਸਵੰਤ ਧਾਪ
ਸਾਂਝੀ ਦੀਵਾਲੀਏ ਨੀ, ਸਾਂਝੀ ਦੀਵਾਲੀਏ।
ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।
ਆਪੇ ਹੀ ਦੱਸ ਦੇ ਸਾਨੂੰ, ਤੂੰ ਕਰਮਾਂ ਵਾਲੀਏ।
ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

Advertisement

ਕਿੰਨੇ ਹੀ ਸ਼ੋਰ ਸ਼ਰਾਬੇ, ਕਿੰਨੇ ਹੀ ਰੌਲੇ ਰੱਪੇ,
ਅਮਨਾਂ ਦੀ ਡੌਂਡੀ ਪਿੱਟਦੇ, ਲਾਉਂਦੇ ਨੇ ਲਾਰੇ ਲੱਪੇ,
ਨਿੱਘੀ ਗਲਵੱਕੜੀ ਵਾਲੇ, ਨੁਕਤੇ ਉਛਾਲੀਏ।
ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

Advertisement

ਧੂੰਆਂ ਸਿਆਸਤੀ ਹੈ, ਸਾਹਾਂ ਨੂੰ ਠੱਗੀ ਜਾਂਦਾ,
ਬੇਬਸ ਲਾਚਾਰ ਬੰਦਾ, ਬਸ ਪਿੱਛੇ ਲੱਗੀ ਜਾਂਦਾ,
ਭੀੜਾਂ ਤਬੀਬਾਂ ਦੀਆਂ, ਕਿਸ ਨੂੰ ਵਖਾਲੀਏ।
ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

ਚੱਲਣ ਪਟਾਖੇ ਕਿੱਥੋਂ, ਨਿਕਲੇ ਦੀਵਾਲੇ ਏਥੇ,
ਜੇਬ੍ਹਾਂ ਦੇ ਚੱਪੇ ਚੱਪੇ, ਛਾਲੇ ਹੀ ਛਾਲੇ ਏਥੇ,
ਖ਼ੁਸ਼ੀਆਂ ਨੂੰ ਸਿੰਜੀਏ ਕਿੱਥੇ, ਤੇ ਕਿੱਥੇ ਪਾਲੀਏ।
ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।

ਖੁਸ਼ਹਾਲੀ ਭਾਈਚਾਰੇ, ਪਿਆਰਾਂ ਦੀ ਬਾਤ ਦਾ,
ਗੁਰੂਆਂ ਸੁਨੇਹਾ ਦਿੱਤਾ, ਇੱਕ ਮਾਨਸ ਜਾਤ ਦਾ,
ਚਾਨਣ ਦੇ ਵਿੱਚ ਸੁਨੇਹੇ, ਧਾਪ ਸਭ ਢਾਲੀਏ।
ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ।
ਸੰਪਰਕ: 98551-45330
* * *

ਖ਼ੁਸ਼ੀਆਂ ਲਿਆਈ

ਗੁਰਤੇਜ ਸਿੰਘ ਖੁਡਾਲ
ਦੀਵਾਲੀ ਆਈ, ਦੀਵਾਲੀ ਆਈ,
ਸਾਰਿਆਂ ਲਈ ਹੈ ਖ਼ੁਸ਼ੀਆਂ ਲਿਆਈ,
ਲੋਕ ਘਰਾਂ ਦੀ ਕਰਨ ਸਫ਼ਾਈ,
ਇੱਕ ਦੂਜੇ ਨੂੰ ਸਭ ਦੇਣ ਵਧਾਈ,
ਆਓ ਰਲ ਕੇ ਦੀਵਾਲੀ ਮਨਾਈਏ,
ਫਲ-ਫਰੂਟ ਤੇ ਮਠਿਆਈਆਂ ਖਾਈਏ...
ਪਟਾਕੇ ਸਿਰਫ਼ ਗਰੀਨ ਲਿਆਈਏ,
ਧੂੰਏ ਵਾਲੇ ਨਾ ਪਟਾਕੇ ਚਲਾਈਏ,
ਰੋਸ਼ਨੀਆਂ ਦਾ ਤਿਓਹਾਰ ਦੀਵਾਲ਼ੀ,
ਇਸ ਲਈ ਸਭ ਨੂੰ ਲੱਗੇ ਪਿਆਰੀ...
ਸਾਰੇ ਰਲ ਕੇ ਦੀਵਾਲੀ ਮਨਾਈਏ,
ਰਾਤ ਨੂੰ ਸਾਰੇ ਖ਼ੂਬ ਰੁਸ਼ਨਾਈਏ...
ਸ਼ੋਰ ਸ਼ਰਾਬਾ ਬਿਲਕੁਲ ਨਾ ਕਰੀਏ,
ਦੀਵੇ ਬਾਲ ਕੇ ਰੋਸ਼ਨੀਆਂ ਕਰੀਏ...
ਸਾਰੇ ਇਕੱਠੇ ਦੀਵਾਲੀ ਮਨਾਈਏ,
ਪਿਆਰ ਤੇ ਭਾਈਚਾਰਾ ਵਧਾਈਏ।
ਸੰਪਰਕ: 94641-29118
* * *

