ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਵਿਤਾਵਾਂ

07:03 AM Jul 27, 2023 IST

ਮਨੀਪੁਰ: ਅਣਮਨੁੱਖੀ ਤਾਂਡਵ
ਮਨਮੋਹਨ ਸਿੰਘ ਦਾਊਂ
ਸਮਾਂ ਬੀਤਿਆ, ਯੁੱਗ ਬੀਤਿਆ
ਅਜੇ ਵੀ ‘ਦਰੋਪਤੀ’ ਨੂੰ
ਨਿਰਵਸਤਰ ਕਰਨ ਦੀ ਸਾਜ਼ਿਸ਼
ਭਰੀ ਸਭਾ ਵਿੱਚ
ਮਨੁੱਖੀ ਨੈਣਾਂ ਨੂੰ ਸ਼ਰਮਸਾਰ ਕਰਦੀ
ਹਉਕੇ ਭਰਦੀ
ਸਵੈ-ਮਾਣ ਮਧੋਲਿਆ ਜਾਂਦਾ
ਦਰਿੰਦਗੀ ਜ਼ੁਲਮ ਕਰਦੀ।

Advertisement

ਕਿਸੇ ਵੀ ਯੁੱਗ ਵਿੱਚ
ਜਦੋਂ ਮਾਨਵ ਨੂੰ
ਜਨਮ ਦੇਣ ਵਾਲੀ ਕੁੱਖ
ਕੋਹੀ ਹੈ ਜਾਂਦੀ
ਪ੍ਰਿਥਵੀ ਡੋਲਦੀ ਲੱਗਦੀ
ਰਾਤੜੀ ਰੁੰਨੜੀ ਲੱਗਦੀ
ਸੱਤਾ ਦੀ ਹੰਕਾਰੀ ਕਰਤੂਤ
ਬੰਦਾ ਹੋਣ ਨੂੰ ਕਲੰਕਿਤ ਕਰਦੀ
ਉਦੋਂ ਹਿਰਦੇ ਵਲੂੰਦਰਨ ਦੀ ਘਟਨਾ
ਇਨਸਾਨੀਅਤ ਨੂੰ ਪ੍ਰਸ਼ਨ ਕਰਦੀ।

ਜਦੋਂ ਮਨੀਪੁਰ-
ਨਗਨ ਕੀਤੀਆਂ ਜਾਣ ਅਬਲਾਵਾਂ
ਲੋਕ-ਤੰਤਰੀ ਹਕੂਮਤ ਨੂੰ
ਡੁੱਬ ਜਾਣ ਦੀ ਤੁਹਮਤ ਲੱਗਦੀ।
ਅਣਮਨੁੱਖੀ ਤਾਂਡਵ ਨੇ ਮਨਾਂ ’ਚ ਜੋ ਚੀਰ ਪਾਇਆ
ਕਦੋਂ ਭਰ ਸਕੇਗਾ ਖ਼ੁਦਾ ਜਾਣੇ!

Advertisement

ਕਦੇ ਦਿੱਲੀ ਦੀ ਸੜਕ ’ਤੇ
ਕੰਜਕ ਨੂੰ ਬੇਪਰਦ ਕਰ ਕੇ ਕਤਲ ਹੁੰਦਾ
ਤਾਂ ਸੰਸਦ ਲਹੂ ਦੇ ਧੱਬਿਆਂ ਨਾਲ ਮਲੀਨ ਹੁੰਦੀ।
ਜਦੋਂ ਕੋਈ ਬਾਲੜੀ
ਵਿੱਦਿਆ-ਮੰਦਰ ’ਚ ਸੁਰੱਖਿਅਤ ਨਾ ਹੋਵੇ
ਤਾਂ ਗੁਰੂ-ਸ਼ਿਸ਼ ਦੀ ਪਰੰਪਰਾ ਪ੍ਰਸ਼ਨ ਕਰਦੀ
ਕਿੱਥੇ ਹੈ ਧਰਮ ਤੇ ਨਿਆਂ ਦੀ ਕਚਹਿਰੀ?

