ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਵਿਤਾਵਾਂ

07:01 AM Jul 25, 2024 IST

ਸਪੂਤ

ਜਗਜੀਤ ਗੁਰਮ
ਊਧਮ ਸਿੰਘ ਦੇ ਵਾਂਗੂੰ ਮਿੱਟੀ ਮੱਥੇ ਲਾਉਣੀ ਸਿੱਖਾਂਗੇ
ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਦੁਬਾਰਾ ਲਿਖਾਂਗੇ।

Advertisement

‘ਰਾਮ ਮੁਹੰਮਦ ਸਿੰਘ ਆਜ਼ਾਦ’ ਨਾਂ ਇਸ ਗੱਲ ਦਾ ਸਬੂਤ ਸੀ
ਉੱਚੀ ਸੋਚ ਵਾਲਾ ਉਹ ਸਾਰੇ ਭਾਰਤ ਦਾ ਸਾਂਝਾ ਸਪੂਤ ਸੀ।

ਜਲ੍ਹਿਆਂਵਾਲੇ ਬਾਗ਼ ਦਾ ਬਦਲਾ ਲੰਦਨ ਜਾ ਕੇ ਲੈ ਗਿਆ ਸੀ
ਇਸ ਲਾਸਾਨੀ ਘਟਨਾ ਦਾ ਰੌਲ਼ਾ ਦੁਨੀਆ ਵਿੱਚ ਪੈ ਗਿਆ ਸੀ।

Advertisement

ਵੀਹ ਸਾਲ ਤੱਕ ਉਸ ਨੇ ਘੁੱਟ ਸਬਰ ਦਾ ਪੀਤਾ ਸੀ
ਮਾਈਕਲ ਓ’ਡਵਾਇਰ ਨੂੰ ਢੇਰੀ ਫੇਰ ਕੀਤਾ ਸੀ।

ਹਾਥੀਆਂ ਵਾਂਗ ਪੰਜਾਬੀ ਬਦਲਾ ਲੈਣਾ ਭੁੱਲਦੇ ਨਹੀਂ
ਹੀਰੇ-ਮੋਤੀ ਛੇਤੀ-ਛੇਤੀ ਮਿੱਟੀ ਦੇ ਵਿੱਚ ਰੁਲ਼ਦੇ ਨਹੀਂ।

ਬਰਸਣ ਵਾਲਾ ਬੱਦਲ ਪਹਿਲਾਂ ਭੋਰਾ ਗੱਜਿਆ ਨਹੀਂ
ਖ਼ੁਦ ਨੂੰ ਪੁਲੀਸ ਹਵਾਲੇ ਕੀਤਾ ਯੋਧਾ ਭੱਜਿਆ ਨਹੀਂ।

ਗ਼ਦਰ ਪਾਰਟੀ ਦੇ ਯੋਧੇ ਦਾ ਇਨਕਲਾਬ ਹੀ ਪੇਸ਼ਾ ਸੀ
ਅੰਗਾਂ ਵਾਂਗੂੰ ਆਜ਼ਾਦੀ ਉਸ ਦੇ ਜਿਸਮ ਦਾ ਹਿੱਸਾ ਸੀ।

ਇੱਕ ਵਾਰ ਆਜ਼ਾਦੀ ਲਈ ਫਿਰ ਹੰਭਲਾ ਮਾਰਨਾ ਪੈਣਾ ਹੈ
ਇਨ੍ਹਾਂ ਪੂੰਜੀਪਤੀਆਂ ਕੋਲੋਂ ਦੇਸ਼ ਆਜ਼ਾਦ ਕਰਵਾਉਣਾ ਹੈ।
ਸੰਪਰਕ: 99152-64836
* * *

ਬਾਪੂ ਦਾ ਪਿਆਰ

ਗੁਰਿੰਦਰ ਸਿੰਘ ਸੰਧੂਆਂ
ਮੁੱਢ ਤੋਂ ਵਿਧਾਨ ਹੈ ਜੋ ਔਰਤਾਂ ਲਈ ਬਣਿਆ,
ਛੱਡਕੇ ਹੀ ਜਾਣਾ ਪੈਂਦਾ ਬਾਪੂ ਦਾ ਦੁਆਰ ਜੀ।
ਦਿਲ ਵਾਲੇ ਟੁਕੜੇ ਨੂੰ ਭੇਜਦੇ ਵਿਆਹ ਕੇ ਜਦੋਂ,
ਕੰਬਦਾ ਸਰੀਰ ਉਦੋਂ ਟੁੱਟੇ ਜਿਵੇਂ ਤਾਰ ਜੀ।
ਧੱਕ ਧੱਕ ਸੀਨਾ ਕਰੇ ਛੱਡਕੇ ਦੁਆਰ ਤੁਰੇ,
ਭੁੱਬਾਂ ਮਾਰ ਰੋਵੇ ਉਦੋਂ ਅੱਲੜ ਮੁਟਿਆਰ ਜੀ।
ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ,
ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ।