ਦੀਵਾਲੀ ਦਾ ਤਿਉਹਾਰ

ਕੁਲਵਿੰਦਰ ਵਿਰਕ
ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,
ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਗੁਰੂਆਂ, ਪੀਰਾਂ, ਫ਼ੱਕਰ, ਫ਼ਕੀਰਾਂ ਨੂੰ ਸਿਮਰਦੇ ਰਹੀਏ,
ਕੁਝ ਪਲ-ਘੜੀਆਂ ਜਾ ਕੇ ਦਰ ਉਨ੍ਹਾਂ ਦੇ ਬਹੀਏ।
ਕੁਝ ਲੋਕੀ ਖਵਾਉਣ ਰੋਟੀ, ਦੇ ਕੇ ਚਿੱਟੇ ਕੱਪੜੇ ਨਾਲ,
ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,
ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਬਜ਼ੁਰਗਾਂ ਦਾ ਸਤਿਕਾਰ ਵੀ ਹੁੰਦਾ ਬੇਹੱਦ ਜ਼ਰੂਰੀ,
ਬੇਬੇ-ਬਾਪੂ, ਮਾਂ-ਪਿਓ ਤੋਂ ਕਦੇ ਨਾ ਪਾਈਏ ਦੂਰੀ।
ਔਖਾਂ-ਸੌਖਾਂ ਝੱਲ ਕੇ ਵੀ ਜੋ ਲੈਂਦੇ ਬੱਚੜੇ ਪਾਲ,
ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,
ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਸ਼ੋਰ ਪ੍ਰਦੂਸ਼ਣ, ਜ਼ਹਿਰੀਲਾ ਧੂੰਆਂ ਨਾ ਕਦੇ ਫੈਲਾਈਏ,
ਆਪ ਵੀ ਸਮਝੀਏ ਤੇ ਦੂਜਿਆਂ ਨੂੰ ਵੀ ਸਮਝਾਈਏ।
ਪਵਨ ਗੁਰੂ ਦੀ ਨਾ ਹਾਨੀ ਕਰੀਏ, ਕਦੇ ਪਟਾਕਿਆਂ ਨਾਲ,
ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,
ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਸੁੱਚੀ ਕਿਰਤ-ਕਮਾਈ ਵਿੱਚੋਂ ਰਹੀਏ ਕੱਢਦੇ ਦਸਵੰਧ,
ਉਹੀ ਪੈਸਿਆਂ ਨਾਲ ਕਰੀਏ ਮਦਦ, ਜੋ ਨੇ ਜ਼ਰੂਰਤਮੰਦ।
ਦੇਈਏ ਮੋਟੇ ਕੱਪੜੇ, ਠੁਰ-ਠੁਰ ਕਰਨ ਜੋ ਠੰਢ ਦੇ ਨਾਲ
ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,
ਰਲ਼-ਮਿਲ ਕੇ ਮਨਾਈਏ ਆਓ ਸਾਰੇ ਖ਼ੁਸ਼ੀਆਂ ਨਾਲ।