ਐ, ਵਤਨ ਦੇ ਮਾਲਕੋ, ਸ਼ਾਸਕੋ, ਨੀਤੀਵਾਨੋਂ
ਕੁਰਸੀਆਂ ਦੇ ਲੋਭ ਖ਼ਾਤਰ ਜ਼ਮੀਰਾਂ ਵੇਚਣ ਵਾਲਿਓ
ਧੀਆਂ ਦੀ ਅਸਮਤ ਦੇ ਲੁਟੇਰਿਆਂ ਨੂੰ
ਕਿਉਂ ਨਹੀਂ ਨੱਥ ਪਾਉਂਦੇ?
ਦੇਸ਼ ਦਾ ਗੌਰਵ ਬਚਾਉਣਾ ਪ੍ਰਥਮ ਹੈ ਜ਼ਰੂਰੀ!!
ਸੰਪਰਕ: 98151-23900
* * *

ਲੋਕਤੰਤਰ
ਹਰੀ ਕ੍ਰਿਸ਼ਨ ਮਾਇਰ
ਮਨੀਪੁਰ!
ਤੂੰ ਪਿੰਡੇ ’ਤੇ ਹੰਢਾਇਆ ਹੈ
ਅਫਸਪਾ
ਇਰੋਮ ਹੱਕ ਮੰਗਦੀ
ਖ਼ੁਦਕੁਸ਼ੀ ਦੇ ਕੇਸ ’ਚ
ਜੇਲ੍ਹ ’ਚ ਬੰਦ ਕੀਤੀ ਗਈ
ਉਦੋਂ ਵੀ ਤੇਰੇ ਪੁੱਤਾਂ ਨੂੰ
ਖ਼ਾਕੀ ਮਾਰਦੀ ਰਹੀ
ਧੀਆਂ ਨੂੰ ਚੁੱਕ ਲਿਜਾਂਦੀ ਰਹੀ
ਲੋਕਤੰਤਰ ਉਦੋਂ ਵੀ ਕਟਹਿਰੇ
ਵਿੱਚ ਖੜ੍ਹਾ ਸੀ!
ਆਪਣੀ ਹੀ ਅੱਗ ਵਿੱਚ
ਸੜ ਰਹੇ ਨੇ
ਤੇਰੇ ਮੈਤੇਈ ਤੇ ਕੂਕੀ
ਆਪਣੇ ਹਾਲ ’ਤੇ ਛੱਡ ਦਿੱਤਾ ਹੈ ਤੈਨੂੰ
ਸਿਆਸੀ ਖਿਡਾਰੀਆਂ ਨੇ
ਗੁੰਡੇ ਸ਼ਰੇਆਮ ਉਤਰ ਆਏ ਤੇਰੇ ਪਿੰਡਾਂ ’ਚ
ਚੁੱਕ ਰਹੇ ਨੇ ਧੀਆਂ ਭੈਣਾਂ ਮਾਵਾਂ
ਚੀਰਹਰਨ ਕਰ ਰਹੇ ਹਨ
ਬਚਾਉਣ ਨੂੰ
ਕੋਈ ਕ੍ਰਿਸ਼ਨ ਨਹੀਂ ਬਹੁੜਿਆ
ਇਨ੍ਹਾਂ ਦਾ ‘ਨਾਇਕ’ ਤਾਂ
ਅੱਗ ਦੀਆਂ ਲਾਟਾਂ ’ਚੋਂ
ਲੁੱਟੀਆਂ ਜਾਂਦੀਆਂ ਇੱਜ਼ਤਾਂ ’ਚੋਂ
ਧਰੁਵੀਕਰਨ ਹੁੰਦਾ ਦੇਖਦਾ
ਸਹਿਮੇ ਲੋਕਾਂ ਦਾ
ਇਨ੍ਹਾਂ ਦਾ ਨਾਇਕ
ਵੋਟਾਂ ਦੇ ਲੱਖਣ ਲਾ ਰਿਹਾ ਹੈ
ਤੈਨੂੰ ਪਤਾ?
ਇਲੈਕਸ਼ਨ ਨੇੜੇ ਆ ਰਿਹਾ ਹੈ
ਅੱਜ ਵੀ
ਸਵਾਲੀਆ ਚਿੰਨ੍ਹ ਬਣਿਆ
ਕਟਹਿਰੇ ਵਿੱਚ ਖੜ੍ਹਾ ਹੈ
ਲੋਕਤੰਤਰ!
* * *

