For the best experience, open
https://m.punjabitribuneonline.com
on your mobile browser.
Advertisement

‘ਮੰਟੋ’ ਨੂੰ ਪਰਦੇ ’ਤੇ ਨਿਭਾਉਣਾ ਮੇਰੀ ਖ਼ੁਸ਼ਨਸੀਬੀ’

07:56 AM Apr 27, 2024 IST
‘ਮੰਟੋ’ ਨੂੰ ਪਰਦੇ ’ਤੇ ਨਿਭਾਉਣਾ ਮੇਰੀ ਖ਼ੁਸ਼ਨਸੀਬੀ’
Advertisement

ਸ਼ੀਤਲ

Advertisement

‘ਮੈਂ ਫਿਲਮਾਂ ’ਚ ਸਿਰਫ਼ ਨੇਕੀ ਦਾ ਦਮ ਭਰਨ ਵਾਲੇ ਰੋਲ ਨਹੀਂ ਕਰ ਸਕਦਾ,’ ਇਹ ਕਹਿਣਾ ਹੈ ਨਵਾਜ਼ੂਦੀਨ ਸਿੱਦੀਕੀ ਦਾ ਜੋ ਆਪਣੀਆਂ ਭੂਮਿਕਾਵਾਂ ਨੂੰ ਅਸਲੀਅਤ ਦੇ ਕਾਫ਼ੀ ਨੇੜੇ ਨਿਭਾਉਣ ਲਈ ਜਾਣੇ ਜਾਂਦੇ ਹਨ। ਬੀਤੇ ਦਿਨੀਂ ਚੰਡੀਗੜ੍ਹ ਨੇੜੇ ਇੱਕ ਸਮਾਗਮ ’ਚ ਪੁੱਜੇੇ ਸਿੱਦੀਕੀ ਨੇ ਕਿਹਾ ਕਿ ਪਰਫੌਰਮਿੰਗ ਆਰਟਸ ਦੇ ਕਾਰੋਬਾਰ ’ਚ ਆਉਣ ਲਈ ਕਿਸੇ ਨੂੰ ਸੁਡੋਲ ਸਰੀਰ ਤੇ ਚੰਗੀ ਦਿੱਖ ਦੀ ਲੋੜ ਨਹੀਂ ਹੁੰਦੀ।
ਅਜਿਹਾ ਨਹੀਂ ਹੈ ਕਿ ਉਹ ਦਿਖਣ ਵਿੱਚ ਸੋਹਣਾ ਨਹੀਂ ਹੈ ਪਰ ਜੋ ਕਿਰਦਾਰ ਉਸ ਨੇ ਸਕਰੀਨ ’ਤੇ ਨਿਭਾਏ ਹਨ, ਉੁਸ ਨੂੰ ਲੱਗਦਾ ਹੈ ਕਿ ਉਹ ਦਮਦਾਰ ਨਹੀਂ ਹਨ। ਜ਼ਿਆਦਾਤਰ ਫ਼ੈਜ਼ਲ ਖ਼ਾਨ (ਗੈਂਗਜ਼ ਆਫ ਵਾਸੇਪੁਰ), ਲਾਇਕ (ਬਦਲਾਪੁਰ), ਰਾਮੰਨਾ (ਰਮਨ ਰਾਘਵ 2.0) ਤੇ ਗਣੇਸ਼ ਗਾਇਤੋਂਡੇ (ਸੇਕਰਡ ਗੇਮਜ਼) ਜਿਹੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਸਿੱਦੀਕੀ ਮੰਨਦੇ ਹਨ ਕਿ ਬਚਪਨ ਤੋਂ ਹੀ ਉਨ੍ਹਾਂ ਦੇ ਜ਼ਿਹਨ ’ਚ ਇਹ ਗੱਲ ਬੈਠ ਗਈ ਸੀ ਕਿ ਉਨ੍ਹਾਂ ਕੋਲ ਸੋਹਣੀ ਦਿੱਖ ਨਹੀਂ ਹੈ। ਉਨ੍ਹਾਂ ਦੱਸਿਆ, ‘‘ਮੈਨੂੰ ਯਾਦ ਹੈ ਕਿ ਸਾਡੇ ਪਿੰਡ ਵਿੱਚ, ਅਸਲੀ ‘ਫੇਅਰ ਐਂਡ ਲਵਲੀ’ ਕਰੀਮ ਨਹੀਂ ਮਿਲਦੀ ਸੀ ਪਰ ਉਹਦੇ ਜਿਹਾ ਕੁਝ ਮਿਲਦਾ ਸੀ। ਮੈਂ ਗੋਰਾ ਹੋਣ ਲਈ ਰੋਜ਼ਾਨਾ ਉਸ ਨੂੰ ਲਾਉਂਦਾ ਸੀ। ਇਸ ਮਾਨਸਿਕਤਾ ਕਾਰਨ, ਜਾਂ ਜੋ ਵੀ ਇਸ ਨੂੰ ਅਸੀਂ ਕਹਿਣਾ ਚਾਹੀਏ, ਮੈਨੂੰ ਯਕੀਨ ਹੋ ਗਿਆ ਸੀ ਕਿ ਹੁਣ ਮੈਨੂੰ ਆਪਣੀ ਅਭਿਨੈ ਕਲਾ ’ਤੇ ਵੱਧ ਕੰਮ ਕਰਨਾ ਪਏਗਾ।