ਸਰਬ-ਸਾਂਝੇ ਅਤੇ ਪਾਵਨ ਹਨ, ਇਹ ਸਾਡੇ ਤਿਉਹਾਰ,
ਕੀਤੇ ਹਨ ਗੁਰੂਆਂ, ਪੀਰਾਂ ਨੇ ਜੋ ਸਾਡੇ ਸਿਰ ਉਪਕਾਰ।
ਕਹੇ ‘ਕੁਲਵਿੰਦਰ ਵਿਰਕ’ ਮੰਨ ਲਓ, ਬਣਕੇ ਬੀਬੇ ਬਾਲ,
ਆਇਆ ਸਰਬ-ਸਾਂਝਾ ਦੀਵਾਲੀ ਦਾ ਤਿਉਹਾਰ,
ਰਲ਼-ਮਿਲ ਕੇ ਮਨਾਈਏ ਆਓ, ਸਾਰੇ ਖ਼ੁਸ਼ੀਆਂ ਨਾਲ।
ਸੰਪਰਕ: 78146-54133
* * *

ਹੋਣੀ ਰੋਸ਼ਨੀ

ਜਗਜੀਤ ਸਿੰਘ ਲੱਡਾ
ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ
ਕਿ ਮਿੱਤਰਾ ਦੀਵਾਲੀ ਆ ਗਈ।
ਗ਼ਮ ਭੁੱਲ ਹੋਣੇ ਮੁੱਖਾਂ ਉੱਤੇ ਹਾਸੇ,
ਕਿ ਮਿੱਤਰਾ ਦੀਵਾਲੀ ਆ ਗਈ।

ਲੜੀਆਂ ਖਰੀਦ ਲਈਆਂ ਸਭ ਪਰਿਵਾਰਾਂ ਨੇ,
ਭਰ ਗਏ ਬਨੇਰੇ ਨਾਲੇ ਭਰੀਆਂ ਦੀਵਾਰਾਂ ਨੇ,
ਮਾਰਨ ਲਿਸ਼ਕਾਰੇ ਜੋ ਘਰ ਸੀ ਉਦਾਸੇ,
ਕਿ ਮਿੱਤਰਾ ਦੀਵਾਲੀ ਆ ਗਈ।
ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ,
ਕਿ ਮਿੱਤਰਾ ਦੀਵਾਲੀ ਆ ਗਈ।

ਦੇਖ ਲੈ ਬਾਜ਼ਾਰ ਪੂਰੇ ਹੀ ਸਜ ਗਏ ਨੇ,
ਚੀਜ਼ਾਂ ਨਾਲ ਗਾਹਕਾਂ ਨੂੰ ਲੁਭਾਉਂਦੇ ਪਏ ਨੇ,
ਕਹਿੰਦੇ ਮੇਲਾ ਲੁੱਟੋ ਮੁੜੋ ਨਾ ਨਿਰਾਸੇ,
ਕਿ ਮਿੱਤਰਾ ਦੀਵਾਲੀ ਆ ਗਈ।
ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ,
ਕਿ ਮਿੱਤਰਾ ਦੀਵਾਲੀ ਆ ਗਈ।

ਕਿਤੇ ਮਠਿਆਈ ਕਿਤੇ ਫਲ ਪਏ ਨੇ ਦਿਸਦੇ,
ਖਿੱਲਾਂ, ਖੇਡਣੇ ਕਿਤੇ ਸੁੱਕੇ ਮੇਵੇ ਵਿਕਦੇ,
ਕਿਤੇ ਲੱਡੂ ਕਿਤੇ ਬਣਦੇ ਪਏ ਪਤਾਸੇ,
ਕਿ ਮਿੱਤਰਾ ਦੀਵਾਲੀ ਆ ਗਈ।
ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ,
ਕਿ ਮਿੱਤਰਾ ਦੀਵਾਲੀ ਆ ਗਈ।