ਬੰਦਾ ਅਤੇ ਪਾਣੀ
ਬੇਅੰਤ ਗਿੱਲ
ਹੰਕਾਰ ’ਚ ਗੜੁੱਚ ਹੋਏ
ਬੰਦੇ ਨੇ
ਪਾਣੀਆਂ ਦੇ ਪਿੰਡੇ ’ਤੇ ਡਾਂਗ ਮਾਰੀ
ਕਹਿੰਦਾ... ਵਿਚਾਲਿਓਂ ਪਾੜਦੂੰ

ਟੁੱਟੇ ਨੱਕੇ ’ਤੇ
ਉੱਚਾ ਸਾਰਾ ਬੰਨ੍ਹ ਮਾਰਿਆ
ਤੇ ਬਾਹਾਂ ਫੈਲਾ ਕੇ
ਸਿਰ ’ਤੇ ਮਾਣ ਦੀ ਪੰਡ ਚੁੱਕੀ
ਠੁੱਡੇ ਮਾਰਦਾ
ਪਾਣੀ ਦੇ ਭਰੇ
ਖਾਲ ਵਿਚਦੀ ਹੋ ਤੁਰਿਆ

ਸੂਏ ਦੇ ਦੂਜੇ ਪਾਸੇ ਖਲੋਤੇ
ਤਾਏ ਦੇ ਪੁੱਤ ਨੂੰ
ਉੱਚੀ ਦੇਣੇ ਬੋਲਿਆ
ਹੁਣ ਟੁੱਟ ਕੇ ਦਿਖਾਵੇ ਨੱਕਾ
ਅਖੇ ਲੋਟ ਨ੍ਹੀਂ ਆਉਂਦਾ ਪਾਣੀ
ਹੂੰਅ...
... ... ...
ਕੰਢੇ ’ਤੇ ਛੱਲ ਸੁੱਟ ਕੇ
ਬੰਦੇ ਦੇ ਮੂੰਹ ’ਤੇ ਛਿੱਟੇ ਮਾਰੇ
ਤੇ ਪਾਣੀ ਹੱਸਿਆ
ਬੰਦਾ ਭਿੱਜੀ ਬਿੱਲੀ ਬਣ ਗਿਆ

ਬੰਨ੍ਹ ਤੋੜ
ਤੇ ਆਲ੍ਹਣੇ ਰੋੜ੍ਹ ਗਿਆ
ਬੰਦੇ ਵਾਂਗ ਚਾਂਭਲਿਆ
ਨੱਕੋ ਨੱਕ ਆਫ਼ਰਿਆ
ਸਾਰੀ ਕੁਦਰਤ ਤੋਂ
ਆਕੀ ਹੋਇਆ
ਪਲਾਂ ’ਚ ਬਣਾ ਗਿਆ
ਮਾਣ ਦੀਆਂ ਲੋਥਾਂ
ਨਾ ਨੱਕੇ ਲੱਭੇ
ਤੇ ਨਾ ਬੰਨ੍ਹ ਮਿਲੇ

ਪਾਣੀਆਂ ਨੂੰ ਕੈਦ ਕਰਕੇ
ਟਾਹਰਾਂ ਮਾਰਨ ਵਾਲਾ
ਹੜ੍ਹ ਅੱਗੇ
ਹਾੜੇ ਕੱਢਦਾ
ਕੂਕ ਰਿਹਾ
ਤੇ ਤਾਏ ਦੇ ਪੁੱਤ ਨੂੰ ਆਵਾਜ਼ਾਂ ਮਾਰਦਾ
ਲੋਟ ਨ੍ਹੀਂ ਆਉਂਦਾ ਪਾਣੀ
ਸੰਪਰਕ: 99143-81958
* * *

ਫਿਜ਼ਾਵਾਂ ਮੁਲਕ ਦੀਆਂ
ਡਾ. ਅਮਨਦੀਪ ਕੌਰ ਬਰਾੜ
ਘੁਲੀ ਉਦਾਸੀ ਵਿੱਚ ਫਿਜ਼ਾਵਾਂ, ਸੱਚ ਬਲਿਦਾਨ ਨਕਾਰੇ ਜਾਣ
ਸਰਮਾਏਦਾਰ ਸਨਮਾਨੇ ਜਾਂਦੇ, ਮਿਹਨਤਕਸ਼ ਲਤਾੜੇ ਜਾਣ

