For the best experience, open
https://m.punjabitribuneonline.com
on your mobile browser.
Advertisement

ਬੱਲਮਗੜ੍ਹ ਮੰਦਵਾੜਾ ’ਚ ਨਦੀ ਵਿੱਚ ਝੋਨਾ ਲਾਇਆ

06:44 AM Jul 01, 2024 IST
ਬੱਲਮਗੜ੍ਹ ਮੰਦਵਾੜਾ ’ਚ ਨਦੀ ਵਿੱਚ ਝੋਨਾ ਲਾਇਆ
ਨਦੀ ਵਿਚਕਾਰ ਝੋਨਾ ਲਗਾਉਣ ਦੀ ਤਿਆਰੀ ਕਰਦਾ ਹੋਇਆ ਕਿਸਾਨ।
Advertisement

ਜਗਮੋਹਨ ਸਿੰਘ
ਰੂਪਨਗਰ, 30 ਜੂਨ
ਜ਼ਿਲ੍ਹਾ ਰੂਪਨਗਰ ਵਿੱਚ ਜਲ ਸਰੋਤ-ਕਮ-ਖਣਨ ਅਤੇ ਭੂ ਵਿਗਿਆਨ ਵਿਭਾਗ ਵੱਲੋਂ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਡੀ-ਸਿਲਟਿੰਗ ਰਾਹੀਂ ਬਰਸਾਤੀ ਨਦੀਆਂ ਅਤੇ ਚੋਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਦੂਜੇ ਪਾਸੇ, ਕੁੱਝ ਲੋਕਾਂ ਵੱਲੋਂ ਨਦੀਆਂ ਦੇ ਐਨ ਵਿਚਕਾਰ ਖੇਤੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਕਈ ਕਈ ਥਾਈਂ ਦਰੱਖਤ ਲਗਾ ਕੇ ਨਦੀਆਂ ਦੇ ਕੁਦਰਤੀ ਵਹਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅਜਿਹਾ ਹੀ ਮਾਮਲਾ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੱਲਮਗੜ੍ਹ ਮੰਦਵਾੜਾ ’ਚ ਸਾਹਮਣੇ ਆਇਆ ਹੈ। ਇੱਥੇ ਪੁਲ ਦੇ ਦੋਵੇਂ ਪਾਸੇ ਨਦੀ ਦੇ ਐਨ ਵਿਚਕਾਰ ਲੋਕਾਂ ਨੇ ਫ਼ਸਲਾਂ ਬੀਜ ਦਿੱਤੀਆਂ ਹਨ। ਪੁਲ ਦੇ ਇੱਕ ਪਾਸੇ ਜਿੱਥੇ ਨਦੀ ਵਿੱਚ ਪੋਪਲਰ ਲਗਾ ਦਿੱਤੇ ਗਏ ਹਨ, ਉੱਥੇ ਹੀ ਨਦੀ ਦੇ ਐਨ ਵਿਚਕਾਰ ਝੋਨਾ ਲਗਾਉਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਅੱਜ ਜਦੋਂ ਬੱਲਮਗੜ੍ਹ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਨਦੀ ਦੇ ਵਿਚਕਾਰ ਬਣਾਏ ਖੇਤ ਵਿੱਚ ਇੱਕ ਵਿਅਕਤੀ ਵੱਲੋਂ ਪਾਣੀ ਛੱਡਿਆ ਹੋਇਆ ਸੀ ਅਤੇ ਝੋਨੇ ਲਈ ਕੱਦੂ ਕਰਨ ਵਾਸਤੇ ਟਰੈਕਟਰ ਵੀ ਨਦੀ ਦੇ ਪੁਲ ਥੱਲੇ ਖੜ੍ਹਾ ਸੀ। ਝੋਨੇ ਲਈ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਨਦੀ ਦੇ ਪਾਣੀ ਨੂੰ ਰੋਕ ਕੇ ਇੰਜਣ ਰੱਖਿਆ ਹੋਇਆ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਦੀ ਵਿਚਕਾਰ ਲਗਾਏ ਗਏ ਦਰੱਖਤ ਬਰਸਾਤ ਦੌਰਾਨ ਪੁਲ ਦੇ ਪਾਇਆਂ ਵਿੱਚ ਫਸ ਕੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ।

Advertisement

ਨਦੀ ਦੇ ਕੁਦਰਤੀ ਵਹਾਅ ਨੂੰ ਰੋਕਣਾ ਗ਼ਲਤ: ਐਕਸੀਅਨ

ਜਲ ਸਰੋਤ-ਕਮ-ਖਣਨ ਅਤੇ ਭੂ ਵਿਗਿਆਨ ਵਿਭਾਗ ਰੂਪਨਗਰ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਹਰਸਾਂਤ ਵਰਮਾ ਨੇ ਕਿਹਾ ਕਿ ਅਜਿਹਾ ਕੋਈ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਨਦੀ ਦੇ ਕੁਦਰਤੀ ਵਹਾਅ ਨੂੰ ਰੋਕਣਾ ਗ਼ਲਤ ਹੈ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਚੈਕਿੰਗ ਕਰਵਾ ਕੇ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਰਕਬਾ ਚੈੱਕ ਕਰਵਾਇਆ ਜਾਵੇਗਾ: ਬੀਡੀਪੀਓ

ਬੀਡੀਪੀਓ ਰੂਪਨਗਰ ਸੁਖਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਿਭਾਗ ਦੀ ਟੀਮ ਭੇਜ ਕੇ ਰਕਬਾ ਚੈੱਕ ਕਰਵਾਇਆ ਜਾਵੇਗਾ ਜੇ ਜ਼ਮੀਨ ਪੰਚਾਇਤ ਦੀ ਸ਼ਾਮਲਾਤ ਹੋਈ ਤਾਂ ਨਾਜਾਇਜ਼ ਕਾਬਜ਼ਕਾਰ ਤੋਂ ਕਬਜ਼ਾ ਛੁਡਵਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Author Image

Advertisement
Advertisement
×