‘ਲੱਡੇ’ ਨੇ ਸਜਾਵਟੀ ਫੁੱਲ ਲੈ ਲਏ ਨੇ,
ਲਏ ਨਾ ਪਟਾਕੇ ਧੂੰਆਂ ਕਰਦੇ ਪਏ ਨੇ,
ਕਹਿੰਦਾ ਛੱਡ ਸ਼ੋਰ ਖੱਟ ਲਓ ਸ਼ਾਬਾਸ਼ੇ,
ਕਿ ਮਿੱਤਰਾ ਦੀਵਾਲੀ ਆ ਗਈ।
ਹੋਣੀ ਰੋਸ਼ਨੀ ਹੈ ਹੁਣ ਚਾਰੇ ਪਾਸੇ,
ਕਿ ਮਿੱਤਰਾ ਦੀਵਾਲੀ ਆ ਗਈ।
ਸੰਪਰਕ: 98555-31045
* * *

ਦਮ ਲੈ, ਟੱਕਰ ਦੇਵਾਂਗੇ

ਰਘੁਵੀਰ ਸਿੰਘ ਕਲੋਆ
ਭਰਮਾਂ ਨੂੰ ਪਾਲੀ ਬੈਠੇ ਹਾਂ
ਸੱਚ ਨੂੰ ਟਾਲ਼ੀ ਬੈਠੇ ਹਾਂ।
ਸਾਡਾ ਰਾਮ ਵੀ ਆਵੇਗਾ
ਬਾਲ ਦੀਵਾਲੀ ਬੈਠੇ ਹਾਂ।
ਉਡੀਕ ਅਮੁੱਕ ਅਸਾਡੀ ਹੈ
ਦੀਦੜੇ ਗਾਲ਼ੀ ਬੈਠੇ ਹਾਂ।
ਰਾਹ ਰੋਸ਼ਨ ਰਹੇ ਉਮੀਦਾਂ ਦਾ
ਖ਼ੁਦ ਨੂੰ ਬਾਲੀ ਬੈਠੇ ਹਾਂ।
ਵੇਖਾਂਗੇ ਸੁਰਖ਼ ਸਵੇਰੇ ਵੀ
ਹਾਲੇ ਰਾਤ ਕਾਲ਼ੀ, ਬੈਠੇ ਹਾਂ।
ਢਹਿ ਢੱਠਾ ਢਾਰਾ, ਢੱਠੇ ਨਾ
ਨਾ ਮਾਰ ਤਾਲ਼ੀ, ਬੈਠੇ ਹਾਂ।
ਦਮ ਲੈ, ਟੱਕਰ ਦੇਵਾਂਗੇ
ਹਾਰੇ ਨਾ, ਹਾਲੀ ਬੈਠੇ ਹਾਂ।
ਸੰਪਰਕ: 98550-24495
* * *

ਪਿੰਡ ਦੀ ਦੀਵਾਲੀ

ਸ਼ਕੁੰਤਲਾ ਚਿੱਬੜਾਂ ਵਾਲੀ
ਆਪਣਾ ਹੀ ਹੋਵੇ ਖੇੜਾ
ਭਾਵੇਂ ਕੱਚਾ ਹੋਵੇ ਵਿਹੜਾ
ਰੀਝ ਕੇ ਸੁਆਰਿਆ ਹੋਵੇ
ਦੱਸੋ ਉਹਨੂੰ ਨਿੰਦੂ ਕਿਹੜਾ?
ਘਰ ਵੀ ਪਛਾਣੇ ਜਾਂਦੇ
ਜਿਵੇਂ ਪਿੰਡ ਗਹੀਰਿਆਂ ਤੋਂ
ਅਸਾਂ ਵੀ ਸੀ ਮੋਰਨੀ, ਕੰਧੋਲੀ ਉੱਤੇ ਪਾਈ।
ਅੱਜ ਮੈਨੂੰ ਪਿੰਡ ਦੀ ਦੀਵਾਲੀ ਚੇਤੇ ਆਈ।।

