ਕਵਿਤਾਵਾਂ
ਆਸ ਦਾ ਦੀਵਾ ਬਾਲ ਰੱਖ
ਗੋਗੀ ਜ਼ੀਰਾ
ਮੱਧਮ ਜਿਹੀ ਚਾਲ ਰੱਖ,
ਖ਼ੁਦ ਨੂੰ ਖ਼ੁਦ ਦੇ ਨਾਲ ਰੱਖ।
ਫਿਤਰਤ ਹਨੇਰੇ ਦੀ ਡਰਾਉਣਾ,
ਆਸ ਦਾ ਦੀਵਾ ਬਾਲ ਰੱਖ।
ਕਿਰਦਾਰ ’ਤੇ ਨਾ ਕੋਈ ਚੁੱਕੇ ਉਂਗਲ,
ਯਾਰਾ ਐਸੀ ਮਜਾਲ ਰੱਖ।
ਬੇਸੁਰਿਆਂ ਦੀ ਬਸਤੀ ਦੇ ਵਿੱਚ,
ਥੋੜ੍ਹਾ ਸੁਰ ਤੇ ਤਾਲ ਰੱਖ।
ਮਨ ਚੰਚਲ ਹੈ ਰਹੂ ਭਟਕਦਾ,
ਦਿਲ ਨੂੰ ਬੱਸ ਸੰਭਾਲ ਰੱਖ।
ਭੁੱਲ ਨਾ ਜਾਈਂ ਅੰਤ ਵੀ ਹੋਣਾ,
‘ਗੋਗੀ’ ਚੇਤੇ ਕਾਲ ਰੱਖ।
ਸੰਪਰਕ: 97811-36240
* * *
ਬਦਲਾਅ
ਗੁਰਤੇਜ ਸਿੰਘ ਖੁਡਾਲ
ਵੋਟਾਂ ਪਾ ਪਾ ਥੱਕ ਗਏ ਹਾਂ,
ਝੂਠੇ ਲਾਰਿਆਂ ਤੋਂ ਅੱਕ ਗਏ ਹਾਂ,
ਲੱਗਦੈ ਸਾਰੇ ਝੂਠੇ ਲੀਡਰ,
ਝੂਠੇ ਲਾਰਿਆਂ ਵਿੱਚ ਫਸ ਗਏ ਹਾਂ।
ਮੁਫ਼ਤ ਦੀਆਂ ਇਹ ਦੇਣ ਸਹੂਲਤਾਂ,
ਮੁਫ਼ਤ ਦਾ ਖਾ ਖਾ ਰੱਜ ਗਏ ਹਾਂ,
ਅਸੀਂ ਮੁਫ਼ਤ ਦਾ ਕੁਝ ਨਹੀਂ ਲੈਣਾ,
ਰੁਜ਼ਗਾਰ ਅਸੀਂ ਤਾਂ ਮੰਗ ਰਹੇ ਹਾਂ।
ਸਾਨੂੰ ਕੋਈ ਬਦਲਾਅ ਨਹੀਂ ਲਗਦਾ,
ਬਦਲਾਅ ਬਦਲਾਅ ਸੁਣ ਥੱਕ ਗਏ ਹਾਂ,
‘ਖੁਡਾਲ’ ਹਾਲਾਤ ਪਹਿਲਾਂ ਸੀ ਜਿਹੜੇ,
ਅਸੀਂ ਅੱਜ ਵੀ ਓਹੀ ਤੱਕ ਰਹੇ ਹਾਂ।
ਸੰਪਰਕ: 94641-29118
* * *
ਲਾਸ਼ਾਂ
ਮੁਹੰਮਦ ਅੱਬਾਸ ਧਾਲੀਵਾਲ
ਅਸੀਂ ਲਾਸ਼ਾਂ ਹਾਂ...!
ਉਹ ਨਹੀਂ! ਜੋ ਮੁਰਦਾਘਰਾਂ, ਸ਼ਮਸ਼ਾਨਘਾਟਾਂ
ਤੇ ਕਬਰਸਤਾਨਾਂ ’ਚ ਦਫ਼ਨ ਨੇ!
ਦਰਅਸਲ ਅਸੀਂ ਗੂੰਗੀਆਂ, ਬੋਲ਼ੀਆਂ, ਅੰਨ੍ਹੀਆਂ
ਤੇ ਤੁਰਦੀਆਂ-ਫਿਰਦੀਆਂ, ਜਿਊਂਦੀਆਂ-ਜਾਗਦੀਆਂ
ਸਮਾਜ ’ਚ ਵਿਚਰਦੀਆਂ... ਲਾਸ਼ਾਂ ਹਾਂ...!