ਬੇਬੇ ਜੀ ਫੜਾਵੇ ਝੋਲਾ ਜਾ ਕੇ ਜਦੋਂ ਲਾਡਲੀ ਨੂੰ,
ਤਨ ਮਨ ਖਿੜ ਜਾਂਦਾ ਕਰਕੇ ਦੀਦਾਰ ਜੀ।
ਚਾਹ ਪਾਣੀ ਦੇ ਕੇ ਫੇਰ ਕੋਲ ਆਣ ਬੈਠਦੀ ਧੀ,
ਸਾਰਿਆਂ ਜੀਆਂ ਦੀ ਲੈਂਦੀ ਬੇਬੇ ਕੋਲੋਂ ਸਾਰ ਜੀ।
ਜੁਗ ਜੁਗ ਜਿਊਣ ਧੀਆਂ ਜੱਗ ਉੱਤੇ ਸਦਾ ਵੀਰੋ,
ਪਵੇ ਨਾ ਭਰਾਵੋ ਕੋਈ ਇਨ੍ਹਾਂ ਉੱਤੇ ਕੋਈ ਮਾਰ ਜੀ।
ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ,
ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ।

ਸਾਉਣ ਦੇ ਮਹੀਨੇ ਜਦੋਂ ਪੀਪਾ ਲੈ ਕੇ ਬੇਬੇ ਜਾਂਦੀ,
ਕਰਦੇ ਨੇ ਪੂਰੀ ਸੇਵਾ ਨਾਲੇ ਸਤਿਕਾਰ ਜੀ।
ਸਮੇਂ ਵਿੱਚੋਂ ਸਮਾਂ ਕੱਢ ਜਾਂਵਦੇ ਮਿਲਣ ਲੋਕ,
ਖ਼ੁਸ਼ੀ ਗ਼ਮੀ ਹੋਵੇ ਭਾਵੇਂ ਕੋਈ ਤਿਉਹਾਰ ਜੀ।
ਆਪਣੇ ਲਈ ਤਾਂ ਕੁਝ ਮੰਗਦੀਆਂ ਨਹੀਂ ਧੀਆਂ
ਵੱਖਰੀ ਤਾਸੀਰ ਵੇਖੋ ਬਖ਼ਸ਼ੀ ਦਾਤਾਰ ਜੀ।
ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ,
ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ।

ਖ਼ੁਸ਼ੀ ਖ਼ੁਸ਼ੀ ਰਹਿਣ ਸਦਾ‌ਵੱਸਦੀਆਂ‌ਧੀਆਂ ਵੀਰੋ,
ਦੋਵੇਂ ਹੱਥ ਜੋੜ ਅਰਦਾਸ ਮੇਰੀ ਕਰਤਾਰ ਜੀ।
ਇੱਕੋ ਘਰ ਰਹਿਕੇ ’ਕੱਠੇ ਖੇਡੀਆਂ ਭਰਾਵਾਂ ਸੰਗ,
ਲੱਭਣੀ ਨਾ ਕਿਤੋਂ ਐਸੀ ਮਸਤ ਬਹਾਰ ਜੀ।
ਧੀਆਂ ਤੇ ਪੁੱਤਰ ਭਾਈ ਕਿਰਪਾ ਦਾਤਾਰ ਵਾਲੀ,
ਓਹਦਿਆਂ ਰੰਗਾਂ ਤੋਂ ਜਾਈਏ ਸਦਾ ਬਲਿਹਾਰ ਜੀ।
ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ,
ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ।

ਨਾਰੀ ਬਾਝੋਂ ਚੱਲਦੀ ਨਹੀਂ ਗੱਡੀ ਸੰਸਾਰ ਵਾਲੀ
ਇਸ ਤੋਂ ਹੀ ਪੈਦਾ‌ ਹੋਏ ਜੋਧੇ ਬਲਕਾਰ ਜੀ।
ਮਾਂ ਭੈਣ ਪਤਨੀ ਤੇ ਧੀ ਭਿੰਨ ਭਿੰਨ ਰੂਪ ਨਾਰੀ
ਜਿਹੋ ਜਿਹਾ ਨਾਮ ਮਿਲੇ ਕਰੇ ਕੰਮ ਕਾਰ ਜੀ।
ਗੁਣਾਂ ਦੀ ਪਿਟਾਰੀ ਨਾਲੇ ਸੁੱਘੜ ਸਿਆਣੀ ਹੋਵੇ
ਮੰਨਦੇ ਸੁਲੱਖਣੀ ਨੇ ਨਾਰਾਂ ਵਿੱਚੋਂ ਨਾਰ ਜੀ।
ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ,
ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ।

