ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਵਿਤਾਵਾਂ

07:35 AM Oct 17, 2024 IST

ਪਾਣੀ ਦੀ ਬੋਤਲ ਮੁੱਲ ਦੀ

ਸਰੂਪ ਚੰਦ ਹਰੀਗੜ੍ਹ
ਸਤਲੁਜ ਬਿਆਸ ਝਨਾਂ ਤੇ ਰਾਵੀ ਜਿਹਲਮ ਇੱਥੋਂ ਲੰਘੇ,
ਚਹੁੰ ਪਾਸੇ ਤੋਂ ਨੂਰ ਬਰਸਦਾ ਦਿਨ ਬੜੇ ਸੀ ਚੰਗੇ,
ਦੇਖ ਦੇਖ ਵਰਤਾਰਾ ਅੱਜ ਦਾ ਰੋਂਦੀ ਕੁਦਰਤ ਰਾਣੀ,
ਪੰਜ ਆਬਾਂ ਦੀ ਧਰਤੀ ਵਿਕਦਾ ਬੋਤਲ ਦੇ ਵਿੱਚ ਪਾਣੀ।

Advertisement

ਫੈਂਟਾ ਕੈਂਪਾ ਕੋਕਾ ਕੋਲਾ, ਕੈਮੀਕਲ ਨੇ ਸੋਡੇ,
ਆਰਓ ਤੱਤ ਜ਼ਰੂਰੀ ਖਾ ਗਿਆ, ਫੋਕੜ ਕੋਲੇ ਥੋਡੇ,
ਜ਼ਹਿਰੀ ਕਰਤਾ ਹੈ ਉਹ ਅੰਮ੍ਰਿਤ, ਪਿਤਾ ਕਿਹਾ ਗੁਰਬਾਣੀ,
ਪੰਜ ਆਬਾਂ ਦੀ ਧਰਤੀ ਵਿਕਦਾ ਬੋਤਲ ਦੇ ਵਿੱਚ ਪਾਣੀ।

ਮਾਂ ਬੋਲੀ ਦੀ ਚੁੰਨੀ ਲਾਹ ’ਤੀ ਇਨ੍ਹਾਂ ਕਾਫ਼ਰ ਲੋਕਾਂ,
ਸੋਨ ਚਿੜੀ ਦਾ ਖ਼ੂਨ ਚੂਸਿਆ ਖ਼ੂਨ ਪੀਣੀਆਂ ਜੋਕਾਂ,
ਨਫ਼ਰਤ ਵਾਲਾ ਬੀਜ ਬੀਜਕੇ ਮੌਜ ਇਨ੍ਹਾਂ ਨੇ ਮਾਣੀ,
ਪੰਜ ਆਬਾਂ ਦੀ ਧਰਤੀ ਵਿਕਦਾ ਬੋਤਲ ਦੇ ਵਿੱਚ ਪਾਣੀ।

Advertisement

ਇੱਕ ਦੂਜੇ ਤੋਂ ਅੱਗੇ ਲੰਘਣਾ, ਹਰ ਇੱਕ ਨੂੰ ਹੈ ਕਾਹਲੀ,
ਜ਼ਹਿਰਾਂ ਪਾਕੇ ਜ਼ਹਿਰੀ ਕਰਤੀ ਧਰਤੀ ਭਾਗਾਂ ਵਾਲੀ,
ਸ਼ੋਹਰਤ ਪਿੱਛੇ ਲੱਗਕੇ ਬੰਦਾ ਭੁੱਲ ਗਿਆ ਰੀਤ ਪੁਰਾਣੀ,
ਪੰਜ ਆਬਾਂ ਦੀ ਧਰਤੀ ਵਿਕਦਾ ਬੋਤਲ ਦੇ ਵਿੱਚ ਪਾਣੀ।