ਅਸੀਂ ਲਾਸ਼ਾਂ ਹਾਂ...
ਜਿਨ੍ਹਾਂ ਨੂੰ ਸਮਾਜ ਵਿਚਲੇ ਗਿੱਧ,
ਨੋਚ-ਨੋਚ ਖਾਂਦੇ ਨੇ... ਤੇ ਹਾਂ! ਚੁੰਬੜੀਆਂ ਜੋਕਾਂ
ਸਾਡੀ ਸ਼ਰੇਆਮ ਰੱਤ ਪੀਂਦੀਆਂ ਨੇ...
ਸਾਡੀਆਂ ਮਾਵਾਂ, ਭੈਣਾਂ, ਧੀਆਂ
ਘਰਾਂ, ਖੇਤਾਂ ਤੇ ਬੇਲਿਆਂ, ਹੋਟਲਾਂ ਤੇ ਦਫ਼ਤਰਾਂ ’ਚ
ਰੋਜ਼ ਮਨੁੱਖਾਂ ਦੀ ਸ਼ਕਲ ’ਚ ਛੁਪੇ
ਵਹਿਸ਼ੀ ਦਰਿੰਦਿਆਂ ਦਾ ਨਿੱਤ ਸ਼ਿਕਾਰ ਹੁੰਦੀਆਂ ਨੇ
ਸਾਡੀਆਂ ਅਣਖਾਂ, ਗ਼ੈਰਤਾਂ, ਇੱਜ਼ਤਾਂ
ਮੰਨੋ ਬੇਪੱਤ ਹੋ ਮਿੱਟੀ ’ਚ ਮਿਲ ਮੁੱਕੀਆਂ ਨੇ
ਅਸੀਂ ਲਾਸ਼ਾਂ...
ਧਰਮਾਂ ਦੀ ਰੱਖਿਆ ਦਾ ਝੂਠਾ ਢਿੰਡੋਰਾ ਪਿੱਟਦੀਆਂ ਲਾਸ਼ਾਂ
ਪਰ ਆਪਣੇ ਹੱਕ਼ੀ ਮੰਗਾਂ ਲਈ ਜੂਝਦੇ ਲੋਕਾਂ ਨਾਲ
ਕਦਾਚਿਤ ਖੜ੍ਹਨਾ ਪਸੰਦ ਨਹੀਂ ਕਰਨ ਵਾਲੀਆਂ ਲਾਸ਼ਾਂ ਹਾਂ...
ਅਸੀਂ ਲਾਸ਼ਾਂ ਹਾਂ...
ਮਹਿੰਗਾਈ, ਗ਼ਰੀਬੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਿਰੁੱਧ
ਇੱਕ ਡੂੰਘਾ ਮੌਨ ਧਾਰੀ ਬੈਠੀਆਂ ਲਾਸ਼ਾਂ ਹਾਂ...
ਸਾਡੀਆਂ ਉਮੰਗਾਂ, ਸੁਪਨੇ ਮਰ ਚੁੱਕੇ ਨੇ
ਸਾਡੇ ਜੋਸ਼ ਜਜ਼ਬੇ ਤੇ ਅੰਦਰਲੇ ਰੋਸ ਮੁਜ਼ਾਹਰੇ
ਇੱਕ ਇੱਕ ਕਰ ਦਮ ਤੋੜ ਚੁੱਕੇ ਨੇ
ਮੁਫ਼ਤ ਦੀਆਂ ਸਹੂਲਤਾਂ ਦਾ ਆਨੰਦ
ਮਾਣ ਰਹੀਆਂ ਅਸੀਂ ਲਾਸ਼ਾਂ
ਸਵੈਮਾਣ ਦੀ ਲਾਸ਼ ਨੂੰ ਡੂੰਘੀ ਕਬਰ ’ਚ ਦਫ਼ਨ ਕਰ
ਕਦੋਂ ਦੀਆਂ ਤਿਲਾਂਜਲੀ ਦੇ ਚੁੱਕੀਆਂ ਲਾਸ਼ਾਂ ਹਾਂ...
ਆਪਣੇ ਵਜੂਦ ਦੀ ਰੱਖਿਆ ਕਰਨੋਂ ਅਸਮਰੱਥ ਅਸੀਂ ਲਾਸ਼ਾਂ!
ਤੁਰਦੀਆਂ ਫਿਰਦੀਆਂ.... ਜਿਊਂਦੀਆਂ ਜਾਗਦੀਆਂ.... ਲਾਸ਼ਾਂ!