ਉੱਤਮ ਪ੍ਰਾਣੀ ਜਾਣੋ ਧੀਆਂ ਨੂੰ ਪੜ੍ਹਾਵੇ ਜਿਹੜਾ
ਸਮੇਂ ਨਾਲ ਵਿੱਦਿਆ ਦੇ ਅੱਖਰ ਜੋ ਚਾਰ ਜੀ।
ਸ਼ਰਧਾ ਦੇ ਨਾਲ ਜਿਹੜੇ, ਕਰਦੇ ਨੇ ਦਾਨ ਲੋਕੀਂ,
ਆਂਵਦੀ ਨਾ ਤੋਟ ਕਦੇ, ਉਹਨੂੰ ਸੰਸਾਰ ਜੀ।
ਚੰਮ ਨੂੰ ਨਾ ਪੁੱਛੇ ਕੋਈ ਕੰਮ ਦੀ ਕਦਰ ਪੈਂਦੀ,
ਸੰਧੂਆਂ ਤੂੰ ਘੁੰਮੀ ਭਾਵੇਂ ਮੁਲਕ ਹਜ਼ਾਰ ਜੀ।
ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ,
ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ।
ਸੰਪਰਕ: 94630-27466
* * *

ਮੇਰਾ ਸਾਉਣ

ਜਸਵੰਤ ਧਾਪ
ਕਾਲੀਆਂ ਘਟਾਵਾਂ ਦੇ ਫਰਾਟੇ ਮੈਨੂੰ ਯਾਦ ਨੇ
ਸਾਉਣ ਦੀਆਂ ਝੜੀਆਂ, ਛਰਾਟੇ ਮੈਨੂੰ ਯਾਦ ਨੇ

ਕਾਨਿਆਂ ਦੀ ਛੱਤ ਵਿੱਚ ਕਣੀਆਂ ਦਾ ਨੱਚਣਾ
ਬਾਲਿਆਂ ਸ਼ਤੀਰੀਆਂ ਦਾ ਦੁੱਖ ਵਿੱਚ ਹੱਸਣਾ
ਛੱਪੜ ਦਾ ਗਾਰਾ, ਕਹੀ, ਬਾਟੇ ਮੈਨੂੰ ਯਾਦ ਨੇ
ਸਾਉਣ ਦੀਆਂ ਝੜੀਆਂ, ਛਰਾਟੇ ਮੈਨੂੰ ਯਾਦ ਨੇ

ਤੀਆਂ ਵਿੱਚ ਉੱਠੀ ਹਰ ਅੱਡੀ ਕਿੱਥੇ ਭੁੱਲਦੀ
ਨੱਚਦੀ ਭੰਬੀਰੀ ਬਿੱਲੋ ਨੱਢੀ ਕਿੱਥੇ ਭੁੱਲਦੀ
ਝਾਂਜਰਾਂ ਦੇ ਉਹਦੇ ਛਣਕਾਟੇ ਮੈਨੂੰ ਯਾਦ ਨੇ
ਸਾਉਣ ਦੀਆਂ ਝੜੀਆਂ, ਛਰਾਟੇ ਮੈਨੂੰ ਯਾਦ ਨੇ

ਹਾਣੀਆਂ ਦੇ ਨਾਲ ਵਿੱਚ ਬਾਰਿਸ਼ਾਂ ਦੇ ਭਿੱਜਣਾ
ਵਾਹੋਦਾਹੀ ਭੱਜਣਾ ਤੇ ਝੱਗਿਆਂ ਨੂੰ ਖਿੱਚਣਾ
ਬਚਪਨ ਵਾਲੇ ਸਾਰੇ ਵਾਧੇ ਘਾਟੇ ਮੈਨੂੰ ਯਾਦ ਨੇ
ਸਾਉਣ ਦੀਆਂ ਝੜੀਆਂ, ਛਰਾਟੇ ਮੈਨੂੰ ਯਾਦ ਨੇ