ਪੌੜੀ ਚੜ੍ਹ ਮਾਂ ਤੱਕੇ
ਕਾਸ਼! ਕੋਠੇ ਹੋਣ ਪੱਕੇ
ਉੱਚੀ ਹੋ ਬਨੇਰੇ ਲਿੱਪੇ
ਛੱਤ ’ਚੋਂ ਨਾ ਪਾਣੀ ਤਿੱਪੇ
ਆਟਾ ਵੀ ਕੰਗਾਲੀ ਵਿੱਚ
ਲੱਗੇ ਜਿਵੇਂ ਗਿੱਲਾ ਹੁੰਦਾ।
ਇਹੋ ਗੱਲ ਸੋਚ, ਮਿੱਟੀ ਛੱਪੜੋਂ ਲਿਆਈ।
ਅੱਜ ਮੈਨੂੰ ਪਿੰਡ ਦੀ ਦੀਵਾਲੀ ਚੇਤੇ ਆਈ।।

ਥੱਕੀ ਹਾਰੀ ਮਾਂ ਨੇ ਸੀ
ਮੁੜ੍ਹਕਾ ਸੁਕਾਇਆ ਕਦ
ਚਿੰਤਾ ’ਚ ਡੁੱਬ ਚੱਲੀ
ਪੀਹਣ ਚੇਤੇ ਆਇਆ ਜਦ
ਰੱਜ-ਰੱਜ ਸੁੱਖ ਲਊਂ
ਬੱਚੇ ਹੋਣੇ ’ਡਾਰ ਜਦ
ਮੈਂ ਵੀ ਕੋਲ ਬੈਠੀ ਨੇ, ਨਾ ਲਿਆਕਤ ਵਿਖਾਈ।
ਅੱਜ ਮੈਨੂੰ ਪਿੰਡ ਦੀ ਦੀਵਾਲੀ ਚੇਤੇ ਆਈ।।
ਬੱਚਿਆਂ ਨੂੰ ਤੱਕ ਮਾਂ ਨੇ
ਗੁਲਗਲੇ ਬਣਾਏ ਸੀ
ਇੱਕ ਉੱਤੋਂ ਦੂਜਾ ਖਾ ਕੇ
ਗਲ਼ ’ਚ ਫਸਾਏ ਸੀ
ਫੁੱਲਝੜੀ, ਅਨਾਰ, ਸੱਪ
ਚਾਚੇ ਨੇ ਫੜਾਏ ਹੱਥ
ਵੇਖ-ਵੇਖ ਖ਼ੁਸ਼ ਹੋਏ, ਤਿੰਨੋਂ ਭੈਣ ਭਾਈ।
ਅੱਜ ਮੈਨੂੰ ਪਿੰਡ ਦੀ ਦੀਵਾਲੀ ਚੇਤੇ ਆਈ।।

ਕਤਾਰ ਵਿੱਚ ਗਿਆਰਾਂ ਦੀਵੇ
ਹੱਥ ਜੋੜ ਬੈਠੇ ਖੀਵੇ
ਲੱਛਮੀ ਦੀ ਫੋਟੋ ਮੂਹਰੇ
ਆਰਤੀ ਉਚਾਰੀ ਸੀ
ਜੋਤ ਅੱਗੇ ਥਾਲ਼ੀ
ਨਾਲ ਚੂਰਮੇ ਦੇ ਭਾਰੀ ਸੀ
ਮਾਂ ਬਾਝੋਂ ਨ੍ਹੇਰਾ ਚਿੱਬੜ, ਲੱਖ ਹੋਵੇ ਚਾਚੀ-ਤਾਈ।
ਅੱਜ ਮੈਨੂੰ ਪਿੰਡ ਦੀ ਦੀਵਾਲੀ ਚੇਤੇ ਆਈ।।
ਸੰਪਰਕ: 95015-01133
* * *