ਸੰਪਰਕ: 98552-59650
* * *
ਪੰਚਾਇਤੀ ਚੋਣਾਂ
ਰੂਪ ਲਾਲ ਰੂਪ
ਵੱਜਿਆ ਬਿਗਲ, ਪੰਚਾਇਤੀ ਚੋਣ ਦਾ।
ਕਈਆਂ ਨੂੰ ਚਾਅ, ਖੜਪੰਚ ਹੋਣ ਦਾ।
ਵਿਕਾਸ ਵਾਲੀ ਨਾ, ਕੋਈ ਰਹੂ ਤੋਟ ਜੀ।
ਪੈਸੇ, ਦਾਰੂ ਵੱਟੇ, ਵੇਚਿਓ ਨਾ ਵੋਟ ਜੀ।
ਪੰਚ ਸਰਪੰਚ, ਹੁੰਦੇ ਦੂਤ ਰੱਬ ਦੇ।
ਬੰਦਿਆਂ ’ਚ ਬੈਠੇ, ਸਾਰੇ ਹੋਣ ਫੱਬਦੇ।
ਰੱਖਣ ਨਾ ਕੋਈ, ਸੀਨੇ ਵਿੱਚ ਖੋਟ ਜੀ।
ਪੈਸੇ, ਦਾਰੂ ਵੱਟੇ, ਵੇਚਿਓ ਨਾ ਵੋਟ ਜੀ।
ਪੜ੍ਹਿਆਂ ਦਾ ਪੂਰਾ, ਪੂਰਾ ਮਾਣ ਰੱਖਣਾ।
ਪੰਜ ਸਾਲ ਪਊ, ਨਹੀਂ ਦੁੱਖ ਚੱਖਣਾ।
ਪਾਰਟੀਬਾਜ਼ੀ ਨੂੰ, ਪੀ ਜਾਇਓ ਘੋਟ ਜੀ।
ਪੈਸੇ, ਦਾਰੂ ਵੱਟੇ, ਵੇਚਿਓ ਨਾ ਵੋਟ ਜੀ।
ਬੰਦਾ ਜੋ ਸ਼ੌਕੀਨ, ਪੈੱਗ-ਸ਼ੈੱਗ ਪੀਣ ਦਾ।
ਹੁੰਦਾ ਨਾ ਭਰੋਸਾ, ਉਦ੍ਹਾ ਮਾਸਾ ਰੀਣ ਦਾ।
ਕੁੰਡੀਆਂ ਫਸਾ ਕੇ, ਸਾਮੀ ਲੈਂਦਾ ਭੋਟ ਜੀ।
ਪੈਸੇ, ਦਾਰੂ ਵੱਟੇ, ਵੇਚਿਓ ਨਾ ਵੋਟ ਜੀ।
ਪੈਸੇ ਦਾ ਨਾ ਭੁੱਖਾ, ਹੋਵੇ ਰੱਜਾ ਨੀਤ ਦਾ।
ਮਾਣ ਰੱਖੇ ਬੰਦਾ, ਪਿੰਡ ਦੀ ਪ੍ਰੀਤ ਦਾ।
ਕਾਵਾਂ ਨੂੰ ਨਾ ਪਾਵੇ, ਚਿੜੀਆਂ ਦੇ ਬੋਟ ਜੀ।
ਪੈਸੇ, ਦਾਰੂ ਵੱਟੇ, ਵੇਚਿਓ ਨਾ ਵੋਟ ਜੀ।
ਪੱਖਪਾਤੀ ਬੰਦਾ, ਨਹੀਂ ਚੰਗਾ ਪਿੰਡ ਨੂੰ।
ਰੱਖਦਾ ਜੋ ਅੱਗੇ, ਕੋੜਮੇ ਦੀ ਟਿੰਡ ਨੂੰ।
ਪੈਸਾ ਸਰਕਾਰੀ, ਬਾਬੇ ਦਾ ਨਾ ਰੋਟ ਜੀ।
ਪੈਸੇ, ਦਾਰੂ ਵੱਟੇ, ਵੇਚਿਓ ਨਾ ਵੋਟ ਜੀ।
ਦਾਨੇ-ਸਾਨੇ ਆਗੂ, ਪਿੰਡ ਵਾਲੇ ਹੋਣਗੇ।
ਕਾਲਖ ਨਸ਼ੇ ਦੀ, ‘ਰੂਪ’ ਪਿੰਡੋਂ ਧੋਣਗੇ।
ਏਕੇ ਨਾਲ ਮਾਰੋ, ਨਸ਼ੇ ਉੱਤੇ ਚੋਟ ਜੀ।