ਕੀ ਹੋਇਆ ਮੁਲਕ ਦੀ ਮਿੱਟੀ ਨੂੰ, ਜਿੱਥੇ ਧੀਆਂ ਮਾਣ ਗੁਆਇਆ
ਤਹਿਜ਼ੀਬ ਵਤਨ ਦੀ ਲੀਰੋ-ਲੀਰ, ਹਕੂਮਤਾਂ ਤਾਈਂ ਤਰਸ ਨਾ ਆਇਆ

ਨਿਜ਼ਾਮ ਦੇਸ਼ ਦਾ ਕੀ ਚਾਹੁੰਦਾ ਹੈ, ਮਰਿਆਦਾ ਜੋ ਭੁੱਲ ਬੈਠਾ ਏ
ਕਿਹੋ ਜਿਹੀ ਤਰੱਕੀ ਹੈ ਉਹ, ਪਾਈ ਜੀਹਦਾ ਮੁੱਲ ਬੈਠਾ ਏ

ਬੋਲਣ ਦੀ ਆਜ਼ਾਦੀ ਸੁੰਗੜੀ, ਲੋਕਤੰਤਰ ਨੇ ਗੋਡੇ ਟੇਕੇ
ਘੱਟਗਿਣਤੀਆਂ ਦੇ ਅਧਿਕਾਰਾਂ ’ਤੇ, ਬੈਠ ਸਿਆਸਤ ਰੋਟੀਆਂ ਸੇਕੇ

ਸੰਘਰਸ਼ਾਂ ਦੇ ਨਾਲ ਲਈ ਆਜ਼ਾਦੀ, ਸਿਦਕਾਂ ਨਾਲ ਹੰਢਾਉਣੀ ਹੈ
ਦੇਸ਼ ਦਾ ਗੌਰਵ ਧੀਆਂ ਨੇ ‘ਅਮਨ’, ਉਦਾਸ ਫਿਜ਼ਾ ਮਹਿਕਾਉਣੀ ਹੈ।
ਸੰਪਰਕ: 86995-60020
* * *

ਦੱਸੋ ਮੇਰਾ ਕੀ ਕਸੂਰ?
ਰਿਪੁਦਮਨ ਸਿੰਘ ਰੂਪ
ਬਹੁਤ ਬੁਰਾ ਭਲਾ
ਬੋਲਿਆ ਜਾ ਰਿਹਾ
ਗਾਲ੍ਹਾਂ ਵੀ
ਕੱਢੀਆਂ ਜਾ ਰਹੀਆਂ ਨੇ।
ਹੜ੍ਹਾਂ ਦਾ ਸਾਰਾ ਕਸੂਰ
ਮੇਰਾ ਹੀ ਕੱਢਿਆ ਜਾ ਰਿਹਾ ਏ।
ਤਬਾਹੀ ਦਾ ਸਾਰਾ ਦੋਸ਼
ਮੇਰੇ ਹੀ ਸਿਰ ਮੜ੍ਹਿਆ ਜਾ ਰਿਹਾ ਏ।

ਨਾਨਕ ਨੇ ਕਿਹਾ ਸੀ
ਪਿਤਾ ਸਮਾਨ ਮੈਨੂੰ।

ਵਰ੍ਹਦਾ ਹਾਂ ਧਰਤੀ ਉੱਤੇ
ਤੁਹਾਡੀ ਖਾਤਰ
ਫ਼ਸਲਾਂ ਖਾਤਰ
ਰੁੱਖਾਂ ਖਾਤਰ।

ਜਦੋਂ ਛਮ ਛਮ
ਵਰ੍ਹਦਾ ਹਾਂ ਮੈਂ
ਨੱਚਦੇ ਹੋ ਤੁਸੀਂ
ਟੱਪਦੇ ਹੋ ਤੁਸੀਂ
ਝੂਮਦੇ ਹੋ ਤੁਸੀਂ
ਖੀਰ ਪੂੜਿਆਂ ਦੀਆਂ ਖ਼ੁਸ਼ਬੋਆਂ
ਦੂਰ ਅੰਬਰਾਂ ਨੂੰ ਮਹਿਕਾਉਂਦੀਆਂ