ਜੰਕ ਫੂਡ ਪ੍ਰਧਾਨ ਹੋ ਗਿਆ ਭੁੱਲ ਗਏ ਲੱਸੀ ਮਖਣੀ,
ਅੱਜ ਦੀ ਪੀੜ੍ਹੀ ਨਹੀਂ ਜਾਣਦੀ ਚਿੱਬੜਾਂ ਵਾਲੀ ਚਟਣੀ,
ਕੀਹਦੀ ਨਜ਼ਰ ਸਰੂਪ ਹੈ ਪੈ ਗਈ ਉਲਝੀ ਜਾਪੇ ਤਾਣੀ,
ਪੰਜ ਆਬਾਂ ਦੀ ਧਰਤੀ ਵਿਕਦਾ ਬੋਤਲ ਦੇ ਵਿੱਚ ਪਾਣੀ।
ਸੰਪਰਕ: 99143-85202
* * *

ਕੋਈ

ਬਲਵਿੰਦਰ ਬਾਲਮ ਗੁਰਦਾਸਪੁਰ
ਲੱਖ ਅਰਮਾਨ ਸੌਂਪ ਕੇ ਦਿਲ ਨੂੰ,
ਉਜੜੀ ਬਸਤੀ ਵਸਾ ਗਿਆ ਕੋਈ।
ਅਪਣੇ ਜੁਨੂੰ ਦਾ ਪਾ ਕੇ ਪਰਦਾ,
ਐਬ ਮੇਰੇ ਛੁਪਾ ਗਿਆ ਕੋਈ।
ਨੂਰ ਅੱਖਾਂ ਦਾ ਲੈ ਗਿਆ ਸਾਰਾ,
ਜਦ ਤੋਂ ਅੱਖਾਂ ਵਿਖਾ ਗਿਆ ਕੋਈ।
ਇੱਕ ਬਾਲਮ ਨਾਲ ਦੋਸਤੀ ਕਰਕੇ,
ਲੱਖ ਦੁਸ਼ਮਣ ਬਣਾ ਗਿਆ ਕੋਈ।
ਸੰਪਰਕ: 98156-25409
* * *