ਪੈਸੇ, ਦਾਰੂ ਵੱਟੇ, ਵੇਚਿਓ ਨਾ ਵੋਟ ਜੀ।
ਸੰਪਰਕ: 9462-25722
* * *
ਚੋਣਾਂ ਆਈਆਂ ਨੇ
ਭੁਪਿੰਦਰ ਸਿੰਘ ਪੰਛੀ
ਪਿੰਡ ਹੋਇਆ ਉਦਾਸ ਕਿ ਚੋਣਾਂ ਆਈਆਂ ਨੇ
ਗੱਲ ਹੈ ਕੋਈ ਖ਼ਾਸ ਕਿ ਚੋਣਾਂ ਆਈਆਂ ਨੇ
ਵਿੱਚ ਸੱਥਾਂ ਦੇ ਜ਼ਹਿਰ ਕੋਈ ਹੈ ਘੋਲ਼ ਗਿਆ
ਖ਼ੁਸ਼ੀ ਕਰ ਗਈ ਪਰਵਾਸ ਕਿ ਚੋਣਾਂ ਆਈਆਂ ਨੇ
ਵਿੱਚ ਗਲੀਆਂ ਦੇ ਨਸ਼ਾ ਹੈ ਭੰਗੜੇ ਪਾ ਰਿਹਾ
ਚੰਗੀ ਨਾ ਕੋਈ ਆਸ ਕਿ ਚੋਣਾਂ ਆਈਆਂ ਨੇ
ਗੂੜ੍ਹਾ ਭਾਈਚਾਰਾ ਜੋ ਬੀਬੀਆਂ ਦਾੜ੍ਹੀਆਂ ਦਾ
ਬਣ ਬੈਠਾ ਹੈ ਲਾਸ਼ ਕਿ ਚੋਣਾਂ ਆਈਆਂ ਨੇ
ਚੜੀ ਜਵਾਨੀ ਭੰਬਲ਼ਭੂਸੇ ਪਾਈ ਨੇਤਾਵਾਂ ਨੇ
ਕੋਈ ਦੇਵੇ ਨਾ ਧਰਵਾਸ ਕਿ ਚੋਣਾਂ ਆਈਆਂ ਨੇ
ਪਾਕ ਪਵਿੱਤਰ ਰਿਸ਼ਤੇ ਜੋ ਪਿੰਡ ਵਿੱਚ ਵੱਸਦੇ ਸੀ
ਨ ਰਿਹਾ ਕੋਈ ਲਹੂ ਮਾਸ ਕਿ ਚੋਣਾਂ ਆਈਆਂ ਨੇ
ਵੈਰ-ਪੁਣੇ ਦਾ ਬੂਟਾ ਰਾਤੋ ਰਾਤ ਵੱਡਾ ਹੋ ਗਿਆ
ਦੂਰ ਹੋਏ ਖਾਸਮ ਖ਼ਾਸ ਕਿ ਚੋਣਾਂ ਆਈਆਂ ਨੇ
ਗੰਦੀਆਂ ਗਾਲ੍ਹਾਂ ਦੇ ਰਿਹਾ ਏ ਧੀਆਂ ਭੈਣਾਂ ਨੂੰ
ਪਿੰਡ ਹੋਇਆ ਬਦਮਾਸ਼ ਕਿ ਚੋਣਾਂ ਆਈਆਂ ਨੇ
ਭੁੱਲ ਭੁਲਾ ਕੇ ਝਗੜੇ ਝੇੜੇ ਗੱਲ ਤਰੱਕੀ ਦੀ ਕਰੋ
ਰਲ਼ ਪਿੰਡ ਦਾ ਕਰੋ ਵਿਕਾਸ ਕਿ ਚੋਣਾਂ ਆਈਆਂ ਨੇ
ਇਕੱਠੇ ਸਾਰੇ ਹੋ ਜਾਣ ਛੱਡ ਝਗੜੇ ਝੇੜਿਆਂ ਨੂੰ
ਪੰਛੀ ਕਰੇ ਅਰਦਾਸ ਕਿ ਚੋਣਾਂ ਆਈਆਂ ਨੇ
ਸੰਪਰਕ: 98559-91055
* * *
ਘੁਮੰਡ
ਪ੍ਰੋ. ਨਵ ਸੰਗੀਤ ਸਿੰਘ
ਮਾਣ ਕਿਸੇ ਨੂੰ ਜ਼ਾਤ ਉੱਚੀ ’ਤੇ,
ਕਿਸੇ ਨੂੰ ਖ਼ੂਬ ਅਮੀਰੀ ’ਤੇ।