ਪਿੱਪਲ ਦੇ ਪੱਤੇ ਦਾਦੀ ਮੇਰੇ ਤੋਂ ਮੰਗਾਉਂਦੀ ਸੀ
ਪੱਤਿਆਂ ਦੇ ਨਾਲ ਪੂੜੇ ਸਿਰੇ ਦੇ ਬਣਾਉਂਦੀ ਸੀ
ਖਾ ਕੇ ਫਿਰ ਲਏ ਝੂਟੇ ਮਾਟੇ ਮੈਨੂੰ ਯਾਦ ਨੇ
ਸਾਉਣ ਦੀਆਂ ਝੜੀਆਂ, ਛਰਾਟੇ ਮੈਨੂੰ ਯਾਦ ਨੇ

ਫਿਰਨੀ ਦੇ ਪਿੱਪਲ ਤੇ ਆਰਿਆਂ ਦਾ ਫਿਰਨਾ
’ਕੱਲੇ ’ਕੱਲੇ ਦਿਲ ਵਿੱਚੋਂ ਹੰਝੂਆਂ ਦਾ ਕਿਰਨਾ
ਚਿਹਰਿਆਂ ਦੀ ਸੁੰਨ ਤੇ ਸੰਨਾਟੇ ਮੈਨੂੰ ਯਾਦ ਨੇ
ਸਾਉਣ ਦੀਆਂ ਝੜੀਆਂ, ਛਰਾਟੇ ਮੈਨੂੰ ਯਾਦ ਨੇ

ਕਾਵਾਂ ਤੇ ਬਨੇਰਿਆਂ ਨਾ’ ਗੱਲਾਂ ਰਹਿੰਦੀ ਕਰਦੀ
ਬਾਪੂ ਦੀ ਉਡੀਕ ਵਿੱਚ ਬੇਬੇ ਹਾਉਕੇ ਭਰਦੀ
ਭੁੜਕੇ ਪਰਾਤ ਵਿੱਚ ਆਟੇ ਮੈਨੂੰ ਯਾਦ ਨੇ
ਸਾਉਣ ਦੀਆਂ ਝੜੀਆਂ, ਛਰਾਟੇ ਮੈਨੂੰ ਯਾਦ ਨੇ

ਘੋੜਾ ਕੌਡੀ, ਬਾਰੀ ਅਤੇ ਲੁਕਣ ਛਪਾਈ ਦੇ
ਧਾਪ ਲਏ ਤੀਆਂ ਉੱਤੇ ਮਜ਼ੇ ਮੀਟੀ ਲਾਈ ਦੇ
ਛਿਟੀਆਂ ’ਚ ਅੜੇ ਲੀੜੇ ਪਾਟੇ ਮੈਨੂੰ ਯਾਦ ਨੇ
ਸਾਉਣ ਦੀਆਂ ਝੜੀਆਂ, ਛਰਾਟੇ ਮੈਨੂੰ ਯਾਦ ਨੇ
ਸੰਪਰਕ: 98551-45330
* * *

ਸਾਉਣ ਮਹੀਨਾ

ਪ੍ਰੋ. ਨਵ ਸੰਗੀਤ ਸਿੰਘ
ਸਾਉਣ ਮਹੀਨਾ ਦਿਨ ਤੀਆਂ ਦੇ,
ਪਿੱਪਲੀਂ ਪੀਂਘਾਂ ਪਾਈਆਂ।
’ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਨਣਦਾਂ ਤੇ ਭਰਜਾਈਆਂ।
ਹਾਸਾ-ਠੱਠਾ ਕਰਦੀਆਂ ਮਿਲ ਕੇ,
ਦਿੰਦੀਆਂ ਖ਼ੂਬ ਵਧਾਈਆਂ।
ਖ਼ੁਸ਼ੀ ਵੱਸੇ ਇਹ ਨਗਰ-ਖੇੜਾ,
ਜਿਸ ਵਿੱਛੜੀਆਂ ਆਣ ਮਿਲਾਈਆਂ।
ਰੰਗ-ਬਿਰੰਗੇ ਘੱਗਰੇ ਪਾਏ,
ਦੇਵੇ ਰੂਪ ਦੁਹਾਈਆਂ।
ਉੱਚੀ-ਉੱਚੀ ਪਾਉਣ ਬੋਲੀਆਂ,
ਅੰਬਰ-ਘਟਾਵਾਂ ਛਾਈਆਂ।
ਆ ਕੇ ਮਿਲ ਜਾ ਹਾਣ ਦਿਆ ਵੇ,
ਅੱਖੀਆਂ ਨੇ ਤ੍ਰਿਹਾਈਆਂ।
ਯਾਦ ਤੇਰੀ ਵਿੱਚ ਦੀਦੇ ਛਲਕਣ,
ਸਹਿ ਨਾ ਸਕਾਂ ਜੁਦਾਈਆਂ।
ਚਾਰੇ ਪਾਸੇ ਢੂੰਡਾਂ, ਜਿਸ ਨਾਲ,
ਵਿੱਚ ਜਵਾਨੀ ਲਾਈਆਂ।
ਬਿਨ ਤੇਰੇ ਤੋਂ ਸਾਰੀਆਂ ਘੜੀਆਂ,
ਬ੍ਰਿਹਾ ਵਿੱਚ ਬਿਤਾਈਆਂ।
ਦਿਲ ਮੇਰੇ ’ਚੋਂ ਛੱਲਾਂ ਉੱਠਣ,
ਕਿਉਂ ਸੀ ਅੱਖੀਆਂ ਲਾਈਆਂ।
ਕਰਕੇ ਚੇਤੇ ਓਸ ਸਮੇਂ ਨੂੰ,
ਅੱਖਾਂ ਨੇ ਭਰ ਆਈਆਂ।
* * *