ਦੋਸਤ

ਹਰਦੀਪ ਅਹਿਮਦਪੁਰ
ਇੱਕ ਅਜਿਹਾ ਸ਼ਬਦ ਹੈ
ਜਿਸਦੀ ਕੋਈ ਜ਼ਾਤ ਨਸਲ ਭੇਦ ਰੰਗ ਨਹੀਂ ਹੁੰਦਾ
ਇਕੱਲੇ ਤੁਰਦਿਆਂ ਸਾਡਾ ਰਾਹ ਦੋਸਤ
ਗੱਲਾਂ ਕਰਦਿਆਂ ਹੁੰਗਾਰਾ ਦੋਸਤ
ਕਦੇ ਸਾਡੀ ਹਵਾ ਦੋਸਤ
ਕਦੇ ਸਾਡਾ ਪਾਣੀ ਦੋਸਤ
ਕੋਈ ਵੀ ਵਸਤੂ ਦੋਸਤ
ਕੋਈ ਵੀ ਪ੍ਰਾਣੀ ਦੋਸਤ
ਜਦੋਂ ਕੋਈ ਆਖੇ ਸਾਨੂੰ ਕਿ
ਮੇਰਾ ਇੱਕ ਦੋਸਤ ਹੈ ਤਾਂ ਸਾਨੂੰ ਨਹੀਂ
ਮੰਗਣੇ ਚਾਹੀਦੇ ਸਪਸ਼ਟੀਕਰਨ
ਕੌਣ ਹੈ ਕੁੜੀ ਹੈ ਮੁੰਡਾ ਹੈ
ਗੋਰਾ ਹੈ ਕਾਲਾ
ਸਿੱਖ ਹੈ ਮੁਸਲਮਾਨ ਹੈ ਗੋਰਾ ਹੈ
ਕੌਣ ਹੈ? ਪੁੱਛਦਿਆਂ ਅਸੀਂ
ਦੋਸਤੀ ਨੂੰ ਖੁਰਚਕੇ ਦੇਖਣ ਲੱਗ ਜਾਂਦੇ ਹਾਂ
ਇਹ ਕੋਈ ਖੁਰਚਣ ਜਾਂ ਲਿੱਪੇ ਜਾਣ ਵਾਲਾ
ਕੋਈ ਰੰਗ ਜਾਂ ਰੂਪ ਨਹੀਂ ਹੈ
ਇਹ ਤਾਂ ਸਾਡੇ ਦਿਲ ਨੂੰ ਸਕੂਨ ਦੇਣ ਵਾਲਾ
ਸਾਂਝ ਵਾਲਾ ਰੂਹ ਵਾਲਾ ਕੋਈ ਰੁਕਿਆ ਪਲ਼ ਹੁੰਦਾ ਹੈ
ਦੋਸਤ ਹੋਣੇ ਸਾਡਾ ਜਿਉਂਦੇ ਹੋਣ ਦਾ ਸਬੂਤ ਹੈ
ਸਾਡੇ ਕਿੰਨੇ ਹਨ ਕੌਣ ਹਨ ਕਿਹੋ ਜਿਹੇ ਹਨ
ਇਹ ਗੱਲਾਂ ਬੇਮਾਅਨੇ ਹਨ
ਸਾਰੇ ਰਿਸ਼ਤਿਆਂ ਤੋਂ ਸੋਹਣਾ ਰਿਸ਼ਤਾ ਹੈ ਦੋਸਤੀ
ਕਿਣਕਾ ਵੀ ਬ੍ਰਹਿਮੰਡ ਦਾ ਦੋਸਤ ਬਣ ਸਕਦਾ ਹੈ
ਸ਼ੇਰ ਬੱਕਰੀ ਦਾ
ਹਾਥੀ ਕੀੜੀ ਦਾ
ਸੂਰਜ ਧਰਤੀ ਦਾ
ਸਰੀਰ ਰੂਹ ਦਾ
ਛਾਂ ਰੁੱਖ ਦਾ
ਟਾਹਣੀ ਪੰਛੀ ਦੀ ਦੋਸਤ ਹੋ ਸਕਦੀ ਹੈ
ਦੋਸਤੀ ਕਣ ਕਣ ਵਿੱਚ ਹੈ
ਕਣ ਕਣ ਸਾਡਾ ਦੋਸਤ ਹੋ ਸਕਦਾ ਹੈ
ਅਸੀਂ ਕਣ ਬਣਨ ਦਾ ਹੁਨਰ ਸਿੱਖਣਾ ਹੈ ਬੱਸ!
ਸੰਪਰਕ: 81958-70014
* * *

ਕਵਿਤਾ ਭੁੱਲ ਗਈ ਹੈ

ਜਸਵੰਤ ਗਿੱਲ ਸਮਾਲਸਰ
ਕਵਿਤਾ ਭੁੱਲ ਗਈ ਹੈ
ਅੱਟਣਾਂ ਵਾਲੇ ਹੱਥਾਂ ’ਤੇ
ਮਿਹਨਤ ਦਾ ਫੁੱਲ ਬਣ ਖਿੜਨਾ
ਤੇ ਹੱਕਾਂ ਲਈ
ਉਨ੍ਹਾਂ ਹੱਥਾਂ ਦਾ ਮੁੱਕੇ ਬਣ ਉੱਠਣਾ...

ਕਵਿਤਾ ਭੁੱਲ ਗਈ ਹੈ
ਪਿਘਲੀ ਹੋਈ ਮੋਮਬੱਤੀ ਬਣ
ਬਿਆਈ ਵਾਲੇ ਪੈਰਾਂ ’ਚ ਭਰ ਜਾਣਾ
ਇਸਨੂੰ ਯਾਦ ਨਹੀਂ
ਕਰਚਿਆਂ ਦੀ ਮਾਰ ਝੱਲਦੇ
ਕਣਕ ਦੀਆਂ ਬੱਲੀਆਂ ਚੁਗਦੇ ਪੈਰ...

