PM Modi in Kuwait: ਪ੍ਰਧਾਨ ਮੰਤਰੀ ਮੋਦੀ ਦੋ ਰੋਜ਼ਾ ਫੇਰੀ ਲਈ ਕੁਵੈਤ ਪੁੱਜੇ
ਕੁਵੈਤ ਸ਼ਹਿਰ, 21 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾੜ੍ਹੀ ਮੁਲਕ ਦੀ ਦੋ ਰੋਜ਼ਾ ਫੇਰੀ ਲਈ ਕੁਵੈਤ ਪਹੁੰਚ ਗਏ ਹਨ। ਇਸ ਫੇਰੀ ਦੌਰਾਨ ਸ੍ਰੀ ਮੋਦੀ ਕੁਵੈਤੀ ਆਗੂਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਭਾਰਤੀ ਪਰਵਾਸੀ ਭਾਈਚਾਰੇ ਨੂੰ ਵੀ ਮਿਲਣਗੇ। ਮੋਦੀ ਕੁਵੈਤ ਦੇ ਆਮਿਰ ਸ਼ੇਖ਼ ਮੇਸ਼ਾਲ ਅਲ-ਅਹਿਮਦ ਅਲ-ਜਬੇਰ ਅਲ-ਸਬਾਹ ਦੇ ਸੱਦੇ ਉੱਤੇ ਉਥੇ ਗਏ ਹਨ। ਸ੍ਰੀ ਮੋਦੀ ਦਾ ਕੁਵੈਤ ਦੌਰਾ ਪਿਛਲੇ 43 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਖਾੜ੍ਹੀ ਮੁਲਕ ਦੀ ਪਲੇਠੀ ਫੇਰੀ ਹੈ। ਸ੍ਰੀ ਮੋਦੀ ਨੇ ਕੁਵੈਤ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਬਿਆਨ ਵਿਚ ਕਿਹਾ ਸੀ ਕਿ ਕੁਵੈਤ ਦੀ ਸਿਖਰਲੀ ਲੀਡਰਸ਼ਿਪ ਨਾਲ ਉਨ੍ਹਾਂ ਦੀ ਗੱਲਬਾਤ ਦੋਵਾਂ ਮੁਲਕਾਂ ਦਰਮਿਆਨ ਭਵਿੱਖੀ ਭਾਈਵਾਲੀ ਲਈ ਇੱਕ ਰੂਪ-ਰੇਖਾ ਤਿਆਰ ਕਰਨ ਦਾ ਮੌਕਾ ਹੋਵੇਗੀ। ਇਸ ਤੋਂ ਪਹਿਲਾਂ ਸ੍ਰੀਮਤੀ ਇੰਦਰਾ ਗਾਂਧੀ 1981 ਵਿਚ ਕੁਵੈਤ ਦੇ ਦੌਰੇ ’ਤੇ ਗਏ ਸਨ। ਕੁਵੈਤ ਭਾਰਤ ਦੇ ਸਿਖਰਲੇ ਵਪਾਰਕ ਭਾਈਵਾਲਾਂ ’ਚੋਂ ਇਕ ਹੈ, ਜਿਸ ਨਾਲ ਭਾਰਤ ਦਾ ਵਿੱਤੀ ਸਾਲ 2023-24 ਵਿਚ 10.47 ਬਿਲੀਅਨ ਡਾਲਰ ਦਾ ਦੁੁਵੱਲਾ ਵਪਾਰ ਸੀ। ਕੁਵੈਤ ਭਾਰਤ ਦਾ ਛੇਵਾਂ ਸਭ ਤੋਂ ਵੱਡਾ ਕੱਚੇ ਤੇਲ ਦਾ ਸਪਲਾਇਰ ਹੈ, ਜਿਸ ਤੋਂ ਭਾਰਤ ਦੀਆਂ 3 ਫੀਸਦ ਊਰਜਾ ਲੋੜਾਂ ਪੂਰੀਆਂ ਹੁੰਦੀਆਂ ਹਨ। -ਪੀਟੀਆਈ