ਪਰ ਇਹ ਕੀ
ਦੋਸ਼ ਲਾ ਰਹੇ ਹੋ
ਮੇਰੇ ਉੱਤੇ?
ਤਬਾਹੀ ਦਾ
ਹੜ੍ਹਾਂ ਦਾ

ਮੇਰੇ ਲੰਘਣ ਦੇ ਰਸਤੇ
ਦਰਿਆ
ਨਦੀਆਂ
ਨਾਲੇ
ਚੋਅ
ਕਿੱਥੇ ਰਹੇ ਨੇ ਹੁਣ?

ਆਸਮਾਨ ਛੂੰਹਦੀਆਂ
ਇਮਾਰਤਾਂ
ਘਰ
ਉਸਾਰ ਲਏ
ਤੁਸੀਂ ਇਨ੍ਹਾਂ ਉੱਤੇ
ਕਦੇ ਸੋਚਿਐ?
ਮੇਰੇ ਲਾਂਘਿਆਂ ਬਾਰੇ?
ਕਿੱਥੋਂ ਲੰਘਾਂ ਮੈਂ?
ਕਿੱਥੋਂ?

ਦੱਸੋ! ਹੁਣ ਕੀ ਕਰਾਂ?
ਲੰਘਣਾ ਤਾਂ ਹੈ ਆਖ਼ਰ
ਤਬਾਹੀ ਹੋਊ ਕਿ ਨਹੀਂ?
ਹੜ੍ਹ ਆਉਣਗੇ ਕਿ ਨਹੀਂ?
ਕੀ ਕਹਿ ਸਕਦਾ ਹਾਂ?

ਬੇਨਤੀ ਕਰਦਾ ਹਾਂ
ਹੱਥ ਜੋੜ ਕੇ
ਹਟੋ ਮੇਰੇ ਰਸਤਿਆਂ ਤੋਂ
ਛੱਡੋ ਮੇਰੇ ਲਾਂਘਿਆਂ ਨੂੰ
ਫੇਰ ਦੇਖਿਓ
ਮੇਰੀ ਮਿੱਤਰਤਾ
ਪਾਲਣਹਾਰੀ ਮਿੱਤਰਤਾ।
ਸੰਪਰਕ: 98767-68960
* * *

ਕੀ ਹੋਇਆ ਜੇ...
ਗੁਰਪਾਲ ਸਿੰਘ ਬਿਲਾਵਲ
ਕੀ ਹੋਇਆ ਜੇ ਥਾਂ-ਥਾਂ ਹੜ੍ਹ ਦਾ ਪਾਣੀ ਹੈ
ਲੰਗਰ ਸਾਡੇ ਕੋਲ਼ ਤੇ ਅੰਗ-ਸੰਗ ਬਾਣੀ ਹੈ