ਕਵਿਤਾ ਭੁੱਲ ਗਈ ਹੈ
ਕਿਸੇ ਗ਼ਰੀਬੜੀ ਮੁਟਿਆਰ ਦੇ
ਉਲਝੇ ਹੋਏ ਵਾਲਾਂ ਦੀਆਂ
ਮੀਢੀਆਂ ਬਣ ਸਜ ਜਾਣਾ
ਉਨ੍ਹਾਂ ਵਾਲਾਂ ਨੂੰ ਸੰਵਾਰਦੀ
ਚੁੰਨੀ ਬਣ ਸਿਰ ’ਤੇ ਟਿਕ ਜਾਣਾ...

ਕਵਿਤਾ ਭੁੱਲ ਗਈ ਹੈ
ਆਪਣੇ ਲਹੂ ਪਸੀਨੇ ਨਾਲ
ਫ਼ਸਲ ਨੂੰ ਜਵਾਨ ਕਰਦੇ
ਸੀਰੀ ਸਾਂਝੀ ਨੂੰ
ਜਿਸ ਲਈ ਛੱਬੀ ਜਨਵਰੀ
ਤੇ ਪੰਦਰਾਂ ਅਗਸਤ
ਕੋਈ ਮਾਅਨੇ ਨਹੀਂ ਰੱਖਦੇ...

ਕਵਿਤਾ ਭੁੱਲ ਗਈ ਹੈ
ਪੱਕੀ ਫ਼ਸਲ ’ਤੇ ਵਰ੍ਹਦੇ ਮੀਂਹ
ਝੁੱਲਦੀ ਹਨੇਰੀ ’ਚ
ਕਿਸਾਨ ਨੂੰ ਹੌਸਲਾ ਦੇਣਾ
ਤੇ ਉਸ ਦੇ ਮਨ ਵਿੱਚ ਆਉਂਦੇ
ਮਾੜੇ ਖ਼ਿਆਲਾਂ ਨੂੰ ਤੋੜ
ਜਿਉਣ ਲਈ ਮਿਹਨਤ ਦਾ ਹੋਕਾ ਦੇਣਾ...

ਕਵਿਤਾ ਭੁੱਲ ਗਈ ਹੈ
ਹੱਕਾਂ ਖ਼ਾਤਰ ਲੜਦੇ ਲੋਕਾਂ ਨੂੰ
ਲੜਨ ਲਈ ਹਿੰਮਤ ਦੇਣਾ
ਸੰਘਰਸ਼ ਲਈ ਸੀਨੇ ’ਚ
ਜਜ਼ਬਾ ਭਰਨਾ...।
ਸੰਪਰਕ: 97804-51878
* * *

ਹੋਕਾ ਵਿਰਸੇ ਦਾ!

ਤਰਲੋਚਨ ਸਿੰਘ ਦੁਪਾਲ ਪੁਰ
ਦੌੜਾਂ ਲੱਗੀਆਂ ਸਭ ਦੀਆਂ ਸੁਖ ਪਿੱਛੇ
ਐਪਰ ਪੈਂਦੇ ਨੇ ਦੁੱਖ ਵਿੱਚ ਝੋਲ਼ੀਆਂ ਦੇ।