ਰੂਪ-ਰੰਗ ’ਤੇ ਮਾਣ ਕਿਸੇ ਨੂੰ,
ਕੋਈ ਹੈ ਮਸਤ ਫ਼ਕੀਰੀ ’ਤੇ।
ਪੜ੍ਹ-ਲਿਖ ਉੱਚਾ ਉੱਡੇ ਕੋਈ,
ਕੁਰਸੀ ਦਾ ਹੰਕਾਰੀ ਏ।
ਕੰਮ ਕਿਸੇ ਨਾ ਆਖ਼ਰ ਆਉਣਾ,
ਨਾਮ ਸੱਚਾ ਨਿਰੰਕਾਰੀ ਏ।
ਆਪਣੀ ਫ਼ੂੰ-ਫ਼ਾਂ ਦੇ ਵਿੱਚ ਰਹਿੰਦਾ,
ਕਹਿੰਦੇ ਲੋਕ ਘੁਮੰਡੀ ਨੇ।
ਐਸੇ ਲੋਕਾਂ ਦੀ ਪਿੱਠ ਪਿੱਛੇ,
ਲੋਕੀਂ ਕਰਦੇ ਭੰਡੀ ਨੇ।
ਸੱਚੀ ਦਰਗਾਹ ਦੇ ਵਿੱਚ ਜਾ ਕੇ,
ਚੱਲੇ ਕੋਈ ਪੈਸਾ ਨਾ।
ਓਥੇ ਸੱਚੋ-ਸੱਚ ਨਿਬੇੜਾ,
ਬੰਦਾ ਐਸਾ-ਵੈਸਾ ਨਾ।
ਗਰਬ-ਗ਼ੁਮਾਨ ਨੂੰ ਮਨ ’ਚੋਂ ਕੱਢੀਏ,
ਨੀਵਾਂਪਣ ਅਪਣਾ ਲਈਏ।
ਹਉਮੈ, ਖ਼ੁਦੀ ਤੇ ਨਿੰਦਾ ਛੱਡ ਕੇ,
ਦਿਲਾਂ ’ਚ ਥਾਂ ਬਣਾ ਲਈਏ।
ਦੁਨੀਆ ਤਾਂ ਹੀ ਯਾਦ ਕਰੇਗੀ,
ਛੱਡ ਦੇਈਏ ਅਭਿਮਾਨ ਅਸੀਂ।
ਆਕੜ, ਰੋਅਬ ਨੂੰ ਤਜੀਏ,
ਚੰਗੇ ਬਣ ਜਾਈਏ ਇਨਸਾਨ ਅਸੀਂ।
ਸੰਪਰਕ: 94176-92015
* * *
ਛੱਜ ਸ਼ਰਮਿੰਦਾ ਹੋਵੇ!
ਤਰਲੋਚਨ ਸਿੰਘ ‘ਦੁਪਾਲ ਪੁਰ’
ਨੇਕੀ ਨਹੀਂ ‘ਏਜੰਡੇ’ ਵਿੱਚ ਹਾਕਮਾਂ ਦੇ
ਜਨਤਾ ਫੇਰ ਵੀ ਭਲਾ ਹੀ ਟੋਲ਼ਦੀ ਐ।
ਚੋਰ-ਮੋਰੀਆਂ ਵਰਤ ਕਾਨੂੰਨ ਦੀਆਂ
ਬੇਇਨਸਾਫ਼ੀ ਦੀ ਤੱਕੜੀ ਤੋਲਦੀ ਐ।
ਪੱਤਰਕਾਰੀ ਏ ਗੋਦੀ ਵਿੱਚ ਚੜ੍ਹੀ ਹੋਈ
ਪੋਲ ਵਿਰਲੀ ਹੀ ‘ਢੋਲ’ ਦੇ ਖੋਲ੍ਹਦੀ ਐ।
ਫ਼ਿਰਕਾਪ੍ਰਸਤੀ ਦਾ ਦੇਖ ਕੇ ਬੋਲਬਾਲਾ
ਲੋਕ-ਰਾਜ ਦੀ ‘ਆਤਮਾ’ ਡੋਲਦੀ ਐ।
ਗੱਦੀ ਬੈਠ ਕੇ ਸਾਰੇ ਹੀ ‘ਬਦਲ’ ਜਾਂਦੇ
ਹਰ ਪਾਰਟੀ ਕੜ੍ਹੀ ਇਹ ਘੋਲ਼ਦੀ ਐ।
ਸੁਣ ਸੁਣ ਛੱਜ ਵਿਚਾਰਾ ਵੀ ਸੰਗ ਜਾਂਦਾ
ਚਪੜ ਚਪੜ ਜਦ ਛਾਨਣੀ ਬੋਲਦੀ ਐ!