ਸਾਉਣ ਤੇ ਰੁੱਖ

ਅਮਰਜੀਤ ਸਿੰਘ ਫ਼ੌਜੀ
ਮਹੀਨਾ ਚੰਗਾ ਹੁੰਦੈ ਫੱਗਣ ਤੇ ਸਾਉਣ ਦਾ
ਵਿਹਲੀਆਂ ਥਾਵਾਂ ਦੇ ਉੱਤੇ ਰੁੱਖ ਲਾਉਣ ਦਾ
ਪੰਜ ਪੰਜ ਰੁੱਖ ਆਪਾਂ ਸਾਰੇ ਲਾ ਦੇਈਏ
ਮਨੁੱਖਤਾ ਦੀ ਸੇਵਾ ਵਿੱਚ ਹਿੱਸਾ ਪਾ ਦੇਈਏ

ਵਾੜ ਕਰ ਰੁੱਖਾਂ ਨੂੰ ਪਾਣੀ ਵੀ ਪਾਈਏ ਜੀ
ਚੰਗਾ ਕੰਮ ਸ਼ੁੱਧ ਵਾਤਾਵਰਨ ਬਣਾਈਏ ਜੀ
ਠੰਢੀ ਹਵਾ ਮਿਲੂ ਜਦੋਂ ਇਹ ਲਹਿਲਹਾਉਣਗੇ
ਨਾਲੇ ਉੱਤੇ ਪੰਛੀ ਆਲ੍ਹਣੇ ਵੀ ਪਾਉਣਗੇ

ਫੁੱਲ ਫ਼ਲ਼ ਨਾਲੇ ਠੰਢੀ ਛਾਂ ਦੇਣਗੇ
ਤੋੜ ਦੇਣ ਨਾ ਅਵਾਰਾ ਪਸ਼ੂ, ਤਾਂ ਦੇਣਗੇ
ਕੁਦਰਤ ਨਾਲ ਜਿਹੜਾ ਕਰੇ ਮੋਹ ਜੀ
ਸਭ ਨੂੰ ਪਿਆਰਾ ਲੱਗੇ ਬੰਦਾ ਉਹ ਜੀ

ਰੁੱਤ ਪੱਤਝੜ ਲੰਘੀ ਤੇ ਬਸੰਤ ਆਊਗੀ
ਨਵੀਆਂ ਕਰੂੰਬਲਾਂ ਫੁੱਟਣ ਲਾਊਗੀ
ਛੇਤੀ ਕਰ ‘ਫ਼ੌਜੀਆ’ ਤੂੰ ਖੁੰਝ ਜਾਈਂ ਨਾ
ਹੋਰਾਂ ਨੂੰ ਵੀ ਕਹਿ ਐਵੇਂ ਦੇਰ ਲਾਈਂ ਨਾ
ਸੰਪਰਕ: 94174-04804
* * *

ਚਾਵਾਂ ਨਾਲ ਮਨਾਈਏ

ਸੁੱਚਾ ਸਿੰਘ ਪਸਨਾਵਾਲ
ਸੁਹਣਾ ਸਾਉਣ ਮਹੀਨਾ ਆਇਆ,
ਰਲ ਕੇ ਖ਼ੁਸ਼ੀ ਮਨਾਈਏ।
ਤੀਆਂ ਦਾ ਤਿਉਹਾਰ,
ਬੜੇ ਹੀ ਚਾਵਾਂ ਨਾਲ ਮਨਾਈਏ।