ਹਰੀ ਦੀਵਾਲੀ

ਪ੍ਰੋ. ਨਵ ਸੰਗੀਤ ਸਿੰਘ
ਰੋਸ਼ਨੀਆਂ ਦਾ ਇਹ ਤਿਉਹਾਰ
ਗਹਿਮਾ-ਗਹਿਮੀ ਵਿੱਚ ਬਜ਼ਾਰ।
ਆਤਿਸ਼ਬਾਜ਼ੀ, ਫੁਲਝੜੀਆਂ ਤੇ
ਨਾਲੇ ਵਿਕਦੇ ਪਏ ਅਨਾਰ।
ਮੇਲਾ ਹੈ ਇਹ ਖ਼ੁਸ਼ੀਆਂ ਵਾਲਾ
ਸਜਧਜ ਕੇ ਸਭ ਹੋਏ ਤਿਆਰ।
ਮੋਮਬੱਤੀਆਂ, ਦੀਵਿਆਂ ਦੇ ਨਾਲ
ਸਜੀ ਹੋਈ ਹੈ ਹਰ ਦੀਵਾਰ।
ਸ਼ਰਧਾ ਤੇ ਸਤਿਕਾਰ ਵਜੋਂ ਨੇ
ਭਰੇ ਹੋਏ ਮੰਦਰ, ਗੁਰ-ਦੁਆਰ।

ਸ਼ੋਰ, ਪਟਾਕੇ ਅਤੇ ਧੂੰਏਂ ਤੋਂ
ਤੋਬਾ ਕਰੀਏ ਮੇਰੇ ਯਾਰ!
ਪ੍ਰਦੂਸ਼ਣ ਤੋਂ ਮੁਕਤ ਰਹਾਂਗੇ
ਸਿਹਤਮੰਦ ਹੋਵੇ ਸੰਸਾਰ।
ਹਰੀ ਦੀਵਾਲੀ ਹੋਵੇ ਜੇਕਰ
ਖ਼ੁਸ਼ੀਆਂ ਦੀ ਮਹਿਕੇ ਗ਼ੁਲਜ਼ਾਰ।
ਮਿਲਜੁਲ ਸਾਰੇ ਖ਼ੁਸ਼ੀ ਮਨਾਈਏ
ਹਰ ਇੱਕ ਦਾ ਕਰੀਏ ਸਤਿਕਾਰ।

ਗਿਆਨ ਦਾ ਦੀਪਕ ਵੀ ਰੁਸ਼ਨਾਈਏ
ਮਿਹਰ ਕਰੇ ਸਭ ਤੇ ਕਰਤਾਰ।
ਜਜ਼ਬਾ ਜੇਕਰ ਹੋਏ ਅਜਿਹਾ
ਹੋਵਾਂਗੇ ਨਾ ਕਦੇ ਖ਼ੁਆਰ।
ਈ-ਮੇਲ: navsangeetsingh6957@gmail.com
ਸੰਪਰਕ: 94176-92015
* * *

ਤੇਲ ਪਾ ਮੁਹੱਬਤਾਂ ਦੇ...

ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਦੀਵਾ-ਦੀਵਾ ਬਾਲ ਬਣ ਜਾਏ ਦੀਵਾਲੀ,
ਤੇਲ ਪਾ ਮੁਹੱਬਤਾਂ ਦੇ।
ਆਵੇ ਚਿਹਰਿਆਂ ਤੇ ਖੇੜੇ-ਖੁਸ਼ਹਾਲੀ,
ਤੇਲ ਪਾ ਮੁਹੱਬਤਾਂ ਦੇ।

ਸਾਂਝ ਜੋ ਸਦੀਵੀ ਅਸੀਂ ਰੱਖੀਏ ਸੰਭਾਲ ਕੇ,
ਚਾਵਾਂ ਨੂੰ ਲਿਆਈਏ ਤੇਲ ਬੂਹਿਆਂ ਤੇ ਢਾਲ ਕੇ,
ਹੋਵੇ ਚਾਰਾਂ ਦੀ ਸਦਾ ਇੱਕ ਥਾਲੀ...
ਤੇਲ ਪਾ ਮੁਹੱਬਤਾਂ ਦੇ।

ਜਗ ਮਗ ਕੀਤਾ ਜਦੋਂ ਸੋਚ ਦੇ ਬਨੇਰਿਆਂ,
ਛੱਡ ਜਾਣਾ ਜੂਹਾਂ ਇਨ੍ਹਾਂ ਡਰਦੇ ਹਨੇਰਿਆਂ,
ਚਿੱਟੀ ਈਰਖਾ ਦੀ ਹੋ ਜੂ ਰਾਤ ਕਾਲੀ...
ਤੇਲ ਪਾ ਮੁਹੱਬਤਾਂ ਦੇ।