ਸਿੱਟੇ ਖ਼ੁਦ ਬਿਮਾਰ ਹੋ ਭੁਗਤ ਰਹੇ ਹਾਂ
ਜ਼ਹਿਰਾਂ ਆਪ ਹੀ ਖੇਤਾਂ ’ਚ ਘੋਲ਼ੀਆਂ ਦੇ।

ਦੇਸੀ ਨੁਸਖੇ ਵੀ ਨਾਲ ਹੀ ਖ਼ਤਮ ਹੋ ਗਏ
ਮਾਵਾਂ ਨਾਨੀਆਂ ਦਾਦੀਆਂ ਭੋਲ਼ੀਆਂ ਦੇ।

‘ਰੈਡੀ ਮੇਡ’ ਹੀ ਖਾਣਾ ਹੁਣ ਚਾਹੁੰਦੀਆਂ ਨੇ
ਜੋ ਆਉਂਦੀਆਂ ਬਹਿ ਕੇ ਵਿੱਚ ਡੋਲ਼ੀਆਂ ਦੇ।

ਖਾਣਾ ਪੀਣਾ ਤੇ ਪਹਿਨਣਾ ਬਦਲ ਕੇ ਜੀ
ਪੈ ਗਏ ਵੱਸ ‘ਵਿਟਾਮਨਾਂ-ਗੋਲ਼ੀਆਂ’ ਦੇ।

ਹੋਕਾ ਦੇਈ ਜਾਹ ਵਿਰਸੇ ਦਾ ਕਲਮਕਾਰਾ
ਕਿੱਸੇ ਪੜ੍ਹਦਿਆਂ ‘ਵਹੀਆਂ’ ਫਰੋਲੀਆਂ ਦੇ!
ਸੰਪਰਕ: 001-408-915-1268
* * *

ਹਾਦਸਾ-ਏ-ਦੋਸਤੀ

ਰੋਜ਼ੀ ਸਿੰਘ
ਹਾਦਸਾ-ਏ-ਦੋਸਤੀ ਸਦੀਆਂ ਪੁਰਾਣਾ ਹੋ ਗਿਆ,
ਓਸ ਤੋਂ ਵਿਛੜੇ ਮੈਨੂੰ, ਹੁਣ ਤਾਂ ਜ਼ਮਾਨਾ ਹੋ ਗਿਆ।

ਸ਼ੋਖ਼ ਚਿਹਰਾ ਸੀ ਜਦੋਂ ਮੈਂ ਦੇਖਿਆ ਸੀ ਅਜਨਬੀ,
ਦੇਖਦੇ ਹੀ ਦੇਖਦੇ ਦਿਲ ਆਸ਼ਕਾਨਾ ਹੋ ਗਿਆ।

ਹੌਲ਼ੀ-ਹੌਲ਼ੀ ਬੋਝ ਲੱਗਣ ਲੱਗ ਪਈ ਸੀ ਜ਼ਿੰਦਗੀ,
ਤੇਰੇ ਆਉਂਦੇ ਹੀ ਤਾਂ ਏਹ ਮੌਸਮ ਸੁਹਾਨਾ ਹੋ ਗਿਆ।

ਮੈਂ ਮੁਸਾਫ਼ਿਰ ਹਾਂ ਮੇਰੀ ਫ਼ਿਤਰਤ ’ਚ ਹੈ ਆਵਾਰਗੀ,
ਆਰਜ਼ੂ ਮੇਰੀ ਦਾ ਏਹ, ਦੁਸ਼ਮਣ ਜ਼ਮਾਨਾ ਹੋ ਗਿਆ।

ਜਿਸ ਗਲੀ ਦਾ ਨਾਮ ਵੀ, ਮੈਂ ਕਦੇ ਸੁਣਿਆ ਨਾ ਸੀ,
ਉਸ ਮੁਹੱਲੇ ਰੋਜ਼ ਦਾ ਹੁਣ ਆਉਣਾ-ਜਾਣਾ ਹੋ ਗਿਆ।

ਉਸ ਕਿਹਾ ਸੀ ਜਾਨ ਤੈਥੋਂ ਵਾਰ ਦੇਵਾਂਗਾ ਮਗਰ,
‘ਰੋਜ਼ੀ’ ਦਾ ਹਰ ਬੋਲ ਹੀ, ਝੂਠਾ ’ਫ਼ਸਾਨਾ ਹੋ ਗਿਆ।
ਸੰਪਰਕ: 99889-64633
* * *