ਵਿਸਰ ਰਿਹਾ ਪੰਜਾਬੀ ਵਿਰਸਾ,
ਤੇ ਸੱਭਿਆਚਾਰ ਬਚਾਈਏ।
ਪਿੱਪਲੀਂ ਪੀਂਘਾਂ ਪਾ ਝੂਟੀਏ,
ਉੱਚੇ ਹੁਲਾਰੇ ਲਾਈਏ।

ਖੁੱਲ੍ਹੇ ਮੈਦਾਨ ਲਾਈਏ ਅਖਾੜਾ,
ਬੋਲੀਆਂ ਗਿੱਧਾ ਕਿੱਕਲੀ ਪਾਈਏ।
ਸਾਰੇ ਪਾਈਏ ਗਿੱਧਾ ਭੰਗੜਾ,
ਐਵੇਂ ਨਾ ਬਾਹਰ ਖੜ੍ਹੇ ਸ਼ਰਮਾਈਏ।

ਦਿਲੋਂ ਖ਼ੁਸ਼ੀਆਂ ਕਰੀਏ ਸਾਂਝੀਆਂ,
ਗੀਤ ਧਰਤੀ ਮਾਂ ਦੇ ਗਾਈਏ।
ਆਓ ਮੁੰਡਿਓ ਖੇਡੀਏ ਕੌਡੀ,
ਜ਼ੋਰ ਆਪਣੇ ਨੂੰ ਅਜ਼ਮਾਈਏ।

ਦੌੜੀਏ ਟੱਪੀਏ ਛਾਲਾਂ ਮਾਰੀਏ,
ਨਸ਼ਿਆਂ ਨੂੰ ਦੂਰ ਭਜਾਈਏ।
ਆਓ ਬਹਿ ਖਾਈਏ ਖੀਰਾਂ ਪੂੜੇ,
ਦਿਲਾਂ ਦੀ ਸਾਂਝ ਵਧਾਈਏ।

ਵਾਤਾਵਰਨ ਦੀ ਕਰੀਏ ਸੰਭਾਲ,
ਕਦੇ ਨਾ ਪ੍ਰਦੂਸ਼ਣ ਫਲਾਈਏ।
ਪਸਨਾਵਾਲੀਆ ਬੂਟੇ ਲਗਾ ਕੇ,
ਹਵਾ ਨੂੰ ਸ਼ੁੱਧ ਬਣਾਈਏ।