ਹੋਣ ਦੁਆਲ਼ੇ ਭੁੱਖਾਂ, ’ਕੱਲੇ ਖਾਂਦੇ ਨਈਂ
ਸਾਨੂੰ ਗੁਰਾਂ ਸਿਖਾਇਆ ਵੰਡ ਕੇ ਖਾਣੀ ਹੈ

ਸਿਦਕ, ਦਲੇਰੀ, ਹਿੰਮਤ, ਜਜ਼ਬਾ ਲੋਕਾਂ ਲਈ
ਇਹ ਗੁਰੂ ਗੋਬਿੰਦ ਸਿੰਘ ਨੇ ਲਿਖੀ ਕਹਾਣੀ ਹੈ

ਸਾਡੇ ਬਾਰੇ ਲਿਖਿਆ ਸ਼ਾਇਰ ‘ਹੁੰਦਲ’ ਨੇ
ਅਸੀਂ ਤਾਂ ਆਰੇ ਹੇਠ ਵੀ ਜ਼ਿੰਦਗੀ ਮਾਣੀ ਹੈ

ਆਪਣੀ ਭੁੱਖ ਤੇ ਪਿਆਸ ਭੁਲਾ ਕੇ ਡਟ ਜਾਈਏ
ਦੀਨ ਦੁਖੀ ਦੀ ਸੇਵਾ ਰੀਤ ਪੁਰਾਣੀ ਹੈ

ਦੇਖ ‘ਬਿਲਾਵਲ’ ਉਸ ਦੇ ਉੱਚੇ ਰੁਤਬੇ ਨੇ
ਜਿਸ ਨੇ ਔਖ ’ਚ ਗੈਰ ਦੀ ਪੀੜ ਪਛਾਣੀ ਹੈ।
ਸੰਪਰਕ: 98728-30846
* * *

ਪਾਣੀ
ਪਾਵੇਲ ਕੁੱਸਾ
ਅੱਜਕੱਲ੍ਹ ਵਿਕਾਸ ਮਾਡਲ ਪੰਜਾਬ ਦਾ
ਹੜ੍ਹ ਹੋ ਕੇ ਵਹਿ ਰਿਹਾ
ਬੰਦਾ ਕੁਦਰਤ ਦੇ ਉਜਾੜੇ ਦਾ
ਸੇਕ ਸਹਿ ਰਿਹਾ
ਵਰ੍ਹਦੇ ਰਹਿਣਗੇ ਬੱਦਲ
ਚੜ੍ਹਦੇ ਰਹਿਣਗੇ ਦਰਿਆ
ਇਹ ਤਾਂ ਯੁੱਗਾਂ ਦਾ
ਦਸਤੂਰ ਤੁਰਿਆ ਆ ਰਿਹਾ
ਪਰ ਕਦੇ ਬੇਰੋਕ ਵਹਿੰਦੇ ਸੀ
ਤਾਂ ਕੁਝ ਕੁ ਸ਼ਾਂਤ ਰਹਿੰਦੇ ਸੀ
ਹੁਣ ਲਾਲਸਾਵਾਂ ਦਾ ਅੰਬਾਰ ਕੋਈ
ਰਾਹਾਂ ’ਚ ਅੜਿੱਕਾ ਪਾ ਰਿਹਾ
ਸ਼ੂਕਦੇ ਦਰਿਆਵਾਂ ਦੀ ਫ਼ਿਤਰਤ ਨਾਲ
ਭਿੜ ਗਈ ਮੁਨਾਫ਼ਿਆਂ ਦੀ ਰਫ਼ਤਾਰ ਦਾ
ਜ਼ਮਾਨਾ ਸੰਤਾਪ ਹੰਢਾ ਰਿਹਾ
ਮੁਨਾਫ਼ਿਆਂ ਦੇ ਉੱਲੂ ਜੇ ਰਹਿਣਗੇ ਸਿੱਧੇ
ਤਾਂ ਰੰਗ ਕੁਦਰਤ ਦੇ ਸਦਾ ਰਹਿਣਗੇ ਮਿੱਧੇ
ਮੌਸਮਾਂ ਦਾ ਰੋਸਾ ਤਾਂ
ਕਦੋਂ ਦਾ ਅਲਾਰਮ ਵਜਾ ਰਿਹਾ।
* * *