ਨਿੱਜੀ ਸਮਝ ’ਤੇ ਸਭ ਕੁਝ ਨਿਰਭਰ

ਅਦਾਕਾਰ ਉਹੀ ਕਹਾਣੀਆਂ ਨਹੀਂ ਕਰਨਾ ਚਾਹੁੰਦਾ ਜੋ ਮੁੱਖ ਕਿਰਦਾਰ ਨੂੰ ਸਿਰਫ਼ ਚੰਗੀ ਰੌਸ਼ਨੀ ’ਚ ਦਿਖਾਉਂਦੀਆਂ ਹਨ। ਸਿੱਦੀਕੀ ਦਾ ਮੰਨਣਾ ਹੈ, ‘‘ਸਹੀ ਗ਼ਲਤ, ਅੱਛਾ ਤੇ ਬੁਰਾ ਸਭ ਨਿੱਜੀ ਸਮਝ ’ਤੇ ਨਿਰਭਰ ਹੈ। ਮੈਂ ਅਜਿਹੇ ਨਾਇਕ ਦਾ ਕਿਰਦਾਰ ਨਹੀਂ ਕਰ ਸਕਦਾ ਜਿਸ ਵਿੱਚ ਇੱਕ ਵੀ ਕਮੀ ਨਹੀਂ। ‘ਰਾਤ ਅਕੇਲੀ ਹੈ’ ਵਿੱਚ ਜਟਿਲ ਯਾਦਵ ਦੀ ਮੇਰੀ ਮੁੱਖ ਭੂਮਿਕਾ ਇੱਕ ਆਦਰਸ਼ ਕਿਰਦਾਰ ਹੈ, ਜਿਹੜਾ ਇਸ ਸੰਦਰਭ ’ਚ ਮੇਰਾ ਸਭ ਤੋਂ ਚੰਗਾ ਕਿਰਦਾਰ ਕਿਹਾ ਜਾ ਸਕਦਾ ਹੈ। ਮੈਨੂੰ ਯਾਦ ਹੈ ਕਿ ਮੈਂ ਨਿਰਦੇਸ਼ਕ ਨੂੰ ਕਿਹਾ ਸੀ ਕਿ ਉਹ ਇਸ ਕਿਰਦਾਰ ’ਚ ਵੀ ਕੋਈ ਵਿਗਾੜ ਜਾਂ ਮਸਲਾ ਪਾ ਦੇਵੇ। ਸੰਖੇਪ ’ਚ ਕਹਾਂ ਤਾਂ ਮੈਨੂੰ ਬੇਸ਼ਰਮ ਤੇ ਬਦਨਾਮ ਕਿਸਮ ਦੇ ਕਿਰਦਾਰ ਪਸੰਦ ਹਨ।’’
ਫਿਲਮਾਂ ’ਚ ਇੱਕੋ ਤਰ੍ਹਾਂ ਦੀਆਂ ਭੂਮਿਕਾਵਾਂ ਬਾਰੇ ਨਵਾਜ਼ ਦਾ ਇੱਕ ਵੱਖਰਾ ਦ੍ਰਿਸ਼ਟੀਕੋਣ ਹੈ। ਉਨ੍ਹਾਂ ਦੱਸਿਆ, ‘‘ਗੈਂਗਜ਼ ਆਫ ਵਾਸੇਪੁਰ’ ਤੋਂ ਬਾਅਦ, ਜਦ ਅਨੁਰਾਗ ਕਸ਼ਯਪ ਨੇ ਮੈਨੂੰ ‘ਸੇਕਰਡ ਗੇਮਜ਼’ ’ਚ ਗਾਇਤੌਂਡੇ ਦੀ ਭੂਮਿਕਾ ਨਿਭਾਉਣ ਲਈ ਕਿਹਾ, ਤਾਂ ਮੈਂ ਇੱਕ ਗੈਂਗਸਟਰ ਦੀ ਭੂਮਿਕਾ ਦੁਬਾਰਾ ਨਹੀਂ ਕਰਨਾ ਚਾਹੁੰਦਾ ਸੀ। ਪਰ ਉਨ੍ਹਾਂ ਸਮਝਾਇਆ ਕਿ ਇਹ ਕਹਾਣੀ ਵੱਖਰੀ ਤਰ੍ਹਾਂ ਦੀ ਹੈ ਤੇ ਮੈਂ ਮਨ੍ਹਾਂ ਨਹੀਂ ਕਰ ਸਕਿਆ। ਇਸ ਸੀਰੀਜ਼ ਨੂੰ ਕਰਦਿਆਂ, ਮੈਨੂੰ ਖ਼ੁਦ ਹੀ ਪਤਾ ਲੱਗ ਗਿਆ ਕਿ ਇਹ ਕਿਰਦਾਰ ਮੇਰੇ ਪਿਛਲੇ ਕਿਰਦਾਰ ਨਾਲੋਂ ਕਿਵੇਂ ਅਲੱਗ ਹੈ। ਫਿਰ, ਮੈਂ ਇਸ ਨਤੀਜੇ ’ਤੇ ਪਹੁੰਚਿਆ ਕਿ ਜੇਕਰ ਤੁਸੀਂ ਪ੍ਰਤਿਭਾਸ਼ਾਲੀ ਹੋ ਤਾਂ ਇੱਕੋ ਤਰ੍ਹਾਂ ਦੀਆਂ ਭੂਮਿਕਾਵਾਂ ’ਚ ਬੱਝਣ ਵਾਲੀ ਕੋਈ ਗੱਲ ਨਹੀਂ ਹੈ। ਬਹੁਮੁਖੀ ਹੋਣ ਤੋਂ ਮੇਰਾ ਇਹ ਮਤਲਬ ਨਹੀਂ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਵਿਧਾਵਾਂ ਜਾਂ ਭੂਮਿਕਾਵਾਂ ’ਚ ਕੰਮ ਕਰਨਾ, ਮੇਰਾ ਮਤਲਬ ਹੈ ਕਿ ਇੱਕੋ ਤਰ੍ਹਾਂ ਦੀਆਂ ਭੂਮਿਕਾਵਾਂ ਨੂੰ ਹਰ ਵਾਰ ਵੱਖਰੀ ਤਰ੍ਹਾਂ ਨਿਭਾਉਣ ਦੀ ਸਮਰੱਥਾ ਰੱਖਣਾ।’’ ਇੱਥੇ ਨਵਾਜ਼ ਵੱਲੋਂ ਕਈ ਫਿਲਮਾਂ ’ਚ ਨਿਭਾਇਆ ਪੁਲੀਸ ਕਰਮੀ ਦਾ ਰੋਲ ਯਾਦ ਆਉਂਦਾ ਹੈ, ਜਿਨ੍ਹਾਂ ’ਚ ‘ਕਹਾਨੀ’, ‘ਰਈਸ’ ਤੇ ‘ਰਾਤ ਅਕੇਲੀ ਹੈ’ ਵਿਚਲੀਆਂ ਭੂਮਿਕਾਵਾਂ ਸ਼ਾਮਲ ਹਨ, ਇਨ੍ਹਾਂ ਵਿੱਚ ਉਸ ਨੇ ਹਰ ਵਾਰ ਵੱਖਰੀ ਛਾਪ ਛੱਡੀ ਹੈ।

