ਬੁਖਾਰਪੁਰ ਸਕੂਲ ਤੇ ਚੰਦਵਾਲੀ ਵਿਦਿਆਲਿਆ ਵਿੱਚ ਬੂਟੇ ਲਾਏ
ਪੱਤਰ ਪ੍ਰੇਰਕ
ਫਰੀਦਾਬਾਦ, 6 ਜੁਲਾਈ
ਹਰਿਆਣਾ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਾਤਾਵਰਨ ਦੀ ਸੁਰੱਖਿਆ ਲਈ ਚਲਾਏ ਜਾ ਰਹੇ ਤ੍ਰਿਵੇਣੀ ਲਗਾਉਣ ਦੇ ਪ੍ਰੋਗਰਾਮ ਤਹਿਤ ਅੱਜ ਬਲਾਕ ਸਿੱਖਿਆ ਅਧਿਕਾਰੀ ਬੱਲਭਗੜ੍ਹ ਮਹਿੰਦਰ ਸਿੰਘ ਨੇ ਸਰਕਾਰੀ ਮਿਡਲ ਸਕੂਲ ਬੁਖਾਰਪੁਰ ਤੇ ਚੰਦਵਾਲੀ ਵਿਦਿਆਲਿਆ ਵਿੱਚ ਪਿੱਪਲ, ਬੋਹੜ ਅਤੇ ਨਿੰਮ ਦੇ ਬੂਟੇ ਲਗਾਏ।
ਇਸ ਮੌਕੇ ਉਨ੍ਹਾਂ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੁੱਖ ਸਾਡੇ ਸੱਚੇ ਸ਼ੁਭਚਿੰਤਕ ਅਤੇ ਸੱਚੇ ਮਿੱਤਰ ਹਨ। ਕੁਝ ਪਾਲਣ ਪੋਸ਼ਣ ਦੇ ਬਦਲੇ, ਇਹ ਨਾ ਸਿਰਫ਼ ਸਾਨੂੰ ਆਕਸੀਜਨ ਦੇ ਰੂਪ ਵਿੱਚ ਜੀਵਨ ਦੇਣ ਵਾਲਾ ਸਾਹ ਦਿੰਦੇ ਹਨ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜੀਵਨ ਦਾਨ ਬਖ਼ਸ਼ਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਦਿਸ਼ਾ ਵਿੱਚ ਵੱਧ ਤੋਂ ਵੱਧ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵੱਲੋਂ ਸਕੂਲਾਂ ਵਿੱਚ ਬੂਟੇ ਲਗਾਏ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਗੰਭੀਰ ਹੋਣ ਲਈ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਤ੍ਰਿਵੇਣੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਤ੍ਰਿਵੇਣੀ ਵਿੱਚ ਨਿੰਮ, ਬੋਹੜ ਅਤੇ ਪਿੱਪਲ ਦੇ ਰੁੱਖ ਲਗਾਏ ਗਏ ਹਨ। ਇਹ ਪ੍ਰੋਗਰਾਮ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਕਰਵਾਇਆ ਜਾਵੇਗਾ।