ਮੁਹੱਬਤਾਂ ਵਾਲੇ

ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਮੁਹੱਬਤਾਂ ਵਾਲੇ ਮੇਲਾ ਲੁੱਟ ਕੇ ਲੈ ਗਏ ਨੇ
ਹਾਰ ਕੇ ਵੀ ਉਹ ਦੁਨੀਆ ਜਿੱਤ ਕੇ ਬਹਿ ਗਏ ਨੇ
ਹੈਂਕੜ ਸਦਾ ਖ਼ੁਸ਼ੀਆਂ ’ਤੇ ਪੈਂਦੀ ਭਾਰੀ ਹੈ
ਸੌ ਟਕੇ ਦੀ ਗੱਲ ਸਿਆਣੇ ਕਹਿ ਗਏ ਨੇ

ਕਦੇ ਕਦੇ ਜਦ ਮਿਲਦੇ ਸੀ ਤਾਂ ਪਿਆਰ ਬੜਾ
ਨਿੱਤ ਮਿਲਕੇ ਤਾਂ ਕਮੀਆਂ ਕੱਢਣ ਬਹਿ ਗਏ ਨੇ
ਪਿਆਰ ਮੁਹੱਬਤ ਇਸ਼ਕ ਹਕੀਕੀ, ਦਾ ਜ਼ਮਾਨਾ ਬੀਤ ਗਿਆ
ਹੁਣ ਸਾਡੇ ਵਿੱਚ ਰਾਸ਼ਨ ਜਾਂ ਖਰਚੇ ਦੇ ਚਰਚੇ ਰਹਿ ਗਏ ਨੇ

ਇੱਕ ਗੱਲ ਹੋਰ ਮੇਰੇ ਦਿਲ ਨੂੰ ਡਾਢੀ ਚੁਭਦੀ ਹੈ
ਸਫ਼ਰਾਂ ’ਤੇ ਜਾਣਾ ਸੀ ਉਹ ਰਾਹ ਸੈਰਾਂ ਦੇ ਪੈ ਗਏ ਨੇ
ਚੱਲ ਜੋ ਤੂੰ ਸੀ ਚਾਹੁੰਦਾ, ਉਹ ਵੀ ਮੰਨ ਲਿਆ
ਬਦੋ ਬਦੀ ਹੁਣ ਕਿਸ ਲਈ ਦੂਰ ਜੇ ਹੋ ਗਏ ਨੇ

ਪੀਰਾਂ ਵਾਂਗ ਧਿਆਉਂਦੇ ਬਸ ਇੱਕ ਦੀਦ ਲਈ
ਉਹ ਚੰਦ ਈਦ ਦੇ ਵਾਂਗੂ ਦਰਸ਼ਨ ਦੇ ਗਏ ਨੇ
ਵਿਛੜੀਆਂ ਰੂਹਾਂ ਦੀ ਪੀੜ ਪੁਰਾਣੀ ਲੱਗਦੀ ਹੈ
ਦਿਲ ਮੇਰੇ ਦੇ ਜਜ਼ਬਾਤ ਜੋ ਆਪੇ ਵਹਿ ਗਏ ਨੇ

ਧਾਲੀਵਾਲ ਇਹ ਜ਼ਿੰਦਗੀ ਉਂਜ ਹਸੀਨ ਬੜੀ,
ਕਿਉਂ ਮਾਣਨ ਵਾਲੇ ਪਲਾਂ ’ਚ ਉਲਝ ਕੇ ਰਹਿ ਗਏ ਨੇ
ਸੰਪਰਕ: 78374-90309
* * *

ਤੀਜੀ ਅੱਖ

ਮਾ. ਸੁਖਵਿੰਦਰ ਦਾਨਗੜ੍ਹ
ਸਕੂਲ ਦਾ ਬਸਤਾ,
ਗੋਹੇ ਦੇ ਬੱਠਲ
ਤੋਂ ਭਾਰਾ ਨਹੀਂ ਹੁੰਦਾ!!