ਬਦਲਦੇ ਸਮਿਆਂ ’ਚ

ਨਵਾਜ਼ ਨੇ ਦੱਸਿਆ ਕਿ ਕਿਵੇਂ ਅਦਾਕਾਰ ਬਣਨ ਦਾ ਸੰਘਰਸ਼ ਹਰ ਦਹਾਕੇ ਬਾਅਦ ਬਦਲ ਰਿਹਾ ਹੈ। ‘‘ਸਾਡੇ ਸਮਿਆਂ ’ਚ ਕੰਮ ਲੱਭਣਾ ਸਾਡੇ ਜ਼ਿੰਮੇ ਸੀ, ਇੱਕ ਫਿਲਮ ਸਟੂਡੀਓ ਤੋਂ ਦੂਜੇ ਤੱਕ ਜਾਂਦੇ ਸੀ, ਪੋਰਟਫੋਲੀਓ ਜਾਂ ਆਡੀਸ਼ਨ ਦਿੰਦੇ ਸੀ। ਮੈਨੂੰ ਯਾਦ ਹੈ ਕਿ ਕਿਵੇਂ ਸੰਘਰਸ਼ ਕਰ ਰਿਹਾ ਹਰੇਕ ਅਦਾਕਾਰ ਇੱਕ ਮਸ਼ਹੂਰ ਫੋਟੋ ਸਟੂਡੀਓ ਦਾ ਉਹੀ ਕੋਟ ਪਾ ਕੇ ਫੋਟੋ ਖਿਚਵਾਉਂਦਾ ਸੀ। ਫਿਲਮ ਦੇ ਨਿਰਮਾਤਾ-ਨਿਰਦੇਸ਼ਕਾਂ ਨੂੰ ਵੀ ਪਤਾ ਹੁੰਦਾ ਸੀ ਕਿ ਇਹ ਫੋਟੋਆਂ ਕਿਹੜੇ ਸਟੂਡੀਓ ਦੀਆਂ ਹਨ। ਸੋਸ਼ਲ ਮੀਡੀਆ ਤੇ ਇੰਟਰਨੈੱਟ ਨੇ ਅਦਾਕਾਰਾਂ ਲਈ ਚੀਜ਼ਾਂ ਸੌਖੀਆਂ ਕਰ ਦਿੱਤੀਆਂ ਹਨ, ਹੁਣ ਪ੍ਰਤਿਭਾ ਲੁਕੀ ਨਹੀਂ ਰਹਿ ਸਕਦੀ। ਪਰ ਮੈਨੂੰ ਪਤਾ ਹੈ ਕਿ ਇਸ ਸਫ਼ਰ ਦੌਰਾਨ ਮੰਜ਼ਿਲ ਤੱਕ ਪਹੁੰਚਣ ਦੇ ਉਨ੍ਹਾਂ ਦੇ ਆਪਣੇ ਸੰਘਰਸ਼ ਰਹੇ ਹੋਣਗੇ।’’