ਸੰਪਰਕ: 001-408-915-1268
* * *
ਸਰਪੰਚੀ
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਖੁੰਢ ਚਰਚਾ ਨੇ ਜ਼ੋਰ ਫੜ ਲਿਆ
ਸਰਪੰਚੀ ਦੀਆਂ ਚੋਣਾਂ ਆਈਆਂ
ਭੱਠੀਆਂ ਚੜ੍ਹੀਆਂ ਨਾਲੇ ਡੱਬੇ ਵੰਡਦੇ
ਵੋਟਰਾਂ ਮੌਜਾਂ ਖ਼ੂਬ ਉਡਾਈਆਂ
ਸਭ ਕਹਿੰਦੇ ਤੇਰੇ ਨਾਲ ਆਂ ਬਾਈ
ਲਿਖ ਲੈ ਵੋਟਾਂ ਤੈਨੂੰ ਪਾਈਆਂ
ਸ਼ਾਮ ਦਾ ਪਿਆਲਾ ਸਭ ਨਾਲ ਸਾਂਝਾ
ਵਿਆਹਾਂ ਵਾਂਗੂ ਪਿੰਡ ਰੌਣਕਾਂ ਲਾਈਆਂ
ਹਰੇ ਗੁਲਾਬੀ ਨੋਟ ਮਿਲ ਰਹੇ
ਘਰ ਸੋਫੀਆਂ ਦੇ ਮਸਤੀਆਂ ਛਾਈਆਂ
ਕੁਝ ਲੋਕੀਂ ਸਰਬ ਸੰਮਤੀ ਲਈ ਰਾਜ਼ੀ
ਪੇਂਡੂ ਭਾਈਚਾਰੇ ਨੂੰ ਦੇਵੋ ਵਧਾਈਆਂ
ਕਈ ਪਿੰਡਾਂ ਵਿੱਚ ਸਿਰ ਧੜ ਦੀ ਬਾਜ਼ੀ
ਆਪਸ ਵਿੱਚ ਹੀ ਕਰਨ ਲੜਾਈਆਂ
ਹੁਣ ਸਰਪੰਚੀ ਦੀ ਲੱਗਦੀ ਬੋਲੀ
ਮਿਲਕੇ ਲੀਡਰ ਕਰਨ ਕਮਾਈਆਂ
ਚੌਧਰ ਦੀ ਭੁੱਖ ਨੇ ਪੱਟ ਦਿੱਤੇ ਲੋਕੀ
ਵਿਕੀਆਂ ਜ਼ਮੀਨਾਂ ਜਾਂ ਫਿਰ ਗਹਿਣੇ ਪਾਈਆਂ
ਧਾਲੀਵਾਲ ਕਹਿੰਦਾ ਸਿਆਸਤ ਨਹੀਂ ਮਾੜੀ
ਜੇ ਸਾਂਝੇ ਕੰਮ ਕਰੀਏ ਵਾਂਗਰ ਭਾਈਆਂ
ਸੰਪਰਕ: 78374-90309
* * *
ਵੋਟਾਂ
ਗੁਰਮੁਖ ਸਿੰਘ ਮੱਲ੍ਹੀ
ਆਖ਼ਰ ਨੂੰ ਦਿਨ ਪੱਕਾ ਹੋਇਆ ਪੰਚਾਇਤੀ ਵੋਟਾਂ ਦਾ
ਅੱਗੇ-ਪਿੱਛੇ ਉੱਪਰ-ਥੱਲੇ ਮਸਲਾ ਨੋਟਾਂ ਦਾ
ਆਥਣ ਵੇਲੇ ਗਲੀਆਂ ਦੇ ਵਿੱਚ ਭੀੜਾਂ ਹੁੰਦੀਆਂ ਨੇ
ਸੱਜਰੇ ਸਿੰਗ ਫਸਾਏ ਯਾਰੋ ਮੱਝਾਂ ਕੁੰਢੀਆਂ ਨੇ
ਦਾਅਵੇਦਾਰਾਂ ਦੇ ਘਰ ਵਿੱਚੋਂ, ਮਿਲਦੀ ਖੁੱਲ੍ਹੀ ਦਾਰੂ
ਪੀ ਕੇ ਸ਼ੀਸ਼ੀ ਭਰ ਲਿਆਉਂਦੇ, ਬੰਦੇ ਕਈ ਜੁਗਾੜੂ