ਪੈਨਸਿਲ ਅਤੇ ਪੈੱਨ,
ਕਹੀ ਅਤੇ ਦੁਰਮਟ
ਵਾਂਗ ਹੱਥਾਂ ’ਚ ਅੱਟਣ
ਨਹੀਂਓ ਪਾਉਂਦੇ!!

ਸਿਆਹੀ ਦੀ ਦਵਾਤ,
ਜਾਨ ਨੂੰ ਖ਼ਤਰਾ ਨਹੀਂ
ਕੋਲੇ ਦੀ ਜ਼ਹਿਰੀਲੀ ਖਾਣ ਵਾਂਗ।

ਗਣਿਤ ਦੇ ਸਵਾਲ ਕੱਢਣੇ,
ਸੀਵਰੇਜ ਦੀ ਗਾਰ ਕੱਢਣ,
ਜਿੰਨੇ ਔਖੇ ਨਹੀਂ ਹੁੰਦੇ!

ਕੀ-ਬੋਰਡ ’ਤੇ ਉਂਗਲਾਂ ਮਾਰਨੀਆਂ,
ਸੀਮਿੰਟ ਰਲਾਉਣ ਨਾਲੋਂ,
ਕਿਤੇ ਆਸਾਨ ਹੁੰਦੀਆਂ ਨੇ!

ਕਾਗਜ਼ ’ਤੇ ਝਰੀਟਾਂ ਵਾਹੁਣੀਆਂ,
ਧੁੱਪ ’ਚ ਪਿੰਡਾ ਸਾੜਨ ਨਾਲੋਂ
ਔਖੀਆਂ ਨਹੀਂ ਹੁੰਦੀਆਂ!!

ਦੋ ਅੱਖਾਂ ਨਾਲ,
ਤੀਜੀ ਅੱਖ
ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ!
ਸੰਪਰਕ: 94171-80205
* * *

ਮਾਂ

ਅਮਨਦੀਪ ਕੌਰ ਹਾਕਮ ਸਿੰਘ ਵਾਲਾ
ਘਰ ਵਿੱਚ ਮਾਂ ਉਡੀਕੇ ਤੈਨੂੰ
ਤੂੰ ਉੱਚੀਆਂ ਚੜ੍ਹੇਂ ਚੜ੍ਹਾਈਆਂ
ਦੇਵੀ ਤੇਰੇ ਘਰ ਦੇ ਅੰਦਰ
ਤੂੰ ਬਾਹਰੋਂ ਆਸਾਂ ਲਾਈਆਂ

ਤਪਦੇ ਕਾਲ਼ਜੇ ਠਾਰ ਨਾ ਸਕਿਆ
ਵਿਅਰਥ ਛਬੀਲਾਂ ਲਾਈਆਂ
ਦੋ ਟੁੱਕ ਮੰਗਦੇ ਬੁੱਢੇ ਮਾਪੇ
ਤੂੰ ਅੱਖਾਂ ਕੱਢ ਵਿਖਾਈਆਂ

ਮਨ ਵਿੱਚ ਤੇਰੇ ਘੁੱਪ ਹਨੇਰਾ
ਕਿਸੇ ਕੰਮ ਨਾ ਜੋਤਾਂ ਜਗਾਈਆਂ
ਮਲ਼ ਮਲ਼ ਕੇ ਤੂੰ ਨਿੱਤ ਨਹਾਵੇਂ
ਮਨੋਂ ਮੈਲਾਂ ਕਦੇ ਨਾ ਲਾਹੀਆਂ

ਵੇਖ ਕੇ ਕਲਯੁੱਗ ਮਨ ਭਰ ਆਉਂਦੈ
ਖੌਰੇ ਕਿਹੜੀਆਂ ਰੁੱਤਾਂ ਆਈਆਂ
ਝੂਠ ਨਹੀਂ ਇਹ ਸੱਚ ਹੈ ਕੋਰਾ
ਲਿਖ ਜੋ ਸਤਰਾਂ ਦੀਪ ਨੇ ਪਾਈਆਂ
ਸੰਪਰਕ: 98776-54596
* * *