ਦਿਲ ਇਹ ਮੁਹੱਬਤਾਂ ਦੇ ਗੀਤ ਜਦੋਂ ਗਾਵੇਗਾ,
ਚਾਰੇ ਪਾਸੇ ਵੰਡਿਆ ਪਿਆਰ ਜਦੋਂ ਜਾਵੇਗਾ,
ਪੈ ਜਾਊ ਰੂਹਾਂ ਨਾਲ ਰੂਹਾਂ ਭਿਆਲੀ...
ਤੇਲ ਪਾ ਮੁਹੱਬਤਾਂ ਦੇ।

‘ਪਾਰਸ’ ਦੀ ਆਖੀ ਗੱਲ ਵੇਖਿਓ ਵਿਚਾਰ ਕੇ,
ਚਾਨਣ ਦਾ ਛੱਟਾ ਆਈਏ ਜੱਗ ’ਚ ਖਿਲਾਰ ਕੇ,
ਖੁੰਡਾ ਪਿੰਡ, ਚੰਡੀਗੜ੍ਹ ਕੀ ਮੁਹਾਲੀ...
ਤੇਲ ਪਾ ਮੁਹੱਬਤਾਂ ਦੇ।
ਸੰਪਰਕ: 99888-11681
* * *

ਰੋਸ਼ਨੀਆਂ ਦਾ ਤਿਉਹਾਰ

ਹਰਪ੍ਰੀਤ ‘ਪੱਤੋ’
ਦੀਵਾਲੀ ਆਈ ਦੀਵਾਲੀ ਆਈ,
ਖ਼ੁਸ਼ੀਆਂ ਖੇੜੇ ਨਾਲ ਲਿਆਈ।
ਰੋਸ਼ਨੀਆਂ ਦਾ ਇਹ ਤਿਉਹਾਰ,
ਰੌਣਕ ਲੱਗਦੀ ਸ਼ਹਿਰ ਬਜ਼ਾਰ।

ਸਭ ਨੇ ਸੋਹਣੇ ਕੱਪੜੇ ਪਾਉਂਦੇ,
ਸਜੀਆਂ ਦੁਕਾਨਾਂ ਵੇਖਣ ਆਉਂਦੇ।
ਲੜੀਆਂ ਨੇ ਜਗਮਗ ਕਰਦੀਆਂ,
ਚਾਨਣ ਨਾਲ ਚੁਫ਼ੇਰਾ ਭਰਦੀਆਂ।

ਮੰਜਿਆਂ ਦੇ ਉੱਤੇ ਰੱਖੇ ਪਟਾਕੇ,
ਵੱਡੇ ਛੋਟੇ ਸਭ ਖ਼ਰੀਦਣ ਆ ਕੇ।
ਕਿਧਰੇ ਫੁੱਲਝੜੀਆਂ ਤੇ ਅਨਾਰ,
ਕਿੰਨੇ ਸੋਹਣੇ ਬਣਾ ਟੰਗੇ ਹਾਰ।

ਰੰਗ ਬਰੰਗੀਆਂ ਨੇ ਮਠਿਆਈਆਂ,
ਮੇਜ਼ਾਂ ਤੇ ਕਿਵੇਂ ਰੱਖ ਸਜਾਈਆਂ।
ਸੁਆਣੀਆਂ ਵੀ ਘਰ ਖ਼ੂਬ ਸ਼ਿੰਗਾਰੇ,
ਸਭਨਾਂ ਦੇ ਤਾਈਂ ਲੱਗਦੇ ਪਿਆਰੇ।

ਦੀਵਿਆਂ ਵਿੱਚ ਤੇਲ ਅਸੀਂ ਪਾ ਕੇ,
ਰੱਖੇ ਬਨੇਰੇ ਤੇ ਕਤਾਰ ਬਣਾਕੇ।
ਇੱਕ ਪਾਸੇ ਮਸ਼ਾਲ ਜਗਾਈ,
ਉਸ ਨੇ ਰੋਸ਼ਨੀ ਹੋਰ ਵਧਾਈ।
ਸੰਪਰਕ: 94658-21417

Advertisement
Author Image

Advertisement