ਕਿਣਮਿਣ ਕਿਣਮਿਣ ਕਰਦਾ ਸਾਵਣ,
ਬੜੀਆਂ ਖ਼ੁਸ਼ੀਆਂ ਨਾਲ ਬਿਤਾਈਏ।
ਸੰਪਰਕ: 99150-33740
* * *

ਸਾਉਣ ਦਾ ਮਹੀਨਾ

ਜਗਦੇਵ ਸ਼ਰਮਾ ਬੁਗਰਾ
ਸਾਉਣ ਮਹੀਨੇ ਆਉਂਦੀਆਂ ਤੀਆਂ,
ਆਉਂਦੀਆਂ ਤੀਆਂ, ਗਾਉਂਦੀਆਂ ਧੀਆਂ।

ਕੂ ਕੂ ਕੂ ਕੂ ਕੋਇਲ ਬੋਲਦੀ,
ਕੋਇਲ ਬੋਲਦੀ, ਮਿਸ਼ਰੀ ਘੋਲਦੀ।

ਪਿੱਪਲਾਂ ਉੱਤੇ ਝੂਟਣ ਪੀਂਘਾਂ,
ਝੂਟਣ ਪੀਂਘਾਂ, ਲੈ ਲੈ ਹੀਂਘਾਂ।

ਕੁੜੀਆਂ ਚਿੜੀਆਂ ਪਾਵਣ ਕਿੱਕਲੀ,
ਪਾਵਣ ਕਿੱਕਲੀ, ਹੇਠਾਂ ਪਿੱਪਲੀ।

ਕਿਣਮਿਣ ਕਿਣਮਿਣ ਲਾਈ ਫੁਹਾਰਾਂ,
ਲਾਈ ਫੁਹਾਰਾਂ, ਮੌਜ ਬਹਾਰਾਂ।

ਰੁਣ-ਝੁਣ ਰੁਣ-ਝੁਣ ਮੋਰਾਂ ਲਾਈ,
ਮੋਰਾਂ ਪਾਈ, ਹਾਲ ਦੁਹਾਈ।

ਬੱਚੀਆਂ ਟੱਪਣ ਅੱਡੀ ਟੱਪਾ,
ਅੱਡੀ ਟੱਪਾ, ਮਾਰ ਛੱੜਪਾ।

ਰਿੱਝੇ ਖੀਰ ਤੇ ਪੱਕਣ ਪੂੜੇ,
ਪੱਕਣ ਪੂੜੇ, ਡਾਹ ਲਓ ਮੂੜ੍ਹੇ।

ਠੰਢੀ ਵਾਅ ਦੇ ਵਗਦੇ ਬੁੱਲੇ,
ਵਗਦੇ ਬੁੱਲੇ, ਜੋਬਨ ਡੁੱਲ੍ਹੇ।

ਵਿੱਚ ਤੀਆਂ ਦੇ ਆਇਆ ਪ੍ਰਾਹੁਣਾ,
ਆਇਆ ਪ੍ਰਾਹੁਣਾ, ਦਾਦੇ ਮਘਾਉਣਾ।

ਬਾਗ਼ ਬਗ਼ੀਚੇ ਸਾਰੇ ਨੱਚਣ,
ਸਾਰੇ ਨੱਚਣ, ਖਿੜ ਖਿੜ ਹੱਸਣ।

ਇਹੋ ਜਿਹਾ ਹੈ ਮਹੀਨਾ ਸਾਉਣ ਦਾ,
ਮਹੀਨਾ ਸਾਉਣ ਦਾ, ਚਿੱਤ ਪ੍ਰਚਾਉਣ ਦਾ।
ਸੰਪਰਕ: 98727-87243
* * *

ਮਾਹੀ ਵੇ ਸਾਉਣ ਦੇ ਮਹੀਨੇ...

ਬਲਵਿੰਦਰ ਬਾਲਮ ਗੁਰਦਾਸਪੁਰ
ਬਿੰਦੀ ਅਤੇ ਮਾਂਗ ਵਿੱਚ ਰੱਖ ਲਏ ਨੇ ਚਾਅ।
ਮਾਹੀ ਵੇ ਸਾਉਣ ਦੇ ਮਹੀਨੇ ਵਿੱਚ ਆ।

ਠੰਢੀਆਂ ਹਵਾਵਾਂ ਵਿੱਚ ਉਮੰਗ ਤੇ ਪ੍ਰੀਤ ਹੈ,
ਟਹਿਣੀਆਂ ਦੇ ਫੁੱਲਾਂ ਵਿੱਚ ਖ਼ੁਸ਼ਬੂ ਦਾ ਗੀਤ ਹੈ।
ਹਉਕਾ ਸਾਹਾਂ ਵਾਲਾ ਗਿਆ ਤਰਸਾਅ।
ਮਾਹੀ ਵੇ ਸਾਉਣ ਦੇ ਮਹੀਨੇ ਵਿੱਚ ਆ।

ਬੱਦਲਾਂ ਦੇ ਝੁੰਡ ਵਿੱਚ ਬਿਜਲੀ ਦੀ ਲੀਕ ਹੈ।
ਅੱਖਾਂ ਦੀ ਲਾਲੀ ਵਿੱਚ ਤੇਰੀ ਹੀ ਉਡੀਕ ਹੈ।
ਬੁੱਲਾ ਯਾਦਾਂ ਵਾਲਾ ਗਿਆ ਤੜਪਾ।
ਮਾਹੀ ਵੇ ਸਾਉਣ ਦੇ ਮਹੀਨੇ ਵਿੱਚ ਆ।

ਅੱਖੀਆਂ ’ਚ ਖਿੜ ਗਏ ਗੁਲਾਬ ਸੂਹੇ-ਸੂਹੇ ਵੇ।
ਤਨ ਉੱਤੇ ਉੱਕਰੇ ਸ਼ਬਾਬ ਸੂਹੇ-ਸੂਹੇ ਵੇ।
ਆਸਾਂ ਟੁੱਟੀਆਂ ਨੂੰ ਆ ਕੇ ਸੁਲਝਾ।
ਮਾਹੀ ਵੇ ਸਾਉਣ ਦੇ ਮਹੀਨੇ ਵਿੱਚ ਆ।