ਮਿੰਨਤਾਂ ਤਰਲੇ ਹਾੜ੍ਹੇ ਕੱਢ ਕੱਢ, ਕਸਰ ਕੋਈ ਨਾ ਛੱਡੀ
ਵੋਟਰ ਦੀ ਹੁਣ ਕਦਰ ਬੜੀ ਜਿਵੇਂ ਸੱਜ ਵਿਆਹੀ ਨੱਢੀ
ਆ ਵੀ ਕਰ ਦੇਊਂ ਓਹ ਵੀ ਕਰ ਦੇਊਂ, ਦਿਨੇ ਦਿਖਾਵਣ ਤਾਰੇ
ਸਹੁਰਿਆਂ ਦੇ ਘਰ ਨੂੰਹ ਦੇ ਵਾਂਗੂੰ, ਫਿਰਦੇ ਪੰਚ ਵਿਚਾਰੇ
ਰੱਬਾ ਭਲੀ ਭਲੀ ਦੇ ਵਿੱਚ ਹੀ, ਜਦ ਵੋਟਾਂ ਮੁੱਕ ਜਾਵਣ
ਪਿੰਡ ਦੇ ਲੋਕੋ ਚੇਤੇ ਰੱਖਿਓ, ਰਿਸ਼ਤੇ ਨਾ ਟੁੱਟ ਜਾਵਣ
ਮੇਲੇ ਵਾਂਗੂੰ ਇਸ ਤਿਉਹਾਰ ਨੂੰ ਰਲ ਮਿਲ ਅਸੀਂ ਮਨਾਈਏ
ਸਭ ਨੂੰ ਜਿਹੜੀ ਪੁੱਛੇ ਮੱਲ੍ਹੀ, ਉਹ ਪੰਚਾਇਤ ਬਣਾਈਏ...
ਸੰਪਰਕ: 98555-19510
* * *
ਤੇਰੀ ਨਜ਼ਰ
ਰਣਜੀਤ ਆਜ਼ਾਦ ਕਾਂਝਲਾ
ਅੱਜ ਤੇਰੀ ਨਜ਼ਰ ਮਿੱਤਰਾ ਕੌਣ ਐਸਾ ਜੋ ਚੜ੍ਹ ਗਿਆ?
ਤੇਰੇ ਚੇਹਰੇ ਦਾ ਰੰਗ ਯਾਰਾ ਕਿੰਨਾ ਗੂੜ੍ਹਾ ਕਰ ਗਿਆ?
ਸੰਭਾਲ ਲਿਆ ਓਸ ਨੂੰ ਨਜ਼ਰਾਂ ਦੀ ਤੱਕੜੀ ’ਚ ਤੋਲ ਕੇ,
ਹਨੇਰਾ ਘਰ ਮਿਰਾ ਵੇਖ ਰੌਸ਼ਨੀ ਦੇ ਨਾਲ ਭਰ ਗਿਆ।
ਦੋ ਕਦਮ ਦਾ ਫਾਸਲਾ ਸੀ ਬਸ ਨੇੜੇ ਆ ਢੁੱਕਿਆ ਉਹ,
ਦੇਖਦੇ ਦੇਖਦੇ ਚੰਦਰਾ ਗੁਆਂਢੀ ਦੀ ਪੌੜੀ ਚੜ੍ਹ ਗਿਆ।
ਮਨ ਦੀ ਤਹਿ ’ਤੇ ਉੱਕਰਿਆ ਨਕਸ਼ ਵੀ ਵਿਲੱਖਣ ਹੈ,
ਸ਼ੀਸ਼ੇ ’ਤੇ ਬਣੇ ਚਿੱਤਰ ਦਾ ਅਕਸ ਮੱਧਮ ਕਰ ਗਿਆ।
ਜਾਣਦੇ ਸੋਈ ਜੋ ਵਣਜ ਕਰ ਇਸ਼ਕ ਦਾ ਨਦੀ ’ਚ ਠਿਲ੍ਹਦੇ,
ਹੋਰਾਂ ਦੀਆਂ ਨਜ਼ਰਾਂ ’ਚ ਸੌਦਾ ਘਾਟੇ ਦਾ ਹੀ ਕਰ ਗਿਆ।
ਮਿੱਠੇ ਬੋਲਾਂ ਦੇ ਠਹਾਕੇ ਦਰ ਠਹਾਕੇ ਵੱਜਦੇ ਸੁਣ ਰਹੇ ਹਾਂ,
ਜਦੋਂ ਦਾ ਉਹ ਸਾੜ ਝੁੱਗੀ ਅਪਣੀ ਸੁਆਹ ਕਰ ਗਿਆ।
ਸੰਪਰਕ: 94646-97781
* * *