ਗ਼ਜ਼ਲ

ਗੁਰਜੀਤ ਸਿੰਘ ਟਿਵਾਣਾ
ਭੀੜਾਂ ਵਿੱਚੋਂ ਨਿਕਲ ਕੇ ਨਾਮ ਯਾਰੋ ਬਣਦਾ।
ਜੋ ਹੈ ਤੂਫ਼ਾਨਾਂ ਅੱਗੇ ਹਿੱਕ ਤਾਣ ਖੜ੍ਹਦਾ।

ਮਾੜਾ ਸਮਾਂ ਦੇਖ ਕੇ ਹੌਸਲਾ ਨਾ ਛੱਡੀਂ,
ਮਿਹਨਤੀ ਬੰਦੇ ਨਾਲ ਆਪ ਰੱਬ ਖੜ੍ਹਦਾ।

ਮਾੜਾ ਕੰਮ ਕਰੀਂ ਨਾ ਤੇ ਮਾੜਾ ਕੰਮ ਜਰੀਂ ਨਾ,
ਚੰਗਿਆਈ ਵਾਲਾ ਸੂਰਜ ਆਪੇ ਫੇਰ ਚੜ੍ਹਦਾ।

ਸੋਚ ਆਪਣੀ ਸਦਾ ਹੀ ਉੱਚੀ ਰੱਖੀਂ ਟਿਵਾਣੇ,
ਨੀਵੀਂ ਸੋਚ ਵਾਲੇ ਦੀ ਕੋਈ ਉਂਗਲ ਨਹੀਂ ਫੜਦਾ।
ਸੰਪਰਕ: 94632-89684
* * *

ਗ਼ਜ਼ਲ

ਜਸਵਿੰਦਰ ਸਿੰਘ ਰੁਪਾਲ
ਕਾਹਤੋਂ ਨਾ ਮਿਲਣ ਯਾਰੋ ਰੁਜ਼ਗਾਰ ਦੇ ਵਸੀਲੇ।
ਨਜ਼ਰੀਂ ਨ ਆਉਣ ਕਿਧਰੇ ਸਰਕਾਰ ਦੇ ਵਸੀਲੇ।
ਜੀਵਨ ਬੜਾ ਏ ਛੋਟਾ ਨਿਭਦਾ ਨ ਪਿਆਰ ਦਿਸਦਾ
ਪੈਦਾ ਕਰੋਂ ਭਲਾ ਕਿਉਂ ਤਕਰਾਰ ਦੇ ਵਸੀਲੇ।
ਹਰ ਥਾਂ ’ਤੇ ਹੋ ਰਹੇ ਨੇ ਝਗੜੇ ਮੁਬਾਹਸੇ ਬਹਿਸਾਂ
ਮਿਲ ਕੇ ਬਣਾਓ ਸਾਰੇ ਕੁਝ ਪਿਆਰ ਦੇ ਵਸੀਲੇ।
ਖ਼ੁਦ ਹੀ ਜੇ ਹੱਲ ਕਰਦੇ ਅੱਗੇ ਹੋ ਮਸਲਿਆਂ ਨੂੰ
ਹੁੰਦੇ ਕਿਉਂ ਨਾ ਸੂਹੇ ਨਰ ਨਾਰ ਦੇ ਵਸੀਲੇ।
ਫੁੱਲਾਂ ਤੋਂ ਮਹਿਕ ਲੈ ਕੇ ਵੰਡੋ ‘ਰੁਪਾਲ’ ਸਭ ਨੂੰ
ਦਿਲ ’ਚੋਂ ਨਿਕਾਲ ਦੇਵੋ ਤਲਵਾਰ ਦੇ ਵਸੀਲੇ।

Advertisement