ਸਤਰੰਗੀ ਪੀਂਘ ਨੇ ਪੁਆੜੇ ਪਾ ਦਿੱਤੇ ਨੇ।
ਉਡੀਕ ਤੇਰੀ ਵਾਲੇ ਰੰਗ ਗਾੜ੍ਹੇ ਪਾ ਦਿੱਤੇ ਨੇ।
ਧੁੱਪਾਂ ਛਾਵਾਂ ਵਿੱਚ ਦਿਲ ਜਾਵੇ ਘਬਰਾ।
ਮਾਹੀ ਵੇ ਸਾਉਣ ਦੇ ਮਹੀਨੇ ਵਿੱਚ ਆ।

ਲੱਗੇ ਨੇ ਚੁਮਾਸੇ ਅਤੇ ਰੁੱਤਾਂ ਕੰਡਿਆਲੀਆਂ।
ਖੇਤਾਂ ਲਈ ਤਾਂ ਇਹ ਰੁੱਤਾਂ ਕਰਮਾਂ ਵਾਲੀਆਂ।
ਫ਼ਸਲਾਂ ਦੇ ਰੂਪ ਵਿੱਚ ਸੋਨੇ ਜਿਹਾ ਭਾਹ
ਮਾਹੀ ਵੇ ਸਾਉਣ ਦੇ ਮਹੀਨੇ ਵਿੱਚ ਆ।

ਬਾਪੂ ਕਹਿੰਦਾ ਪੱਗ ਵਾਲੀ ਰੱਖ ਲਈਂ ਤੂੰ ਲਾਜ ਵੇ।
ਸੱਪਾਂ ਦੀਆਂ ਸਿਰੀਆਂ ਤੂੰ ਸੁੱਟੀਂ ਪਾੜ-ਪਾੜ ਵੇ।
ਤੈਨੂੰ ਦਿੱਤੀਆਂ ਦੁਆਵਾਂ ਲੱਖਾਂ ਜਾ।
ਮਾਹੀ ਵੇ ਸਾਉਣ ਦੇ ਮਹੀਨੇ ਵਿੱਚ ਆ।

ਕਰ ਸਰਹੱਦਾਂ ਦੀ ਤੂੰ ਰਾਖੀ ਦਿਲ ਜਾਨੀਆ।
ਡਰ ਨਾ ਤੂੰ ਜਾਣੀਂ ਦੇ ਦੇਈਂ ਕੁਰਬਾਨੀਆਂ।
ਤੇਰੇ ਪੁੱਤ ਨੂੰ ਵੀ ਫ਼ੌਜ ਦਾ ਹੈ ਚਾਅ।
ਮਾਹੀ ਵੇ ਸਾਉਣ ਦੇ ਮਹੀਨੇ ਵਿੱਚ ਆ।
ਸੰਪਰਕ: 98156-25409
* * *

ਜ਼ਿੰਦਗੀ ਇੱਕ ਬੁਝਾਰਤ

ਲੈਕਚਰਾਰ ਅਜੀਤ ਖੰਨਾ
ਜ਼ਿੰਦਗੀ ਬੁਝਾਰਤ ਹੈ
ਰੇਤ ਤੇ ਇਮਾਰਤ ਹੈ
ਕਦੋਂ ਕੀ ਹੋ ਜਾਣਾ
ਕਿਸ ਪਲ ਕੀ ਖੋ ਜਾਣਾ
ਇਹ ਗੁੱਝੀ ਕਹਾਣੀ ਹੈ

ਮਿੰਟਾਂ ’ਚ ਮਾਰੂਥਲ
ਸਕਿੰਟਾਂ ’ਚ ਪਾਣੀ ਐ
ਇਹ ਜਿੰਦਗੀ ਦੀ
ਗੁੱਝੀ ਕਹਾਣੀ ਐ

ਮੈਨੂੰ ਤਾਂ ਇੰਝ ਜਾਪੇ
ਭੇਤਾਂ ਦੀ ਰਾਣੀ ਹੈ
ਦੁੱਖਾਂ ਸੁੱਖਾਂ ਦੀ ਕਿਤਾਬ ਐ
ਮਾਸਾ ਨਾ ਹਿਸਾਬ ਐ

ਜ਼ਿੰਦਗੀ ਰੂਹਾਂ ਦਾ ਮੇਲ ਐ
ਰਿਸ਼ਤਿਆਂ ਦਾ ਖੇਲ ਐ
ਉਲਝੀ ਤਾਣੀ ਐ
ਗੰਧਲਾ ਪਾਣੀ ਐ
ਦੁਨੀਆ ਛਾਣੀ ਐ
ਅੱਜ ਤੱਕ ਜ਼ਿੰਦਗੀ ਦੀ
ਬੁੱਝੀ ਨਾ ਕਹਾਣੀ ਐ
ਸੰਪਰਕ: 85448-54669

Advertisement