ਉਦਾਸ ਖ਼ਾਮੋਸ਼ੀ
ਮੋਹਨ ਸ਼ਰਮਾ
ਤੇਰੇ ਘਰ ਤੋਂ ਮੇਰੇ ਘਰ ਤਕ
ਦਸ ਕੋਹ ਦਾ ਪੈਂਡਾ
ਤੈਅ ਕਰਦਿਆਂ
ਇੰਜ ਲੱਗਦਾ ਸੀ
ਜਿਵੇਂ ਖੇਤ ਗੇੜਾ ਮਾਰਕੇ ਲਹਿਰਾਉਂਦੀ
ਫ਼ਸਲ ਨੂੰ ਵੇਖਕੇ ਖ਼ੁਸ਼ੀ ਵਿੱਚ ਖੀਵਾ
ਹੋਇਆ ਹੋਵਾਂ।
ਜਿਵੇਂ ਕਿਸੇ ਪਵਿੱਤਰ ਥਾਂ ’ਤੇ
ਸਿਜਦਾ ਕਰਨ ਲਈ ਮਨ ਕਾਹਲਾ ਹੋਵੇ।
ਜਾਂ ਜਿਵੇਂ ਕਿਸੇ ਹੁਸੀਨ ਵਾਦੀ ਦੀ
ਪਰਿਕਰਮਾ ਕਰਨ ਜਾ ਰਿਹਾ ਹੋਵਾਂ।
ਸੱਚੀਂ ਇਹ ਦਸ ਕੋਹ ਦਾ
ਪੈਦਲ ਸਫ਼ਰ
ਦਸ ਫਰਲਾਂਗ ਵਾਂਗ
ਲੱਗਦਾ ਸੀ।
ਅਤੇ ਉਤਸ਼ਾਹਿਤ ਪੈਰਾਂ ਨੂੰ
‘ਔਹ ਦਿਖਦੀ ਕੁਲੀ ਯਾਰ ਦੀ’
ਵਾਂਗ ਲੱਗਦਾ ਸੀ।
ਵਾਪਸੀ ’ਤੇ ਵੀ ਮੇਰਾ ਆਪਾ
ਤੇਰੇ ਤਸੱਵਰ ਨਾਲ
ਗੱਲਾਂ ਕਰਦਿਆਂ
ਬੜਾ ਸੁਖਾਵਾਂ ਪੈਂਡਾ
ਤੈਅ ਕਰਦਾ ਸੀ।
ਘਰ ਆਇਆਂ ਜਦੋਂ
ਮਾਂ ਪੁੱਛਦੀ
‘‘ਕਿੱਥੋਂ ਆਇਐਂ ਪੁੱਤ?’’
ਤਾਂ ਮੈਂ ਸੱਚ ਵਰਗਾ
ਝੂਠ ਬੋਲਦਾ ਸੀ
‘‘ਮੰਦਰ ਮੱਥਾ ਟੇਕ ਕੇ
ਆਇਆਂ ਮਾਂ।’’
ਪਰ ਹੁਣ ਸਮੇਂ ਦੀ ਹਨੇਰੀ
ਬੜਾ ਕੁਝ ਹੂੰਝ ਕੇ
ਲੈ ਗਈ ਹੈ।
ਤੇਰੇ ਨਾਲ ਕਿਸੇ ਬੇਗਾਨੇ ਦਾ
ਨਾਂ ਜੁੜ ਗਿਆ ਹੈ
ਹੁਣ ਤੇਰੇ ਪਿੰਡ ਵੱਲ
ਜਾਣ ਨੂੰ ਵੱਢੀ ਰੂਹ ਨਹੀਂ ਕਰਦੀ।
ਤਿੱਖੀ ਧੁੱਪ ਵੀ ਰੜਕਦੀ ਹੈ।
ਅਤੇ ਵਾਟ ਵੀ
ਬਹੁਤ ਲੰਮੀ ਲੱਗਦੀ ਹੈ।
ਮਾਂ ਕਦੇ ਕਦੇ ਪੁੱਛ ਲੈਂਦੀ ਹੈ
‘‘ਤੂੰ ਮੰਦਰ ਜਾਣਾ ਕਿਉਂ ਛੱਡ ਦਿੱਤਾ?’’
ਮੈਂ ਕੁਝ ਨਹੀਂ ਬੋਲਦਾ
ਮਾਂ ਵੀ ਮੈਥੋਂ ਦੁਬਾਰਾ ਨਹੀਂ ਪੁੱਛਦੀ
ਸ਼ਾਇਦ ਦੇਖ ਕੇ ਮੇਰੇ ਚਿਹਰੇ ’ਤੇ
ਪਸਰੀ ਖ਼ਾਮੋਸ਼ ਉਦਾਸੀ ਨੂੰ...
ਸੰਪਰਕ: 94171-48866