ਮੀਂਹ ਕਾਰਨ ਖਰਾਬ ਹੋਈ ਨਰਮੇ ਦੀ ਫ਼ਸਲ ਵਾਹੀ
ਪਵਨ ਗੋਇਲ
ਭੁੱਚੋ ਮੰਡੀ, 25 ਜੁਲਾਈ
ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਸਰਕਾਰੀ ਪ੍ਰਬੰਧ ਨਾ ਹੋਣ ਕਾਰਨ ਪਿੰਡ ਤੁੰਗਵਾਲੀ ਦੇ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਕਿਸਾਨ ਟਹਿਲ ਸਿੰਘ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਉਸ ਨੇ ਸਾਢੇ ਤਿੰਨ ਏਕੜ ਵਿੱਚੋਂ ਡੇਢ ਏਕੜ ਨਰਮੇ ਦੀ ਫਸਲ ਵਾਹ ਕੇ 1121 ਕਿਸਮ ਦਾ ਝੋਨਾ ਬੀਜ ਦਿੱਤਾ ਹੈ। ਬਾਕੀ ਫਸਲ ਵੀ ਵਾਹੁਣੀ ਪੈ ਸਕਦੀ ਹੈ। ਉਸ ਨੇ ਦੱਸਿਆ ਕਿ ਇਹ ਜ਼ਮੀਨ ਉਸ ਨੇ 61 ਹਜ਼ਾਰ ਰੁਪਏ ਪਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਸੀ। ਇਸ ਵਿੱਚੋਂ ਬਰਮੇ ਨਾਲ ਪਾਣੀ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਪਾਸੇ ਨਿਕਾਸੀ ਨਾ ਹੋਣ ਕਾਰਨ ਯਤਨ ਫੇਲ੍ਹ ਹੋ ਗਏ।
ਇਸੇ ਤਰਾਂ ਕਿਸਾਨ ਲਾਲ ਸਿੰਘ ਦੰਦੀਵਾਲ ਨੇ ਤਿੰਨ ਏਕੜ ਨਰਮੇ ਦੀ ਬਰਬਾਦ ਹੋਈ ਫਸਲ ਵਾਹ ਦਿੱਤੀ। ਕਿਸਾਨ ਜਗਸੀਰ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਨੇ ਤਿੰਨ ਏਕੜ ਵਿੱਚ ਝੋਨਾ ਬੀਜਿਆ ਸੀ, ਜੋ ਪਾਣੀ ਕਾਰਨ ਦੋ ਵਾਰ ਮੱਚ ਗਿਆ। ਹੁਣ ਤੀਜੀ ਵਾਰ ਝੋਨਾ ਲਗਾਇਆ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੇ ਲੇਬਰ ਦੀ ਘਾਟ ਕਾਰਨ ਝੋਨੇ ਦੀ ਸਿੱਧੀ ਬਿਜਾਈ ਤੋਂ ਕਨਿਾਰਾ ਕਰਦਿਆਂ ਨਰਮੇ ਦੀ ਫਸਲ ਬੀਜੇ ਜਾਣ ਨੂੰ ਤਰਜੀਹ ਦਿੱਤੀ ਸੀ ਪਰ ਇਹ ਘਾਟੇ ਦਾ ਸੌਦਾ ਸਾਬਤ ਹੋਈ ਹੈ। ਕੁੱਝ ਕਿਸਾਨ ਝੋਨੇ ਦੀ ਬਿਜਾਈ ਦਾ ਸਮਾਂ ਨਿਕਲਣ ਦੇ ਡਰੋਂ ਵੀ ਨਰਮੇ ਵਾਹ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੇਤਾਂ ਵਿੱਚ ਭਰਦੇ ਪਾਣੀ ਦੀ ਡਰੇਨ ਵਿੱਚ ਨਿਕਾਸੀ ਕੀਤੀ ਜਾਵੇ। ਬਰਬਾਦ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।