ਮੀਂਹ
ਹਰਪ੍ਰੀਤ ਪੱਤੋ
ਹੱਦੋਂ ਵੱਧ ਵੀ ਕੁਝ ਨਾ ਹੋਵੇ ਚੰਗਾ,
ਗੱਲ ਵੱਡਿਆਂ ਦੱਸੀ ਚਿਤਾਰ ਮੀਆਂ।

ਬਹੁਤਾ ਮੀਂਹ ਸਭ ਕੁਝ ਰੋੜ੍ਹ ਲੈ ਜੇ,
ਧਰਤੀ ਖੁਰੇ ਪੈਂਦੀ ਏ ਖਾਰ ਮੀਆਂ।

ਸਭ ਥਾਵਾਂ ਨੂੰ ਉਹ ਇੱਕ ਕਰਦੇ,
ਹਰ ਪਾਸੇ ਦਿਸਦੀ ਗਾਰ ਮੀਆਂ।

ਢਾਰੇ ਗ਼ਰੀਬਾਂ ਦੇ ਨੇ ਚੋਣ ਲਾ ਦੇਵੇ,
ਕੰਧਾਂ ਕੱਚੀਆਂ ਪਾ ਦੇ ਪਾੜ ਮੀਆਂ।

ਜੇ ਨਫ਼ਾ, ਘਾਟਾ ਵੀ ਪਵੇ ਬਾਹਲਾ,
ਬਹੁਤੀ ਪੈਂਦੀ ਕਾਮੇ ਨੂੰ ਮਾਰ ਮੀਆਂ।

ਘੜੀ ਦਾ ਮੀਂਹ ਨਾ ਮੰਗਿਆ ਸੀ,
ਕਾਲ ਮੰਗਿਆਂ ਰਾਜੇ, ਹਾਰ ਮੀਆਂ।

ਮੀਂਹ ਤਾਂ ਪਿਆ ਚੰਗਾ ਲੱਗਦਾ ਏ,
ਹਵਾ ਆਂਵਦੀ ਠੰਢੀ ਠਾਰ ਮੀਆਂ।

ਪਰ ਸੁੱਕ-ਪਕੇ ਜਿਹੀ ਨਾ ਰੀਸ ਕੋਈ,
ਲੋਕੀਂ ਕਰਦੇ ਨੇ ਕੰਮ ਕਾਰ ਮੀਆਂ।

ਪੱਤੋ, ਰੱਬ ਕਰੇ ਆਪਣੀ ਮਰਜ਼ੀ ਨੂੰ,
ਉਹ ਨਾ ਸੁਣੇ ਕਿਸੇ ਦੀ ਯਾਰ ਮੀਆਂ।
ਸੰਪਰਕ: 94658-21417
* * *

ਅਤਿਵਾਦੀ
ਗੁਰਪ੍ਰੀਤ ਸਿੰਘ ਵਿੱਕੀ
ਤੁਸੀਂ ਕਿਹਾ ਸੀ ਸਾਨੂੰ ਅਤਿਵਾਦੀ
ਅਸੀਂ ਆਪਣੇ ਫ਼ਰਜ਼ ਨਿਭਾ ਰਹੇ ਹਾਂ,
ਮੁਸੀਬਤਾਂ ਝੱਲ ਕੇ ਸਿਰੜੀ ਨੌਜਵਾਨ
ਘਰ ਘਰ ਲੰਗਰ ਪਹੁੰਚਾ ਰਹੇ ਹਾਂ,
ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ
ਡੁੱਬਦਾ ਪੰਜਾਬ ਬਚਾ ਰਹੇ ਹਾਂ।

ਹੜ੍ਹ ਦੇ ਪਾਣੀ ਨੇ ਜਦੋਂ
ਕੀਤੀ ਸੀ ਬਹੁਤ ਤਬਾਹੀ,
ਸਾਨੂੰ ਤਾਂ ਹਰ ਆਪਣਾ ਦਿਸਿਆ
ਨਾ ਦਿਸਿਆ ਕੋਈ
ਹਿੰਦੂ, ਮੁਸਲਮਾਨ, ਸਿੱਖ, ਇਸਾਈ,
ਭਾਈ ਘਨ੍ਹੱਈਆ ਦੇ ਕਦਮਾਂ ’ਤੇ ਤੁਰਦਿਆਂ
ਰੋਟੀ ਹੈ ਹਰ ਦਰ ’ਤੇ ਪਹੁੰਚਾਈ,
ਜਾਤ ਪਾਤ ਨੂੰ ਭੁੱਲ ਕੇ
ਸਭ ਨੂੰ ਗਲੇ ਲਗਾ ਰਹੇ ਹਾਂ,
ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ
ਡੁੱਬਦਾ ਪੰਜਾਬ ਬਚਾ ਰਹੇ ਹਾਂ।