ਮਨਪਸੰਦ ਕਿਰਦਾਰ

‘ਰਮਨ ਰਾਘਵ 2.0’ ਵਿਚਲੇ ਕਿਰਦਾਰ ਨੂੰ ਆਪਣਾ ਪਸੰਦੀਦਾ ਕਰਾਰ ਦਿੰਦਿਆਂ, ਨਵਾਜ਼ ਦੱਸਦੇ ਹਨ, ‘‘ਲੋਕਾਂ ਨੂੰ ਸ਼ਾਇਦ ਉਹ ਡਰਾਉਣਾ ਜਾਂ ਹਿੰਸਕ ਲੱਗੇ, ਪਰ ਮੈਂ ਉਸ ਦੇ ਵਿਚਾਰਾਂ ਨਾਲ ਜੁੜਾਅ ਮਹਿਸੂਸ ਕਰਦਾ ਹਾਂ ਕਿ ਜੇ ਉਹ ਗ਼ਲਤ ਹੈ, ਤਾਂ ਉਹ ਵੀ ਗ਼ਲਤ ਹਨ ਜਿਹੜੇ ਧਰਮ, ਰਾਸ਼ਟਰੀ ਸੁਰੱਖਿਆ ਤੇ ਪਤਾ ਨਹੀਂ ਹੋਰ ਕਿਹੜੀ-ਕਿਹੜੀ ਚੀਜ਼ ਦੇ ਨਾਂ ਉਤੇ ਲੋਕਾਂ ਨੂੰ ਮਾਰਦੇ ਹਨ।’’ ਅਭਿਨੇਤਾ ਅਸਲ ਜ਼ਿੰਦਗੀ ਵਿੱਚ ਵੀ ਇਸ ਵਿਚਾਰ ਨਾਲ ਸਹਿਮਤੀ ਰੱਖਦਾ ਹੈ, ਤੇ ਮੰਨਦਾ ਹੈ ਕਿ ਇਹ ਨਿੱਜੀ ਸਮਝ ਹੈ ਜੋ ਕਿਸੇ ਅਪਰਾਧ ਨੂੰ ਕਿਸੇ ਦੀਆਂ ਅੱਖਾਂ ’ਚ ਛੋਟਾ ਜਾਂ ਵੱਡਾ ਬਣਾਉਂਦੀ ਹੈ। ‘‘ਸ਼ਾਇਦ ਇਸੇ ਲਈ ਅੱਜਕਲ੍ਹ, ਜਦ ਜੰਗ ਹੁੰਦੀ ਹੈ, ਤਾਂ ਇਹ ਚੀਜ਼ ਲੋਕਾਂ ਦੀ ਜ਼ਮੀਰ ਨਹੀਂ ਜਗਾਉਂਦੀ ਕਿ ਬਦਲਾ ਲੈਣ ਖਾਤਰ 10 ਲੋਕਾਂ ਨੂੰ ਮਾਰਨਾ ਵੀ ਓਨਾ ਹੀ ਗ਼ਲਤ ਹੈ ਜਿੰਨਾ 1000 ਲੋਕਾਂ ਦੀ ਜਾਨ ਲੈਣੀ।’’
ਇਸ ਤੋਂ ਨਵਾਜ਼ ਨੂੰ ਤੁਰੰਤ ‘ਮੰਟੋ’ ਦਾ ਕਿਰਦਾਰ ਚੇਤਾ ਆਉਂਦਾ ਹੈ, ਜਿਹੜਾ ਉਸ ਨੇ ਇਸੇ ਨਾਂ ਹੇਠ ਮੰਟੋ ਦੀ ਜੀਵਨੀ ’ਤੇ ਬਣੀ ਫਿਲਮ ਵਿੱਚ ਨਿਭਾਇਆ ਹੈ। ‘‘ਮੈਂ ਐੱਨਐੱਸਡੀ ਦੇ ਦਿਨਾਂ ਦੌਰਾਨ ਮੰਟੋ ਨੂੰ ਪੜ੍ਹਿਆ ਤੇ ਮੰਚ ’ਤੇ ਉਸ ਦਾ ਨਾਟਕ ਵੀ ਖੇਡਿਆ। ਪਰ ਪਰਦੇ ’ਤੇ ਉਸ ਦੀ ਜ਼ਿੰਦਗੀ ਨੂੰ ਨਿਭਾ ਕੇ ਮੈਂ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ। ਉਸ ਦੇ ਵਿਚਾਰ ਅੱਜ ਤੱਕ ਢੁੱਕਵੇਂ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਹਿਣਗੇ। ਦਿਲਚਸਪ ਹੈ ਕਿ ਮੈਂ ਉਸੇ ਸਮੇਂ ਇੱਕ ਹੋਰ ਜੀਵਨੀ ਆਧਾਰਿਤ ਫਿਲਮ ‘ਠਾਕਰੇ’ ਵੀ ਕਰ ਰਿਹਾ ਸੀ, ਜਿਸ ਲਈ ਮੇਰੀ ਸਖ਼ਤ ਆਲੋਚਨਾ ਵੀ ਹੋਈ। ਪਰ ਮੈਨੂੰ ਇਸ ਦਾ ਭੋਰਾ ਵੀ ਫ਼ਰਕ ਨਹੀਂ ਪਿਆ; ਕਈ ਵਾਰ ਇੱਕ ਕਲਾਕਾਰ ਹੋਣ ਨਾਤੇ ਚੁਣੌਤੀਪੂਰਨ ਜਾਪ ਰਿਹਾ ਕਿਰਦਾਰ ਨਿਭਾਉਣਾ ਤੁਹਾਡੇ ਲਈ ਮਹੱਤਵਪੂਰਨ ਹੋ ਜਾਂਦਾ ਹੈ।’’
ਅਦਾਕਾਰ ਨੇ ਭਵਿੱਖ ’ਚ ਕਿਸੇ ਪੰਜਾਬੀ ਨਿਰਦੇਸ਼ਕ ਨਾਲ ਕੰਮ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ। ਫਿਲਹਾਲ ਉਸ ਨੂੰ ਫਿਲਮ ‘ਸੈਕਸ਼ਨ 108’ ਤੇ ਕਸਟਮ ਅਧਿਕਾਰੀ ਕੋਸਟਾਓ ਫਰਨਾਂਡੇਜ਼ ਦੀ ਜੀਵਨੀ ’ਤੇ ਬਣੀ ਫਿਲਮ ਦੀ ਰਿਲੀਜ਼ ਦੀ ਉਡੀਕ ਹੈ।

Advertisement
Author Image

joginder kumar

View all posts

Advertisement
Advertisement
×