ਚੰਗਾ ਮਾੜਾ ਸਮਾਂ ਤਾਂ
ਪੰਜਾਬ ’ਤੇ ਆਉਂਦਾ ਹੀ ਰਹਿਣਾ ਹੈ,
ਸਾਨੂੰ ਅਣਖ ਮਿਲੀ ਏ ਵਿਰਸੇ ਵਿੱਚ
ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ,
ਜਦ ਤੱਕ ਹੈ ਜ਼ਿੰਦਗੀ ਰਹਿਣੀ
ਨਾ ਦਬੇ ਹਾਂ, ਨਾ ਢਹਿਣਾ ਹੈ,
ਤੁਸੀਂ ਅਤਿਵਾਦੀ ਕਹਿ ਬਦਨਾਮ ਕੀਤਾ
ਅਸੀਂ ਗੱਭਰੂ ਸ਼ਾਨ ਵਧਾ ਰਹੇ ਹਾਂ
ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ
ਡੁੱਬਦਾ ਪੰਜਾਬ ਬਚਾ ਰਹੇ ਹਾਂ।
ਸੰਪਰਕ: 82848-88700
* * *

ਰੱਬਾ ਰੱਬਾ...
ਅਵਤਾਰ ਸਿੰਘ ਪੁਆਰ
ਬਹੁਤ ਹੋ ਗਿਆ ਏ ਬੱਸ ਰਹਿਮ ਕਮਾਈਂ ਤੂੰ।
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।

ਚਾਰ ਚੁਫ਼ੇਰਿਉਂ ਪਾਣੀ ਦੇ ਵਿੱਚ ਘਿਰ ਗਈਆਂ,
ਖੇਤਾਂ ਦੇ ਵਿੱਚ ਖੜ੍ਹੀਆਂ ਫ਼ਸਲਾਂ ਗਿਰ ਗਈਆਂ,
ਕੀਤੀ ਮਿਹਨਤ ਜਾਣ ਨਾ ਦੇਵੀਂ ਅਜਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।

ਕੋਲ ਓਸ ਦੇ ਬਚਿਆ ਇੱਕ ਨਾ ਧੇਲਾ ਹੈ,
ਕਈਂ ਦਨਿਾਂ ਤੋਂ ਘਰ ਵਿੱਚ ਬੈਠਾ ਵਿਹਲਾ ਹੈ,
ਨਾ ਕਿਰਤੀ ਦਾ ਚੁੱਲ੍ਹਾ ਇੰਝ ਬੁਝਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।

ਡੈਮਾਂ ਤੋਂ ਡਰ ਲੱਗਣ ਲੱਗਿਆ ਜਾਨਾਂ ਨੂੰ,
ਛੂਹ ਰਿਹਾ ਪਾਣੀ ਖ਼ਤਰੇ ਦੇ ਨਿਸ਼ਾਨਾਂ ਨੂੰ,
ਦਰਿਆਵਾਂ ਨੂੰ ਸੰਜਮ ਵਿੱਚ ਵਹਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।

ਦੇਖਿਆ ਜਾਂਦਾ ਦਰਦ ਨਹੀਂ ਲਾਚਾਰਾਂ ਦਾ,
ਘਰ ਤੋਂ ਬੇ-ਘਰ ਹੋ ਬੈਠੇ ਪਰਿਵਾਰਾਂ ਦਾ,
ਮੁੜ ਛੇਤੀ ਜ਼ਿੰਦਗੀ ਲੀਹ ’ਤੇ ਲਿਆਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।

ਰੁੁੱਖਾਂ ਦੇ ਵੀ ਦੇਖ ਹੌਂਸਲੇ ਢਹਿ ਗਏ ਨੇ,
ਕਈਂ ਤਾਂ ਹੜ੍ਹ ਦੇ ਪਾਣੀ ਦੇ ਵਿੱਚ ਵਹਿ ਗਏ ਨੇ,
ਨਾ ਜੀਵਨ ਦਾ ਚੱਕਾ ਜਾਮ ਕਰਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।

ਭੇਤੀ ਇਹ ਜੋ ਕੁਦਰਤ ਦੀ ਰਗ ਰਗ ਦੇ ਨੇ,
ਪਸ਼ੂ ਪਰਿੰਦੇ ਵੀ ਸਹਿਮੇ ਜਿਹੇ ਲੱਗਦੇ ਨੇ,
ਕਹੇ ਪੁਆਰ ਨਾ ਅਰਜ਼ ਮੇਰੀ ਠੁਕਰਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।
ਸੰਪਰਕ: 94173-72986

Advertisement